-ਸਿਮਰਨਜੀਤ ਸਿੰਘ ਸਿਮਰਾ

ਪੰਜਾਬ ਸਦਾ ਹੀ ਉੱਜੜ ਕੇ ਵੱਸਦਾ ਆਇਆ ਹੈ। ਪੰਜਾਬ ਅੱਜ ਵੀ ਉੱਜੜ ਰਿਹਾ ਹੈ। ਰੁਜ਼ਗਾਰ ਤੋਂ ਸੱਖਣੀ ਜਵਾਨੀ ਆਰਥਿਕਤਾ ਨੂੰ ਧੱਕਾ ਲਾਉਣ ਲਈ ਵਿਦੇਸ਼ਾਂ 'ਚ ਜਾ ਕੇ ਦਿਹਾੜੀਆਂ ਕਰਨ ਲਈ ਮਜਬੂਰ ਹੈ। ਆਈਲੈਟਸ ਨਾਮੀ ਜੋਕ ਪੰਜਾਬ ਨੂੰ ਚਿੰਬੜੀ ਹੈ, ਜੋ ਇੱਥੋਂ ਦੀ ਜਵਾਨੀ ਨੂੰ ਚੂਸ ਕੇ ਵਿਦੇਸ਼ੀ ਮੰਡੀਆਂ 'ਚ ਸੁੱਟ ਰਹੀ ਹੈ। ਅੰਕੜਿਆਂ ਅਨੁਸਾਰ ਪੰਜਾਬ 'ਚ ਹਰ ਸਾਲ 3 ਲੱਖ 36 ਹਜ਼ਾਰ ਵਿਦਿਆਰਥੀ ਆਈਲੈਟਸ ਦੀ ਪ੍ਰੀਖਿਆ ਦਿੰਦੇ ਹਨ। ਜੇ ਇਨ੍ਹਾਂ ਅੰਕੜਿਆਂ ਨੂੰ ਇਕ ਵਿਦਿਆਰਥੀ ਦੇ ਪੇਪਰ ਦੀ ਫੀਸ ਨਾਲ ਗੁਣਾ ਕਰੀਏ ਤਾਂ ਕੁੱਲ ਰਕਮ 425 ਕਰੋੜ ਬਣਦੀ ਹੈ। ਪੰਜਾਬ 'ਚ ਰਜਿਸਟਰਡ ਆਈਲੈਟਸ ਸੈਂਟਰਾਂ ਦੀ ਗਿਣਤੀ 1200 ਦੇ ਕਰੀਬ ਹੈ, ਜਿੱਥੇ ਨਿੱਤ ਦਿਹਾੜੀ ਹੀ ਨੌਜਵਾਨਾਂ ਦਾ ਮੇਲਾ ਲੱਗਿਆ ਰਹਿੰਦਾ ਹੈ। ਬਾਰ੍ਹਵੀਂ ਦੀ ਪ੍ਰੀਖਿਆ ਪਿੱਛੋਂ ਹੀ ਬਾਹਰ ਜਾਣ ਦਾ ਰੁਝਾਨ ਵਧਣ ਕਾਰਨ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ ਖ਼ਾਲੀ ਹੁੰਦੀਆਂ ਜਾ ਰਹੀਆਂ ਹਨ। ਇਸ ਗੱਲ ਦਾ ਅਨੁਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫ਼ਰੀਦਕੋਟ 'ਚ ਖ਼ਾਲੀ ਰਹਿ ਗਈਆਂ ਸੈਂਕੜੇ ਸੀਟਾਂ ਤੋਂ ਲੱਗਦਾ ਹੈ, ਜੋ ਭਰੀਆਂ ਹੀ ਨਹੀਂ ਜਾ ਸਕੀਆਂ। ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਨਾ ਮਿਲਣਾ ਹੀ ਅਹਿਮ ਕਾਰਨ ਹੈ, ਜੋ ਉਨ੍ਹਾਂ ਨੂੰ ਸ਼ਰਨਾਰਥੀ ਹੋਣ ਲਈ ਮਜਬੂਰ ਕਰਦਾ ਹੈ। ਆਖ਼ਰ ਕਦੋਂ ਤਕ ਸਾਡੀ ਜਵਾਨੀ ਸ਼ਰਨਾਰਥੀ ਹੋ ਕੇ ਰੁਲਦੀ ਰਹੇਗੀ? ਦਿਨੋ-ਦਿਨ ਵੱਧ ਰਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਕਾਰਨ ਕੈਨੇਡਾ ਵਰਗੇ ਵਿਕਸਤ ਦੇਸ਼ਾਂ 'ਚ ਵੀ ਏਸ਼ੀਅਨ ਜਵਾਨੀ 6 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਮ ਕਰਨ ਲਈ ਮਜਬੂਰ ਹੈ ਜੋ ਇਕ ਸਾਲ ਪਹਿਲਾਂ 12 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਮ ਕਰਦੀ ਸੀ। ਅਜਿਹੇ ਹਾਲਾਤ ਪੈਦਾ ਕਿਉਂ ਹੋਣ ਦਿੱਤੇ ਜਾਂਦੇ ਹਨ? ਸਰਕਾਰਾਂ ਦਾ ਨੌਜਵਾਨਾਂ ਪ੍ਰਤੀ ਨਜ਼ਰੀਆ ਸਾਰਥਕ ਕਿਉਂ ਨਹੀਂ? ਅਸਲ 'ਚ ਸਾਡੀਆਂ ਸਰਕਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਹੀ ਨਹੀਂ ਕਰਦੀਆਂ। ਜੇ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਬਾਰੇ ਗੱਲ ਕਰੀਏ ਤਾਂ 2003 ਤੋਂ ਲੈ ਕੇ 2012 ਤਕ ਵਿਕਾਸ ਦਰ ਸਾਲਾਨਾ 8 ਫ਼ੀਸਦੀ ਤੋਂ ਵੱਧ ਰਹੀ ਹੈ ਪਰ ਮੋਦੀ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਅਨੁਸਾਰ ਪਿਛਲੇ ਅੱਠ ਸਾਲਾਂ ਦੌਰਾਨ ਇਹ ਵਿਕਾਸ ਦਰ ਘਟ ਕੇ ਸਿਰਫ਼ 4.5 ਫ਼ੀਸਦੀ ਰਹਿ ਗਈ ਹੈ, ਜਿਸ ਕਾਰਨ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਬੀਬੀਸੀ ਦੀ ਰਿਪੋਰਟ ਮੁਤਾਬਿਕ ਨੋਟਬੰਦੀ ਦੇ ਪ੍ਰਭਾਵ ਕਾਰਨ 35 ਲੱਖ ਲੋਕ ਬੇਰੁਜ਼ਗਾਰ ਹੋਏ ਹਨ, ਜਿਸ ਕਾਰਨ ਲੇਬਰ ਫੋਰਸ 'ਚ ਵੀ ਨੌਜਵਾਨਾਂ ਦੀ ਹਿੱਸੇਦਾਰੀ ਘਟੀ ਹੈ। ਮਸ਼ੀਨੀਕਰਨ ਦੇ ਵਿਕਾਸ ਨਾਲ ਵੀ ਬੇਰੁਜ਼ਗਾਰੀ ਵਧੀ ਹੈ। ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਅਪਰਾਧ 'ਚ ਵੀ ਕਾਫ਼ੀ ਵਾਧਾ ਹੋਇਆ ਹੈ ਤੇ ਨਸ਼ਿਆਂ ਦਾ ਰੁਝਾਨ ਵੱਧ ਗਿਆ ਹੈ। ਪੰਜਾਬ ਖ਼ਾਲੀ ਹੁੰਦਾ ਜਾ ਰਿਹਾ ਹੈ ਤੇ ਸਾਡੀ ਜਵਾਨੀ ਉੱਜੜਨ ਲਈ ਮਜ਼ਬੂਰ ਹੈ। ਪੰਜਾਬ ਦੇ ਸਮੂਹ ਦਰਦਮੰਦਾਂ ਤੇ ਨੀਤੀਵਾਨਾਂ ਵੱਲੋਂ ਸਿਰ ਜੋੜ ਕੇ ਬੈਠਣ ਦਾ ਵੇਲਾ ਹੈ ਤਾਂ ਕਿ ਉੱਜੜਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਰਥਿਕ ਉਪਰਾਲੇ ਕੀਤੇ ਜਾ ਸਕਣ।

ਸੰਪਰਕ ਨੰ: 95929-52108

Posted By: Jagjit Singh