ਫੈਮਿਲੀ ਥੈਰੇਪਿਸਟ

ਤੁਸੀਂ ਸੋਚ ਰਹੇ ਹੋਵੋਗੇ ਕਿ ਫੈਮਿਲੀ ਥੈਰੇਪਿਸਟ ਕੌਣ ਹੁੰਦੇ ਹਨ? ਇਹ ਅਜਿਹੇ ਪ੍ਰਫੈਸ਼ਨਲਜ਼ ਹਨ, ਜੋ ਅਲੱਗ-ਅਲੱਗ ਟੂਲਜ਼ ਤੇ ਤਕਨੀਕਾਂ ਨਾਲ ਤੁਹਾਡੀ ਮਦਦ ਕਰਦੇ ਹਨ। ਇਹ ਕਾਗਨੀਟਿਵ ਬਿਹੇਵੀਅਰ ਥੈਰੇਪੀ ਤੇ ਟੀਚਾ ਆਧਾਰਿਤ ਪਹੁੰਚ ਨਾਲ ਲੋਕਾਂ ਦੇ ਮਨਾਂ 'ਚ ਚੱਲ ਰਹੇ ਨਕਾਰਾਤਮਕ ਵਿਚਾਰਾਂ, ਭਾਵਨਾਵਾਂ ਤੇ ਉਲਝਣਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਪਰਿਵਾਰ ਦੇ ਮੈਂਬਰਾਂ, ਦੋਸਤਾਂ ਆਦਿ ਨਾਲ ਕਿਸੇ ਗੱਲ ਨੂੰ ਲੈ ਕੇ ਤਣਾਅ ਹੋਣਾ, ਪੜ੍ਹਾਈ ਜਾਂ ਨੌਕਰੀ ਸਬੰਧੀ ਸਮੱਸਿਆ ਹੋਣੀ ਜਾਂ ਕੋਈ ਹੋਰ ਪਰੇਸ਼ਾਨੀ ਹੋਵੇ ਤਾਂ ਫੈਮਿਲੀ ਥੈਰੇਪਿਸਟ ਲੋਕਾਂ ਨੂੰ ਸਕਾਰਾਤਮਕ ਹੋ ਕੇ ਚੀਜ਼ਾਂ ਨੂੰ ਸਮਝਣ ਲਈ ਪ੍ਰੇਰਿਤ ਕਰਦੇ ਹਨ। ਇਹ ਵਿਅਕਤੀਗਤ ਸਲਾਹ ਤੋਂ ਇਲਾਵਾ ਸਮੂਹ 'ਚ ਵੀ ਕੰਮ ਕਰਦੇ ਹਨ। ਕਈ ਵਾਰ ਉਹ ਮਨੋਚਿਕਿਤਸਾ ਤੇ ਸਮਾਜ ਸੇਵੀਆਂ ਦਾ ਸਹਿਯੋਗ ਵੀ ਲੈਂਦੇ ਹਨ।

ਵਿੱਦਿਅਕ ਯੋਗਤਾ

ਫੈਮਿਲੀ ਥੈਰੇਪਿਸਟ ਬਣਨ ਲਈ ਮਨੋਵਿਗਿਆਨ 'ਚ ਮਾਸਟਰਜ਼ ਕਰਨੀ ਹੋਵੇਗੀ। ਇਸ ਤੋਂ ਇਲਾਵਾ ਫੈਮਿਲੀ ਥੈਰੇਪੀ ਨਾਲ ਸਬੰਧਤ ਕੋਰਸ ਵੀ ਕੀਤੇ ਜਾ ਸਕਦੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਲੋਕਾਂ ਦੇ ਪਰਿਵਾਰਾਂ ਤੇ ਸਬੰਧਾਂ ਬਾਰੇ ਦੱਸਿਆ ਜਾਂਦਾ ਹੈ। ਕਈ ਸੰਸਥਾਵਾਂ ਹਨ, ਜੋ ਇਨ੍ਹਾਂ ਕੌਂਸਲਿੰਗ ਪ੍ਰੋਗਰਾਮਾਂ ਨੂੰ ਮਾਨਤਾ ਦਿੰਦੀਆਂ ਹਨ। ਮਾਸਟਰਜ਼ ਕਰਨ ਲਈ ਕਿਸੇ ਵੀ ਸਟ੍ਰੀਮ 'ਚ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ।

ਸੰਭਾਵਨਾਵਾਂ

ਮਾਹਿਰਾਂ ਅਨੁਸਾਰ ਆਉਣ ਵਾਲੇ ਸਾਲਾਂ 'ਚ ਫੈਮਿਲੀ ਥੈਰੇਪਿਸਟ ਦੀ ਮੰਗ 'ਚ 20 ਫ਼ੀਸਦੀ ਤੋਂ ਜ਼ਿਆਦਾ ਦਾ ਇਜ਼ਾਫਾ ਹੋਣ ਦੀ ਉਮੀਦ ਹੈ। ਆਨਲਾਈਨ ਕੌਂਸਲਿੰਗ ਦੇ ਮੌਕੇ ਵੀ ਵਧਣਗੇ। ਇਸ ਲਈ ਕਿਸੇ ਵੀ ਸੰਸਥਾ ਨਾਲ ਜੁੜ ਕੇ ਕੰਮ ਕਰਨ ਤੋਂ ਇਲਾਵਾ ਨਿੱਜੀ ਪ੍ਰੈਕਟਿਸ ਵੀ ਕਰ ਸਕਦੇ ਹੋ।

ਬੇਸਿਕ ਸਕਿੱਲਜ਼

ਫੈਮਿਲੀ ਥੈਰੇਪਿਸਟ ਨੂੰ ਤਣਾਅ ਜਾਂ ਹੋਰ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ, ਇਸ ਲਈ ਉਸ ਦਾ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ। ਉਸ ਦਾ ਸੁਭਾਅ ਅਜਿਹਾ ਹੋਣਾ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰ ਸਕਣ। ਉਸ ਅੰਦਰ ਸੁਣਨ ਦੀ ਸਮਰਥਾ ਦੇ ਨਾਲ ਹੌਸਲਾ ਵੀ ਹੋਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਤੱਥ ਇਹ ਹੈ ਕਿ ਆਪਸ 'ਚ ਖੁੱਲ੍ਹਾ ਸੰਵਾਦ ਕਰਨਾ ਆਉਂਦਾ ਹੋਵੇ।

Posted By: Harjinder Sodhi