ਭੋਪਾਲ: ਦੇਸ਼ ਦੀਆਂ ਤਮਾਮ ਯੂਨੀਵਰਸਿਟੀਆਂ ਦੇ ਯੂਜੀ ਪ੍ਰੋਗਰਾਮ ਦੀ ਮਿਆਦ ਤਿੰਨ ਸਾਲ ਤੋਂ ਵਧਾ ਕੇ ਚਾਰ ਸਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਵਿਦਿਆਰਥੀ ਗ੍ਰੈਜੂੁਏਸ਼ਨ ਤੋਂ ਬਾਅਦ ਸਿੱਧੇ ਹੀ ਪੀਐੱਚਡੀ ਪ੍ਰੋਗਾਰਮ ਕਰ ਸਕਣਗੇ। ਨਾਲ ਹੀ ਵਿਦਿਆਰਥੀ ਦਾ ਪੋਸਟ ਗ੍ਰੈਜੂਏਸ਼ਨ ਹੋਣ ਜ਼ਰੂਰੀ ਨਹੀਂ ਹੋਵੇਗਾ। ਯੂਜੀਸੀ ਦੇ ਪ੍ਰਧਾਨ ਪ੍ਰੋ, ਡੀਪੀ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਯੂਨੀਵਰਸਿਟੀਆਂ ’ਚ ਮੌੋਜੂਦਾ ਸਮੇਂ ਗ੍ਰੇਜੂਏਸ਼ਨ ਤਿੰਨ ਸਾਲ ਦੀ ਤੇ ਪੋਸਟ ਗ੍ਰੈਜੂਏਸ਼ਨ ਦੋ ਸਾਲ ਦੀ ਹੁੰਦੀ ਹੈ। ਇਸ ਤੋਂ ਬਾਅਦ ਹੀ ਕੋਈ ਵਿਦਿਆਰਥੀ ਪੀਐੱਚਡੀ ਲਈ ਅਪਲਾਈ ਕਰ ਸਕਦਾ ਹੈ। ਦਰਅਸਲ ਯੂਜੀਸੀ ਦੇਸ਼ ਦੀ ਸਿੱਖਿਆ ਨੀਤੀ ’ਚ ਵੱਡੇ ਪੱਧਰ ’ਤੇ ਫੇਰਬਦਲ ਕਰਨ ਜਾ ਰਿਹਾ ਹੈ। ਇਸ ਦੇ ਲਈ ਯੂਜੀਸੀ ਨੇ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਨੇ ਸਿੱਖਿਆ ਨੀਤੀ ’ਚ ਬਦਲਾਅ ਲਈ ਯੂਜੀਸੀ ਨੂੰ ਆਪਣੀ ਰਿਪੋਰਟ ਸੌਂਪੀ ਹੈ।

ਇਸ ’ਚ ਅਜਿਹੀਆਂ ਹੀ ਕਈ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਗ੍ਰੇਜੂਏਸ਼ਨ ਦੇ ਚੌਥੇ ਸਾਲ ’ਚ ਖੋਜ ਨੂੰ ਕੇਂਦਰ ’ਚ ਰੱਖਿਆ ਜਾ ਸਕਦਾ ਹੈ। ਉੱਥੇ ਹੀ ਇਸ ਦੌਰਾਨ ਯੂਨੀਵਰਸਿਟੀਆਂ ਨੂੰ ਤਿੰਨ ਸਾਲ ਰਵਾਇਤੀ ਸਿਲੈਬਸ ਚਲਾਉਣ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਵਿਦਿਆਰਥੀ ਚਾਰ ਸਾਲ ਦੀ ਗ੍ਰੇਜੂਏਸ਼ਨ ਕਰਨ ਤੋਂ ਬਾਅਦ ਪੀਐੱਚਡੀ ਦੀ ਬਜਾਏ ਪੀਜੀ ਕਰਨਾ ਚਾਹੇ ਤਾਂ ਉਸ ਨੂੰ ਅਜਿਹਾ ਕਰਨ ਦੀ ਛੋਟ ਮਿਲੇਗੀ। ਮੌਜੂਦਾ ਸਮੇਂ ਤਕਨੀਕੀ ਸਿੱਖਿਆ ਦੇ ਬੈਚਲਰ ਆਫ਼ ਤਕਨਾਲੋਜੀ (ਬੀਟੈਕ) ਜਾਂ ਬੈਚਲਰ ਆਫ਼ ਇੰਜੀਨੀਰਿੰਗ (ਬੀਈ) ਚਾਰ ਸਾਲ ਦੇ ਗ੍ਰੈਜੁਏਸ਼ਨ ਕੋਰਸ ਹਨ। ਉਸ ਤੋਂ ਬਾਅਦ ਵਿਦਿਆਰਥੀ ਸਿੱਧੇ ਪੀਐੱਚਡੀ ’ਚ ਦਾਖ਼ਲਾ ਲੈ ਸਕਦੇ ਹਨ।

ਪ੍ਰੋ. ਡੀਪੀ ਸਿੰਘ ਨੇ ਦੱਸਿਆ ਕਿ ਸਿੱਖਿਆ ਨੀਤੀ ’ਚ ਬਦਲਾਅ ਤੋਂ ਪਹਿਲਾਂ ਗਠਨ ਕਮੇਟੀ ਨੇ ਰਿਪੋਰਟ ’ਚ ਗ੍ਰੈਜੂਏਸ਼ਨ ਦੀ ਮਿਆਦ ਤਿੰਨ ਸਾਲ ਤੋਂ ਵਧਾ ਕੇ ਚਾਰ ਸਾਲ ਕੀਤੇ ਜਾਣ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ ਵੀ ਕਮੇਟੀ ਨੇ ਕਈ ਸਿਫ਼ਾਰਿਸ਼ਾਂ ਕੀਤੀਆਂ ਹਨ। ਹਰ ਸਿਫ਼ਾਰਿਸ਼ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਇਹ ਨੀਤੀ ਦੇਸ਼ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੋਵੇਗੀ। ਇਸ ਕਾਰਨ ਇਸ ਦੇ ਹਰੇਕ ਪਹਿਲੂ ਨੂੰ ਚੰਗੀ ਤਰ੍ਹਾਂ ਘੋਖ ਕੇ ਲਾਗੂ ਕੀਤਾ ਜਾਵੇਗਾ। ਨਵੀਂ ਨੀਤੀ ਅਗਲੇ ਸਾਲ ਤੋਂ ਲਾਗੂ ਕੀਤੀ ਜਾ ਸਕਦੀ ਹੈ।

-

Posted By: Akash Deep