ਯੋਗ ਪ੍ਰਾਚੀਨ ਕਾਲ ਤੋਂ ਭਾਰਤੀ ਰੂਹਾਨੀ ਚੇਤਨਾ ਦਾ ਕੇਂਦਰ ਬਿੰਦੂ ਰਿਹਾ ਹੈ। ਇਸ ਦੇ ਸੂਤਰਧਾਰ ਪਰਮ-ਯੋਗੀ ਭਗਵਾਨ ਸ਼ਿਵ ਹਨ। ਯੋਗ ਸ਼ਬਦ ਦਾ ਇਸਤੇਮਾਲ ਵੱਖ-ਵੱਖ ਅਰਥਾਂ ਵਿਚ ਹੁੰਦਾ ਰਿਹਾ ਹੈ। ਸਮਾਧੀ ਅਰਥ ਵਿਚ ਇਸ ਦੀ ਵਰਤੋਂ ਆਤਮਾ ਅਤੇ ਪਰਮਾਤਮਾ ਨਾਲ ਇਕਮਿਕ ਹੋ ਕੇ ਉਸ ਨਾਲ ਜਾਣ-ਪਛਾਣ ਕਰ ਲੈਣੀ ਹੈ। ਅਗਨੀਪੁਰਾਣ ਵਿਚ ਵੀ ਮਨ ਅਤੇ ਆਤਮਾ ਅਤੇ ਆਤਮਾ ਤੇ ਪਰਮਾਤਮਾ ਦੇ ਸੰਯੋਗ ਨੂੰ ਯੋਗ ਕਿਹਾ ਗਿਆ ਹੈ। ਸਾਂਖਯਦਰਸ਼ਨ ਅਨੁਸਾਰ ਕੁਦਰਤ ਅਤੇ ਪੁਰਸ਼ ਦਾ ਫ਼ਰਕ ਹੋਣ ’ਤੇ ਵੀ ਪੁਰਸ਼ ਦਾ ਆਤਮ-ਸਰੂਪ ਵਿਚ ਸਥਿਤ ਹੋ ਜਾਣਾ ਯੋਗ ਕਹਾਉਂਦਾ ਹੈ। ਕਠੋਰਪਨਿਸ਼ਦ ਮੁਤਾਬਕ ਜਦ ਇੰਦਰੀਆਂ ਮਨ ਦੇ ਨਾਲ ਅਤੇ ਮਨ ਨਿਰੰਤਰ ਬੁੱਧੀ ਦੇ ਨਾਲ ਸਥਿਰ ਹੋ ਜਾਂਦਾ ਹੈ ਤਾਂ ਇਹ ਅਵਸਥਾ ਯੋਗ ਦੀ ਹੁੰਦੀ ਹੈ। ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਨੇ ‘ਯੋਗ: ਕਰਮਸੁ ਕੌਸ਼ਲਮ’ ਕਹਿ ਕੇ ਯੋਗ ਦਾ ਜੋ ਸਰੂਪ ਅਰਜੁਨ ਦੇ ਸਾਹਮਣੇ ਪੇਸ਼ ਕੀਤਾ ਹੈ, ਉਹ ਆਮ ਲੋਕਾਂ ਦੇ ਸਭ ਤੋਂ ਨੇੜੇ ਹੈ। ਕੋਈ ਵੀ ਮਨੁੱਖ ਇਕਾਗਰ ਚਿੱਤ ਹੋ ਕੇ ਨਿਸ਼ਕਾਮ ਭਾਵ ਨਾਲ ਕਰਮ ਕਰਦੇ ਹੋਏ ਯੋਗ ਨੂੰ ਸਿੱਧ ਕਰ ਸਕਦਾ ਹੈ। ਯੋਗਸੂਤਰ ਦੇ ਰਚੇਤਾ ਮਹਾਰਿਸ਼ੀ ਪਤੰਜਲੀ ਸੰਯਮਨ ਅਰਥ ਵਿਚ ਚਿੱਤਰਵ੍ਰਿਤੀਆਂ ਦੇ ਨਿਰੋਧ ਨੂੰ ਯੋਗ ਕਹਿੰਦੇ ਹਨ। ਉਨ੍ਹਾਂ ਅਨੁਸਾਰ ਯਮ, ਨਿਯਮ, ਆਸਣ, ਧਿਆਨ, ਧਾਰਨਾ ਆਦਿ ਅੱਠ ਅੰਗਾਂ ਤੋਂ ਉਤਪੰਨ ਪ੍ਰਾਣਾਯਾਮ ਦੀਆਂ ਵੱਖ-ਵੱਖ ਕਿਰਿਆਵਾਂ ਯੋਗ ਕਹਾਉਂਦੀਆਂ ਹਨ। ਇਸ ਨਾਲ ਚਿੱਤ ਦੀ ਇਕਾਗਰਤਾ ਵਧਦੀ ਹੈ। ਬੁੱਧੀ ਵਿਚ ਸਥਿਰਤਾ ਆਉਂਦੀ ਹੈ। ਚਿੰਤਨ ਸ਼ਾਨਦਾਰ ਹੁੰਦਾ ਹੈ। ਮਨ ਵਿਚ ਸਦਵਿਚਾਰਾਂ ਦਾ ਉਦੈ ਹੁੰਦਾ ਹੈ। ਨਾਂਹ-ਪੱਖੀ ਬਿਰਤੀਆਂ ਖ਼ੁਦ-ਬ-ਖ਼ੁਦ ਸਮਾਪਤ ਹੋ ਜਾਂਦੀਆਂ ਹਨ। ਨਤੀਜਾ ਆਤਮਿਕ ਤੇ ਸਰੀਰਕ ਸ਼ਕਤੀਆਂ ’ਚ ਵਾਧੇ ਦੇ ਰੂੁਪ ਵਿਚ ਨਿਕਲਦਾ ਹੈ। ਇਸ ਨਾਲ ਅਸੀਮ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਫਿਰ ਉਹ ਸੱਚੇ ਸੰਕਲਪ ਦੇ ਨਾਲ ਸੱਚ ਦੇ ਰਸਤੇ ’ਤੇ ਵਧਦਾ ਹੋਇਆ ਮਨੁੱਖੀ ਜੀਵਨ ਦੇ ਹਕੀਕੀ ਉਦੇਸ਼ ਨੂੰ ਹਾਸਲ ਕਰ ਲੈਂਦਾ ਹੈ। ਅਸਲ ਵਿਚ ਯੋਗ ਦੇ ਸਾਰੇ ਸੂਤਰ ਮਜ਼ਬੂਤ ਮਨੁੱਖੀ ਜੀਵਨ ਦੀ ਨੀਂਹ ਹਨ। ਸੋ, ਇਸ ਨੂੰ ਸਮੁੱਚੇ ਸੰਸਾਰ ਨੇ ਆਤਮਸਾਤ ਕੀਤਾ ਹੈ। ਲੰਬੀ ਉਮਰ ਦੀ ਸੰਜੀਵਨੀ ਸ਼ਕਤੀ ਲਈ ਹਰ ਮਨੁੱਖ ਨੂੰ ਯੋਗ ਕਰਨਾ ਚਾਹੀਦਾ ਹੈ। ਇਹੀ ਜੀਵਨ ਨੂੰ ਪੂਰਣਤਾ ਪ੍ਰਦਾਨ ਕਰਦਾ ਹੈ। ਮਨੁੱਖ ਲਈ ਯੋਗ ਇਕ ਅਜਿਹਾ ਈਸ਼ਵਰੀ-ਵਰਦਾਨ ਹੈ ਜਿਸ ਦੇ ਬਲਬੂਤੇ ਉਹ ਈਸ਼ਵਰ ਤੱਤ ਵੱਲ ਦਿਨ-ਬਦਿਨ ਵਧ ਸਕਦਾ ਹੈ।

-ਡਾ. ਸੱਤਿਆ ਪ੍ਰਕਾਸ਼ ਮਿਸ਼ਰ।

Posted By: Jagjit Singh