ਜੋ ਵਿਅਕਤੀ ਦੂਜਿਆਂ ਦੀਆਂ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਹਨ, ਦੂਜਿਆਂ ਨਾਲ ਹਮਦਰਦੀ ਰੱਖਦੇ ਹਨ, ਦੂਜਿਆਂ ਦੇ ਦਿਮਾਗ਼ ਦੀ ਕਾਰਜਸ਼ੈਲੀ ਨੂੰ ਸਮਝਣ ’ਚ ਡੂੰਘੀ ਦਿਲਚਸਪੀ ਰੱਖਦੇ ਹਨ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਅਨੁਸਾਰ ਸਹੀ ਕਰੀਅਰ ਤੇ ਰੁਜ਼ਗਾਰ ਤਲਾਸ਼ਣ ’ਚ ਮਦਦ ਕਰਨ ਦਾ ਸ਼ੌਕ ਰੱਖਦੇ ਹਨ, ਉਹ ਨਿਰਸੰਦੇਹ ‘ਕਰੀਅਰ ਕੌਂਸਲਿੰਗ’ ਦੇ ਖੇਤਰ ’ਚ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹਨ। ਕਰੀਅਰ ਕੌਂਸਲਰ ਰੁਚੀਆਂ ਦੇ ਮੁਲਾਂਕਣ ਤੇ ਕਰੀਅਰ ਟੈਸਟਾਂ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਸੁਨਿਯੋਜਿਤ ਢੰਗ ਨਾਲ ਗਠਿਤ ਕਰ ਕੇ ਉਨ੍ਹਾਂ ਨੂੰ ਉਚੇਰੀ ਸਿੱਖਿਆ, ਰੁਜ਼ਗਾਰ ਤੇ ਨੌਕਰੀਆਂ ਸਬੰਧੀ ਹਰ ਸੰਭਵ ਸਹਾਇਤਾ ਦਿੰਦੇ ਹਨ। ਕਰੀਅਰ ਕੌਂਸਲਰ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਦੀ ਰੁਚੀ ਦੇ ਕੋਰਸ/ਡਿਗਰੀ/ਕਾਲਜ ਆਦਿ ਦੀ ਚੋਣ ਕਰਨ ’ਚ ਮਦਦ ਕਰਦੇ ਹਨ।

ਕਰੀਅਰ ਕੌਂਸਲਰ

ਵੱਖ-ਵੱਖ ਸਰਵੇਖਣਾਂ ਅਨੁਸਾਰ 86 ਫ਼ੀਸਦੀ ਵਿਦਿਆਰਥੀ ਆਪਣੇ ਕਰੀਅਰ ਤੇ ਉਚੇਰੀ ਸਿੱਖਿਆ ਦੀ ਚੋਣ ਕਰਨ ਲਈ ਕਾਫ਼ੀ ਫ਼ਿਕਰਮੰਦ ਹੁੰਦੇ ਹਨ, ਜਿਨ੍ਹਾਂ ’ਚੋਂ 92 ਫ਼ੀਸਦੀ ਨੂੰ ਸਕੂਲੀ ਸਿੱਖਿਆ ਦੌਰਾਨ ਕਰੀਅਰ ਦੀ ਚੋਣ ਸਬੰਧੀ ਕੋਈ ਜਾਣਕਾਰੀ ਨਹੀਂ ਹੁੰਦੀ। ਵਿਦਿਆਰਥੀਆਂ ਤੇ ਮਾਪਿਆਂ ਅੱਗੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਕਿ ਉਹ ਇੰਟਰਨੈੱਟ ਜਿਹੇ ਮਹਾਂਸਾਗਰ ’ਚੋਂ ਆਪਣੇ ਲਈ ਉਚਿਤ ਕਰੀਅਰ ਦੀ ਚੋਣ ਕਿਵੇਂ ਕਰਨ? ਭਾਵ, ਅੱਜ ਸਾਡਾ ਦੇਸ਼ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਗਾਈਡੈਂਸ ਕੌਂਸਲਰਾਂ ਦੀ ਭਾਰੀ ਕਿੱਲਤ ਨਾਲ ਜੂਝ ਰਿਹਾ ਹੈ। ਸਮੱਸਿਆ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਸਿੱਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਵੱਲੋਂ ਪੰਜਾਬ ਦੇ ਹਰ ਸਰਕਾਰੀ ਸਕੂਲ ’ਚ ਇਸ ਵਿੱਦਿਅਕ ਵਰ੍ਹੇ ਦੌਰਾਨ ਇਕ-ਇਕ ਸਕੂਲ ਕੌਂਸਲਰ (ਉਸੇ ਸਕੂਲ ਦਾ ਚੰਗਾ ਅਧਿਆਪਕ) ਦੀ ਨਿਯੁਕਤੀ ਕਰ ਕੇ ਉਨ੍ਹਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਉਹ ਕੌਂਸਲਰ ਹਰ ਸਮੇਂ ਵਿਦਿਆਰਥੀਆਂ ਦੀ ਪਹੁੰਚ ’ਚ ਹੋਵੇ ਤੇ ਸਮੇਂ-ਸਮੇਂ ’ਤੇ ਵਿਦਿਆਰਥੀਆਂ ਲਈ ਕਰੀਅਰ ਅਪਡੇਟਸ ਮੁਹੱਈਆ ਕਰਵਾ ਕੇ ਗਰੁੱਪ ਵਿਚ ਜਾਂ ਵਿਅਕਤੀਗਤ (ਵਨ-ਟੂ-ਵਨ) ਕੌਂਸਲਿੰਗ ਰਾਹੀਂ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾ ਸਕਣ। ਇਥੋਂ ਤਕ ਕਿ ਸਕੂਲਾਂ ਦੀ ਸਮਾਂ-ਸਾਰਣੀ ’ਚ ਕੌਂਸਲਿੰਗ ਲਈ ਵੀ ਪੀਰੀਅਡ ਰਾਖਵੇਂ ਰੱਖਣ ਬਾਰੇ ਵੀ ਸਿੱਖਿਆ ਵਿਭਾਗ ਵੱਲੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਭਾਰਤ ’ਚ 15 ਲੱਖ ਵਿਦਿਆਰਥੀਆਂ ਲਈ ਕੇਵਲ 500 ਕੌਂਸਲਰ ਉਪਲੱਬਧ ਹਨ ਪਰ ਜੇ ਅਮਰੀਕਾ ਵੱਲ ਵੇਖੀਏ ਤਾਂ 26 ਲੱਖ ਕੌਂਸਲਰ 1,80,000 ਵਿਦਿਆਰਥੀਆਂ ਲਈ ਉਪਲੱਬਧ ਹਨ। ਇਸ ਖੇਤਰ ’ਚ ਨੌਕਰੀਆਂ ਦੀ ਬਹੁਤਾਤ ਹੈ। ਵਰਤਮਾਨ ’ਚ 20 ਹਜ਼ਾਰ ਤੋਂ ਵੱਧ ਨੌਕਰੀਆਂ ਉਪਲੱਬਧ ਹਨ, ਕਿਉਂਕਿ ਕੌਂਸਲਰਾਂ ਦੀ ਜ਼ਰੂਰਤ ਸਕੂਲਾਂ ਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ’ਤੇ ਹੈ। ਬਹੁਤ ਜ਼ਿਆਦਾ ਮੰਗ ਹੋਣ ਕਾਰਨ ਇਸ ਖੇਤਰ ਦੀ ਚੋਣ ਕਰਨੀ ਲਾਹੇਵੰਦ ਹੋਵੇਗੀ।

ਕਿਉਂ ਪੈਂਦੀ ਹੈ ਲੋੜ?

ਹਰ ਵਿਅਕਤੀ ਦੀ ਸਮਾਜ ’ਚ ਆਪਣੀ ਵੱਖਰੀ ਪਛਾਣ ਹੁੰਦੀ ਹੈ ਤੇ ਲੋਕ ਵਿਅਕਤੀ ਨੂੰ ਉਸ ਦੇ ਹੁਨਰ ਨਾਲ ਜਾਣਦੇ ਹਨ। ਅਕਸਰ ਵੇਖਣ ’ਚ ਆਉਂਦਾ ਹੈ ਕਿ ਵਿਦਿਆਰਥੀ ਆਪਣੇ ਲਈ ਸਹੀ ਕਰੀਅਰ ਜਾਂ ਕੋਰਸ ਦੀ ਚੋਣ ਨਹੀਂ ਕਰ ਪਾਉਂਦੇ, ਜਿਸ ਕਾਰਨ ਉਨ੍ਹਾਂ ਅੰਦਰ ਛੁਪੇ ਹੁਨਰ ਬਾਹਰ ਨਹੀਂ ਨਿਕਲਦੇ ਤੇ ਇਸ ਅਸੰਤੁਸ਼ਟਤੀ ਕਾਰਨ ਉਹ ਜ਼ਿੰਦਗੀ ’ਚ ਸਫ਼ਲ ਨਹੀਂ ਹੋ ਸਕਦੇ। ਕਰੀਅਰ ਕੌਂਸਲਿੰਗ ਜ਼ਰੀਏ ਵਿਦਿਆਰਥੀ ਦੀ ਰੁਚੀ, ਯੋਗਤਾ ਤੇ ਸਮਰਥਾ ਅਨੁਸਾਰ ਕਰੀਅਰ ਦਾ ਬਿਹਤਰੀਨ ਬਦਲ ਲੱਭਿਆ ਜਾਂਦਾ ਹੈ ਤੇ ਉਸ ਦੀ ਪ੍ਰਤਿਭਾ ਤੇ ਰੁਚੀ ਅਨੁਸਾਰ ਸਬੰਧਤ ਖੇਤਰ ਦੀ ਭਾਲ ਕਰ ਕੇ ਉਸ ਦੇ ਭਵਿੱਖ ਦਾ ਰੋਡਮੈਪ ਤਿਆਰ ਕੀਤਾ ਜਾਂਦਾ ਹੈ।

ਸੰਭਾਵਨਾਵਾਂ

ਕਰੀਅਰ ਨਿਰਮਾਣ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਤੇ ਚੁਣੌਤੀਪੂਰਨ ਫ਼ੈਸਲਾ ਹੁੰਦਾ ਹੈ। ਅਜੋਕੇ ਸਮੇਂ ਕਰੀਅਰ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਹਨ। ਇਨ੍ਹਾਂ ’ਚੋਂ ਕੁਝ ਕਰੀਅਰ ਅਜਿਹੇ ਹਨ, ਜੋ ਆਉਣ ਵਾਲੇ ਸਮੇਂ ’ਚ ਵੱਡੇ ਪੱਧਰ ’ਤੇ ਲੰਬਾ ਸਮਾਂ ਟਿਕਾੳੂ ਰਹਿਣ ਵਾਲੇ ਹਨ ਤੇ ਕੁਝ ਕਰੀਅਰ ਅਜਿਹੇ ਹਨ, ਜਿਨ੍ਹਾਂ ਦੀ ਮਿਆਦ ਥੋੜ੍ਹਚਿਰੀ ਹੁੰਦੀ ਹੈ। ਅਜਿਹੇ ’ਚ ਕਰੀਅਰ ਕੌਂਸਲਰ ਦੀ ਸਲਾਹ ਲੈ ਕੇ ਕਰੀਅਰ ਦੀ ਗੁੱਥੀ ਸੁਲਝਾਈ ਜਾ ਸਕਦੀ ਹੈ। ਕਰੀਅਰ ਕੌਂਸਲਿੰਗ ਦਿਮਾਗ਼ ਦੀਆਂ ਉਲਝਣਾਂ ਘੱਟ ਕਰਦੀ ਹੈ ਤੇ ਮੰਜ਼ਿਲ ਦੀ ਪ੍ਰਾਪਤੀ ’ਚ ਮਦਦ ਕਰਦੀ ਹੈ। ਗ਼ਲਤ ਕਰੀਅਰ ਦੀ ਚੋਣ ਤਾਉਮਰ ਵਿਦਿਆਰਥੀ ਲਈ ਤਣਾਅ ਤੇ ਪਛਤਾਵੇ ਦਾ ਕਾਰਨ ਬਣਦੀ ਹੈ। ਕਰੀਅਰ ਕੌਂਸਲਿੰਗ ਨਾਲ ਕਰੀਅਰ ਪਲੇਸਮੈਂਟ, ਕਰੀਅਰ ਪਲਾਨਿੰਗ ਤੇ ਸਿੱਖਿਆ ਯੋਜਨਾ ਆਸਾਨ ਹੁੰਦੀ ਹੈ ਤੇ ਵਿਦਿਆਰਥੀ ਘੱਟ ਤੋਂ ਘੱਟ ਯਤਨਾਂ ਨਾਲ ਵਧੇਰੇ ਸਫ਼ਲਤਾ ਹਾਸਿਲ ਕਰਦਾ ਹੈ। ਕਈ ਕਰੀਅਰ ਕੌਂਸਲਰ ਆਪਣੀ ਇਸ ਪ੍ਰਤਿਭਾ ਦਾ ਉਪਯੋਗ ਸਕੂਲਾਂ ’ਚ ਸਿੱਖਿਆ ਜਾਂ ਵਿਦਿਆਰਥੀਆਂ ਨੂੰ ਕਰੀਅਰ ਦੀ ਜਾਣਕਾਰੀ ਜਾਂ ਵੋਕੇਸ਼ਨਲ ਟ੍ਰੇਨਿੰਗ ਦੇ ਕੇ ਕਰਦੇ ਹਨ। ਕਰੀਅਰ ਕੌਂਸਲਰਾਂ ਦੀ ਮੰਗ ਨੂੰ ਦੇਖਦਿਆਂ ਦੇਸ਼ ’ਚ ਕਾਬਿਲ ਕਰੀਅਰ ਕੌਂਸਲਰਾਂ ਦੀ ਭਾਰੀ ਘਾਟ ਹੈ। ਭਾਰਤ ’ਚ ਕਰੀਅਰ ਕੌਂਸਲਿੰਗ ਨੂੰ ਕਰੀਅਰ ਦੀ ਬਜਾਏ ਇਕ ਸਕੂਲ ਕੌਂਸਲਿੰਗ ਦੇ ਸਹਿਯੋਗੀ ਕਾਰਜ ਦੇ ਰੂਪ ’ਚ ਦੇਖਿਆ ਜਾਂਦਾ ਹੈ। ਇਸ ਲਈ ਇਸ ਖੇਤਰ ਵਿਚ ਵਰਤਮਾਨ ਸਮੇਂ ਦੌਰਾਨ ਬਹੁਤ ਜ਼ਿਆਦਾ ਲੋਕ ਨਹੀਂ ਹਨ।

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਕਰੀਅਰ ਪਲਾਨਿੰਗ ਪੱਖੋਂ ਸੀਮਤ ਜਾਣਕਾਰੀ ਹੈ, ਕਿਉਂਕਿ ਹਰ ਸਾਲ ਲਗਪਗ 3 ਕਰੋੜ ਗ੍ਰੈਜੂਏਟਾਂ ’ਚੋਂ 2 ਕਰੋੜ ਬੇਰੁਜ਼ਗਾਰ ਹੁੰਦੇ ਹਨ ਤੇ ਜ਼ਿਆਦਾਤਰ ਦੇ ਲਾਇਕ ਕੋਈ ਕੰਮ ਨਹੀਂ ਹੁੰਦਾ। ਕਰੀਅਰ ਕੌਂਸਲਰ ਇਸ ਵਿਸ਼ਾਲ ਖਾਈ ਨੂੰ ਪੂਰਨ ’ਚ ਮਦਦ ਕਰਦੇ ਹਨ। ਕਰੀਅਰ ਕੌਂਸਲਰ ਬਣਨ ਦੇ ਚਾਹਵਾਨਾਂ ਨੂੰ ਅਕਾਦਮਿਕ ਯੋਗਤਾ ਨਾਲੋਂ ਵੱਧ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਉਨ੍ਹਾਂ ਨੂੰ ਭਰੋਸਾ ਦਿਵਾਉਣ ਦੀ ਕਾਬਲੀਅਤ ਹੋਣੀ ਲਾਜ਼ਮੀ ਹੈ।

ਜ਼ਿੰਮੇੇਵਾਰੀਆਂ

ਕਰੀਅਰ ਕੌਂਸਲਿੰਗ ਦੌਰਾਨ ਵਿਦਿਆਰਥੀਆਂ ਦਾ ਐਪਟੀਚਿਊਡ ਟੈਸਟ ਤੇ ਸਾਈਕੋਲੋਜੀ ਟੈਸਟ ਵੀ ਲਿਆ ਜਾਂਦਾ ਹੈ, ਜਿਸ ਰਾਹੀਂ ਵਿਦਿਆਰਥੀਆਂ ਦੀ ਵਿਸ਼ਲੇਸ਼ਣਾਤਮਕ ਸਮਰੱਥਾ, ਉਨ੍ਹਾਂ ਦੀ ਸੋਚ, ਵੱਖ-ਵੱਖ ਵਿਸ਼ਿਆਂ ’ਤੇ ਪਕੜ ਦਾ ਪਤਾ ਲਾਇਆ ਜਾਂਦਾ ਹੈ। ਐਪਟੀਚਿਊਡ ਟੈਸਟ ਰਾਹੀਂ ਇਹ ਪਰਖਿਆ ਜਾਂਦਾ ਹੈ ਕਿ ਵਿਦਿਆਰਥੀ ਨੇ ਕਿਹੜੇ ਵਿਸ਼ੇ ’ਚ ਕਿੰਨੇ ਪ੍ਰਸ਼ਨਾਂ ਦਾ ਉੱਤਰ ਸਹੀ ਦਿੱਤਾ ਤੇ ਇਹ ਉੱਤਰ ਉਸ ਨੇ ਕਿਸ ਆਧਾਰ ’ਤੇ ਦਿੱਤੇ। ਨਾਲ ਹੀ ਉਸ ਦਾ ਸਾਈਕੋਲੋਜੀ ਟੈਸਟ ਵੀ ਲਿਆ ਜਾਂਦਾ ਹੈ। ਮੁੱਖ ਤੌਰ ’ਤੇ ਉਸ ਦੀ ਰੁਚੀ ਤੇ ਰੁਝਾਨ ਮਹੱਤਵ ਰੱਖਦੇ ਹਨ। ਮਸਲਨ, ਜੇ ਕਿਸੇ ਵਿਦਿਆਰਥੀ ਦੀ ਡੂੰਘੀ ਰੁਚੀ ਏਅਰੋਨਾਟਿਕਲ (ਹਵਾਬਾਜ਼ੀ-ਸਬੰਧੀ) ਇੰਜੀਨਿਅਰਿੰਗ ’ਚ ਹੈ ਪਰ ਉਹ ਮੈਥ ਦੀ ਪੜ੍ਹਾਈ ਨਹੀਂ ਕਰਨਾ ਚਾਹੁੰਦਾ ਤਾਂ ਅਜਿਹੀ ਸਥਿਤੀ ’ਚ ਪਹਿਲਾਂ ਉਸ ਦੇ ਰੁਝਾਨ ਅਨੁਸਾਰ ਕਰੀਅਰ ਦੇ ਬਦਲ ਲੱਭੇ ਜਾਂਦੇ ਹਨ ਤੇ ਇਨ੍ਹਾਂ ’ਚੋਂ ਬਿਹਤਰੀਨ ਬਾਰੇ ਸੁਝਾਇਆ ਜਾਂਦਾ ਹੈ। ਕਰੀਅਰ ਕੌਂਸਲਰ ਦੇ ਕੰਮ ’ਤੇ ਵਿਦਿਆਰਥੀ ਦਾ ਪੂਰਾ ਭਵਿੱਖ ਟਿਕਿਆ ਹੁੰਦਾ ਹੈ। ਸੋ ਇਸ ਗੱਲ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਂਦਾ ਹੈ ਕਿ ਸੁਝਾਇਆ ਗਿਆ ਕਰੀਅਰ ਵਿਦਿਆਰਥੀ ਲਈ ਲੰਮੇ ਸਮੇਂ ਤਕ ਉਪਯੋਗੀ ਹੋਵੇ।

ਕਰੀਅਰ ਕੌਂਸਲਰ ਦੀ ਪਿੱਠਭੂਮੀ ਮਨੋਵਿਗਿਆਨਕ ਹੁੰਦੀ ਹੈ, ਕਿਉਂਕਿ ਇਸ ਨਾਲ ਮਨੁੱਖੀ ਵਿਹਾਰ ਨੂੰ ਡੂੰਘਾਈ ’ਚ ਸਮਝਣ ’ਚ ਮਦਦ ਮਿਲਦੀ ਹੈ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਸੁਲਝਾਉਣਾ ਆਸਾਨ ਹੋ ਜਾਂਦਾ ਹੈ। ਜੇ ਕੋਈ ਆਪਣੇ ਵਿਸ਼ੇ ’ਚ ਨਿਪੁੰਨ ਹੈ ਤਾਂ ਬਿਨਾਂ ਮਨੋਵਿਗਿਆਨ ਦੇ ਵੀ ਇਸ ਖੇਤਰ ’ਚ ਸਫ਼ਲ ਹੋ ਸਕਦੇ ਹਨ। ਉਹ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੇ ਤਰੀਕਿਆਂ ਜਿਵੇਂ ਰਜ਼ਿੳੂਮ ਰਾਈਟਿੰਗ, ਇੰਟਰਵਿਊ ਟਿਪਸ, ਰੁਜ਼ਗਾਰ ਏਜੰਸੀਆਂ ਦੇ ਤਲਮੇਲ ਨਾਲ ਰੁਜ਼ਗਾਰ ਸਬੰਧੀ ਸਲਾਹ ਵੀ ਦਿੰਦੇ ਹਨ।

ਕੋਰਸਾਂ ਦੀ ਰੂਪ-ਰੇਖਾ

ਸਾਡੇ ਦੇਸ਼ ’ਚ ਕਰੀਅਰ ਕੌਂਸਲਿੰਗ ਦੇ ਵੱਖਰੇ ਤੌਰ ’ਤੇ ਕੋਈ ਕੋਰਸ ਨਹੀਂ ਕਰਵਾਏ ਜਾ ਰਹੇ, ਬਲਕਿ ‘ਗਾਈਡੈਂਸ ਐਂਡ ਕੌਂਸਲਿੰਗ’ ਕੋਰਸਾਂ ’ਚ ਹੀ ਕਰੀਅਰ ਕੌਂਸਲਿੰਗ ਸ਼ਾਮਲ ਹੁੰਦੀ ਹੈ। ਕਿਸੇ ਵੀ ਵਿਸ਼ੇ ’ਚ ਗ੍ਰੈਜੂਏਟ ਡਿਗਰੀ ਪ੍ਰਾਪਤ ਵਿਦਿਆਰਥੀ ਕਰੀਅਰ ਕੌਂਸਲਿੰਗ ’ਚ ਡਿਪਲੋਮਾ ਕਰਨ ਲਈ ਅਪਲਾਈ ਕਰ ਸਕਦੇ ਹਨ, ਹਾਲਾਂਕਿ ਕੁਝ ਸੰਸਥਾਵਾਂ ਮਨੋਵਿਗਿਆਨਕ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਤਰਜੀਹ ਦਿੰਦੇ ਹਨ। ‘ਗਾਈਡੈਂਸ ਐਂਡ ਕੌਂਸਲਿੰਗ’ ’ਚ ਪੋਸਟ ਗ੍ਰੈਜੂਏਟ ਡਿਗਰੀ ਕਰਨ ਦੇ ਚਾਹਵਾਨਾਂ ਲਈ ਸਭ ਤੋਂ ਉੱਤਮ ਭੋਪਾਲ ਸਥਿਤ ਸਰੋਜਨੀ ਨਾਇਡੂ ਗਵਰਨਮੈਂਟ ਗਰਲਜ਼ ਪੋਸਟ ਗ੍ਰੈਜੂਏਟ ਕਾਲਜ ਹੈ ਅਤੇ ਇਹੀ ਡਿਗਰੀ ਕੋਰਸ ਐੱਨਸੀਈਆਰਟੀ, ਦਿੱਲੀ ਵਿਖੇ ਵੀ ਚਲਾਏ ਜਾ ਰਹੇ ਹਨ।

ਗਾਈਡੈਂਸ ਅਤੇ ਕੌਂਸਲਿੰਗ ਕੋਰਸ ਡਿਸਟੈਂਸ ਐਜੂਕੇਸ਼ਨ ਰਾਹੀਂ ਵੀ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਂਸ ਏਂਜਲਸ ਵੱਲੋਂ ਆਨਲਾਈਨ ਕੋਰਸ ਇਨ ਗਲੋਬਲ ਕਰੀਅਰ ਕੌਂਸਲਿੰਗ ਵੀ ਚਲਾਏ ਜਾ ਰਹੇ ਹਨ। ਇਸ ਖੇਤਰ ’ਚ ਆਨਲਾਈਨ ਵਾਧੂ ਗਿਆਨ ਪ੍ਰਾਪਤ ਕਰਨ ਲਈ ਕਰੀਅਰ ਕੌਂਸਲਿੰਗ ਜਨਰਲ counseling.org, NYAS.org, Forbes.com ’ਤੇ ਵੀ ਲੌਗਆਨ ਕੀਤਾ ਜਾ ਸਕਦਾ ਹੈ।

ਮੁੱਖ ਸੰਸਥਾਵਾਂ

- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ।

- ਮੁੰਬਈ ਯੂਨੀਵਰਸਿਟੀ, ਮੁੰਬਈ।

- ਮਨਿੰਦਰ ਕੌਰ

Posted By: Harjinder Sodhi