ਨਵੀਂ ਦਿੱਲੀ - ਕੇਂਦਰੀ ਸਿੱਖਿਆ ਮੰਤਰਾਲਾ ਅਧੀਨ ਐੱਨਆਈਓਐੱਸ ਨੇ ਭਾਰਤੀ ਗਿਆਨ ਪ੍ਰੰਪਰਾ ਦੇ ਕੋਰਸਾਂ ਲਈ ਅਧਿਐਨ ਸਮੱਗਰੀ ਦੀ ਸ਼ੁਰੂਆਤ ਕੀਤੀ ਹੈ। ਇਸ ਅਧਿਐਨ ਸਮੱਗਰੀ ਨੂੰ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ 2 ਮਾਰਚ, 2021 ਨੂੰ ਰਿਲੀਜ਼ ਕੀਤਾ ਗਿਆ। ਇਸ ਅਧਿਐਨ ਸਮੱਗਰੀ ’ਚ ਕਲਾਸ ਤੀਜੀ, ਪੰਜਵੀਂ ਤੇ ਅੱਠਵੀਂ ਪੱਧਰ ’ਤੇ ਕੱੁਲ 15 ਕੋਰਸਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਅਨੁਸਾਰ ਐੱਨਆਈਓਐੱਸ ਵੱਲੋਂ ਤਿਆਰ ਭਾਰਤੀ ਗਿਆਨ ਪ੍ਰੰਪਰਾ ’ਤੇ ਆਧਾਰਤ 15 ਕੋਰਸ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਹੀ ਹਿੱਸਾ ਹਨ। ਐੱਨਆਈਓਐੱਸ ਭਾਰਤੀ ਗਿਆਨ ਪ੍ਰੰਪਰਾ ਅਧਿਐਨ ਸਮੱਗਰੀ ’ਚ ਵੇਦ, ਯੋਗ, ਪ੍ਰਾਚੀਨ ਵਿਗਿਆਨ, ਸੱਭਿਆਚਾਰਕ ਭਾਸ਼ਾ, ਰਮਾਇਣ, ਮਹਾਭਾਰਤ ਤੇ ਭਾਗਵਤ ਗੀਤਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

100 ਤੋਂ ਜ਼ਿਆਦਾ ਮਦਰੱਸਿਆਂ ’ਚ ਵੀ ਹੋਵੇਗੀ ਲਾਗੂ

ਦੂਸਰੇ ਪਾਸੇ ਐੱਨਆਈਓਐੱਸ ਵੱਲੋਂ ਲਾਂਚ ਕੀਤੇ ਗਏ ਭਾਰਤੀ ਗਿਆਨ ਪ੍ਰੰਪਰਾ ਸਟੱਡੀ ਮੈਮੋਰੀਅਲ ਨੂੰ ਲੈ ਕੇ ਐੱਨਆਈਓਐੱਸ ਦੇ ਚੇਅਰਮਨ ਸਰੋਜ ਸ਼ਰਮਾ ਦੇ ਬਿਆਨਾਂ ’ਤੇ ਆਧਾਰਤ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਇਨ੍ਹਾਂ ਕੋਰਸਾਂ ਨੂੰ ਦੇਸ਼ ਭਰ ਦੇ 100 ਤੋਂ ਜ਼ਿਆਦਾ ਮਦਰੱਸਿਆਂ ’ਚ ਪੜ੍ਹਾਇਆ ਜਾਵੇਗਾ, ਨਾਲ ਹੀ ਰਿਪੋਰਟ ਅਨੁਸਾਰ ਐੱਨਐਆਓਐੱਸ ਨੇ ਇਨ੍ਹਾਂ ਕੋਰਸਾਂ ਨੂੰ 500 ਮਦਰੱਸਿਆਂ ਤਕ ਪਹੰੁਚਾਉਣ ਦਾ ਟੀਚਾ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਐੱਨਆਈਓਐੱਸ ਸਕੂਲ ਪੱਧਰ ’ਤੇ ਸਿੱਖਿਆ ਨਾ ਸਿਰਫ਼ ਦੇਸ਼ ’ਚ ਸਗੋਂ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ। ਇਹ ਇਕ ਰਾਸ਼ਟਰੀ ਬੋਰਡ ਹੈ, ਜੋ ਪ੍ਰਾਇਮਰੀ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ਤਕ ਦੇ ਕੋਰਸ ਕਰਵਾਉਂਦੀ ਹੈ।

Posted By: Harjinder Sodhi