ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਦੇ ਆਖ਼ਰੀ ਸਮਾਗਮ ਵਿਚ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦ ਪ੍ਰਸਤਾਵ 'ਤੇ ਕਰੀਬ ਡੇਢ ਘੰਟਾ ਬੋਲਦਿਆਂ ਜਿੱਥੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ ਸੀ, ਉੱਥੇ ਹੀ ਉਨ੍ਹਾਂ ਸਭ ਤੋਂ ਮਹੱਤਵਪੂਰਨ ਇਹ ਗੱਲ ਕਹੀ ਸੀ ਕਿ ਅੱਜ ਇਸ ਦੇਸ਼ ਅੰਦਰ ਪਾਰਦਰਸ਼ਤਾ, ਵਿਸ਼ਵ ਮੁਕਾਬਲੇਬਾਜ਼ੀ, ਰਾਸ਼ਟਰ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨ ਪੀੜ੍ਹੀ ਅੱਗੇ ਆਵੇ। ਦਰਅਸਲ, ਪ੍ਰਧਾਨ ਮੰਤਰੀ ਦੇਸ਼ ਦੇ ਐਸੇ ਪਹਿਲੇ ਪੀਐੱਮ ਹਨ ਜਿਨ੍ਹਾਂ ਨੇ ਤਕਰੀਬਨ ਬਹੁਤ ਸਾਰੇ ਦੇਸ਼ਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੀ ਹਕੀਕੀ ਸਥਿਤੀ ਨੂੰ ਨੇੜਿਓਂ ਦੇਖਿਆ ਹੈ। ਗੱਲ ਇਸਰਾਈਲ ਦੀ ਕਰੀਏ ਤਾਂ ਉਹ ਮੱਧ ਏਸ਼ੀਆ ਦਾ ਬਹੁਤ ਛੋਟਾ ਜਿਹਾ ਦੇਸ਼ ਹੈ ਜਿਸ ਦੀ ਆਬਾਦੀ ਮਸਾਂ 88 ਲੱਖ ਹੈ।ਪਰ ਇਸ ਦੇਸ਼ ਨੇ ਹਰ ਖੇਤਰ ਵਿਚ ਅੱਖਾਂ ਚੁੰਧਿਆ ਦੇਣ ਵਾਲੀ ਤਰੱਕੀ ਕੀਤੀ ਹੈ। ਇਸ ਦੀ ਫ਼ੌਜ ਵਿਸ਼ਵ ਵਿਚ ਅਜੇਤੂ ਹੈ। ਦੁਸ਼ਮਣ ਅਰਬ ਅਤੇ ਮੁਸਲਿਮ ਦੇਸ਼ਾਂ ਨਾਲ ਘਿਰੇ ਹੋਣ ਦੇ ਬਾਵਜੂਦ ਉਸ ਵੱਲ ਕੋਈ ਅੱਖ ਉਠਾ ਕੇ ਵੇਖਣ ਦੀ ਹਿੰਮਤ ਨਹੀਂ ਕਰ ਸਕਦਾ। ਤਕਨੀਕੀ ਅਤੇ ਖੇਤੀ ਪੱਖੋਂ ਉਸ ਦੀਆਂ ਬੇਮਿਸਾਲ ਉਪਲਬਧੀਆਂ ਹਨ। ਇਹ ਦੇਸ਼ ਸਾਮਰਾਜੀ ਦੇਸ਼ਾਂ ਦੀ ਹਮਾਇਤ ਨਾਲ ਸੰਨ 1948 ਵਿਚ ਵਿਸ਼ਵ ਦੇ ਨਕਸ਼ੇ 'ਤੇ ਹੋਂਦ ਵਿਚ ਆਇਆ ਸੀ।

ਇਵੇਂ ਹੀ ਚੀਨ ਅੰਦਰ ਮਾਓ-ਜ਼ੇ-ਤੁੰਗ ਦੀ ਅਗਵਾਈ ਵਿਚ ਸੰਨ 1949 ਵਿਚ ਇਨਕਲਾਬ ਆਇਆ ਸੀ। ਇਹ ਦੇਸ਼ ਅੱਜ ਵਿਸ਼ਵ ਦੀ ਮਹਾਸ਼ਕਤੀ ਬਣਿਆ ਹੋਇਆ ਹੈ। ਤਕਨੀਕੀ ਉੱਨਤੀ ਤੋਂ ਪਹਿਲਾਂ ਚੀਨ ਬੁਹਤ ਪੱਛੜਿਆ ਹੋਇਆ ਸੀ ਜਦਕਿ ਮੌਜੂਦਾ ਸਮੇਂ ਉਹ ਵਿਸ਼ਵ ਦੀ ਇਕ ਹੋਰ ਮਹਾਸ਼ਕਤੀ ਵਜੋਂ ਜਾਣੇ ਜਾਂਦੇ ਅਮਰੀਕਾ ਨੂੰ ਹਰ ਖੇਤਰ ਵਿਚ ਵੱਡੀ ਚੁਣੌਤੀ ਦੇ ਰਿਹਾ ਹੈ। ਚੀਨ ਵਿਸ਼ਵ ਦੀ ਦੂਸਰੀ ਸਭ ਤੋਂ ਵੱਡੀ ਆਰਥਿਕਤਾ ਹੈ। ਸੰਨ 2010 ਤੋਂ ਭਾਰਤ ਕੋਲ ਵਿਸ਼ਵ ਮਹਾਸ਼ਕਤੀ ਬਣਨ ਲਈ ਲੋੜੀਂਦੀ ਹਰ ਸ਼ੈਅ ਮੌਜੂਦ ਹੈ ਪਰ ਇੱਥੋਂ ਦੇ ਭ੍ਰਿਸ਼ਟਤੰਤਰ ਕਾਰਨ ਦੇਸ਼ ਤਰੱਕੀ ਨਹੀਂ ਕਰ ਸਕਿਆ। ਦੇਸ਼ ਬੇਰੁਜ਼ਗਾਰੀ, ਅਨਪੜ੍ਹਤਾ, ਗ਼ਰੀਬੀ, ਜਾਤੀਵਾਦ, ਫਿਰਕੂਵਾਦ ਅਤੇ ਭਾਈਚਾਰਕ ਨਫਰਤਵਾਦ ਦੀ ਜਿੱਲ੍ਹਣ ਵਿਚੋਂ ਬਾਹਰ ਨਹੀਂ ਨਿਕਲ ਸਕਿਆ। ਅਜੋਕੇ ਭਾਰਤੀ ਨੌਜਵਾਨ ਵਰਗ ਲਈ ਦੇਸ਼ ਵਿਚ ਹੋਏ ਘੁਟਾਲਿਆਂ ਬਾਰੇ ਜਾਣਨਾ ਜ਼ਰੂਰੀ ਹੈ।

ਸੰਨ 1948 ਵਿਚ ਪਹਿਲਾ ਜੀਪ ਘੁਟਾਲਾ ਹੋਂਦ ਵਿਚ ਆਇਆ ਜਿਸ ਲਈ ਬ੍ਰਿਟੇਨ ਵਿਖੇ ਭਾਰਤੀ ਹਾਈ ਕਮਿਸ਼ਨਰ ਵੀਕੇ ਕ੍ਰਿਸ਼ਨਾਮੈਨਨ 'ਤੇ ਦੋਸ਼ ਲੱਗੇ ਸਨ। ਇਸ ਸਬੰਧੀ 52 ਲੱਖ ਦੇ ਘੋਟਾਲੇ ਦਾ ਪਤਾ ਲੱਗਾ ਸੀ। ਸੰਨ 1956 ਵਿਚ ਸ਼ਿਰਾਜੂਦੀਨ ਘੁਟਾਲਾ ਸਾਹਮਣੇ ਆਇਆ। ਭਾਰਤ ਦੇ ਖਾਣਾਂ ਅਤੇ ਤੇਲ ਮੰਤਰੀ ਕੇਡੀ ਮਾਲਵੀਆ 'ਤੇ ਇਸ ਸਬੰਧੀ ਦੋਸ਼ ਲੱਗੇ। ਸੰਨ 1958 ਵਿਚ ਮੁੰਦਰਾ ਗਰੁੱਪ 'ਤੇ ਜੀਵਨ ਬੀਮਾ ਕੰਪਨੀ ਨੂੰ ਜਾਅਲੀ ਸ਼ੇਅਰ ਵੇਚੇ ਜਾਣ ਦਾ ਘੁਟਾਲਾ ਸਾਹਮਣੇ ਆਇਆ। ਇਹ ਘੁਟਾਲਾ ਐੱਮਪੀ ਫਿਰੋਜ਼ ਗਾਂਧੀ ਵੱਲੋਂ ਬੇਨਕਾਬ ਕੀਤਾ ਗਿਆ।

ਸੰਨ 1971 ਵਿਚ 60 ਲੱਖ ਰੁਪਏ ਦਾ ਸਟੇਟ ਬੈਂਕ ਆਫ ਇੰਡੀਆ ਦਾ ਨਗਾਰਵਾਲਾ ਧੋਖਾਘੜੀ ਘੁਟਾਲਾ ਉਜਾਗਰ ਹੋਇਆ। ਸੰਨ 1981 ਵਿਚ ਐੱਚਡੀਡਬਲਯੂ ਪਣਡੁੱਬੀ ਘੁਟਾਲੇ ਵਿਚ 100 ਕਰੋੜ ਰੁਪਏ ਵਿਚੋਲਿਆਂ ਨੇ ਖਾਧੇ। ਸੰਨ 1982 ਵਿਚ ਜਸਟਿਸ ਰੀਲੇ ਨੇ ਏਆਰ ਅੰਤੁਲੇ ਨੂੰ ਸੀਮੈਂਟ ਘੁਟਾਲੇ ਵਿਚ ਦੋਸ਼ੀ ਮੰਨਿਆ। ਅੰਤਲੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਰਿਹਾ ਸੀ। ਸੰਨ 1983 ਵਿਚ ਚੂਰਹੱਟ ਲਾਟਰੀ ਘਪਲਾ ਬੇਨਕਾਬ ਹੋਇਆ। ਸੰਨ 1987 ਵਿਚ ਫੇਰਾ ਸਬੰਧੀ ਫੇਅਰ ਫੈਕਸ ਅਤੇ 1600 ਕਰੋੜੀ ਬੋਫੋਰਜ਼, ਸੰਨ 1990 ਵਿਚ 2500 ਕਰੋੜ ਦਾ ਏਅਰਬਸ ਕਿਕੋਬੈਕ ਘੁਟਾਲਾ ਹੋਇਆ। ਸੰਨ 1991 ਵਿਚ ਵੈਸਟਲੈਂਡ ਹੈਲੀਕਾਪਟਰ ਘਪਲਾ ਕੀਤਾ ਗਿਆ। ਅਪਰੈਲ 1992 ਵਿਚ ਮਾਮੂਲੀ ਡਿਸਪੈਚ ਕਲਰਕ ਤੋਂ ਦੇਸ਼ ਦਾ ਸਭ ਤੋਂ ਵੱਡਾ ਦਲਾਲ ਬਣਿਆ ਹਰਸ਼ਦ ਮਹਿਤਾ 11000 ਕਰੋੜ ਰੁਪਏ ਦੇ ਸਕਿਉਰਿਟੀ ਸਕੈਮ ਦਾ ਦੋਸ਼ੀ ਪਾਇਆ ਗਿਆ। ਇਸੇ ਸਾਲ ਕਲਾਸਿਕ ਕੰਪਿਊਟਰ ਘੁਟਾਲੇ ਵਿਚ ਦੋਸ਼ੀ ਪਾਏ ਗਏ ਐੱਸ. ਬੰਗਾਰੱਪਾ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹੱਥ ਧੋਣੇ ਪਏ। ਇਸੇ ਸਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮੁੱਖ ਜੱਜ ਵੀ. ਰਾਮਾਸਵਾਮੀ ਸਰਕਾਰੀ ਫੰਡਾਂ 'ਚੋਂ ਘਰੇਲੂ ਚੀਜ਼ਾਂ ਖ਼ਰੀਦਣ ਦਾ ਦੋਸ਼ੀ ਪਾਇਆ ਗਿਆ।

ਇਸ ਤੋਂ ਇਲਾਵਾ ਇਸੇ ਸਾਲ 2 ਕਰੋੜ ਦਾ ਗੋਲਡਸਟਾਰ ਸਟੀਲ ਪੀਐੱਸਯੂ ਵਿਚ 10 ਹਜ਼ਾਰ ਕਰੋੜ ਦਾ ਘੁਟਾਲਾ ਉਜਾਗਰ ਹੋਇਆ। ਸੰਨ 1994 ਵਿਚ ਸ਼ੂਗਰ (638 ਕਰੋੜ) ਦਾ ਘਪਲਾ ਸਾਹਮਣੇ ਆਇਆ। ਸੰਨ 1995 ਵਿਚ 600 ਕਰੋੜ ਚਾਰਾ ਘਪਲਾ (ਬਿਹਾਰ), 17.4 ਕਰੋੜ ਦਾ ਹਾਊਸਿੰਗ ਘਪਲਾ, 65 ਕਰੋੜੀ ਹਵਾਲਾ ਘਪਲਾ, ਸੰਨ 1996 ਵਿਚ 133 ਕਰੋੜ ਦਾ ਯੂਰੀਆ ਘਪਲਾ, 1000 ਕਰੋੜ ਦਾ ਦਵਾਈ ਅਤੇ 1200 ਕਰੋੜ ਦਾ ਟੈਲਕਮ ਸਬੰਧੀ ਘੋਟਾਲਾ ਬੇਨਕਾਬ ਹੋਇਆ। ਅਗਸਤ 1998 ਵਿਚ ਯੂਟੀਆਈ ਵੱਡੇ ਘਪਲੇ ਦਾ ਸ਼ਿਕਾਰ ਹੋਈ। ਇਸ ਦੇ 1200 ਕਰੋੜ ਰੁਪਏ ਡੁੱਬ ਗਏ। ਗਿਆਰਾਂ ਜਨਵਰੀ 2000 ਨੂੰ ਕੇਤਨ ਪਾਰੇਖ ਸ਼ੇਅਰ ਮਾਰਕੀਟ ਘਪਲਾ ਸਾਹਮਣੇ ਆਇਆ। ਇਕ ਫਰਵਰੀ 2003 ਨੂੰ 30,000 ਕਰੋੜ ਦਾ ਨਕਲੀ ਸਟੈਂਪ ਵਾਲਾ ਤੇਲਗੀ ਘੁਟਾਲਾ ਬੇਨਕਾਬ ਹੋਇਆ। ਵੀਹ ਦਸੰਬਰ 2008 ਵਿਚ 30 ਹਜ਼ਾਰ ਕਰੋੜੀ ਸਪੈਕਟ੍ਰਮ ਘੁਟਾਲਾ ਉਜਾਗਰ ਹੋਇਆ। ਸੱਤ ਜਨਵਰੀ 2009 ਨੂੰ ਸੱਤਿਅਮ, 12 ਜਨਵਰੀ 2009 ਨੂੰ ਸ਼ੇਅਰ ਮਾਰਕੀਟ ਘੁਟਾਲੇ ਬਾਹਰ ਆਏ। ਸੰਨ 2010 ਵਿਚ 70 ਹਜ਼ਾਰ ਕਰੋੜ ਦਾ ਕਾਮਨਵੈਲਥ ਖੇਡਾਂ ਅਤੇ 1,76,000 ਕਰੋੜ ਦਾ ਟੂ ਜੀ ਸਪੈਕਟ੍ਰਮ ਘੁਟਾਲਾ ਉਜਾਗਰ ਹੋਇਆ। ਸੰਨ 2012 ਵਿਚ 186000 ਕਰੋੜ ਦਾ ਕੋਲਗੇਟ ਘਪਲਾ ਸਾਹਮਣੇ ਆਇਆ।

ਇਨ੍ਹਾਂ ਘੁਟਾਲਿਆਂ ਤੋਂ ਇਲਾਵਾ ਹਜ਼ਾਰਾਂ ਘੋਟਾਲੇ ਸੂਬਾਈ ਪੱਧਰ 'ਤੇ ਵੀ ਹੋਏ। ਇਨ੍ਹਾਂ ਘਪਲਿਆਂ ਨੇ ਭਾਰਤੀ ਆਰਥਿਕਤਾ ਨੂੰ ਬਿਲਕੁਲ ਖੋਖਲਾ ਕਰ ਸੁੱਟਿਆ। ਦੇਸ਼ ਦਾ ਖ਼ਰਬਾਂ ਰੁਪਇਆ ਸਿਆਸਤਦਾਨਾਂ, ਅਫ਼ਸਰਸ਼ਾਹੀ, ਕਾਰੋਬਾਰੀਆਂ, ਦਲਾਲਾਂ ਆਦਿ ਨੇ ਵਿਦੇਸ਼ੀ ਬੈਕਾਂ ਵਿਚ ਜਮ੍ਹਾ ਕਰਾਇਆ ਹੋਇਆ ਹੈ। ਮੋਦੀ ਸਰਕਾਰ ਵੱਲੋਂ ਨੋਟਬੰਦੀ ਇਸੇ ਧਨ ਨੂੰ ਵਾਪਸ ਲਿਆਉਣ ਦੇ ਮਕਸਦ ਨਾਲ ਕੀਤੀ ਗਈ ਸੀ ਪਰ ਉਸ ਦਾ ਇਹ ਕਦਮ ਵੀ ਇਸ ਨੂੰ ਵਾਪਸ ਲਿਆਉਣੋਂ ਨਾਕਾਮ ਰਿਹਾ। ਜਨ-ਪ੍ਰਤੀਨਿਧ ਤਨਖਾਹਾਂ-ਭੱਤਿਆਂ ਰਾਹੀਂ ਦੇਸ਼ ਨੂੰ ਖ਼ੂਬ ਲੁੱਟ ਰਹੇ ਹਨ। ਹੁਣ ਤਾਂ ਅਨੇਕਾਂ ਸਿਆਸਤਦਾਨਾਂ ਦੀਆਂ ਤਨਖਾਹ-ਭੱਤਿਆਂ ਨਾਲੋਂ ਪੈਨਸ਼ਨਾਂ ਹੀ ਕਈ ਗੁਣਾ ਵਧ ਚੁੱਕੀਆਂ ਹਨ। ਦੇਸ਼ ਅੰਦਰ ਵਧੀਆ ਲੀਡਰਸ਼ਿਪ ਦੀ ਘਾਟ ਦਾ ਮੁੱਖ ਕਾਰਨ ਰਾਜਨੀਤਕ ਪਾਰਟੀਆਂ ਵਿਚ ਪਰਿਵਾਰਵਾਦ ਦਾ ਹੋਣਾ ਹੈ। ਅਖੌਤੀ ਬਾਬੇ ਸਮਾਜ ਨੂੰ ਅੰਧ ਵਿਸ਼ਵਾਸ 'ਚੋਂ ਬਾਹਰ ਨਹੀਂ ਨਿਕਲਣ ਦੇ ਰਹੇ। ਡੇਰਾਵਾਦ ਵੀ ਵੱਡੀ ਸਮੱਸਿਆ ਹੈ। ਸਾਡੀ ਨੌਜਵਾਨ ਪੀੜ੍ਹੀ ਐਸੀ ਰਾਸ਼ਟਰਘਾਤੀ, ਲੋਕਤੰਤਰਘਾਤੀ ਅਤੇ ਇਮਾਨਦਾਰੀ ਰਹਿਤ ਵਿਵਸਥਾ ਨੂੰ ਨਹੀਂ ਬਦਲ ਸਕੀ। ਲੋਭ, ਮੋਹ, ਹੰਕਾਰ ਸਭ ਹੱਦਾਂ ਪਾਰ ਕਰ ਚੁੱਕਾ ਹੈ। ਇਸ ਸਥਿਤੀ 'ਤੇ ਕਾਬੂ ਪਾਉਣ ਦੀ ਬੇਹੱਦ ਲੋੜ ਹੈ। ਨੌਜਵਾਨ ਪੀੜ੍ਹੀ ਨੂੰ ਆਪਣੇ ਅਤੇ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਭਵਿੱਖੀ ਪੀੜ੍ਹੀਆਂ ਲਈ ਇਕ ਸ਼ਾਨਦਾਰ ਭਾਰਤ ਸਿਰਜਣਾ ਚਾਹੀਦਾ ਹੈ ਜੋ ਵਿਸ਼ਵ ਦੇ ਉੱਨਤ ਦੇਸ਼ਾਂ ਤੋਂ ਕਿਸੇ ਵੀ ਪੱਖੋਂ ਪਿੱਛੇ ਨਾ ਹੋਵੇ।

ਦਰਬਾਰਾ ਸਿੰਘ ਕਾਹਲੋਂ

94170-94034

Posted By: Sarabjeet Kaur