ਤਕਨਾਲੋਜੀ ਨੇ ਜ਼ਿੰਦਗੀ ਦੀ ਗਤੀ ਨੂੰ ਸਿਰਫ਼ ਤੇਜ਼ ਹੀ ਨਹੀਂ ਕੀਤਾ ਕਾਫ਼ੀ ਸੌਖਾਲਿਆਂ ਵੀ ਕਰ ਦਿੱਤਾ ਹੈ। ਆਧੁਨਿਕ ਸੰਚਾਰ ਸਾਧਨਾਂ ਨੇ ਇਕ ਕ੍ਰਾਂਤੀ ਲੈ ਆਂਦੀ ਹੈ। ਤਕਨਾਲੋਜੀ ਦੇ ਇਸ ਯੁੱਗ ’ਚ ਸਮਾਰਟਫੋਨ ਤੇ ਕੰਪਿਊਟਰ ਨੇ ਇਕ ਦੂਜੇ ਨਾਲ ਸੰਪਰਕ ਸਥਾਪਤ ਕਰਨਾ ਆਸਾਨ ਬਣਾ ਦਿੱਤਾ ਹੈ। ਸੰਪਰਕ ਸਾਧਨਾਂ ਦੇ ਮੁੱਢਲੇ ਦੌਰ ’ਚ ਅਜਿਹਾ ਬਿਲਕੁਲ ਨਹੀਂ ਸੀ। ਹੁਣ ਦੂਰੀ ਕੋਈ ਖ਼ਾਸ ਮਾਅਨੇ ਨਹੀਂ ਰੱਖਦੀ। ਇਕ ਦੂਜੇ ਨਾਲ ਸੰਪਰਕ ਕਾਇਮ ਕਰਨ ਦੇ ਸਾਧਨ ਇੰਨੇ ਤੇਜ਼ ਅਤੇ ਆਧੁਨਿਕ ਹਨ ਕਿ ਸਭ ਦੂਰੀਆਂ ਸਿਮਟ ਕੇ ਰਹਿ ਗਈਆਂ ਹਨ। ਪਹਿਲਾਂ ਸਿਰਫ਼ ਚਿੱਠੀਆਂ ਹੀ ਇਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਜ਼ਰੀਆ ਹੋਇਆ ਕਰਦੀਆਂ ਸਨ। ਇਹੀ ਇਕੋ ਇਕ ਢੰਗ ਹੋਣ ਕਾਰਨ ਪੱਤਰ ਲਿਖਣਾ ਸੰਚਾਰ ਦਾ ਇਕ ਮਹੱਤਵਪੂਰਨ ਰੂਪ ਸੀ। ਦੂਰ ਦੁਰਾਡੇ ਰਹਿੰਦੇ ਲੋਕ ਆਪਣੇ ਸੱਜਣ ਪਿਆਰਿਆਂ ਦੇ ਖ਼ਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ। ਇਸ ਕਾਰਜ ’ਚ ਡਾਕ ਵਿਭਾਗ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ।

ਅਜੋਕੇ ਦੌਰ ’ਚ ਜਦੋਂ ਸੰਚਾਰ ਦੇ ਸਾਧਨਾਂ ਵਿਚ ਭਾਰੀ ਵਾਧਾ ਹੋਇਆ ਹੈ ਸੁਨੇਹੇ ਭੇਜਣ ਦੇ ਨਵੇਂ ਢੰਗ ਤਰੀਕੇ ਹੋਂਦ ਵਿਚ ਆ ਗਏ ਹਨ। ਵਿਗਿਆਨ ਦੇ ਯੁੱਗ ਵਿਚ ਟੈਲੀਫੋਨ ਮਗਰੋਂ ਮੋਬਾਈਲ ਫੋਨ ਤੇ ਹੁਣ ਸਮਾਰਟ ਫੋਨ ਜ਼ਰੀਏ ਸੋਸ਼ਲ ਮੀਡੀਆ ਇਸ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪੁਰਾਣੇ ਸੰਚਾਰ ਸਾਧਨਾਂ ਰਾਹੀਂ ਜਿੱਥੇ ਦਿਨਾਂ ਜਾਂ ਮਹੀਨਿਆਂ ਵਿਚ ਸੁਨੇਹਾ ਇਕ ਤੋਂ ਦੂਜੀ ਥਾਂ ਉੱਤੇ ਪਹੁੰਚਦਾ ਸੀ ਉਹ ਕੰਮ ਹੁਣ ਈਮੇਲ ਜਾਂ ਵਟਸਐੱਪ ਵਰਗੇ ਸਾਧਨਾਂ ਰਾਹੀਂ ਦੁਨੀਆ ’ਚ ਕਿਤੇ ਵੀ ਇਕ ਕਲਿੱਕ ਨਾਲ ਪਹੁੰਚ ਜਾਂਦਾ ਹੈੈ ਤੇ ਇਸ ਦੀ ਵਰਤੋਂ ਨੌਜਵਾਨ ਪੀੜ੍ਹੀ ਜ਼ੋਰਾਂ ਨਾਲ ਕਰ ਰਹੀ ਹੈ। ਸੰਚਾਰ ਸਾਧਨਾਂ ਦੀ ਬਹੁਤਾਤ ਨੇ ਭਾਵੇਂ ਚਿੱਠੀ ਪੱਤਰ ਲਿਖਣ ਦੇ ਰੁਝਾਨ ਨੂੰ ਸੱਟ ਮਾਰੀ ਹੈ ਪਰ ਦੀ ਭਰੋਸੇਯੋਗਤਾ ਪਹਿਲਾਂ ਵਾਂਗ ਕਾਇਮ ਹੈ। ਚਿੱਠੀ ਮਿਲਣਾ ਸੱਜਣ ਨਾਲ ਅੱਧੀ ਮੁਲਾਕਾਤ ਮੰਨੀ ਜਾਂਦੀ ਸੀ। ਪੰਜਾਬੀ ਗੀਤਾਂ ’ਚ ਚਿੱਠੀ ਨੂੰ ਬਹੁਤ ਮਾਨਤਾ ਦਿੱਤੀ ਗਈ ਹੈ। ਨਮੂਨੇ ਵਜੋਂ

‘ਚਿੱਠੀ ਵਾਲੀ ਗੱਲਬਾਤ

ਹੁੰਦੀ ਅੱਧੀ ਮੁਲਾਕਾਤ

ਪੜ੍ਹ ਚਿੱਠੀ ਤਾਈਂ

ਮੁੱਕਣ ਜੁਦਾਈਆਂ

ਚਿੱਠੀਆਂ ਸਹਿਬਾਂ ਜੱਟੀ ਨੇ

ਲਿਖ ਮਿਰਜ਼ੇ ਵੱਲ ਪਾਈਆਂ।

* ਚਿੱਠੀਏ ਨੀ ਚਿੱਠੀਏ

ਹੰਝੂਆਂ ’ਨਾ ਲਿਖੀਏ

ਆਖੀਂ ਮੇਰੇ ਸੋਹਣੇ ਪੁੱਤ

ਤੇਰੀ ਮਾਂ ਦਾ ਏ ਬੁਰਾ ਹਾਲ।

*ਤੁਸੀਂ ਚਿੱਠੀਆਂ ਪਾਉਣੀਆਂ

ਭੁੱਲ ਗਏ

ਜਦੋਂ ਦਾ ਟੈਲੀਫੋਨ ਲੱਗਿਆ।

* ਵੇ ਸੁਣ ਕਾਸਦਾ ਤੈਨੂੰ

ਸੱਚੇ ਰੱਬ ਦਾ ਵਾਸਤਾ

* ਚਿੱਠੀ ਆਈ ਹੈ ਆਈ ਹੈ ਚਿੱਠੀ ਆਈ ਹੈ।

ਚਿੱਠੀ ਪੱਤਰ ਭੇਜਣ ਦੇ ਢੰਗ ਬਦਲਣ ਦੇ ਬਾਵਜੂਦ ਹਰ ਪਾਸੇ ਅੱਜ ਵੀ ਲਿਖਤੀ ਪੱਤਰ ਨੂੰ ਹੀ ਮਾਨਤਾ ਦਿੱਤੀ ਜਾਂਦੀ ਹੈ।

ਲੋਕ ਗੀਤਾਂ ’ਚ ਸੰਦੇਸ਼ ਵਾਹਕ ਕਬੂਤਰ

ਕਬੂਤਰ ਆਪਣੇ ਭੋਲੇ ਭਾਲੇ ਸੁਭਾਅ ਕਾਰਨ ਲੋਕ ਮਨਾਂ ’ਚ ਵਸਦਾ ਹੈ। ਉਹ ਆਪਣੇ ਭੋਲੇਪਨ ਦੇ ਬਾਵਜੂਦ ਕਈ ਘੰਟਿਆਂ ਦੀ ਲੰਬੀ ਉਡਾਣ ਭਰਨ ਪਿੱਛੋਂ ਮੁੜ ਆਪਣੇ ਅਸਲ ਟਿਕਾਣੇ ’ਤੇ ਵਾਪਸ ਆ ਜਾਂਦਾ ਹੈ।

ਪੁਰਾਤਨ ਸਮਿਆਂ ’ਚ ਜਦੋਂ ਸੰਚਾਰ ਦੇ ਸਾਧਨ ਏਨੇ ਵਿਕਸਤ ਨਹੀਂ ਹੋਏ ਸਨ ਉਦੋਂ ਕਾਵਾਂ-ਕਬੂਤਰਾਂ ਰਾਹੀਂ ਚਿੱਠੀਆਂ ਭੇਜੀਆਂ ਜਾਂਦੀਆਂ ਸਨ। ਕਿਹਾ ਜਾਂਦਾ ਹੈ ਕਿ ਮੁਗ਼ਲ ਸਮਰਾਟ ਅਕਬਰ ਕੋਲ ਹਜ਼ਾਰਾਂ ਪਾਲਤੂ ਕਬੂਤਰ ਸਨ, ਜਿਹੜੇ ਉਸ ਦੇ ਰਾਜ ਵਿਚ ਅਤੇ ਹੋਰ ਦੂਰ ਦੁਰਾਡੀਆਂ ਥਾਵਾਂ ਤਕ ਪੱਤਰ ਅਤੇ ਸੰਦੇਸ਼ ਪਹੁੰਚਾਉਂਦੇ ਸਨ।

ਕਬੂਤਰਾਂ ਰਾਹੀਂ ਸੰਦੇਸ਼ ਭੇਜਣ ਬਾਰੇ ਲੋਕ ਗੀਤ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਸਾਡੀਆਂ ਫਿਲਮਾਂ ’ਚ ਕਬੂਤਰਾਂ ਰਾਹੀਂ ਸੰਦੇਸ਼ ਭੇਜਣ ਦੇ ਦਿ੍ਰਸ਼ ਆਮ ਦੇਖਣ ਨੂੰ ਮਿਲ ਜਾਂਦੇ ਹਨ। ਗੀਤਾਂ ਅਤੇ ਲੋਕ ਗੀਤਾਂ ’ਚ ਕਬੂਤਰ ਅਤੇ ਕਾਂ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ।

ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ

ਕੀਹਦੇ ਹੱਥ ਭੇਜਾਂ ਸੁਨੇਹੜੇ ਕੀਹਦੇ ਹੱਥ ਦੱਸਾਂ ਹਾਲ ਕਾਵਾਂ ਹੱਥ ਭੇਜਾਂ ਸੁਨੇਹੜੇ ਕਬੂਤਰਾਂ ਨੂੰ ਦੱਸਾਂ ਹਾਲ।

ਕੋਠੇ ਉੱਤੇ ਮੈਂ ਖੜ੍ਹੀ ਮੇਰੀ ਕੋਈ ਨਾ ਲੱਗਦੀ ਵਾਹ ਕਾਂਵਾਂ ਦੀਆਂ ਆਈਆਂ ਅੱਖੀਆਂ ਕਬੂਤਰਾਂ ਨੂੰ ਭੁੱਲ ਗਏ ਰਾਹ।

ਕਬੂਤਰ ਜਾਹ ਜਾਹ ਜਾ ਕਬੂਤਰ ਜਾਹ’ ਆਦਿ ਬਹੁਤ ਸਾਰੇ ਗੀਤ ਸਾਡਾ ਧਿਆਨ ਖਿੱਚਦੇ ਹਨ।

ਰਾਇਟਰ ਨਿਊਜ਼ ਏਜੰਸੀ ਤੇ ਕਬੂਤਰ

ਰਾਜਾਸ਼ਾਹੀ ਵੇਲੇ ਪੈਦਲ ਜਾਂ ਘੋੜ ਸਵਾਰ ਰਾਹੀਂ ਡਾਕ ਭੇਜੀ ਜਾਂਦੀ ਸੀ। ਫਿਰ ਕਬੂਤਰਾਂ ਰਾਹੀਂ ਚਿੱਠੀਆਂ ਭੇਜੀਆਂ ਜਾਣ ਲੱਗੀਆਂ। ਵਿਸ਼ਵ ਪ੍ਰਸਿੱਧ ਖ਼ਬਰ ਏਜੰਸੀ ਰਾਇਟਰ ਵਲੋਂ ਵੀ ਖ਼ਬਰਾਂ ਅਤੇ ਸੁਨੇਹੇ ਭੇਜਣ ਦਾ ਕੰਮ ਕਬੂਤਰਾਂ ਤੋਂ ਲਿਆ ਜਾਂਦਾ ਰਿਹਾ ਹੈ।

ਥੌਮਸਨ ਰਾਇਟਰਸ ਦੀ ਮਾਲਕੀ ਵਾਲੀ ਇਕ ਕੌਮਾਂਤਰੀ ਸਮਾਚਾਰ ਸੰਸਥਾ ਹੈ। ਇਹ ਸੰਸਥਾ ਦੁਨੀਆ

ਭਰ ਦੇ ਲਗਪਗ 200 ਸਥਾਨਾਂ ’ਤੇ ਲਗਪਗ 2,500 ਪੱਤਰਕਾਰਾਂ ਅਤੇ 600 ਫੋਟੋ ਪੱਤਰਕਾਰਾਂ ਨੂੰ ਨੌਕਰੀ ਪ੍ਰਦਾਨ ਕਰ ਰਹੀ ਹੈ। ਰਾਇਟਰਜ਼ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਖ਼ਬਰ ਏਜੰਸੀਆਂ ਵਿੱਚੋਂ ਇਕ ਹੈ।

ਰਾਇਟਰ ਨਿਊਜ਼ ਏਜੰਸੀ ਦੀ ਸਥਾਪਨਾ ਲੰਡਨ ਵਿਚ 1851 ਵਿਚ ਜਰਮਨ ਮੂਲ ਦੇ ਪੌਲ ਜੂਲੀਅਸ ਰਾਇਟਰ ਦੁਆਰਾ ਕੀਤੀ ਗਈ ਸੀ। ਪਾਲ ਜੂਲੀਅਸ ਬਰਲਿਨ ਵਿਚ ਇਕ ਕਿਤਾਬ ਪ੍ਰਕਾਸ਼ਨ ਫਰਮ ਵਿਚ ਕੰਮ ਕਰਦਾ ਸੀ। ਉਹ 1848 ਵਿਚ ਇਨਕਲਾਬਾਂ ਦੇ ਆਰੰਭਕ ਦੌਰ ਵਿਚ ਰੈਡੀਕਲ ਪਰਚੇ ਵੰਡਣ ਵਿਚ ਸਰਗਰਮ ਰਿਹਾ। ਇਨ੍ਹਾਂ ਪ੍ਰਕਾਸ਼ਨਾਂ ਨੇ ਰਾਇਟਰ ਦਾ ਬਹੁਤ ਧਿਆਨ ਖਿੱਚਿਆ।

ਉਸਨੇ 1850 ਵਿਚ ਆਚਿਨ ਵਿਚ ਘਰੇਲੂ ਕਬੂਤਰ ਅਤੇ ਇਲੈਕਟਿ੍ਰਕ ਟੈਲੀਗ੍ਰਾਫੀ ਦੀ ਵਰਤੋਂ ਕਰਦਿਆਂ ਇਕ ਪ੍ਰੋਟੋਟਾਈਪ ਨਿਊਜ਼ ਸੇਵਾ ਵਿਕਸਤ ਕੀਤੀ। ਬ੍ਰਸੇਲਜ ਅਤੇ ਆਚੇਨ ਦੇ ਵਿਚਕਾਰ ਸੰਦੇਸ਼ਾਂ ਨੂੰ ਸੰਚਾਰਿਤ ਕਰਨ ਲਈ 1851 ਤੋਂ ਟੈਲੀਗ੍ਰਾਫੀ ਵਿਕਸਤ ਹੋਈ।

ਰਾਇਟਰ 1851 ਵਿਚ ਲੰਡਨ ਚਲੇ ਗਏ ਅਤੇ ਲੰਡਨ ਰਾਇਲ ਐਕਸਚੇਂਜ ਵਿਚ ਇਕ ਨਿਊਜ਼ ਵਾਇਰ ਏਜੰਸੀ ਦੀ ਸਥਾਪਨਾ ਕੀਤੀ।

ਰਾਇਟਰ ਦੀ ਕੰਪਨੀ ਨੇ ਸ਼ੁਰੂ ਵਿਚ ਵਪਾਰਕ ਖ਼ਬਰਾਂ, ਸੇਵਾਵਾਂ ਦੇਣ ਵਾਲੇ ਬੈਂਕਾਂ, ਬ੍ਰੋਕਰੇਜ਼ ਹਾਊਸਾਂ ਅਤੇ ਵਪਾਰਕ ਫਰਮਾਂ ਨੂੰ ਸ਼ਾਮਲ ਕੀਤਾ। ਸਬਸਕ੍ਰਾਈਬ ਕਰਨ ਵਾਲਾ ਪਹਿਲਾ ਅਖ਼ਬਾਰ ਕਲਾਇੰਟ 1858 ਵਿਚ ਲੰਡਨ ਮਾਰਨਿੰਗ ਇਸ਼ਤਿਹਾਰਦਾਤਾ ਸੀ। ਐਨਸਾਈਕਲੋਪੀਡੀਆ ਬਿ੍ਰਟੈਨਿਕਾ ਦੇ ਅਨੁਸਾਰ: “ਅਖਬਾਰਾਂ ਲਈ ਰਾਇਟਰਸ ਦਾ ਮੁੱਲ ਇਸ ਦੁਆਰਾ ਪ੍ਰਦਾਨ ਕੀਤੀ ਗਈ ਵਿੱਤੀ ਖ਼ਬਰਾਂ ਵਿਚ ਹੀ ਨਹੀਂ ਬਲਕਿ ਅੰਤਰਰਾਸਟਰੀ ਮਹੱਤਤਾ ਦੀਆਂ ਕਹਾਣੀਆਂ ‘ਤੇ ਰਿਪੋਰਟ ਕਰਨ ਵਾਲੇ ਪਹਿਲੇ ਵਿਅਕਤੀ ਬਣਨ ਦੀ ਯੋਗਤਾ ਵਿੱਚ ਵੀ ਹੈ।’’

ਬਿੱਲਾ ਪਹੁੰਚਾਉਂਦਾ ਸੀ ਚਿੱਠੀਆਂ

ਬਿ੍ਰਟਿਸ਼ ਸਮਾਰਾਜ ਦੀ ਗੁਲਾਮੀ ਦਾ ਜੂਝ ਭਾਰਤ ਦੇ ਗਲੋਂ ਲਾਹੁਣ ਲਈ ਦੇਸ਼ ਭਗਤਾਂ ਨੂੰ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ। ਹਰ ਸਮੇਂ ਚਿੱਟ ਕੱਪੜੀਏ ਪੁਲਸੀਏ ਉਨ੍ਹਾਂ ਦਾ ਪਿੱਛਾ ਕਰਦੇ ਰਹਿੰਦੇ। ਖ਼ੁਫੀਆ ਪੁਲਿਸ ਤੋਂ ਬਚਣ ਲਈ ਦੇਸ਼ ਭਗਤ ਕੋਈ ਨਾ ਕੋਈ ਰਾਹ ਲੱਭ ਲੈਂਦੇ। ਸਾਥੀਆਂ ਨਾਲ ਸੰਪਰਕ ਕਾਇਮ ਕਰਨ ਲਈ ਜਿਹੜੇ ਢੰਗ ਅਪਣਾਏ ਜਾਂਦੇ ਉਨ੍ਹਾਂ ਵਿਚ ਇਕ ਬਿੱਲੇ ਦੀ ਭੂਮਿਕਾ ਬੜੀ ਅਹਿਮ ਮੰਨੀ ਜਾਂਦੀ ਹੈ।

ਕਹਿੰਦੇ ਹਨ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਅਹਿਮ ਰੋਲ ਨਿਭਾਉਣ ਵਾਲੇ ਅਤੇ ਪੈਪਸੂ ਦੀ ਮੁਜ਼ਾਰਾ ਲਹਿਰ ਦੇ ਸਿਰਕੱਢ ਆਗੂ ਬਣੇ ਤੇਜਾ ਸਿੰਘ ਸੁਤੰਤਰ ਜਦੋਂ ਮੁਲਤਾਨ ਦੀ ਜ਼ੇਲ੍ਹ ਵਿਚ ਬੰਦ ਸਨ ਤਾਂ ਉਨ੍ਹਾਂ ਨੇ ਇਕ ਬਿੱਲਾ ਪਾਲਿਆ ਹੋਇਆ ਸੀ। ਉਹ ਉਸ ਦੇ ਗਲ ਵਿਚ ਚਿੱਠੀ ਬੰਨ੍ਹ ਕੇ ਬਾਹਰ ਚਾਹ ਵਾਲੇ ਕੋਲ ਭੇਜ ਦਿੰਦੇ, ਜਿੱਥੋਂ ਉਹ ਦੂਜੇ ਦੇਸ਼ ਭਗਤਾਂ ਨੂੰ ਮਿਲ ਜਾਂਦੀ।

ਡਾਕ ਸੇਵਾ ਦਾ ਪਿਛੋਕੜ

ਭਾਰਤ ਕੋਲ ਵਿਸ਼ਵ ਦੀ ਸਭ ਤੋਂ ਵਿਸ਼ਾਲ ਡਾਕ ਪ੍ਰਣਾਲੀ ਹੈ ਜੋ ਕਿ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਦੇ ਅਧਿਕਾਰ ਖੇਤਰ ਵਿਚ ਹੈ। ਵਾਰੇਨ ਹੇਸਟਿੰਗਜ ਨੇ ਈਸਟ ਇੰਡੀਆ ਕੰਪਨੀ ਅਧੀਨ ਪਹਿਲੀ ਵਾਰ 1766 ਵਿਚ ਦੇਸ਼ ਵਿਚ ਡਾਕ ਸੇਵਾ ਸ਼ੁਰੂ ਕਰਨ ਦੀ ਪਹਿਲ ਕੀਤੀ ਸੀ। ਇਸ ਨੂੰ ਸ਼ੁਰੂ ਵਿਚ “ਕੰਪਨੀ ਮੇਲ’’ ਦੇ ਨਾਂ ਨਾਲ ਸਥਾਪਤ ਕੀਤਾ ਗਿਆ ਸੀ। ਬਾਅਦ ਵਿਚ ਇਸ ਨੂੰ ਲਾਰਡ ਡਲਹੌਜ਼ੀ ਦੁਆਰਾ 1854 ਵਿਚ ਇਕ ਸੇਵਾ ਵਿਚ ਬਦਲਿਆ ਗਿਆ ਸੀ।

ਡਲਹੌਜ਼ੀ ਨੇ ਇਕਸਾਰ ਡਾਕ ਦਰਾਂ (ਯੂਨੀਵਰਸਲ ਸਰਵਿਸ) ਦੀ ਸ਼ੁਰੂਆਤ ਕੀਤੀ ਅਤੇ ਇੰਡੀਆ ਪੋਸਟ ਆਫਿਸ ਐਕਟ 1854 ਨੂੰ ਪਾਸ ਕਰਨ ਵਿਚ ਸਹਾਇਤਾ ਕੀਤੀ। ਇਸ ਨਾਲ 1837 ਦੇ ਪੋਸਟ ਆਫਿਸ ਐਕਟ ਵਿਚ ਮਹੱਤਵਪੂਰਨ ਸੁਧਾਰ ਹੋਇਆ। ਜਿਸਨੇ ਭਾਰਤ ਵਿਚ ਬਕਾਇਦਾ ਤੌਰ ’ਤੇ ਡਾਕਘਰਾਂ ਦੀ ਸ਼ੁਰੂਆਤ ਕੀਤੀ ਸੀ। ਇਸ ਨੇ ਸਮੁੱਚੇ ਦੇਸ਼ ਲਈ ਪੋਸਟ ਦੇ ਡਾਇਰੈਕਟਰ ਜਨਰਲ ਪੋਸਟ ਦੀ ਸਥਿਤੀ ਬਣਾਈ।

ਕੋਸ ਮੀਨਾਰ

ਮੁਗ਼ਲ ਬਾਦਸ਼ਾਹ ਅਕਬਰ ਤੋਂ ਬਾਅਦ ਸ਼ਹਿਨਸ਼ਾਹ ਜਹਾਂਗੀਰ ਤੇ ਸ਼ਾਹ ਜਹਾਨ ਦੇ ਸ਼ਾਸਨਕਾਲ ਵੇਲੇ ਦੇ ਸੜਕੀ ਤੇ ਡਾਕ ਸਿਸਟਮ ਦੀ ਗਵਾਹੀ ਭਰ ਰਹੇ ਹਨ ਕੋਸ ਮਿਨਾਰ। ਉਨ੍ਹਾਂ ਵਿੱਚੋਂ ਇਕ ਕੋਸ ਮੀਨਾਰ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੇ ਪੁਰਾਣੇ ਜੀਟੀ ਰੋਡ ’ਤੇ ਸਥਿਤ ਹੈ, ਜਿਸ ਦੇ ਰਾਹ ਵਿਚ ਨਕੋਦਰ, ਨੂਰਮਹਿਲ ਤੇ ਫਿਲੌਰ ਕਸਬੇ ਪੈਂਦੇ ਸਨ। ਇਤਿਹਾਸਕ ਤੱਥ ਦੱਸਦੇ ਹਨ ਕਿ ਕੋਸ ਮੀਨਾਰ 16ਵੀਂ ਸਦੀ ਵਿਚ ਅਫਗਾਨ ਤੋਂ ਭਾਰਤ ’ਚ ਆਏ ਵਿਦੇਸ਼ੀ ਹਮਲਾਵਰ ਸ਼ਾਸਕ ਸ਼ੇਰ ਸ਼ਾਹ ਸੂਰੀ ਅਤੇ ਬਾਅਦ ਵਿਚ ਮੁਗ਼ਲ ਬਾਦਸ਼ਾਹਾਂ ਨੇ ਉਸਾਰੇ ਸਨ। ਇਹ ਕੋਸ ਮੀਨਾਰ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੇ ਪੁਰਾਣੇ ਜੀਟੀ ਰੋਡ ’ਤੇ ਇਕ-ਇਕ ਕੋਹ ਦੀ ਦੂਰੀ ’ਤੇ ਬਣਾਏ ਗਏ ਸਨ ਜੋ ਕਿ ਮੁਗ਼ਲ ਬਾਦਸ਼ਾਹਾਂ ਵੱਲੋਂ ਆਪਣੇ ਲਾਮ-ਲਸ਼ਕਰ ਸਮੇਤ ਸਫ਼ਰ ਦੀ ਅਗਵਾਈ ਕਰਨ ਵਾਲੇ ਸਿਪਾਹ-ਸਲਾਰਾਂ ਲਈ ਰਾਹ-ਦਸੇਰੇ ਦਾ ਕੰਮ ਕਰਦੇ ਸਨ। ਇਨ੍ਹਾਂ ਕੋਸ ਮੀਨਾਰਾਂ ਨੂੰ ਦੇਖ ਕੇ ਹੀ ਸਫ਼ਰ ਅੱਗੇ ਵਧਾਇਆ ਜਾਂਦਾ ਸੀ ਕਿਉਂਕਿ ਇਲਾਕੇ ਵਿਚ ਜ਼ਿਆਦਾਤਰ ਜੰਗਲ ਹੀ ਹੁੰਦੇ ਸੀ ਅਤੇ ਇਹ ਕੋਸ ਮੀਨਾਰ ਆਬਾਦੀ ਵਾਲੀਆਂ ਥਾਵਾਂ ਤੋਂ ਥੋੜ੍ਹੇ ਹਟਵੇਂ ਹੁੰਦੇ ਸਨ। ਇਹ ਕੋਸ ਮੀਨਾਰ ਛੋਟੀਆਂ ਇੱਟਾਂ ਦੇ ਉਸਾਰੇ ਗਏ ਸਨ, ਜਿਨ੍ਹਾਂ ਉੱਪਰ ਚੂਨੇ ਤੇ ਹੋਰ ਸਮੱਗਰੀ ਨਾਲ ਪਲੱਸਤਰ ਕੀਤਾ ਹੋਇਆ ਸੀ। ਇਹ ਮਜ਼ਬੂਤ ਗੋਲ ਥੰਮ੍ਹ ਹੈ, ਜਿਹੜਾ ਕਿ ਇੱਟਾਂ ਦੇ ਬਣਾਏ ਗਏ ਥੜੇ੍ਹ ਉੱਪਰ ਉਸਾਰਿਆ ਹੋਇਆ ਹੈ ਜੋ ਕਿ ਕਰੀਬ 20 ਤੋਂ 30 ਫੁੱਟ ਉੱਚੇ ਸਨ। ਮੁਗ਼ਲ ਕਾਲ ’ਚ ਇਹ ਕੋਸ ਮੀਨਾਰ ਆਵਾਜਾਈ ਅਤੇ ਡਾਕ ਆਦਿ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਸਨ। ਕੋਸ ਮੀਨਾਰਾਂ ਵਿਚਾਲੇ ਦੂਰੀ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖੋ-ਵੱਖਰੇ ਅੰਦਾਜ਼ੇ ਤੇ ਵਿਚਾਰ ਮਿਲਦੇ ਹਨ। ਇਨ੍ਹਾਂ ਵਿਚਾਲੇ ਦੂਰੀ ਬਾਰੇ 1.8 ਕਿਲੋਮੀਟਰ, 3.2 ਕਿਲੋਮੀਟਰ ਅਤੇ 4.17 ਕਿਲੋਮੀਟਰ ਦਾ ਜ਼ਿਕਰ ਮਿਲਦਾ ਹੈ। ਪੁਰਾਤਤਵ ਸਰਵੇ ਆਫ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਹਰਿਆਣਾ ਵਿਚ 49 ਦੇ ਕਰੀਬ ਮੀਨਾਰ ਹਾਲੇ ਵੀ ਮੌਜੂਦ ਹਨ ਜਦੋਂਕਿ ਪੰਜਾਬ ਵਿਚ ਅੰਮਿ੍ਰਤਸਰ, ਤਰਨਤਾਰਨ, ਕਪੂਰਥਲਾ, ਜਲੰਧਰ ਤੇ ਲੁਧਿਆਣਾ ਜ਼ਿਲ੍ਹਿਆਂ ਵਿਚ 11 ਦੇ ਕਰੀਬ ਕੋਸ ਮੀਨਾਰ ਮੌਜੂਦ ਹਨ। ਇਨ੍ਹਾਂ ਵਿੱਚੋਂ ਪੰਜ ਲੁਧਿਆਣਾ ਜ਼ਿਲ੍ਹੇ ’ਚ ਹਨ ਜਦੋਂਕਿ ਸੁਲਤਾਨਪੁਰ ਲੋਧੀ, ਮੱਲ੍ਹੀਆਂ ਕਲਾਂ ਨਕੋਦਰ, ਲਸ਼ਕਰ ਖਾਂ ਸਰਾਂ ਕੋਟ ਪਨੇਚ ਲੁਧਿਆਣਾ, ਰਾਜਾ ਤਾਲ, ਭਰੋਵਾਲ ਤੇ ਸਰਾਏ ਅਮਾਨਤ ਖ਼ਾਂ ਤਰਨਤਾਰਨ ਦਾ ਜ਼ਿਕਰ ਮਿਲਦਾ ਹੈ। ਇਹ ਸ਼ਾਹ ਮਾਰਗ ਨਾ ਸਿਰਫ਼ ਮੁਗ਼ਲ ਬਾਦਸ਼ਾਹਾਂ, ਉਨ੍ਹਾਂ ਦੀਆਂ ਬੇਗਮਾਂ, ਸਿਪਾਹ-ਸਲਾਰਾਂ, ਫ਼ੌਜਾਂ, ਮੁਸਾਫਿਰਾਂ ਲਈ ਮਹੱਤਵਪੂਰਨ ਸਨ ਬਲਕਿ ਇਨ੍ਹਾਂ ਰਸਤੇ ਸਾਮਾਨ ਦੀ ਢੋਆ-ਢੁਆਈ ਵੀ ਕੀਤੀ ਜਾਂਦੀ ਸੀ।

ਸ਼ਾਨ ਗੁਆ ਰਹੇ ਨੇ ਲੈਟਰ ਬਾਕਸ

ਡਾਕ ਵਿਭਾਗ ਵੱਲੋਂ ਚਿੱਠੀਆਂ ਪਾਉਣ ਲਈ ਲਗਾਏ ਗਏ ਲੈਟਰ ਬਾਕਸ ਹੁਣ ਆਪਣੀ ਪਹਿਲਾਂ ਵਾਲੀ ਸ਼ਾਨ ਗੁਆ ਚੁੱਕੇ ਹਨ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ੳੱੁਤੇ ਲਗਾਏ ਜਾਂਦੇ ਇਹ ਬਕਸੇ ਕਦੇ ਚਿੱਠੀ ਪਾਉਣ ਦੇ ਚਾਹਵਾਨਾਂ ਲਈ ਖਿੱਚ ਦਾ ਕੇਂਦਰ ਹੁੰਦੇ ਸਨ। ਇਕ ਖ਼ਾਸ ਬਣਤਰ ਵਾਲੇ ਇਹ ਬਕਸੇ ਜਿਨ੍ਹਾਂ ਵਿਚ ਬਰਸਾਤ ਸਮੇਂ ਪਾਣੀ ਪੈਣ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਹੁੰਦੀਆਂ ਸਨ ਹੁਣ ਬੇਰੌਣਕੀ ਹੰਢਾ ਰਹੇ ਹਨ ।

ਵਿਸ਼ਾਲ ਨੈੱਟਵਰਕ

ਦੇਸ਼ ਨੂੰ 23 ਡਾਕ ਸਰਕਲਾਂ ਵਿਚ ਵੰਡਿਆ ਗਿਆ ਹੈ, ਹਰੇਕ ਸਰਕਲ ਦੀ ਅਗਵਾਈ ਇਕ ਮੁੱਖ ਪੋਸਟ ਮਾਸਟਰ ਜਨਰਲ ਕਰਦਾ ਹੈ। ਹਰੇਕ ਸਰਕਲ ਨੂੰ ਖੇਤਰਾਂ ਵਿਚ ਵੰਡਿਆ ਜਾਂਦਾ ਹੈ, ਜਿਸਦੀ ਅਗਵਾਈ ਇਕ ਪੋਸਟਮਾਸਟਰ ਜਨਰਲ ਕਰਦਾ ਹੈ ਅਤੇ ਇਸ ਵਿਚ ਫੀਲਡ ਯੂਨਿਟਾਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਨੂੰ ਡਿਵੀਜ਼ਨਾਂ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਡਿਵੀਜ਼ਨਾਂ ਨੂੰ ਅੱਗੇ ਸਬ -ਡਿਵੀਜ਼ਨਾਂ ਵਿਚ ਵੰਡਿਆ ਗਿਆ ਹੈ। 23 ਸਰਕਲਾਂ ਤੋਂ ਇਲਾਵਾ, ਭਾਰਤ ਦੇ ਆਰਮਡ ਫੋਰਸਿਜ ਫੋਰਸ ਨੂੰ ਇਕ ਡਾਇਰੈਕਟਰ ਜਨਰਲ ਦੀ ਅਗਵਾਈ ਵਿਚ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਆਧਾਰ ਸਰਕਲ ਹੈ। ਜਾਣਕਾਰੀ ਅਨੁਸਾਰ ਸਮੁੱਚੇ ਦੇਸ਼ ’ਚ 1,55,015 ਡਾਕਘਰਾਂ ਦਾ ਜਾਲ ਫੈਲਿਆ ਹੋਇਆ ਹੈ ਜਿਨ੍ਹਾਂ ਵਿੱਚੋਂ 1,39,144 ਡਾਕਘਰ ਪੇਂਡੂ ਖੇਤਰਾਂ ਵਿਚ ਹਨ। ਅਜ਼ਾਦੀ ਸਮੇਂ ਦੇਸ਼ ਵਿਚ ਕੁਲ 23,344 ਡਾਕਘਰ ਸਨ। ਇਸ ਤਰ੍ਹਾਂ ਦੇਸ਼ ਵਿਚ ਡਾਕ ਨੈੱਟਵਰਕ ਤੇਜ਼ੀ ਨਾਲ ਵਧਿਆ ਹੈ।

ਕਿਹੜੀਆਂ ਸੇਵਾਵਾਂ ਦਿੰਦਾ ਹੈ ਡਾਕ ਵਿਭਾਗ

ਭਾਰਤ ’ਚ ਦੁਨੀਆ ਦਾ ਸਭ ਤੋਂ ਵੱਡਾ ਡਾਕ ਨੈੱਟਵਰਕ ਹੈ। ਡਾਕ ਵਿਭਾਗ ਮੇਲ (ਪੋਸਟ) ਪਹੁੰਚਾਉਣ, ਮਨੀ ਆਰਡਰ ਦੁਆਰਾ ਪੈਸੇ ਭੇਜਣ, ਛੋਟੀਆਂ ਬੱਚਤ ਯੋਜਨਾਵਾਂ ਅਧੀਨ ਜਮ੍ਹਾਂ ਰਕਮ ਸਵੀਕਾਰ ਕਰਨ, ਡਾਕ ਜੀਵਨ ਬੀਮਾ (ਪੀਐੱਲਆਈ) ਅਤੇ ਪੇਂਡੂ ਡਾਕ ਜੀਵਨ ਬੀਮਾ (ਆਰਪੀਐਲਆਈ) ਦੇ ਅਧੀਨ ਜੀਵਨ ਬੀਮਾ ਕਵਰੇਜ ਪ੍ਰਦਾਨ ਕਰਨ ਅਤੇ ਬਿੱਲ ਸੰਗ੍ਰਹਿ ਵਰਗੀਆਂ ਪ੍ਰਚੂਨ ਸੇਵਾਵਾਂ ਪ੍ਰਦਾਨ ਕਰਨ ਵਿਚ ਸ਼ਾਮਲ ਹੈ। ਫਾਰਮ ਆਦਿ ਦੀ ਵਿਕਰੀ, ਭਾਰਤ ਸਰਕਾਰ ਦੇ ਨਾਗਰਿਕਾਂ ਲਈ ਬੁਢਾਪਾ ਪੈਨਸ਼ਨ ਭੁਗਤਾਨਾਂ ਅਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ ਵੀ ਇਸ ਦੇ ਕੰਮ ’ਚ ਸ਼ਾਮਲ ਹਨ। 154,965 ਡਾਕਘਰਾਂ ਨਾਲ ਤਨਖਾਹ ਵੰਡਣ ਦੇ ਰੂਪ ਵਿਚ ਭਾਰਤ ਸਰਕਾਰ ਦੇ ਏਜੰਟ ਵਜੋਂ ਵੀ ਕੰਮ ਕਰਦਾ ਹੈ।

ਭਾਰਤ ਵਿਚ 23 ਪੋਸਟਲ ਸਰਕਲ ਅਤੇ 9 ਡਾਕ

ਜ਼ੋਨ ਹਨ ਜਿਨ੍ਹਾਂ ਵਿਚ ਆਰਮੀ ਪੋਸਟ ਆਫਿਸ ਵੀ ਸ਼ਾਮਲ ਹੈ। ਭਾਰਤੀ ਡਾਕਘਰ 6 ਅੰਕਾਂ ਦੇ ਪਿੰਨ ਕੋਡ

ਪ੍ਰਣਾਲੀ ਤਹਿਤ ਕੰਮ ਕਰਦੇ ਹਨ। ਪਿੰਨਕੋਡ ਵਿਚ ਪਿੰਨ ਦਾ ਮਤਲਬ ਹੈ ਪੋਸਟਲ ਇੰਡੈਕਸ ਨੰਬਰਸ਼ ਇਹ 6-ਅੰਕਾਂ ਦੀ ਪਿੰਨ ਪ੍ਰਣਾਲੀ ਹੈ ਜਿਸ ਰਾਹੀਂ ਸਮੁੱਚੇ ਦੇਸ਼ ਵਿਚ ਡਾਕ ਦੀ ਛਾਂਟੀ ਕੀਤੀ ਜਾਂਦੀ ਹੈ। ਇਹ ਪਿੰਨ ਕੋਡ ਪ੍ਰਣਾਲੀ 15 ਅਗਸਤ 1972 ਨੂੰ ਕੇਂਦਰੀ ਸੰਚਾਰ ਮੰਤਰਾਲੇ ਦੇ ਵਧੀਕ ਸਕੱਤਰ ਸ੍ਰੀਰਾਮ ਭੀਕਾਜੀ ਵੈਲੰਕਰ ਦੁਆਰਾ ਪੇਸ਼ ਕੀਤੀ ਗਈ ਸੀ। ਪਿੰਨ ਕੋਡ ਦਾ ਪਹਿਲਾ ਅੰਕ ਖੇਤਰ ਨੂੰ ਦਰਸਾਉਂਦਾ ਹੈ। ਦੂਜਾ ਅੰਕ ਉਪ-ਖੇਤਰ ਨੂੰ ਦਰਸਾਉਂਦਾ ਹੈ। ਤੀਜਾ ਅੰਕ ਜ਼ਿਲ੍ਹੇ ਨੂੰ ਦਰਸਾਉਂਦਾ ਹੈ। ਆਖ਼ਰੀ ਤਿੰਨ ਅੰਕ ਡਾਕਖਾਨੇ ਨੂੰ ਦਿਖਾਉਂਦੇ ਹਨ ਜਿਸ ਦੇ ਅਧੀਨ ਇਕ ਖ਼ਾਸ ਪਤਾ ਆਉਂਦਾ ਹੈ।

ਪਹਿਲਾ ਅੰਕ ਖੇਤਰ ਰਾਜ ਨੂੰ ਕਵਰ ਕਰਦਾ ਹੈ। ਇਸ ਤਰ੍ਹਾਂ ਹਨ 9 ਡਾਕ ਜ਼ੋਨ

1 ਉੱਤਰੀ-

ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ

2 ਉੱਤਰੀ-

ਉੱਤਰ ਪ੍ਰਦੇਸ਼ ਅਤੇ ਉੱਤਰਾਂਚਲ

3 ਪੱਛਮੀ-

ਰਾਜਸਥਾਨ ਅਤੇ ਗੁਜਰਾਤ

4 ਪੱਛਮੀ-

ਮਹਾਰਾਸਟਰ, ਮੱਧ ਪ੍ਰਦੇਸ ਅਤੇ ਛੱਤੀਸਗੜ੍ਹ

5 ਦੱਖਣੀ-

ਆਂਧਰਾ ਪ੍ਰਦੇਸ਼ ਅਤੇ ਕਰਨਾਟਕ

6 ਦੱਖਣੀ-

ਕੇਰਲ ਅਤੇ ਤਾਮਿਲਨਾਡੂ

7 ਪੂਰਬੀ-

ਪੱਛਮੀ ਬੰਗਾਲ, ਉੜੀਸਾ ਅਤੇ ਉੱਤਰ ਪੂਰਬੀ

8 ਪੂਰਬੀ-

ਬਿਹਾਰ ਅਤੇ ਝਾਰਕੰਡ

9 ਏਪੀਐਸ-

ਆਰਮੀ ਡਾਕ ਸੇਵਾ

ਪਿੰਨ ਸਰਕਲ ਦੇ ਪਹਿਲੇ 2 ਅੰਕ ਹੇਠਾਂ ਦਰਸਾਏ ਗਏ ਹਨ।

ਪਹਿਲੇ 2 ਅੰਕ

11 ਦਿੱਲੀ

12 ਅਤੇ 13 ਹਰਿਆਣਾ

14 ਤੋਂ 16 ਪੰਜਾਬ

17 ਹਿਮਾਚਲ ਪ੍ਰਦੇਸ਼

18 ਤੋਂ 19 ਜੰਮੂ ਅਤੇ ਕਸ਼ਮੀਰ

20 ਤੋਂ 28 ਉੱਤਰ ਪ੍ਰਦੇਸ਼ ਅਤੇ ਉੱਤਰਾਂਚਲ

30 ਤੋਂ 34 ਰਾਜਸਥਾਨ

36 ਤੋਂ 39 ਗੁਜਰਾਤ

40 ਤੋਂ 44 ਮਹਾਰਾਸ਼ਟਰ

45 ਤੋਂ 49 ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ

50 ਤੋਂ 53 ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ

56 ਤੋਂ 59 ਕਰਨਾਟਕ

60 ਤੋਂ 64 ਤਾਮਿਲਨਾਡੂ

67 ਤੋਂ 69 ਕੇਰਲਾ

70 ਤੋਂ 74 ਪੱਛਮੀ ਬੰਗਾਲ

75 ਤੋਂ 77 ਉੜੀਸਾ

78 ਅਸਾਮ

79 ਉੱਤਰ ਪੂਰਬੀ

80 ਤੋਂ 85 ਬਿਹਾਰ ਅਤੇ ਝਾਰਖੰਡ

90 ਤੋਂ 99 ਆਰਮੀ ਪੋਸਟਲ ਸਰਵਿਸ (ਏਪੀਐਸ)

ਇਸ ਤਰ੍ਹਾਂ ਡਾਕ ਵਿਭਾਗ ਆਉਣ ਵਾਲੀਆਂ ਮੇਲਾਂ ਦੀ ਛਾਂਟੀ ਕਰਦਾ ਹੈ ਅਤੇ ਉਨ੍ਹਾਂ ਨੂੰ ਸਹੀ ਡਾਕਘਰ ਦੇ ਰਾਹ ਤੋਰਦਾ ਹੈ।

- ਬਿੰਦਰ ਬਸਰਾ

Posted By: Harjinder Sodhi