-ਵਿਜੇ ਕ੍ਰਾਂਤੀ

ਖ਼ੁੁੁਦ ਨੂੰ ਜੀਵਨ ਭਰ ਲਈ ਚੀਨ ਦੇ ਸਰਬਉੱਚ ਅਹੁਦੇ ’ਤੇ ਨਾਮਜ਼ਦ ਕਰਵਾਉਣ ਉੱਤੇ ਉਤਾਰੂ ਸ਼ੀ ਜਿਨਪਿੰਗ ਬੌਖਲਾਹਟ ਵਿਚ ਕਈ ਅਜਿਹੇ ਖ਼ਤਰਨਾਕ ਕਦਮ ਚੁੱਕ ਰਿਹਾ ਹੈ ਜੋ ਸੋਵੀਅਤ ਸੰਘ ਦੀ ਤਰਜ਼ ’ਤੇ ਚੀਨ ਨੂੰ ਟੁਕੜੇ-ਟੁਕੜੇ ਕਰਨ ਦਾ ਕਾਰਨ ਵੀ ਬਣ ਸਕਦੇ ਹਨ। ਚੀਨੀ ਰਾਸ਼ਟਰਪਤੀ ਸਰਬਉੱਚ ਸ਼ਾਸਕ ਦੀ ਗੱਦੀ ਤਾਉਮਰ ਆਪਣੇ ਨਾਂ ਕਰ ਲੈਣ ਲਈ ਇਸ ਹੱਦ ਤਕ ਕਾਹਲਾ ਹੈ ਕਿ ਉਹ ਕਈ ਵਾਰ ਮੌਕੇ ਦੀ ਸ਼ਾਲੀਨਤਾ ਅਤੇ ਆਪਣੇ ਅਹੁਦੇ ਦੀ ਮਾਣ-ਮਰਿਆਦਾ ਵੀ ਭੁੱਲ ਜਾਂਦਾ ਹੈ।

ਜਦ ਚੀਨੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਰੋਹ ਮੌਕੇ ਚੀਨ ਦੀ ਜਨਤਾ ਨੂੰ ਸ਼ੀ ਜਿਨਪਿੰਗ ਮੁਖਾਤਿਬ ਸੀ ਅਤੇ ਦੁਨੀਆ ਭਰ ਦੇ ਲੋਕ ਉਸ ਦੀਆਂ ਗੱਲਾਂ ਸੁਣਨ ਲਈ ਉਤਸੁਕ ਸਨ ਤਦ ਉਸ ਨੇ ਧਮਕੀ ਦੇ ਦਿੱਤੀ ਕਿ ਜੋ ਕੋਈ ਵੀ ਚੀਨ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ, ਉਸ ਦਾ ਸਿਰ ਕੁਚਲ ਕੇ ਲਹੂ-ਲੁਹਾਣ ਕਰ ਦਿੱਤਾ ਜਾਵੇਗਾ।

ਚੀਨ ਦੀ ਆਰਥਿਕ ਅਤੇ ਫ਼ੌਜੀ ਤਾਕਤ ਬਾਰੇ ਜਾਣਨ ਵਾਲਿਆਂ ਨੂੰ ਉਮੀਦ ਨਹੀਂ ਸੀ ਕਿ ਆਪਣੀ ਪਾਰਟੀ ਦੇ ਸ਼ਤਾਬਦੀ ਸਮਾਰੋਹ ਵਰਗੇ ਮਾਣਮੱਤੇ ਮੌਕੇ ’ਤੇ ਰਾਸ਼ਟਰਪਤੀ ਆਪਣੀ ਤਾਕਤ ਦਾ ਅਜਿਹੇ ਹੰਕਾਰੀ ਅੰਦਾਜ਼ ਵਿਚ ਪ੍ਰਦਰਸ਼ਨ ਕਰੇਗਾ। ਸ਼ੀ ਦੇ ਇਸੇ ਹੰਕਾਰ ਨੇ ਲੋਕਾਂ ਨੂੰ ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿਚ ਸੋਵੀਅਤ ਸੰਘ ਦੀ ਯਾਦ ਦਿਵਾ ਦਿੱਤੀ ਜਦ ਸਰਬਉੱਚ ਕਮਿਊਨਿਸਟ ਨੇਤਾ ਨਿਕਿਤਾ ਖਰੁਸ਼ਚੇਵ ਨੇ ਅਜਿਹੇ ਹੀ ਇਕ ਮੌਕੇ ’ਤੇ ਦਹਾੜਦੇ ਹੋਏ ਸਾਰੇ ਪੱਛਮੀ ਮੁਲਕਾਂ ਨੂੰ ਧਮਕੀ ਦੇ ਦਿੱਤੀ ਸੀ, ‘ਤੁਹਾਨੂੰ ਸੁਣ ਕੇ ਚੰਗਾ ਲੱਗੇ ਜਾਂ ਬੁਰਾ ਪਰ ਸੱਚ ਇਹ ਹੈ ਕਿ ਇਤਿਹਾਸ ਸਾਡੇ ਪੱਖ ਵਿਚ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਜ਼ਮੀਨ ਵਿਚ ਗੱਡ ਦਿਆਂਗੇ।’ ਇਤਿਹਾਸ ਜਾਣਦਾ ਹੈ ਕਿ ਉਸ ਤੋਂ ਬਾਅਦ ਕੀ ਹੋਇਆ? ਸੋਵੀਅਤ ਸੰਘ ਦੇ 16 ਟੁਕੜੇ ਹੋ ਗਏ ਅਤੇ ਪੂਰਬੀ ਯੂਰਪ ਤੋਂ ਕਮਿਊਨਿਜ਼ਮ ਦਾ ਸਫਾਇਆ ਹੋ ਗਿਆ।

ਸ਼ੀ ਜਿਨਪਿੰਗ ਚੀਨ ਦੇ ਰਾਸ਼ਟਰਪਤੀ ਹੋਣ ਤੋਂ ਇਲਾਵਾ ਕੇਂਦਰੀ ਕੌਮੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਉਨ੍ਹਾਂ ਕੋਲ ਪਾਰਟੀ, ਦੇਸ਼ ਅਤੇ ਫ਼ੌਜ ਦੇ ਸਭ ਤੋਂ ਉੱਚੇ ਅਹੁਦੇ ਹੋਣ ਕਾਰਨ ਉਨ੍ਹਾਂ ਨੂੰ ਦੇਸ਼ ਦਾ ‘ਪਰਮ ਆਗੂ’ ਵੀ ਕਿਹਾ ਜਾਂਦਾ ਹੈ। ਇੰਨੀ ਤਾਕਤ ਹੋਣ ਕਾਰਨ ਹਉਮੈ ਦਾ ਸ਼ਿਕਾਰ ਹੋਣਾ ਕੁਦਰਤੀ ਵਰਤਾਰਾ ਹੁੰਦਾ ਹੈ। ਚੀਨ ਵਿਚ ਬੋਲਣ ਜਾਂ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਨਹੀਂ ਹੈ। ਕੋਈ ਵੀ ਵਿਰੋਧੀ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਆਵਾਜ਼ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਚੀਨ ਦਾ ਅਰਥਚਾਰਾ ਇਸ ਵੇਲੇ ਬੁਲੰਦੀਆਂ ’ਤੇ ਹੋਣ ਕਾਰਨ ਜਿਨਪਿੰਗ ਦਾ ਹੰਕਾਰ ਸਿਖ਼ਰ ’ਤੇ ਹੈ। ਇਸ ਲਈ ਉਹ ਆਪਣੇ ਗੁਆਂਢੀ ਮੁਲਕਾਂ ਦੀ ਜ਼ਮੀਨ ਹਰ ਹੀਲੇ ਹੜੱਪਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ ਜਿਸ ਦਾ ਸਬੂਤ ਚੀਨ ਦੇ ਆਪਣੇ ਗੁਆਂਢੀ ਮੁਲਕਾਂ ਨਾਲ ਚੱਲ ਰਹੇ ਸਰਹੱਦੀ ਵਿਵਾਦ ਹਨ।

ਦੇਖਿਆ ਜਾਵੇ ਤਾਂ ਚੇਅਰਮੈਨ ਮਾਓ ਤੋਂ ਬਾਅਦ ਚੀਨੀ ਕਮਿਊਨਿਸਟ ਪਾਰਟੀ ਵਿਚ ਇਹੀ ਨਿਯਮ ਬਣਾ ਦਿੱਤਾ ਗਿਆ ਸੀ ਕਿ ਚੀਨੀ ਰਾਸ਼ਟਰਪਤੀ ਅਤੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਕੋਈ ਵੀ ਨੇਤਾ ਪੰਜ-ਪੰਜ ਸਾਲ ਲਈ ਦੋ ਤੋਂ ਵੱਧ ਵਾਰ ਨਹੀਂ ਚੁਣਿਆ ਜਾਵੇਗਾ ਪਰ 2012 ਵਿਚ ਸੱਤਾ ਵਿਚ ਆਏ ਸ਼ੀ ’ਤੇ ਤਾਕਤ ਦਾ ਨਸ਼ਾ ਇਸ ਕਦਰ ਸਵਾਰ ਹੈ ਕਿ ਉਸ ਨੇ 2018 ਵਿਚ ਇਸ ਨਿਯਮ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ 2013 ਵਿਚ ਪਾਰਟੀ ਦੇ ਅੰਦਰ ਜੋੜ-ਤੋੜ ਕਰ ਕੇ ਉਹ ਚੀਨੀ ਫ਼ੌਜ ਦੇ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਅਰਥਾਤ ਮੁੱਖ ਸੈਨਾਪਤੀ ਦਾ ਅਹੁਦਾ ਵੀ ਹਥਿਆ ਚੁੱਕੇ ਸਨ। ਇਸ ਸਾਲ ਅਕਤੂਬਰ ਵਿਚ ਹੋਣ ਜਾ ਰਹੇ ਚੀਨੀ ਕਮਿਊਨਿਸਟ ਪਾਰਟੀ ਦੇ 21ਵੇਂ ਇਜਲਾਸ ਵਿਚ ਉਹ ਅਜਿਹਾ ਪ੍ਰਸਤਾਵ ਪਾਸ ਕਰਨ ਦਾ ਮਾਹੌਲ ਬਣਾਉਣ ਵਿਚ ਰੁੱਝੇ ਹੋਏ ਹਨ ਕਿ ਉਨ੍ਹਾਂ ਨੂੰ ਤਾਉਮਰ ਲਈ ਦੇਸ਼ ਦਾ ਸਰਬਉੱਚ ਨੇਤਾ ਮੰਨ ਲਿਆ ਜਾਵੇ। ਜਾਪਾਨ ਦੇ ਸੇਨਕਾਕੂ ਟਾਪੂ ’ਤੇ ਕਬਜ਼ਾ ਕਰਨ ਨੂੰ ਲੈ ਕੇ ਦੱਖਣੀ ਚੀਨ ਸਾਗਰ ਵਿਚ ਚੀਨੀ ਸਮੁੰਦਰੀ ਤਟ ਤੋਂ ਦੋ-ਤਿੰਨ ਹਜ਼ਾਰ ਕਿਲੋਮੀਟਰ ਦੂਰ ਦੇ ਫਿਲਪੀਨ ਅਤੇ ਬਰੂਨੇਈ ਸਮੇਤ ਦਰਜਨ ਕੁ ਦੇਸ਼ਾਂ ਦੇ ਇਲਾਕਿਆਂ ਨੂੰ ਆਪਣੇ ਦੱਸਣ ਅਤੇ ਹਿੰਦ-ਪ੍ਰਸ਼ਾਂਤ, ਹਿੰਦ ਮਹਾਸਾਗਰ ਅਤੇ ਅਰਬ ਸਾਗਰ ਤਕ ਆਪਣੀ ਸਮੁੰਦਰੀ ਫ਼ੌਜ ਨੂੰ ਤਾਇਨਾਤ ਕਰਨ ਵਰਗੇ ਕਈ ਧੌਂਸ ਵਾਲੇ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਬਲਬੂਤੇ ’ਤੇ ਉਹ ਖ਼ੁਦ ਨੂੰ ਵਿਸ਼ਵ ਜੇਤੂ ਦਿਖਾਉਣ ਵਿਚ ਲੱਗੇ ਹੋਏ ਹਨ।

ਇਹ ਸ਼ੀ ਦੀ ਬਦਕਿਸਮਤੀ ਹੀ ਹੈ ਕਿ ਉਨ੍ਹਾਂ ਦਾ ਕੋਈ ਦਾਅ ਸਿੱਧਾ ਨਹੀਂ ਪੈ ਰਿਹਾ। ਸ਼ੀ ਦਾ ਸਭ ਤੋਂ ਵੱਡਾ ਦਾਅ ਲੱਦਾਖ ’ਤੇ ਹਮਲਾ ਸੀ। ਤਾਕਤ ਦੇ ਨਸ਼ੇ ਵਿਚ ਚੂਰ ਸ਼ੀ ਜਿਨਪਿੰਗ ਨੂੰ ਭਰੋਸਾ ਸੀ ਕਿ ਲੱਦਾਖ ਵਿਚ ਗਲਵਾਨ, ਪੈਂਗੋਂਗ ਝੀਲ, ਹਾਟ ਸਪਰਿੰਗਜ਼ ਅਤੇ ਗੋਗਰਾ ਸਮੇਤ ਕਈ ਸਥਾਨਾਂ ਉੱਤੇ ਹਮਲਾ ਕਰ ਕੇ ਉਹ ਪੂਰਬੀ ਲੱਦਾਖ ਵਿਚ ਭਾਰਤੀ ਫ਼ੌਜ ਨੂੰ ਹਰਾ ਦੇਣਗੇ ਅਤੇ ਸਿਆਂਚਿਨ ਅਤੇ ਦੌਲਤ ਬੇਗ ਓਲਡੀ ਸਮੇਤ ਸਾਰਾ ਪੂਰਬੀ ਲੱਦਾਖ ਚੀਨ ਦਾ ਹੋ ਜਾਵੇਗਾ। ਸ਼ੀ ਜਿਨਪਿੰਗ ਇਹ ਮੰਨ ਬੈਠੇ ਸਨ ਕਿ ਹਾਂਗਕਾਂਗ ’ਤੇ ਬੀਜਿੰਗ ਦੀ ਦਾਦਾਗਿਰੀ ਕਾਇਮ ਹੋਣ ਤੋਂ ਬਾਅਦ ਲੱਦਾਖ ਵਿਚ ਚੀਨ ਦੀ ਇਸ ਜਿੱਤ ਨਾਲ ਉਹ ਚੀਨੀ ਜਨਤਾ ਦੇ ਹੀਰੋ ਬਣ ਜਾਣਗੇ ਅਤੇ ਕਮਿਊਨਿਸਟ ਪਾਰਟੀ ਉਨ੍ਹਾਂ ਦੇ ਸਿਰ ’ਤੇ ਸਰਬਉੱਚ ਨੇਤਾ ਦਾ ਨਵਾਂ ਤਾਜ ਰੱਖ ਦੇਵੇਗੀ ਪਰ ਗਲਵਾਨ ਵਿਚ ਭਾਰਤੀ ਫ਼ੌਜ ਦੇ ਹੱਥੋਂ ਚੀਨੀ ਫ਼ੌਜ ਦੀ ਦੁਰਗਤੀ ਨੇ ਉਨ੍ਹਾਂ ਦੇ ਸੁਪਨੇ ਨੂੰ ਮਿੱਟੀ ਵਿਚ ਮਿਲਾ ਦਿੱਤਾ। ਭਾਰਤ ਦੇ ਹੱਥੋਂ ਸ਼ੀ ਦੀ ਹਾਲ ਹੀ ਵਿਚ ਫਿਰ ਤੋਂ ਕਿਰਕਿਰੀ ਉਦੋਂ ਹੋਈ ਜਦ ਮੋਦੀ ਸਰਕਾਰ ਨੇ ਨਾ ਤਾਂ ਚੀਨੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਰੋਹ ਲਈ ਆਪਣੇ ਕਿਸੇ ਨੇਤਾ ਨੂੰ ਭੇਜਿਆ ਅਤੇ ਨਾ ਹੀ ਸ਼ੀ ਨੂੰ ਵਧਾਈ ਸੰਦੇਸ਼ ਦਿੱਤਾ। ਇਸ ਦੇ ਪੰਜ ਦਿਨ ਬਾਅਦ ਤਿੱਬਤ ਦੇ ਜਲਾਵਤਨ ਹੁਕਮਰਾਨ ਅਤੇ ਧਰਮ ਗੁਰੂ ਦਲਾਈਲਾਮਾ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਫੋਨ ਕਰ ਕੇ ਉਨ੍ਹਾਂ ਨੂੰ ਜਨਮ ਦੀ ਵਧਾਈ ਦੇ ਕੇ ਸ਼ੀ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ।

ਅਮਰੀਕਾ ਨੇ ਵੀ ਦਲਾਈਲਾਮਾ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਅਤੇ ਤਿੱਬਤ ਅਤੇ ਸ਼ਿੰਜਿਆਂਗ ਦੇ ਸਵਾਲ ’ਤੇ ਚੀਨ ਦੀ ਸਖ਼ਤ ਨੁਕਤਾਚੀਨੀ ਕੀਤੀ। ਅਕਤੂਬਰ ਦੇ ਇਜਲਾਸ ਤੋਂ ਪਹਿਲਾਂ ਸ਼ੀ ਨੂੰ ਇਹ ਸਭ ਤੋਂ ਨਾਗਵਾਰ ਗੁਜ਼ਰ ਰਿਹਾ ਹੈ। ਇਸ ਤੋਂ ਖਿਝੀ ਹੋਈ ਚੀਨੀ ਸੱਤਾ ਨੇ ਪਹਿਲਾਂ ਤਾਂ ਭਾਰਤ ਅਤੇ ਅਮਰੀਕਾ ਵਿਰੁੱਧ ਖ਼ੂਬ ਜ਼ਹਿਰ ਉਗਲਿਆ, ਫਿਰ ਗਲੋਬਲ ਟਾਈਮਜ਼ ਭਾਰਤ ਅਤੇ ਚੀਨ ਵਿਚਾਲੇ ਦੋਸਤਾਨਾ ਸਬੰਧਾਂ ਦੀ ਦੁਹਾਈ ਦੇਣ ਬੈਠ ਗਿਆ। ਇਕ ਜੁਲਾਈ ਦੇ ਆਪਣੇ ਭਾਸ਼ਣ ਵਿਚ ਸ਼ੀ ਜਿਨਪਿੰਗ ਨੇ ਤਾਇਵਾਨ ਦਾ ਨਾਂ ਲੈ ਕੇ ਧਮਕੀ ਦਿੱਤੀ ਸੀ ਕਿ ਤਾਇਵਾਨ ਦੇ ਰਲੇਵੇਂ ਨੂੰ ਲੈ ਕੇ ਸਾਡਾ ਇਰਾਦਾ ਇਕਦਮ ਅਟੱਲ ਹੈ ਪਰ ਉਸੇ ਹਫ਼ਤੇ ਜਦ ਚੀਨ ਨੇ ਤਾਇਵਾਨ ਨੂੰ ਧਮਕਾਉਣ ਲਈ ਉਸ ਦੇ ਖੇਤਰ ਵਿਚ ਆਪਣੇ ਜੰਗੀ ਜਹਾਜ਼ ਭੇਜੇ ਤਾਂ ਤਾਇਵਾਨ ਨੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਆਪਣੇ ਜਹਾਜ਼ਾਂ ਨੂੰ ਭੇਜ ਦਿੱਤਾ। ਇਸ ਅਣਕਿਆਸੇ ਜਵਾਬ ਨੇ ਚੀਨੀ ਜਹਾਜ਼ਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।

ਸ਼ੀ ਜਿਨਪਿੰਗ ਇਸ ਤੋਂ ਵੀ ਬਹੁਤ ਪਰੇਸ਼ਾਨ ਹਨ ਕਿ ਜਦ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਉਨ੍ਹਾਂ ਦੀ ਕਈ ਵਾਰ ਕਿਰਕਿਰੀ ਹੋ ਚੁੱਕੀ ਹੈ। ਲੱਦਾਖ ਅਤੇ ਡੋਕਲਾਮ ਵਿਚ ਚੀਨ ਦੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਇਲਾਵਾ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਨਾਲ ਮਿਲ ਕੇ ਕਵਾਡ ਨੂੰ ਨਵਾਂ ਰੂਪ ਦਿੱਤਾ ਅਤੇ ਵੀਅਤਨਾਮ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਦਾ ਸਾਥ ਦੇਣਾ ਸ਼ੁਰੂ ਕੀਤਾ, ਉਹ ਚੀਨ ਨੂੰ ਰਾਸ ਨਹੀਂ ਆ ਰਿਹਾ। ਚੀਨ ਇਸ ਲਈ ਵੀ ਮੁਸ਼ਕਲ ਵਿਚ ਹੈ ਕਿਉਂਕਿ ਦੁਨੀਆ ਇਹ ਮੰਨਣ ਲਈ ਮਜਬੂਰ ਹੋ ਰਹੀ ਹੈ ਕਿ ਕੋਰੋਨਾ ਵਾਇਰਸ ਉਸੇ ਨੇ ਫੈਲਾਇਆ ਸੀ।

ਜ਼ਿਆਦਾਤਰ ਦੇਸ਼ ਚੀਨ ਵਿਰੁੱਧ ਲਾਮਬੰਦ ਹੋਣ ਲੱਗੇ ਹਨ ਅਤੇ ਆਰਥਿਕ-ਵਪਾਰਕ ਖੇਤਰ ਵਿਚ ਇਸ ਦਾ ਅਸਰ ਵੀ ਦਿਖਾਈ ਦੇਣਾ ਸ਼ੁਰੂ ਹੋ ਚੁੱਕਾ ਹੈ। ਹੁਣ ਇਸ ਦਾ ਖ਼ਦਸ਼ਾ ਵਧ ਰਿਹਾ ਹੈ ਕਿ ਚੀਨ ਦਾ ਸਥਾਈ ਸ਼ਾਸਕ ਬਣਨ ਦੀ ਸਨਕ ਵਿਚ ਸ਼ੀ ਜਿਨਪਿੰਗ ਅਕਤੂਬਰ ਤੋਂ ਪਹਿਲਾਂ ਕਿਤੇ ਭਾਰਤ, ਜਾਪਾਨ, ਤਾਇਵਾਨ ਜਾਂ ਵੀਅਤਨਾਮ ਵਰਗੇ ਕਿਸੇ ਮੁਲਕ ਨਾਲ ਕੋਈ ਨਵਾਂ ਫ਼ੌਜੀ ਟਕਰਾਅ ਨਾ ਸ਼ੁਰੂ ਕਰ ਬੈਠਣ। ਜੇਕਰ ਆਪਣੀ ਬੌਖਲਾਹਟ ਵਿਚ ਉਹ ਅਜਿਹਾ ਕਰਨ ਦੀ ਹਿਮਾਕਤ ਕਰਦੇ ਹਨ ਤਾਂ ਉਨ੍ਹਾਂ ਦਾ ਇਹ ਕਦਮ ਚੀਨ ਨੂੰ ਉਸੇ ਤਰ੍ਹਾਂ ਮਹਿੰਗਾ ਪੈ ਸਕਦਾ ਹੈ ਜਿਵੇਂ ਸਾਬਕਾ ਸੋਵੀਅਤ ਸੰਘ ਨੂੰ ਪਿਆ ਸੀ। ਕਿਤੇ ਅਜਿਹਾ ਨਾ ਹੋ ਜਾਵੇ ਕਿ ਦੂਜੇ ਦੇਸ਼ਾਂ ਦੀ ਜ਼ਮੀਨ ਹੜੱਪਣ ਦੇ ਚੱਕਰ ਵਿਚ ਉਹ ਚੀਨ ਨੂੰ ਹੀ ਤੁੜਵਾ ਬੈਠਣ ਅਤੇ ਤਿੱਬਤ, ਸ਼ਿਨਜਿਆਂਗ, ਦੱਖਣੀ ਮੰਗੋਲੀਆ, ਮੰਚੂਰੀਆ ਤੇ ਹਾਂਗਕਾਂਗ ਗੁਆ ਕੇ ਚੀਨ ਦਾ ਹਾਲ ਸਾਬਕਾ ਸੋਵੀਅਤ ਸੰਘ ਵਰਗਾ ਹੋ ਜਾਵੇ।

-(ਤਿੱਬਤ ਤੇ ਚੀਨ ਮਾਮਲਿਆਂ ਦਾ ਮਾਹਿਰ ਤੇ ਸੈਂਟਰ ਫਾਰ ਹਿਮਾਲਿਅਨ ਏਸ਼ੀਆ ਸਟੱਡੀਜ਼ ਐਂਡ ਇਨਗੇਜਮੈਂਟ ਦਾ ਚੇਅਰਮੈਨ)

Posted By: Jatinder Singh