ਵਰਕ ਫਰਾਮ ਹੋਮ ਦੇ ਇਸ ਮੌਜੂਦਾ ਦੌਰ ਦੇ ਚੱਲਦਿਆਂ ਅਜਿਹੇ ਕਈ ਕਰੀਅਰ ਹਨ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਬਹੁਤ ਘੱਟ ਪੂੰਜੀ ਨਾਲ ਘਰ ਬੈਠੇ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਾਂ। ਇਨ੍ਹਾਂ 'ਚੋਂ ਇਕ ਹੈ ਡਿਜ਼ਾਈਨਰ ਕੇਕ ਤੇ ਪੇਸਟਰੀ ਬਣਾਉਣਾ। ਬੀਤੇ ਕੁਝ ਸਾਲਾਂ 'ਚ ਰਵਾਇਤੀ ਕੇਕ ਕਲਚਰ ਕਾਫ਼ੀ ਬਦਲਿਆ ਹੈ ਤੇ ਹੁਣ ਡਿਜ਼ਾਈਨਰ ਤੇ ਥੀਮ ਬੇਸਡ ਕੇਕ ਖ਼ਰੀਦਣ ਦਾ ਰੁਝਾਨ ਵਧੇਰੇ ਹੈ। ਮਾਰਕੀਟ ਖੋਜਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਮਹਾਨਗਰਾਂ ਤੋਂ ਇਲਾਵਾ ਛੋਟੇ ਸ਼ਹਿਰਾਂ 'ਚ ਡਿਜ਼ਾਈਨਰ ਕੇਕ ਦੀ ਮੰਗ ਵਧੇਗੀ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਹੁਣ ਬਿਨਾਂ ਮੌਕਾ ਗਵਾਏ ਡਿਜ਼ਾਈਨਰ ਕੇਕ ਮੇਕਿੰਗ ਦਾ ਕੋਰਸ ਕਰ ਕੇ ਜਿੱਥੇ ਆਪਣਾ ਕਾਰੋਬਾਰ (ਸਵੈ-ਰੁਜ਼ਗਾਰ) ਕਰ ਸਕਦੇ ਹੋ, ਉਥੇ ਇਸ ਦਿਸ਼ਾ 'ਚ ਨੌਕਰੀ ਦੇ ਵੀ ਬੇਅੰਤ ਮੌਕੇ ਮੁਹੱਈਆ ਹਨ।

ਰੁਜ਼ਗਾਰ ਦੇ ਮੌਕੇ

ਆਮ ਤੌਰ 'ਤੇ ਕੇਕ ਦਾ ਨਾਂ ਸੁਣਦਿਆਂ ਹੀ ਗੋਲ ਜਾਂ ਚੌਰਸ ਆਕਾਰ ਦਾ ਇਕ ਡਿਜ਼ਾਈਨ ਸਾਹਮਣੇ ਆਉਂਦਾ ਸੀ ਪਰ ਅੱਜ ਅਜਿਹਾ ਨਹੀਂ ਹੈ। ਤੁਸੀਂ ਅੱਜ-ਕੱਲ੍ਹ ਕਿਸੇ ਪਾਰਟੀ 'ਤੇ ਸਪੋਰਟਸ ਕਾਰ ਸ਼ੇਪ ਦਾ ਕੇਕ, ਟੈਡੀ ਬਿਅਰ ਸ਼ੇਪ ਜਾਂ ਨੋਟਬੁੱਕ ਸ਼ੇਪ ਕੇਕ, ਵੈਡਿੰਗ, ਬਰਥਡੇਅ ਜਾਂ ਹਾਰਟ ਸ਼ੇਪ ਕੇਕ ਜ਼ਰੂਰ ਦੇਖਿਆ ਹੋਵੇਗਾ। ਤੁਸੀਂ ਪੁੱਛੇ ਬਗ਼ੈਰ ਨਹੀਂ ਰਹਿ ਸਕੇ ਹੋਵੋਗੇ ਕਿ ਇਹ ਕੇਕ ਕਿੱਥੋਂ ਬਣਵਾਇਆ ਹੈ? ਦਰਅਸਲ ਡਿਜ਼ਾਈਨਰ ਕੇਕ ਦਾ ਰੁਝਾਨ ਵੱਧ ਗਿਆ ਹੈ। ਵਰ੍ਹੇਗੰਢ ਕੇਕ, ਕਾਰਟੂਨ ਕੇਕ, ਫੇਅਰਵੈੱਲ, ਰਿਟਾਇਰਮੈਂਟ ਆਦਿ ਕਈ ਤਰ੍ਹਾਂ ਦੇ ਥੀਮ ਬੇਸਡ ਕੇਕ ਤਿਆਰ ਕੀਤੇ ਜਾ ਰਹੇ ਹਨ। ਇਸ ਲਈ ਮੁਕਾਬਲੇ ਦੇ ਇਸ ਯੁੱਗ 'ਚ ਜਿੰਨੀ ਵੱਧ ਰਚਨਾਤਮਕਤਾ ਹੋਵੇਗੀ, ਓਨੀ ਹੀ ਵੱਧ ਤੁਹਾਡੀ ਪਛਾਣ ਦੂਜਿਆਂ ਤੋਂ ਵੱਧ ਹੋਵੇਗੀ। ਨਾਮੀ ਗਰਾਮੀ ਬੇਕਰੀ ਤੋਂ ਇਲਾਵਾ ਫਾਈਵ ਸਟਾਰ ਹੋਟਲ 'ਚ ਡਿਜ਼ਾਈਨਰ ਕੇਕ ਡੈਕੋਰੇਟਰ ਦੇ ਅਹੁਦੇ 'ਤੇ ਯੋਗਤਾ ਅਨੁਸਾਰ ਸ਼ਾਨਦਾਰ ਤਨਖ਼ਾਹ 'ਤੇ ਕੰਮ ਕਰਨ ਦੇ ਮੌਕੇ ਮਿਲ ਸਕਦੇ ਹਨ। ਜੇ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੋ ਤਾਂ ਕੁਝ ਪੂੰਜੀ ਲਾ ਕੇ ਆਪਣੀ ਕਾਰਜਕੁਸ਼ਲਤਾ ਦੇ ਅਧਾਰ 'ਤੇ ਮਾਰਕੀਟ 'ਚ ਆਪਣਾ ਨਵਾਂ ਮੁਕਾਮ ਹਾਸਿਲ ਕਰ ਸਕਦੇ ਹੋ।

ਆਨਲਾਈਨ ਕੋਰਸ

ਯੂਟਿਊਬ 'ਤੇ ਵੀ ਕੇਕ ਡਿਜ਼ਾਈਨਰ ਕਲਾਸਾਂ ਮੁਹੱਈਆ ਹਨ। ਜੇ ਤੁਸੀਂ ਕਿਸੇ ਹੋਰ ਕੋਰਸ ਦੇ ਨਾਲ ਪਾਰਟ ਟਾਈਮ ਕਲਾਸ ਲਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਰਬੋਤਮ ਬਦਲ ਹੈ। ਇੱਥੋਂ ਤੁਸੀਂ ਜਦੋਂ ਚਾਹੋ ਡਿਜ਼ਾਈਨਰ ਕੇਕ ਬਣਾਉਣਾ ਆਸਾਨੀ ਨਾਲ ਸਿੱਖ ਸਕਦੇ ਹੋ। ਕਿਸੇ ਖ਼ਾਸ ਵਿੱਦਿਅਕ ਯੋਗਤਾ ਦਾ ਹੋਣਾ ਵੀ ਲਾਜ਼ਮੀ ਨਹੀਂ ਹੈ। ਇਸ ਖੇਤਰ 'ਚ ਆਪਣੀ ਧਾਕ ਜਮਾਉਣ ਲਈ ਆਨਲਾਈਨ ਕੋਰਸਾਂ ਦੇ ਨਾਲ-ਨਾਲ ਟ੍ਰੇਨਿੰਗ ਵੀ ਜ਼ਰੂਰੀ ਹੈ। ਟ੍ਰੇਨਿੰਗ ਨਾਲ ਕਿਸੇ ਵੀ ਚੀਜ਼ ਨੂੰ ਸਮਝਣ ਦੇ ਬਿਹਤਰੀਨ ਮੌਕੇ ਮਿਲਦੇ ਹਨ।

ਸਟੋਰ ਤੇ ਬੇਕਰੀ ਵਿਚ ਟ੍ਰੇਨਿੰਗ ਦੇ ਨਾਲ-ਨਾਲ ਬੇਕਿੰਗ, ਆਈਸਿੰਗ, ਡੈਕੋਰੇਟਿੰਗ, ਨਿਊਟ੍ਰੀਸ਼ਨ, ਸੈਨੀਟੇਸ਼ਨ, ਕਸਟਮਰ ਡੀਲਿੰਗ ਤੇ ਕਾਰੋਬਾਰ ਨੂੰ ਸਮਝਣ ਦੇ ਤੌਰ-ਤਰੀਕੇ ਪਤਾ ਲਗਦੇ ਹਨ। ਬੇਕਿੰਗ ਐਂਡ ਫੂਡ ਇੰਡਸਟਰੀ ਦਾ ਖੇਤਰ ਲਗਾਤਾਰ ਹੋ ਰਹੀਆਂ ਤਬਦੀਲੀਆਂ ਨਾਲ ਖ਼ੁਦ ਨੂੰ ਢਾਲਦਾ ਜਾ ਰਿਹਾ ਹੈ ਤੇ ਸਮਾਜ ਦੀਆਂ ਜ਼ਰੂਰਤਾਂ ਅਤੇ ਨਵੇਂ ਟ੍ਰੈਂਡਜ਼ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੈ।

ਇਸ ਖੇਤਰ ਵਿਚ ਨਵੀਂ ਤਕਨੀਕ ਦੇ ਜਾਣਕਾਰਾਂ ਅਤੇ ਸਮੇਂ ਨਾਲ ਪੈਦਾ ਹੋ ਰਹੇ ਮੌਕਿਆਂ ਨੂੰ ਸਮਝਣ ਵਾਲੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਦੀ ਭਰਮਾਰ ਹੈ। ਇਸ ਲਈ ਜੋ ਵੀ ਨੌਜਵਾਨ ਇਸ ਖੇਤਰ 'ਚ ਕਦਮ ਰੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਅੱਜ ਦੀਆਂ ਜ਼ਰੂਰਤਾਂ ਤੇ ਨਵੇਂ ਟ੍ਰੈਂਡਜ਼ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

ਵਿੱਦਿਅਕ ਯੋਗਤਾ ਤੇ ਆਫਲਾਈਨ ਕੋਰਸ

ਬੇਕਿੰਗ ਖੇਤਰ 'ਚ ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਤੁਹਾਡੀ ਸਟ੍ਰੀਮ ਕੀ ਹੈ? ਇਸ ਖੇਤਰ 'ਚ ਆਉਣ ਲਈ 12ਵੀਂ ਪਾਸ ਕਰਨ ਤੋਂ ਇਲਾਵਾ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਕਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਤੁਸੀਂ 3 ਮਹੀਨੇ ਦਾ ਬੇਸਿਕ ਸਰਟੀਫਿਕੇਟ ਪ੍ਰੋਗਰਾਮ ਜਾਂ ਡਿਪਲੋਮਾ ਇਨ ਪੇਸਟਰੀ ਐਂਡ ਬੇਕਰੀ ਆਰਟਸ ਵੀ ਕਰ ਸਕਦੇ ਹੋ। ਜੇ ਇਕ ਸਾਲ ਦਾ ਕੋਰਸ ਕਰਨ ਦੇ ਚਾਹਵਾਨ ਹੋ ਤਾਂ ਐਡਵਾਂਸ ਡਿਪਲੋਮਾ ਇਨ ਪੇਸਟਰੀ ਐਂਡ ਬੇਕਰੀ ਆਰਟਸ ਕਰ ਸਕਦੇ ਹੋ।

ਮੁੱਖ ਸੰਸਥਾਵਾਂ

- ਇੰਸਟੀਚਿਊਟ ਆਫ ਬੇਕਰੀ ਤਕਨਾਲੋਜੀ ਐਂਡ ਮੈਨੇਜਮੈਂਟ, ਗ੍ਰੇਟਰ ਨੋਇਡਾ।

www.aibtm.in

- ਕੁਲੀਨਰੀ ਐਂਡ ਕੇਕ ਡੈਕੋਰੇਟਿੰਗ ਸਕੂਲ, ਦਿੱਲੀ।

www.nowletslearn.com

- ਇੰਸਟੀਚਿਊਟ ਆਫ ਬੇਕਿੰਗ ਐਂਡ ਕੇਕ ਆਰਟ, ਬੈਂਗਲੁਰੂ।

www.ibcablr.net

- ਮਨਿੰਦਰ ਕੌਰ

Posted By: Harjinder Sodhi