-ਪਰਮਜੀਤ ਢੀਂਗਰਾ

ਆਲਮੀ ਤਪਸ਼ ਦਾ ਮੁੱਦਾ ਪੂਰੀ ਦੁਨੀਆ ਵਿਚ ਛਾਇਆ ਹੋਇਆ ਹੈ। ਇਹਦੇ ਲਈ ਗ੍ਰੀਨ ਹਾਊਸ ਪ੍ਰਭਾਵ ਤੇ ਇਸ ਤੋਂ ਪੈਦਾ ਹੋਣ ਵਾਲੀਆਂ ਗੈਸਾਂ ਜ਼ਿੰਮੇਵਾਰ ਹਨ। ਇਹ ਸੱਚਾਈ ਹੈ ਕਿ ਅੱਜ ਤੋਂ ਕੋਈ ਪੰਜ ਕਰੋੜ ਵਰ੍ਹੇ ਪਹਿਲਾਂ ਧਰੁਵਾਂ 'ਤੇ ਬਰਫ਼ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਜਦੋਂਕਿ 18 ਹਜ਼ਾਰ ਵਰ੍ਹੇ ਪਹਿਲਾਂ ਯੂਰਪ ਦੇ ਅਨੇਕਾਂ ਹਿੱਸਿਆਂ ਵਿਚ ਲਗਪਗ ਤਿੰਨ ਕਿਲੋਮੀਟਰ ਮੋਟੀ ਬਰਫ਼ ਜੰਮੀ ਹੋਈ ਸੀ। ਬਰਫ਼ ਦੀਆਂ ਮੋਟੀਆਂ ਤਹਿਆਂ ਨੇ ਸਮੁੰਦਰ ਦੀ ਸਤ੍ਹਾ 130 ਮੀਟਰ ਹੇਠਾਂ ਕਰ ਦਿੱਤੀ ਸੀ। ਲਗਪਗ ਦਸ ਹਜ਼ਾਰ ਸਾਲ ਹੀ ਹੋਏ ਹਨ ਕਿ ਮਾਹੌਲ ਨੇ ਪਲਟਾ ਖਾਧਾ ਤੇ ਠੰਢੇ ਮੌਸਮਾਂ ਦੇ ਘਟਣ ਨਾਲ ਇਹ ਧਰਤੀ ਖ਼ੁਸ਼ਗਵਾਰ ਬਣਨ ਲੱਗੀ।

ਸੂਰਜ ਧਰਤੀ ਲਈ ਵਰਦਾਨ ਸਿੱਧ ਹੋਣ ਲੱਗਾ ਤੇ ਇਸ ਨੇ ਧਰਤੀ ਦੀ ਵਿਭਿੰਨਤਾ ਨੂੰ ਨਵੇਂ ਅਯਾਮ ਦਿੱਤੇ। ਉਦਯੋਗਿਕ ਕ੍ਰਾਂਤੀ ਆਉਣ ਤਕ ਦੁਨੀਆ ਦੇ ਜਲਵਾਯੂ ਮੰਡਲ ਵਿਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਪਿਛਲੇ ਸੌ ਵਰ੍ਹਿਆਂ ਵਿਚ ਧਰਤੀ ਦੇ ਔਸਤ ਤਾਪਮਾਨ ਵਿਚ ਤਕਰੀਬਨ 0.76 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਹ ਵਾਧਾ ਪਹਿਲੀ ਨਜ਼ਰੇ ਘੱਟ ਹੀ ਨਜ਼ਰ ਆਉਂਦਾ ਹੈ। ਫਿਰ ਗਲੋਬਲ ਵਾਰਮਿੰਗ ਜਾਂ ਆਲਮੀ ਤਪਸ਼ ਬਾਰੇ ਇੰਨਾ ਰੌਲਾ-ਰੱਪਾ ਕਿਉਂ? ਇਹਦਾ ਵੱਡਾ ਕਾਰਨ ਮਨੁੱਖ ਦੀ ਲਾਲਸਾ ਹੈ ਜਿਸ ਕਾਰਨ ਉਹ ਧਰਤ ਨੂੰ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ। ਕਾਰਬਨ ਡਾਈਆਕਸਾਈਡ ਦਾ ਪੱਧਰ ਉਦਯੋਗਿਕ ਕ੍ਰਾਂਤੀ ਸਮੇਂ ਲਗਪਗ 280 ਪ੍ਰਤੀ ਦਸ ਲੱਖ ਭਾਗ ਸੀ ਜੋ ਬਾਅਦ ਵਿਚ ਵੱਧ ਕੇ 380 ਦੇ ਨੇੜੇ-ਤੇੜੇ ਪਹੁੰਚ ਗਿਆ। ਬਰਫ਼ ਦੀਆਂ ਪਰਤਾਂ ਨੂੰ ਮੀਲਾਂ ਹੇਠੋਂ ਕੱਢ ਕੇ ਪਰਖਿਆ ਗਿਆ ਤਾਂ ਪਤਾ ਲੱਗਾ ਕਿ ਪਿਛਲੇ ਲਗਪਗ ਅੱਠ ਲੱਖ ਵਰ੍ਹਿਆਂ ਵਿਚ ਇੰਨੀ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਕਦੇ ਵੀ ਜਮ੍ਹਾਂ ਨਹੀਂ ਹੋਈ ਜਿੰਨੀ ਪਿਛਲੇ ਕੁਝ ਸਮੇਂ ਵਿਚ ਹੋਈ। ਜੇ ਇਹ ਗੈਸ ਇੰਜ ਹੀ ਵਧਦੀ ਗਈ ਤਾਂ ਇੱਕੀਵੀਂ ਸਦੀ ਦੇ ਅੰਤ ਤਕ ਇਹਦੀ ਮਾਤਰਾ 880 ਤਕ ਪੁੱਜ ਸਕਦੀ ਹੈ। ਅਸਲ ਵਿਚ ਇਹ ਮਾਤਰਾ 550 ਤੋਂ ਉਪਰ ਜਾਂਦਿਆਂ ਹੀ ਧਰਤੀ ਜਿਊਣ ਲਾਇਕ ਨਹੀਂ ਰਹਿੰਦੀ। ਇਕ ਵਾਰ ਪੈਦਾ ਹੋਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਹਵਾ ਵਿਚ ਕੋਈ 200 ਸਾਲਾਂ ਤਕ ਜ਼ਹਿਰ ਘੋਲਦੀ ਹੈ ਅਤੇ ਇਸ ਦੀ ਮਾਤਰਾ ਘਟਾਉਣ ਵਿਚ ਲੰਬਾ ਸਮਾਂ ਲੱਗਦਾ ਹੈ।

ਤਾਪਮਾਨ ਦੇ ਵਧਣ ਅਤੇ ਬਾਰਿਸ਼ ਵਿਚਲੀ ਗੜਬੜੀ ਕਰ ਕੇ ਪਾਣੀ ਦੇ ਸੋਮੇ ਪ੍ਰਭਾਵਿਤ ਹੋਣਗੇ। ਜਾਂ ਤਾਂ ਪਾਣੀ ਵੱਡੀ ਮਾਤਰਾ ਵਿਚ ਵੱਧ ਜਾਵੇਗਾ ਜਾਂ ਘੱਟ ਜਾਵੇਗਾ। ਇਸ ਦੇ ਨਾਲ ਹੀ ਤੱਟੀ ਇਲਾਕਿਆਂ ਵਿਚ ਸਮੁੰਦਰ ਦਾ ਪੱਧਰ ਵੱਧ ਜਾਵੇਗਾ ਜਿਸ ਕਾਰਨ ਤੂਫਾਨ ਤੱਟੀ ਇਲਾਕਿਆਂ ਨੂੰ ਤਹਿਸ-ਨਹਿਸ ਕਰ ਕੇ ਆਸੇ-ਪਾਸੇ ਦੀ ਜ਼ਮੀਨ ਨੂੰ ਜਲ ਮਗਨ ਕਰ ਦੇਣਗੇ। ਸੰਨ 2011 ਵਿਚ ਜਾਪਾਨ ਵਿਚ ਆਈ ਸੁਨਾਮੀ ਨੇ ਤੂਫਾਨ, ਭੂਚਾਲ, ਸੁਨਾਮੀ ਆਦਿ ਨਾਲ ਲੜਨ ਵਾਲੇ ਸਭ ਤੋਂ ਸਮਰੱਥ ਦੇਸ਼ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਕੋਲ ਇਨ੍ਹਾਂ ਕੁਦਰਤੀ ਆਫਤਾਂ ਨਾਲ ਸਿੱਝਣ ਦਾ ਕੋਈ ਹੱਲ ਨਹੀਂ ਹੈ। ਇਸ ਲਈ ਕੁਦਰਤ ਨਾਲ ਸਾਵਾਂ ਬੈਠਦਾ ਵਿਕਾਸ ਹੀ ਮਨੁੱਖ ਦੇ ਭਲੇ 'ਚ ਹੈ।

ਤਾਪਮਾਨ ਵਧਣ ਨਾਲ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ। ਧਰੁਵਾਂ 'ਤੇ ਪਿਘਲਦੀ ਬਰਫ਼ ਕਾਰਨ ਤੱਟੀ ਇਲਾਕਿਆਂ ਦੇ ਡੁੱਬਣ ਦਾ ਖ਼ਤਰਾ ਹੋਰ ਵੱਧ ਜਾਵੇਗਾ। ਇਸ ਵਾਧੇ ਨਾਲ ਮਾਲਦੀਵ ਵਰਗੇ ਹਜ਼ਾਰਾਂ ਟਾਪੂਆਂ ਦੇ ਡੁੱਬਣ ਦਾ ਖ਼ਤਰਾ ਵੱਧ ਜਾਵੇਗਾ। ਸਮੁੰਦਰ ਦਾ ਖਾਰਾ ਪਾਣੀ ਤੱਟੀ ਇਲਾਕਿਆਂ ਵਿਚ ਵੜ ਕੇ ਜਿੱਥੇ ਪੀਣਯੋਗ ਪਾਣੀ ਦੇ ਸੋਮਿਆਂ ਨੂੰ ਦੂਸ਼ਿਤ ਕਰੇਗਾ ਓਥੇ ਹੀ ਮਿੱਟੀ ਨੂੰ ਖੇਤੀ ਲਾਇਕ ਨਹੀਂ ਰਹਿਣ ਦੇਵੇਗਾ। ਇਹਦੇ ਨਾਲ ਹੀ ਮੈਂਗਰੋਵ ਭਾਵ ਕੁਝ ਬਨਸਪਤੀਆਂ ਖ਼ਤਰੇ ਵਿਚ ਪੈ ਜਾਣਗੀਆਂ। ਕਈ ਜਲ ਪ੍ਰਜਾਤੀਆਂ ਸਮਾਪਤ ਹੋ ਜਾਣਗੀਆਂ। ਗਰਮੀ ਵਧਣ ਕਾਰਨ ਅਚਾਨਕ ਇੱਕੋ ਥਾਂ ਮੀਂਹ ਪੈ ਜਾਣਗੇ ਅਤੇ ਹੜ੍ਹਾਂ ਦਾ ਕਾਰਨ ਬਣਨਗੇ। ਚੱਕਰਵਾਤੀ ਤੂਫਾਨ ਤਬਾਹਕੁੰਨ ਹੋਣਗੇ। ਜਿੱਥੇ ਸੋਕਾ ਪਵੇਗਾ, ਉਹ ਪਿਆ ਹੀ ਰਹੇਗਾ। ਦੂਸ਼ਿਤ ਪਾਣੀ ਵਿਚ ਪੈਦਾ ਹੋਣ ਵਾਲੇ ਮੱਖੀਆਂ, ਮੱਛਰ ਭਿਆਨਕ ਬਿਮਾਰੀਆਂ ਫੈਲਾਉਣ ਦਾ ਕਾਰਨ ਬਣਨਗੇ।

ਅੱਜ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿਚ ਕੋਲਾ, ਮਿੱਟੀ ਦਾ ਤੇਲ, ਕੁਦਰਤੀ ਗੈਸ, ਪੈਟਰੋਲ, ਡੀਜ਼ਲ, ਕਾਰਬਨ ਨੂੰ ਵਧਾਉਣ ਦਾ ਸਬੱਬ ਬਣ ਰਹੇ ਹਨ। ਇਨ੍ਹਾਂ ਲਈ ਕੁਦਰਤੀ ਊਰਜਾ ਦੇ ਸਰੋਤਾਂ ਦੀ ਵਰਤੋਂ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ। ਵੱਧ ਰਹੀ ਆਲਮੀ ਤਪਸ਼ ਲਈ ਲੰਬੇ ਸਮੇਂ ਤੋਂ ਸੰਸਾਰ ਪੱਧਰ 'ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ ਦਾ ਜਲਵਾਯੂ ਸਿਖ਼ਰ ਸੰਮੇਲਨ ਇਸੇ ਦੀ ਇਕ ਕੜੀ ਹੈ। ਆਲਮੀ ਤਪਸ਼ ਦੇ ਮੱਦੇਨਜ਼ਰ ਵਿਸ਼ਵ ਅਰਥਚਾਰੇ ਨੂੰ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਤੋਂ ਮੁਕਤੀ ਦਿਵਾਉਣ ਲਈ ਅਨੇਕਾਂ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕਾਰਪੋਰੇਟ ਘਰਾਣਿਆਂ ਨਾਲ ਸਬੰਧਤ ਮੁੱਖ ਵਿਅਕਤੀ ਇਹਦਾ ਹੱਲ ਕੱਢਣ ਲਈ ਇਸ ਸਾਲ ਸਤੰਬਰ ਵਿਚ ਇਕੱਠੇ ਹੋਏ ਸਨ ਪਰ ਉਨ੍ਹਾਂ ਦੀਆਂ ਮੁਨਾਫ਼ਾਖੋਰ ਨੀਤੀਆਂ ਦੁਨੀਆ ਭਰ ਦੇ ਚਿੰਤਾਤੁਰ ਲੋਕਾਂ ਨੂੰ ਕੋਈ ਭਰੋਸਾ ਦੇਣ ਵਿਚ ਨਾਕਮ ਰਹੀਆਂ। ਵਾਤਾਵਰਨ ਪ੍ਰੇਮੀ ਉਨ੍ਹਾਂ ਨੂੰ ਸਮੇਂ-ਸਮੇਂ ਹਲੂਣਦੇ ਰਹਿੰਦੇ ਹਨ। ਉਕਤ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਕੁੜੀ ਗਰੇਟਾ ਥਨਬਰਗ ਨੇ ਵਿਸ਼ਵ ਨੇਤਾਵਾਂ ਦਾ ਕੰਨ ਮਰੋੜਦੇ ਹੋਏ ਉਨ੍ਹਾਂ ਨੂੰ ਵਿਸ਼ਵ ਪੌਣ-ਪਾਣੀ ਤਬਾਹ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਕਤ ਦਲੇਰ ਕੁੜੀ ਦੇ ਸੰਬੋਧਨ ਨੇ ਉਦੋਂ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਗਰੇਟਾ ਨੂੰ ਹੁਣੇ ਜਿਹੇ ਹੇਗ ਵਿਚ ਉਸ ਦੇ ਵਾਤਾਵਰਨ 'ਚ ਹੋ ਰਹੀਆਂ ਤਬਦੀਲੀਆਂ ਖ਼ਿਲਾਫ਼ ਕੀਤੇ ਗਏ ਸੰਘਰਸ਼ ਬਦਲੇ ਕੌਮਾਂਤਰੀ ਬਾਲ ਅਮਨ ਪੁਰਸਕਾਰ ਦਿੱਤਾ ਗਿਆ ਹੈ। ਇਹ ਪੁਰਸਕਾਰ ਬਾਲ ਅਧਿਕਾਰਾਂ ਦੀ ਡੱਚ ਸੰਸਥਾ ਵੱਲੋਂ ਗਰੇਟਾ ਦੇ ਨਾਲ-ਨਾਲ ਕੈਮਰੂਨ ਦੀ 15 ਸਾਲਾ ਸ਼ਾਂਤੀ ਕਾਰਕੁੰਨ ਡਿਵਾਈਨਾ ਮੈਲੌਮ ਨੂੰ ਦਿੱਤਾ ਗਿਆ। ਉਂਜ ਗਰੇਟਾ ਇਹ ਪੁਰਸਕਾਰ ਲੈਣ ਲਈ ਹਾਜ਼ਰ ਨਹੀਂ ਸੀ ਪਰ ਉਸ ਨੇ ਸੰਦੇਸ਼ ਭੇਜ ਕੇ ਧੰਨਵਾਦ ਜ਼ਰੂਰ ਕੀਤਾ। ਗਰੇਟਾ ਦਾ ਸੰਘਰਸ਼ ਤਾਂ ਆਪਣੀ ਜਗ੍ਹਾ ਸਹੀ ਹੈ ਪਰ ਇਹ ਉਦੋਂ ਤਕ ਕਾਮਯਾਬ ਨਹੀਂ ਹੋ ਸਕਦਾ ਜਦ ਤਕ ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਵਾਯੂਮੰਡਲ ਵਿਚ ਕਾਰਬਨ ਦੀ ਨਿਕਾਸੀ ਨਹੀਂ ਘਟਾਉਂਦੀਆਂ। ਓਧਰ ਪੈਰਿਸ ਸਮਝੌਤੇ ਤੋਂ ਪਿੱਛੇ ਹਟ ਕੇ ਅਮਰੀਕਾ ਨੇ ਵੀ ਕੋਈ ਆਸ ਨਹੀਂ ਬੰਨ੍ਹਾਈ। ਇਸ ਬਾਰੇ ਬਹੁਤੇ ਮੁਲਕਾਂ ਦਾ ਰਵੱਈਆ ਟਾਲ-ਮਟੋਲ ਵਾਲਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਵਾਤਾਵਰਨ ਸਿਖ਼ਰ ਸੰਮੇਲਨ 'ਚ 23 ਸਤੰਬਰ ਨੂੰ ਦੁਨੀਆ ਭਰ ਦੇ ਨੇਤਾਵਾਂ ਨੂੰ ਗਰੇਟਾ ਥਨਬਰਗ ਵੱਲੋਂ ਪਾਈਆਂ ਗਈਆਂ ਲਾਹਨਤਾਂ ਵੀ ਬੇਅਸਰ ਲੱਗਦੀਆਂ ਹਨ। ਗਰੇਟਾ ਨੇ ਕਿਹਾ ਸੀ ਕਿ ਮੇਰਾ ਪੈਗਾਮ ਇਹ ਹੈ ਕਿ ਅਸੀਂ ਤੁਹਾਡੇ 'ਤੇ ਨਜ਼ਰ ਰੱਖਾਂਗੇ। ਇਹ ਸਭ ਗ਼ਲਤ ਹੈ। ਮੈਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ ਅਤੇ ਸਮੁੰਦਰੋਂ ਪਾਰ ਸਕੂਲ ਵਿਚ ਬੈਠੀ ਹੋਣਾ ਚਾਹੀਦਾ ਸੀ। ਫਿਰ ਵੀ ਤੁਸੀਂ ਸਾਡੇ ਕੋਲ ਇਕ ਉਮੀਦ ਨਾਲ ਆਏ ਹੋ, ਤੁਹਾਡੀ ਹਿੰਮਤ ਕਿਵੇਂ ਹੋਈ? ਤੁਸਾਂ ਆਪਣੇ ਖੋਖਲੇ ਬਿਆਨਾਂ ਨਾਲ ਮੇਰੇ ਸੁਪਨੇ ਤੇ ਮੇਰਾ ਬਚਪਨ ਖੋਹ ਲਿਆ ਹੈ। ਲੋਕ ਦੁਖੀ ਹਨ,।ਉਹ ਮਰ ਰਹੇ ਹਨ। ਸਾਰਾ ਈਕੋ ਸਿਸਟਮ ਤਬਾਹ ਹੋ ਰਿਹਾ ਹੈ। ਅਸੀਂ ਸਮੂਹਿਕ ਮੌਤ ਦੇ ਕੰਢੇ ਖੜ੍ਹੇ ਹਾਂ ਤੇ ਤੁਸੀਂ ਧਨ ਦੌਲਤ ਅਤੇ ਸਦੀਵੀ ਆਰਥਿਕ ਵਿਕਾਸ ਦੇ ਕਿੱਸੇ-ਕਹਾਣੀਆਂ ਸੁਣਾ ਰਹੇ ਹੋ। ਤੁਸੀਂ ਸਾਨੂੰ ਨਾਕਾਮ ਕਰ ਰਹੇ ਹੋ।ਪਰ ਸਾਡੀ ਨੌਜਵਾਨ ਪੀੜ੍ਹੀ ਤੁਹਾਡੇ ਇਸ ਧੋਖੇ ਨੂੰ ਸਮਝਣ ਲੱਗ ਪਈ ਹੈ। ਜੇ ਤੁਸੀਂ ਸਾਨੂੰ ਠੱਗਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗੇ। ਅਸੀਂ ਤੁਹਾਨੂੰ ਭੱਜਣ ਨਹੀਂ ਦਿਆਂਗੇ। ਅਸੀਂ ਹੁਣ ਇੱਥੇ ਇਕ ਲਕੀਰ ਖਿੱਚ ਰਹੇ ਹਾਂ। ਦੁਨੀਆ ਜਾਗ ਰਹੀ ਹੈ ਅਤੇ ਤਬਦੀਲੀ ਆ ਰਹੀ ਹੈ। ਤੁਹਾਨੂੰ ਸਾਨੂੰ ਸੁਣਨਾ ਹੀ ਪਵੇਗਾ।

ਉਸ ਦੇ ਭਾਸ਼ਣ ਮਗਰੋਂ ਕੁਝ ਠੋਸ ਉਪਾਅ ਵੀ ਸਾਹਮਣੇ ਆਏ ਸਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਆਪਣਾ ਭਾਸ਼ਣ ਸਮਾਪਤ ਕਰਦਿਆਂ ਕਿਹਾ ਕਿ 77 ਦੇਸ਼ਾਂ ਨੇ 2050 ਤਕ ਜ਼ੀਰੋ ਨਿਕਾਸੀ ਦੇ ਯਤਨਾਂ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਈ ਦੇਸ਼ਾਂ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਉਹ ਪੈਰਿਸ ਸਮਝੌਤੇ ਦੇ ਉਦੇਸ਼ਾਂ ਦੀ ਪਾਲਣਾ ਕਰਨਗੇ। ਇਹ ਸਿਖ਼ਰ ਸੰਮੇਲਨ ਉਸ ਸਮੇਂ ਹੋਇਆ ਸੀ ਜਦੋਂ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਧਰਤੀ ਬੜੀ ਤੇਜ਼ੀ ਨਾਲ ਗਰਮ ਹੋ ਰਹੀ ਹੈ।

ਵਰਲਡ ਰਿਸੋਰਸ ਇੰਸਟੀਚਿਊਟ ਦੇ ਮੁਖੀ ਐਂਡਰਿਊ ਸਟੀਅਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਵੱਡੇ ਅਰਥਚਾਰੇ ਇੱਛਾਵਾਂ 'ਤੇ ਖਰੇ ਨਹੀਂ ਉਤਰ ਰਹੇ। ਫਰਾਂਸ ਦੇ ਰਾਸ਼ਟਰਪਤੀ ਨੇ ਜ਼ਰੂਰ ਇਹ ਕਿਹਾ ਹੈ ਕਿ ਉਹ ਉਨ੍ਹਾਂ ਦੇਸ਼ਾਂ ਨਾਲ ਕੋਈ ਵਪਾਰ ਕਰਨ ਦੇ ਚਾਹਵਾਨ ਨਹੀਂ ਜੋ ਪੈਰਿਸ ਸਮਝੌਤੇ ਦੇ ਵਿਰੋਧੀ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲੇ 'ਤੇ ਆਪਣੀ ਨਿਰਭਰਤਾ ਘਟਾਉਣ ਦਾ ਕੋਈ ਵਾਅਦਾ ਕੀਤੇ ਬਿਨਾਂ ਕਿਹਾ ਕਿ ਭਾਰਤ ਕੁਦਰਤੀ ਊਰਜਾ ਵਿਚ ਆਪਣੇ ਹਿੱਸੇ ਨੂੰ 2022 ਤਕ ਵਧਾਵੇਗਾ। ਇਸ ਤੋਂ ਸਪਸ਼ਟ ਹੈ ਕਿ ਦੁਨੀਆ ਦੇ ਉੱਨਤ ਮੁਲਕ ਨਾ ਤਾਂ ਪੈਰਿਸ ਸਮਝੌਤੇ ਦਾ ਸਤਿਕਾਰ ਕਰ ਰਹੇ ਹਨ ਨਾ ਉਨ੍ਹਾਂ ਕੋਲ ਗਰੀਨ ਹਾਊਸ ਗੈਸਾਂ ਦੀ ਕਟੌਤੀ ਲਈ ਕੋਈ ਠੋਸ ਯੋਜਨਾ ਹੈ। ਇਹ ਸਾਰੇ ਸੰਕੇਤ ਤਬਾਹੀ ਦੀ ਤੀਬਰਤਾ ਨੂੰ ਵਧਾਉਣ ਵਾਲੇ ਹਨ। ਜਿਨ੍ਹਾਂ ਬੱਚਿਆਂ ਨੇ ਉਕਤ ਸਿਖ਼ਰ ਸੰਮੇਲਨ ਵਾਲੀ ਜਗ੍ਹਾ ਦੇ ਬਾਹਰ ਸੜਕਾਂ 'ਤੇ ਇਕੱਠੇ ਹੋ ਕੇ ਗੁੱਸੇ ਦਾ ਇਜ਼ਾਹਰ ਕਰਦਿਆਂ ਸਵਾਲ ਦਾਗੇ ਸਨ, ਉਨ੍ਹਾਂ ਆਸ ਬੁਝਦੀ ਨਜ਼ਰ ਆ ਰਹੀ ਹੈ। ਕੁਝ ਵੀ ਹੋਵੇ, ਗਰੇਟਾ ਦੇ ਸਵਾਲਾਂ ਨੇ ਦੁਨੀਆ ਭਰ ਦੇ ਉਨ੍ਹਾਂ ਤਾਕਤਵਰ ਲੀਡਰਾਂ ਨੂੰ ਜ਼ਰੂਰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ ਜੋ ਮਨਮਾਨੀਆਂ ਕਰਦੇ ਆ ਰਹੇ ਹਨ।

-ਮੋਬਾਈਲ ਨੰ. : 94173-58120

Posted By: Rajnish Kaur