ਅਜੋਕੇ ਦੌਰ 'ਚ ਰਜ਼ਿਊਮ ਤਿਆਰ ਕਰਦਿਆਂ ਵਿਸ਼ੇਸ਼ ਸਾਵਧਾਨੀਆਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ, ਜਿਸ ਨਾਲ ਨੌਕਰੀ ਲਈ ਤੁਹਾਡੀ ਦਾਅਵੇਦਾਰੀ ਪੁਖ਼ਤਾ ਹੋ ਸਕੇ...

ਅਜੋਕਾ ਜ਼ਮਾਨਾ ਤਕਨੀਕ ਦਾ ਹੈ। ਜੌਬ ਲਈ ਐਪਲੀਕੇਸ਼ਨ ਤੋਂ ਲੈ ਕੇ ਇੰਟਰਵਿਊ ਤੇ ਚੋਣ ਤਕ ਸਭ ਕੁਝ ਆਨਲਾਈਨ ਹੋਣ ਲੱਗਾ ਹੈ। ਅੱਜ-ਕੱਲ੍ਹ ਰਜ਼ਿਊਮ ਵੀ ਹਾਰਡ ਕਾਪੀ ਦੀ ਬਜਾਏ ਈਮੇਲ ਨਾਲ ਹੀ ਭੇਜੇ ਜਾ ਰਹੇ ਹਨ। ਇਸ ਲਈ ਹੁਣ ਪੁਰਾਣੇ ਤਰੀਕੇ ਦੇ ਰਜ਼ਿਊਮ ਦੀ ਬਜਾਏ ਨਵੇਂ ਜ਼ਮਾਨੇ ਦਾ ਸਮਾਰਟ, ਆਕਰਸ਼ਕ, ਰੋਚਕ ਤੇ ਸਹੀ ਜਾਣਕਾਰੀ ਦੇਣ ਵਾਲਾ ਰਜ਼ਿਊਮ ਬਣਾਉਣਾ ਚਾਹੀਦਾ ਹੈ, ਜਿਸ 'ਚ ਤਕਨੀਕ ਦੀ ਝਲਕ ਹੋਵੇ।

ਸਮਾਰਟ ਰਜ਼ਿਊਮ

ਕਲਰਫੁਲ ਤੇ ਬੋਲਡ : ਅੱਜ-ਕੱਲ੍ਹ ਇਨਫੋਗ੍ਰਾਫਿਕ ਸੀਵੀ, ਫੇਸਬੁੱਕ ਜਿਹੀਆਂ ਟਾਈਮਲਾਈਨ, ਫੋਟੋਗ੍ਰਾਫਜ਼ ਅਤੇ ਆਇਕਨ-ਯੁਕਤ ਰਜ਼ਿਊਮ ਦਾ ਜ਼ਮਾਨਾ ਹੈ। ਅੱਜ-ਕੱਲ੍ਹ ਦੇ ਪ੍ਰੋਫੈਸ਼ਨਲਜ਼ ਗ੍ਰਾਫਿਕਸ ਆਧਾਰਤ ਰਜ਼ਿਊਮ ਤਿਆਰ ਕਰ ਰਹੇ ਹਨ। ਇਨ੍ਹਾਂ 'ਚ ਸੂਚਨਾਵਾਂ ਨੂੰ ਸੌਖਾ ਤੇ ਬੋਲਡ ਤਰੀਕੇ ਨਾਲ ਸਜਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਰਿਕਿਊਟਰ ਇਕ ਨਜ਼ਰ 'ਚ ਹੀ ਉਮੀਦਵਾਰ ਬਾਰੇ ਬਹੁਤ ਸਾਰੀ ਜਾਣਕਾਰੀ ਲੈ ਲੈਂਦਾ ਹੈ। ਇਕ ਸਰਵੇਖਣ ਅਨੁਸਾਰ ਕ੍ਰਿਏਟਿਵ ਰਜ਼ਿਊਮ ਚੋਣਕਰਤਾ 'ਤੇ ਬਹੁਤ ਜ਼ਿਆਦਾ ਅਸਰ ਪਾਉਂਦੇ ਹਨ ਤੇ ਉਮੀਦਵਾਰ ਨੂੰ ਨੌਕਰੀ ਮਿਲਣ ਦੇ ਮੌਕੇ ਵੀ ਵਧ ਜਾਂਦੇ ਹਨ। ਇਨਫੋਗ੍ਰਾਫਿਕਸ ਰਜ਼ਿਊਮ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ।

ਵੀਡੀਓ ਰਜ਼ਿਊਮ : ਪੱਛਮੀ ਦੇਸ਼ਾਂ 'ਚ ਵੀਡੀਓ ਰਜ਼ਿਊਮ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਇਸ 'ਚ ਆਪਣੀ ਗੱਲ ਨੂੰ ਵੀਡੀਓ ਜ਼ਰੀਏ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਰਜ਼ਿਊਮ ਸ਼ੁਰੂਆਤੀ ਦੌਰ 'ਚ ਉਮੀਦਵਾਰ ਨੂੰ ਨੌਕਰੀ ਦਿਵਾਉਣ 'ਚ ਮਦਦਗਾਰ ਸਾਬਿਤ ਹੁੰਦੇ ਹਨ। ਚੋਣਕਰਤਾ ਉਮੀਦਵਾਰ ਦੀ ਤਕਨੀਕ 'ਤੇ ਪਕੜ, ਨਵੀਂ ਸੋਚ ਅਤੇ ਉਸ ਦੇ ਪ੍ਰੈਜੈਂਟੇਸ਼ਨ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਇਸ ਤੋਂ ਬਾਅਦ ਉਮੀਦਵਾਰ ਨੂੰ ਨੌਕਰੀ ਦੌਰਾਨ ਖ਼ੁਦ ਨੂੰ ਸਾਬਿਤ ਕਰਨਾ ਪੈਂਦਾ ਹੈ। ਇਨੋਵੇਟਿਵ ਰਜ਼ਿਊਮ ਤੁਹਾਨੂੰ ਕੰਪਨੀ ਦੀ ਨਜ਼ਰ 'ਚ ਲਿਆ ਸਕਦਾ ਹੈ।

ਗ਼ਲਤੀਆਂ ਤੋਂ ਬਚੋ

ਸੀਵੀ 'ਚ ਵੱਡੀਆਂ-ਵੱਡੀਆਂ ਗੱਲਾਂ, ਬਣਾਵਟੀ ਸ਼ਬਦ ਅਤੇ ਬਹੁਤ ਜ਼ਿਆਦਾ ਲਿਖਣ ਨਾਲ ਚੋਣਕਰਤਾ ਨੂੰ ਚਿੜ ਮਹਿਸੂਸ ਹੁੰਦੀ ਹੈ। ਇਸ ਲਈ ਰਜ਼ਿਊਮ ਬਣਾਉਂਦਿਆਂ ਕੁਝ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ।

ਦੂਸਰੀਆਂ ਭਾਸ਼ਾਵਾਂ ਦੀ ਵਰਤੋਂ : ਕਈ ਲੋਕ ਹਿੰਦੀ ਤੇ ਅੰਗਰੇਜ਼ੀ ਦੇ ਨਾਲ-ਨਾਲ ਆਪਣੀ ਮਾਤਭਾਸ਼ਾ ਅਤੇ ਫਿਰ ਜਰਮਨ ਜਾਂ ਫਰੈਂਚ ਆਦਿ ਵੀ ਲਿਖ ਦਿੰਦੇ ਹਨ। ਇਹੀ ਸੋਚਦੇ ਕਿ ਕਿਹੜਾ ਇੰਟਰਵਿਊ ਲੈਣ ਵਾਲਾ ਇੰਨੀਆਂ ਭਾਸ਼ਾਵਾਂ ਜਾਣਦਾ ਹੈ ਪਰ ਤੁਸੀਂ ਉਹੀ ਭਾਸ਼ਾ ਲਿਖੋ ਜੋ ਤੁਸੀਂ ਸੱਚਮੁੱਚ ਜਾਣਦੇ ਹੋ। ਇੰਟਰਵਿਊ ਲੈਣ ਵਾਲਾ ਜੇ ਤੁਹਾਡੇ ਕੋਲੋਂ ਫਰੈਂਚ ਜਾਂ ਜਰਮਨ ਭਾਸ਼ਾ ਬਾਰੇ ਪੁੱਛ ਲਵੇ ਤੇ ਤੁਸੀਂ ਕੋਈ ਜਵਾਬ ਨਾ ਦੇ ਸਕੇ ਤਾਂ ਸੋਚੋ ਕਿ ਤੁਹਾਡਾ ਕਿਹੋ ਜਿਹਾ ਪ੍ਰਭਾਵ ਪਵੇਗਾ।

ਵਧਾ-ਚੜ੍ਹਾ ਕੇ ਹੁਨਰ ਦੱਸਣਾ : ਬਹੁਤ ਸਾਰੀਆਂ ਇਧਰ-ਉਧਰ ਦੀਆਂ ਗੱਲਾਂ ਲਿਖਣ ਦੀ ਬਜਾਏ ਆਪਣੀ ਨੌਕਰੀ ਨਾਲ ਸਬੰਧਤ ਗੱਲਾਂ ਨੂੰ ਹਾਈਲਾਈਟ ਕਰੋ, ਜੋ ਸਹੀ ਮਾਅਨਿਆਂ 'ਚ ਚੋਣਕਰਤਾ ਨੂੰ ਪ੍ਰਭਾਵਿਤ ਕਰਨਗੀਆਂ।

ਰਜ਼ਿਊਮ ਦੀ ਦਿਖ : ਰਜ਼ਿਊਮ ਤਿਆਰ ਕਰਦੇ ਸਮੇਂ ਤੁਸੀਂ ਉਸ ਨੂੰ ਰੰਗ ਅਤੇ ਫੌਂਟ ਨਾਲ ਤਾਂ ਵਧੀਆ ਆਕਰਸ਼ਿਤ ਬਣਾ ਦਿੱਤਾ ਪਰ ਥਾਂ-ਥਾਂ ਗ਼ਲਤ ਸਪੈਲਿੰਗ, ਵਾਕ ਬਣਤਰ ਦੀ ਗ਼ਲਤੀ, ਓਵਰ ਰਾਈਟਿੰਗ ਤੁਹਾਡੇ ਰਜ਼ਿਊਮ ਨੂੰ ਰਿਜੈਕਟ ਕਰ ਦਿੰਦੀ ਹੈ। ਇਸ ਲਈ ਸਪੈਲਿੰਗ, ਗਰਾਮਰ ਆਦਿ ਦਾ ਪੂਰਾ ਧਿਆਨ ਰੱਖੋ।

ਈਮੇਲ ਆਈਡੀ : ਰਜ਼ਿਊਮ 'ਚ ਲਿਖਣ ਜਾਂ ਕਿਸੇ ਵੀ ਦਫ਼ਤਰੀ ਕੰਮ ਕਾਜ ਲਈ ਵਰਤੀ ਜਾਣ ਵਾਲੀ ਈਮੇਲ ਆਈਡੀ ਸਲੀਕੇਦਾਰ ਹੋਣੀ ਚਾਹੀਦੀ ਹੈ।

Posted By: Harjinder Sodhi