ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਨਿਸ਼ਾਨ-ਏ-ਸਿੱਖੀ 'ਚ 'ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼' ਗੁਰਮਤਿ ਅਧਿਐਨ, ਸਿੱਖੀ ਦੇ ਪ੍ਰਚਾਰ, ਪਾਸਾਰ ਤੇ ਅਕਾਦਮਿਕ ਖੋਜ ਖੇਤਰ ਵਿਚ ਆਪਣੀ ਮਾਣਮੱਤੀ ਪਛਾਣ ਬਣਾ ਚੁੱਕਿਆ ਹੈ। ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ 'ਚ ਸਿੱੱਖੀ ਦਾ ਪ੍ਰਚਾਰ ਕਰ ਕੇ ਨਾਮਣਾ ਖੱਟ ਚੁੱਕੇ ਹਨ ਤੇ ਅੱਜ ਵੀ ਕਾਰਜਸ਼ੀਲ ਹਨ। ਇਹ ਸੰਸਥਾ ਕਾਰ ਸੇਵਾ, ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਦੇ ਸੁਪਨੇ ਦਾ ਸਾਕਾਰ ਰੂਪ ਹੈ। ਉਨ੍ਹਾਂ ਦੀ ਵੱਡੀ ਸੋਚ ਹੈ ਕਿ ਸਿੱਖ ਪ੍ਰਚਾਰਕ ਵਿਦਵਾਨ ਹੋਣ ਦੇ ਨਾਲ-ਨਾਲ ਸੁਚੱਜੀ ਗੁਰਮਤਿ ਰਹਿਣੀ ਤੇ ਆਤਮਿਕ ਅਨੁਭਵ ਵਾਲੇ ਵਿਅਕਤੀ ਹੋਣ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਵਿਚ ਸਿਲੇਬਸ ਅਜਿਹਾ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਅਜਿਹੇ ਸੁਮੇਲ ਨੂੰ ਵਿਦਿਆਰਥੀਆਂ 'ਚ ਮੂਰਤੀਮਾਨ ਕੀਤਾ ਜਾ ਸਕੇ। ਇਹ ਸੰਸਥਾ ਅੰਮ੍ਰਿਤ ਵੇਲੇ ਤੋਂ ਕਿਰਿਆਸ਼ੀਲ ਹੋ ਕੇ ਰਹਰਾਸਿ ਸਾਹਿਬ/ਸੋਹਿਲਾ ਸਾਹਿਬ ਦੇ ਪਾਠ ਦੀ ਸਮਾਪਤੀ ਨਾਲ ਸੰਪੂਰਨ ਹੁੰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਖਡੂਰ ਸਾਹਿਬ 'ਚ ਵਿਦਿਆਰਥੀਆਂ ਨੂੰ ਸਿਮਰਨ ਦੇ ਨਾਲ-ਨਾਲ ਸੰਜਮ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਵੀ ਜੋੜਿਆ ਜਾਂਦਾ ਹੈ। ਇੰਸਟੀਚਿਊਟ ਸੁਚੱਜੇ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਝਵਾਨ ਤੇ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਦੀ ਕਮੇਟੀ ਗਠਿਤ ਕੀਤੀ ਗਈ ਹੈ।

ਕੋਰਸ

ਇਸ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਪੰਜ ਸਾਲਾ ਪੋਸਟ ਗ੍ਰੈਜੂਏਟ ਗੁਰਮਤਿ ਡਿਪਲੋਮੇ ਦੇ ਨਾਲ-ਨਾਲ ਬੀਏ ਅਤੇ ਐੱਮਏ ਦੀ ਅਕਾਦਮਿਕ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬਿਨਾਂ ਕਿਸੇ ਖ਼ਰਚੇ ਦੇ ਕਰਵਾਈ ਜਾਂਦੀ ਹੈ। ਇਸ ਦਾ ਮਕਸਦ ਗੁਰਮਤਿ ਦੇ ਵਿਦਵਾਨ, ਖੋਜੀ, ਪ੍ਰਚਾਰਕ, ਵਿਆਖਿਆਕਾਰ, ਰਾਗੀ ਤੇ ਉਚੇਰੀ ਸ਼ਖ਼ਸੀਅਤ ਪੈਦਾ ਕਰਨਾ ਹੈ। ਵਿਦਿਆਰਥੀਆਂ ਦੀ ਪੜ੍ਹਾਈ, ਰਿਹਾਇਸ਼ ਤੇ ਖਾਣੇ ਦਾ ਸਮੁੱਚਾ ਪ੍ਰਬੰਧ ਸੰਸਥਾ ਵੱਲੋਂ ਕੀਤਾ ਜਾਂਦਾ ਹੈ। ਧਰਮ ਅਧਿਐਨ, ਇਤਿਹਾਸ, ਧਰਮ-ਦਰਸ਼ਨ ਤੇ ਗੁਰਮਤਿ ਦਰਸ਼ਨ ਦਾ ਅਧਿਐਨ ਕਰਵਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਚੋਣਵੀਆਂ ਬਾਣੀਆਂ ਦੇ ਨਾਲ-ਨਾਲ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀਆਂ ਚੋਣਵੀਆਂ ਰਚਨਾਵਾਂ ਦਾ ਅਧਿਐਨ ਵੀ ਕਰਵਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਲੜੀਵਾਰ ਸਰੂਪ ਤੋਂ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ। ਗੁਰਮਤਿ ਪ੍ਰੰਪਰਾ ਅਨੁਸਾਰ ਕਥਾ/ਲੈਕਚਰ ਤੇ ਗੁਰਮਤਿ ਸੰਗੀਤ ਸਿਖਾਇਆ ਜਾਂਦਾ ਹੈ, ਜੋ ਸਿਲੇਬਸ ਦਾ ਹਿੱਸਾ ਹੈ।

ਨੌਕਰੀ ਦੇ ਮੌਕੇ

ਸੰਨ 2009 ਤੋਂ 'ਧਰਮ ਅਧਿਐਨ' ਵਿਸ਼ੇ ਨੂੰ ਬੀਐੱਡ ਵਿਚ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ। ਇਸ ਵਿਸ਼ੇ 'ਚ ਬੀਏ ਕਰਨ ਵਾਲਾ ਵਿਦਿਆਰਥੀ ਬੀਐੱਡ ਕਰਨ ਦੇ ਯੋਗ ਮੰਨਿਆ ਜਾਂਦਾ ਹੈ। ਪੰਜ ਸਾਲਾ ਪੋਸਟ ਗ੍ਰੈਜੂਏਟ ਗੁਰਮਤਿ ਡਿਪਲੋਮਾ, ਬੀਏ ਤੇ ਐੱਮਏ. (ਧਰਮ ਅਧਿਐਨ) ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਵਿਦਿਆਰਥੀ ਹੇਠ ਲਿਖੇ ਖੇਤਰ 'ਚ ਸੇਵਾ ਕਰ ਸਕਦੇ ਹਨ।

ਇਸ ਪੜ੍ਹਾਈ ਤੋਂ ਉਪਰੰਤ ਕਿਸੇ ਵੀ ਯੂਨੀਵਰਸਿਟੀ 'ਚ ਜੇਆਰਐੱਫ ਵਜ਼ੀਫ਼ਾ ਹਾਸਿਲ ਕਰ ਕੇ ਐੱਮਫਿਲ ਤੇ ਪੀਐੱਚਡੀ ਦੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਯੋਗਤਾ ਅਨੁਸਾਰ ਵੱਖ-ਵੱਖ ਯੂਨੀਵਰਸਿਟੀਆਂ ਦੇ ਧਰਮ ਵਿਭਾਗਾਂ ਤੇ ਚੇਅਰਜ਼ 'ਤੇ ਅਧਿਆਪਨ ਤੇ ਖੋਜ ਕਾਰਜ ਕਰਨ ਲਈ ਚੰਗਾ ਮੌਕਾ ਮਿਲ ਸਕਦਾ ਹੈ। ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ, ਵਧੀਆ ਕੀਰਤਨੀਏ ਜਾਂ ਕਥਾਵਾਚਕ ਵਜੋਂ ਸੇਵਾ ਨਿਭਾ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਧਾਰਮਿਕ ਅਧਿਆਪਕ/ਪ੍ਰਚਾਰਕ ਵਜੋਂ ਨਿਯੁਕਤੀ ਹੋ ਸਕਦੀ ਹੈ। ਸਕੂਲਾਂ-ਕਾਲਜਾਂ 'ਚ ਧਾਰਮਿਕ ਅਧਿਆਪਕ ਤੇ ਲੈਕਚਰਾਰ/ਅਸਿਸਟੈਂਟ ਪ੍ਰੋਫੈਸਰ ਲੱਗ ਸਕਦੇ ਹਨ। ਇਹ ਕੋਰਸ ਕਰਕੇ ਭਾਰਤੀ ਫ਼ੌਜ 'ਚ ਸਿੱਧੇ ਸੂਬੇਦਾਰ ਵਜੋਂ ਭਰਤੀ ਹੋ ਸਕਦੇ ਹੋ। ਇਸ ਦੌਰਾਨ ਦਿੱਤੀ ਜਾਂਦੀ ਨੈਤਿਕ ਸਿੱਖਿਆ ਨਾਲ ਸਮਾਜ 'ਚ ਤੁਸੀਂ ਇਕ ਚੰਗੇ ਇਨਸਾਨ ਵਜੋਂ ਉੱਭਰ ਕੇ ਸਾਹਮਣੇ ਆਉਂਦੇ ਹੋ।

ਯੋਗਤਾ

ਵਿਦਿਆਰਥੀ ਨੇ ਕਿਸੇ ਵੀ ਸਟ੍ਰੀਮ (ਆਰਟਸ, ਸਾਇੰਸ, ਕਾਮਰਸ) 'ਚ 10+2 ਪਾਸ ਕੀਤੀ ਹੋਵੇ। ਵਿਦਿਆਰਥੀ ਗੁਰਬਾਣੀ, ਧਰਮ, ਕੀਰਤਨ ਆਦਿ 'ਚ ਰੁਚੀ ਰੱਖਦਾ ਹੋਵੇ। ਦਾਖ਼ਲਾ ਸਤੰਬਰ ਮਹੀਨੇ ਵਿਚ ਲਿਖਤੀ ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗਾ।

- ਵਿਕਰਮਜੀਤ ਸਿੰਘ ਤਿਹਾੜਾ

Posted By: Harjinder Sodhi