ਵਧੀਆ ਤੇ ਸੁਰੀਲੀ ਆਵਾਜ਼ ਦਾ ਹੁਨਰ ਰੱਖਣ ਵਾਲੇ ਨੌਜਵਾਨਾਂ ਲਈ ਅੱਜ ਫਿਲਮਾਂ ਤੋਂ ਲੈ ਕੇ ਨਾਟਕਾਂ, ਰੇਡੀਓ, ਟੈਲੀਵਿਜ਼ਨ, ਇਸ਼ਤਿਹਾਰ, ਡਾਕੂਮੈਂਟਰੀ, ਐਨੀਮੇਸ਼ਨ ਫਿਲਮਾਂ ਆਦਿ ’ਚ ਡਬਿੰਗ ਆਰਟਿਸਟ ਦੇ ਤੌਰ ’ਤੇ ਕੰਮ ਕਰਨ ਦੇ ਵਧੀਆ ਮੌਕੇ ਮੌਜੂਦ ਹਨ।

ਆਵਾਜ਼ ਦਾ ਹੁਨਰ

ਡਬਿੰਗ ਆਰਟਿਸਟ ਬਣਨ ਲਈ ਮਹੱਤਵਪੂਰਨ ਯੋਗਤਾ ਹੈ-ਦਿਲਕਸ਼ ਆਵਾਜ਼। ਆਵਾਜ਼ ’ਚ ਦਮ ਤੇ ਲਫ਼ਜ਼ਾਂ ’ਤੇ ਪਕੜ ਰੱਖਣ ਵਾਲਾ ਕੋਈ ਵੀ ਨੌਜਵਾਨ ਡਬਿੰਗ ਆਰਟਿਸਟ ਜਾਂ ਵਾਇਸ ਓਵਰ ਆਰਟਿਸਟ ਬਣਨ ਦੀ ਪਹਿਲ ਕਰ ਸਕਦਾ ਹੈ। ਵਧੀਆ ਆਵਾਜ਼ ਦੇ ਨਾਲ ਜੇ ਤੁਸੀਂ ਬਾਰ੍ਹਵੀਂ ਜਾਂ ਸੀਨੀਅਰ ਸੈਕੰਡਰੀ ਦੀ ਯੋਗਤਾ ਰੱਖਦੇ ਹੋ ਤਾਂ ਤੁਹਾਡੇ ਲਈ ਵਧੀਆ ਕਰੀਅਰ ਬਣਾਉਣ ਦੇ ਰਾਹ ਆਸਾਨ ਹੋ ਜਾਣਗੇ। ਡਬਿੰਗ ਆਰਟਿਸਟ ਦੀ ਵਧਦੀ ਮੰਗ ਨੂੰ ਵੇਖਦਿਆਂ ਅਜਿਹੀਆਂ ਕਈ ਸੰਸਥਾਵਾਂ ਹਨ, ਜੋ ਇਸ ਨਾਲ ਸਬੰਧਤ ਸ਼ਾਰਟ-ਟਰਮ ਤੇ ਸਰਟੀਫਿਕੇਟ ਕੋਰਸ ਕਰਵਾ ਰਹੀਆਂ ਹਨ। ਇਨ੍ਹਾਂ ਕੋਰਸਾਂ ਜ਼ਰੀਏ ਵਿਦਿਆਰਥੀਆਂ ਨੂੰ ਵਾਇਸ ਓਵਰ ਦੀ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ। ਆਪਣੀ ਆਵਾਜ਼ ’ਚ ਨਿਖਾਰ ਲਿਆਉਣ ਲਈ ਇਸ ਕੋਰਸ ਦੀ ਮਦਦ ਲਈ ਜਾ ਸਕਦੀ ਹੈ।

ਤਕਨੀਕ ਦੀ ਸਮਝ ਜ਼ਰੂਰੀ

ਮੌਜੂਦਾ ਦੌਰ ’ਚ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇਗਾ, ਜਿਥੇ ਤਕਨਾਲੋਜੀ ਦਾ ਇਸਤੇਮਾਲ ਨਾ ਹੰੁਦਾ ਹੋਵੇ। ਜ਼ਾਹਿਰ ਹੈ ਡਬਿੰਗ ਆਰਟਿਸਟ ਬਣਨ ਲਈ ਤੁਹਾਨੂੰ ਆਪਣੇ ਕੰਮ ਨਾਲ ਸਬੰਧਤ ਤਕਨੀਕੀ ਜਾਣਕਾਰੀ ਰੱਖਣੀ ਹੋਵੇਗੀ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਰਿਕਾਰਡਿੰਗ ਕਰਦੇ ਸਮੇਂ ਮਾਈਕ ਕਿੰਨਾ ਦੂਰ ਜਾਂ ਕਿੰਨਾ ਨੇੜੇ ਰੱਖਣਾ ਹੈ ਤੇ ਡਬਿੰਗ ਦੇ ਤਰੀਕਿਆਂ ਨੂੰ ਬਾਰੀਕੀ ਨਾਲ ਸਮਝਣਾ ਪਵੇਗਾ। ਇੰਡਸਟਰੀ ’ਚ ਰਿਕਾਰਡਿੰਗ ਦੇ ਦੋ ਤਰੀਕੇ ਅਪਨਾਏ ਜਾਂਦੇ ਹਨ। ਪਹਿਲਾ ਪੈਰਾ ਡਬਿੰਗ ਤੇ ਫਿਰ ਲਿਪਸਿੰਗ।

ਪੈਰਾ ਡਬਿੰਗ ’ਚ ਆਰਟਿਸਟ ਨੇ ਆਡੀਓ ਜਾਂ ਵੀਡੀਓ ’ਤੇ ਬਿਨਾਂ ਧਿਆਨ ਦਿੱਤਿਆਂ ਰਿਕਾਰਡਿੰਗ ਕਰਨੀ ਹੰੁਦੀ ਹੈ, ਉੱਥੇ ਹੀ ਲਿਪਸਿੰਗ ’ਚ ਆਵਾਜ਼ ਦੇਣ ਵਾਲੇ ਨੂੰ ਪਾਤਰ ਦੇ ਬੱੁਲ੍ਹਾਂ ਨੂੰ ਪੜ੍ਹ ਕੇ ਉਚਾਰਨ ਨੂੰ ਮਿਲਾਉਂਦੇ ਹੋਏ ਰਿਕਾਰਡਿੰਗ ਕਰਨੀ ਪੈਂਦੀ ਹੈ। ਤੁਹਾਨੂੰ ਇਨ੍ਹਾਂ ਤਰੀਕਿਆਂ ਨੂੰ ਬਾਰੀਕੀ ਨਾਲ ਸਮਝਣਾ ਹੋਵੇਗਾ।

ਸੰਭਾਵਨਾਵਾਂ

ਡਬਿੰਗ ਆਰਟਿਸਟ ਦੇ ਰੂਪ ’ਚ ਤੁਹਾਨੂੰ ਅਕਾਸ਼ਬਾਣੀ, ਦੂਰਦਰਸ਼ਨ, ਵੱਖ-ਵੱਖ ਟੀਵੀ ਚੈਨਲਾਂ, ਨਾਟਕ, ਰੇਡੀਓ, ਇਸ਼ਤਿਹਾਰ, ਡਾਕੂਮੈਂਟਰੀ, ਐਨੀਮੇਸ਼ਨ ਫਿਲਮਾਂ ਆਦਿ ’ਚ ਕੰਮ ਕਰਨ ਦੇ ਮੌਕੇ ਮਿਲ ਸਕਦੇ ਹਨ। ਹੋ ਸਕਦਾ ਹੈ ਕਿ ਸ਼ੁਰੂਆਤੀ ਦੌਰ ’ਚ ਤੁਹਾਨੂੰ ਮੌਕੇ ਦੀ ਤਲਾਸ਼ ਕਰਨੀ ਥੋੜ੍ਹੀ ਔਖੀ ਹੋਵੇਗੀ ਪਰ ਇਕ ਵਾਰ ਜਦੋਂ ਤੁਸੀਂ ਲੋਕਾਂ ਵਿਚ ਆਪਣੀ ਆਵਾਜ਼ ਦੀ ਪਛਾਣ ਬਣਾ ਲੈਂਦੇ ਹੋ ਤਾਂ ਤੁਹਾਡੇ ਲਈ ਕੰਮ ਦੇ ਮੌਕਿਆਂ ਦੀ ਕੋਈ

ਕਮੀ ਨਹੀਂ ਹੋਵੇਗੀ।

ਕਮਾਈ

ਜਿਥੋਂ ਤਕ ਕਮਾਈ ਦੀ ਗੱਲ ਹੈ ਤਾਂ ਤੁਸੀਂ ਸ਼ੁਰੂਆਤੀ ਦੌਰ ਵਿਚ ਪ੍ਰਾਜੈਕਟ ਅਨੁਸਾਰ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ ਪਰ ਤਜਰਬਾ ਵਧਣ ਦੇ ਨਾਲ ਤੁਹਾਨੂੰ ਮਿਲਣ ਵਾਲੇ ਮੌਕਿਆਂ ਅਤੇ ਕਮਾਈ ਵਿਚ ਦੱੁਗਣੀ-ਚੌਗੁਣੀ ਕਮਾਈ ਹੋ ਸਕਦੀ ਹੈ। ਤੁਹਾਨੂੰ ਸਿਰਫ਼ ਆਪਣੇ ਹੁਨਰ ਵਿਚ ਨਿਖਾਰ ਲਿਆਉਣਾ ਹੋਵੇਗਾ।

ਰਾਹ ਆਸਾਨ ਬਣਾਉਂਦੇ ਹਨ ਕੁਝ ਵਿਸ਼ੇਸ਼ ਗੁਣ

ਵਧੀਆ ਆਵਾਜ਼ ਦੇ ਨਾਲ-ਨਾਲ ਡਬਿੰਗ ਆਰਟਸਿਟ ਅੰਦਰ ਆਵਾਜ਼ ਦੀ ਗੁਣਵੱਤਾ, ਸਪਸ਼ਟ ਉਚਾਰਨ ਅਤੇ ਭਾਸ਼ਾ ’ਤੇ ਮਜ਼ਬੂਤ ਪਕੜ ਹੋਣੀ ਜ਼ਰੂਰੀ ਹੰੁਦੀ ਹੈ। ਇਸ ਤੋਂ ਇਲਾਵਾ ਡਬਿੰਗ ਆਰਟਿਸਟ ਨੂੰ ਕਿਰਦਾਰ ਜਾਂ ਸਥਿਤੀ ਦੇ ਹਿਸਾਬ ਨਾਲ ਆਪਣੀ ਆਵਾਜ਼ ’ਚ ਤਬਦੀਲੀ ਲਿਆਉਣੀ ਪੈਂਦੀ ਹੈ, ਜਿਵੇਂ ਈਮੋਸ਼ਨ ਜਾਂ ਕਾਮੇਡੀ ਦੀ ਜਗ੍ਹਾ ’ਤੇ ਉਸੇ ਹਿਸਾਬ ਨਾਲ ਆਪਣੀ ਆਵਾਜ਼ ਨੂੰ ਢਾਲਣਾ ਪੈਂਦਾ ਹੈ। ਇਸ ਲਈ ਤੁਹਾਨੂੰ ਜ਼ਰੂਰਤ ਅਨੁਸਾਰ ਆਪਣੀ ਆਵਾਜ਼ ’ਚ ਹਾਈ-ਪਿੱਚ ਤੇ ਲੋਅ-ਪਿੱਚ ਲਿਆਉਣ ਦੀ ਕਲਾ ਨੂੰ ਸਿੱਖਣਾ ਹੋਵੇਗਾ।

Posted By: Harjinder Sodhi