ਜਾਗਰਣ ਬਿਊਰੋ, ਨਵੀਂ ਦਿੱਲੀ : ਆਨਲਾਈਨ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਸਰਕਾਰੀ ਸਕੂਲਾਂ ਨੂੰ ਸਮਾਰਟ ਕਲਾਸ ਰੂਮ ’ਚ ਤਬਦੀਲ ਕਰਨ ਦੀ ਮੁਹਿੰਮ ਵਿਚਾਲੇ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਇੰਟਰਨੈੱਟ ਨਾਲ ਲੈਸ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਤਕ 1.19 ਲੱਖ ਸਰਕਾਰੀ ਸਕੂਲਾਂ ਨੂੰ ਇੰਟਰਨੈੱਟ ਨਾਲ ਜੋਡ਼ ਦਿੱਤਾ ਗਿਆ ਹੈ। ਬਾਕੀ ਸਾਰੇ ਸਕੂਲਾਂ ਨੂੰ ਉਸ ਪਿੰਡ ਤਕ ਫਾਈਬਰ ਨੈੱਟਵਰਕ ਪਹੁੰਚਦੇ ਹੀ ਜੋਡ਼ ਦਿੱਤਾ ਜਾਵੇਗਾ। ਸਕੂਲਾਂ ਨੂੰ ਇੰਟਰਨੈੱਟ ਨਾਲ ਜੋਡ਼ਨ ਦੀ ਇਹ ਮੁਹਿੰਮ ਇਸ ਲਈ ਵੀ ਤੇਜ਼ ਹੋਈ ਹੈ, ਕਿਉਂਕਿ ਇਸ ਜ਼ਰੀਏ ਮਾਹਿਰ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਸਕੂਲਾਂ ਨੂੰ ਦੂਜੇ ਸਕੂਲਾਂ ਨਾਲ ਆਨਲਾਈਨ ਜੋਡ਼ਿਆ ਜਾ ਸਕੇਗਾ। ਸਕੂਲੀ ਵਿਦਿਆਰਥੀਆਂ ਨੂੰ ਇਸ ਨਾਲ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਸਮਾਰਟ ਕਲਾਸ ਰੂਮ ਜ਼ਰੀਏ ਵਿਦਿਆਰਥੀ ਦੇਸ਼-ਦੁਨੀਆ ਦੇ ਬਿਹਤਰੀਨ ਅਧਿਆਪਕਾਂ ਦੇ ਵੀਡੀਓ ਦੇਖ ਸਕਣਗੇ ਤੇ ਅਜਿਹੇ ਪਾਠਾਂ ਨੂੰ ਪਡ਼੍ਹ ਸਕਣਗੇ, ਜਿਨ੍ਹਾਂ ਨੂੰ ਸਮਝਣ ਲਈ ਉਨ੍ਹਾਂ ਨੂੰ ਟਿਊਸ਼ਨ ਜਾਂ ਕੋਚਿੰਗ ਦੀ ਮਦਦ ਲੈਣੀ ਪੈਂਦੀ ਹੈ, ਜਿਹਡ਼ੀ ਪਿੰਡਾਂ ਤੇ ਦੂਰ-ਦਰਾਜ਼ ਦੇ ਇਲਾਕਿਆਂ ’ਚ ਆਸਾਨੀ ਨਾਲ ਨਹੀਂ ਮਿਲਦੀ।

ਮੌਜੂਦਾ ਸਮੇਂ ’ਚ ਦੇਸ਼ ’ਚ ਕੁੱਲ 15 ਲੱਖ ਸਕੂਲ ਹਨ। ਇਨ੍ਹਾਂ ’ਚੋਂ ਕਰੀਬ 10 ਲੱਖ ਸਰਕਾਰੀ ਸਕੂਲ ਹਨ, ਜਿਹਡ਼ੇ ਹਾਲੇ ਤਕ ਇੰਟਰਨੈੱਟ ਦੀ ਸਹੂਲਤ ਤੋਂ ਵਾਂਝੇ ਸਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ’ਚ ਵੀ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਵਾਂਗ ਹਾਈਟੈਕ ਸਹੂਲਤਾਂ ਨਾਲ ਲੈਸ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਨੇ ਇਸ ਸਬੰਧ ’ਚ ਸੰਸਦ ਨੂੰ ਦਿੱਤੀ ਗਈ ਇਕ ਜਾਣਕਾਰੀ ’ਚ ਕਿਹਾ ਕਿ ਉਹ ਸਰਕਾਰੀ ਸਕੂਲਾਂ ਨੂੰ ਇੰਟਰਨੈੱਟ ਨਾਲ ਜੋਡ਼ਨ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਭਾਰਤਨੈੱਟ ਪ੍ਰੋਗਰਾਮ ਦੇ ਤਹਿਤ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਸਾਲ 2023 ਤਕ ਸਾਰੇ ਪਿੰਡਾਂ ਨੂੰ ਫਾਈਬਰ ਕੁਨੈਕਟੀਵਿਟੀ ਨਾਲ ਜੋਡ਼ਨ ਦਾ ਟੀਚਾ ਰੱਖਿਆ ਗਿਆ ਹੈ।

ਉੱਤਰ ਪ੍ਰਦੇਸ਼ ਦੇ 4042, ਝਾਰਖੰਡ ਦੇ 10891 ਤੇ ਬਿਹਾਰ ਦੇ 1492 ਸਕੂਲਾਂ ’ਚ ਪਹੁੰਚਿਆ ਇੰਟਰਨੈੱਟ

ਫ਼ਿਲਹਾਲ ਮੰਤਰਾਲੇ ਨੇ, ਜਿਹਡ਼ੇ ਪਿੰਡ ਫਾਈਬਰ ਕੁਨੈਕਟੀਵਿਟੀ ਨਾਲ ਜੁਡ਼ ਗਏ ਹਨ, ਉੱਥੋਂ ਦੇ ਸਰਕਾਰੀ ਸਕੂਲਾਂ ਨੂੰ ਇੰਟਰਨੈੱਟ ਸਹੂਲਤ ਨਾਲ ਲੈਸ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਨਾਲ ਹੀ ਅੱਗੇ ਵੀ ਜਿਵੇਂ-ਜਿਵੇਂ ਪਿੰਡਾਂ ’ਚ ਇਹ ਲਾਈਨ ਪਹੁੰਚੇਗੀ, ਉੱਥੋਂ ਦੇ ਸਰਕਾਰੀ ਦਫ਼ਤਰਾਂ ਤੋਂ ਲੈ ਕੇ ਸਕੂਲਾਂ ਨੂੰ ਇੰਟਰਨੈੱਟ ਦੀ ਸਹੂਲਤ ਮਿਲੇਗੀ। ਰਿਪੋਰਟ ਦੇ ਮੁਤਾਬਕ, ਹੁਣ ਤਕ ਇਸ ਮੁਹਿੰਮ ਦੇ ਤਹਿਤ 1.19 ਲੱਖ ਸਕੂਲਾਂ ਨੂੰ ਇੰਟਰਨੈੱਟ ਨਾਲ ਜੋਡ਼ਿਆ ਜਾ ਚੁੱਕਾ ਹੈ। ਇਨ੍ਹਾਂ ’ਚ ਉੱਤਰ ਪ੍ਰਦੇਸ਼ ਦੇ 4042 ਸਕੂਲ, ਝਾਰਖੰਡ ਦੇ 10891, ਗੁਜਰਾਤ ਦੇ 23434, ਬਿਹਾਰ ਦੇ 1492, ਬੰਗਾਲ ਦੇ 8055, ਦਿੱਲੀ ਦੇ 2440 ਤੇ ਮੱਧ ਪ੍ਰਦੇਸ਼ ਦੇ 3792 ਸਕੂਲ ਸ਼ਾਮਲ ਹਨ।

Posted By: Tejinder Thind