-ਸਰਵਣ ਸਿੰਘ ਭੰਗਲਾਂ

ਪੰਜਾਬੀ ਸਾਹਿਤ ਜਗਤ ਦੇ ਧਰੂ ਤਾਰੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਅੰਬਰੋਂ ਟੁੱਟ ਜਾਣ ਕਾਰਨ ਜੋ ਘਾਟਾ ਸਾਹਿਤ ਜਗਤ ਨੂੰ ਪਿਆ ਹੈ ਉਸ ਦੀ ਭਰਪਾਈ ਸ਼ਾਇਦ ਹੀ ਕਦੇ ਕੀਤੀ ਜਾ ਸਕੇ। ਪ੍ਰੋ. ਨੌਸ਼ਹਿਰਵੀ ਨੂੰ ਪੰਜਾਬੀ ਸਾਹਿਤ ਨਾਲ ਅੰਤਾਂ ਦਾ ਇਸ਼ਕ ਸੀ। ਉਨ੍ਹਾਂ ਦੀ ਇਹ ਖ਼ਾਸੀਅਤ ਸੀ ਕਿ ਉਹ ਜਦੋਂ ਵੀ ਕਿਸੇ ਇਨਸਾਨ ਦੀ ਪੀੜ ਆਪਣੇ ਜ਼ਿਹਨ 'ਚ ਮਹਿਸੂਸ ਕਰਦੇ ਤਾਂ ਉਨ੍ਹਾਂ ਦੀ ਕਲਮ ਮੱਲੋਮੱਲੀ ਕਾਗਜ਼ 'ਤੇ ਕਿਸੇ ਦਰਿਆ ਦੇ ਵਹਿੰਦੇ ਪਾਣੀ ਵਾਂਗ ਸ਼ੂਕਣ ਲੱਗ ਪੈਂਦੀ ਸੀ। ਕਲਮ 'ਚੋਂ ਨਿਕਲੇ ਹਰਫ਼ ਜ਼ਿੰਦਗੀ ਦੀ ਅਜਿਹੀ ਸੱਚਾਈ ਬਿਆਨਦੇ ਸਨ ਕਿ ਪੜ੍ਹਨ ਵਾਲੇ ਨੂੰ ਉਨ੍ਹਾਂ ਦੀਆਂ ਲਿਖਤਾਂ ਨਾਲ ਆਪ-ਮੁਹਾਰੇ ਮੁਹੱਬਤ ਹੋ ਜਾਂਦੀ ਸੀ। ਉਨ੍ਹਾਂ ਨੇ ਦੋ ਦਰਜਨ ਤੋਂ ਵੀ ਜ਼ਿਆਦਾ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ ਅਤੇ ਵਾਰਤਕ ਤੋਂ ਇਲਾਵਾ 10 ਦੇ ਲਗਪਗ ਪੁਸਤਕਾਂ ਦਾ ਅਨੁਵਾਦ ਕਰ ਕੇ ਪੰਜਾਬੀ ਮਾਂ-ਬੋਲੀ ਦੀ ਪੂਰੀ ਸ਼ਿੱਦਤ ਨਾਲ ਸੇਵਾ ਕੀਤੀ।

ਪ੍ਰੋ. ਨੌਸ਼ਹਿਰਵੀ ਦਾ ਜਨਮ 1 ਦਸੰਬਰ 1937 ਨੂੰ ਪਿਤਾ ਉੱਤਮ ਸਿੰਘ ਪੰਨੂ ਤੇ ਮਾਤਾ ਸ਼ਾਮ ਕੌਰ ਦੀ ਕੁੱਖੋਂ ਪਿੰਡ ਨੌਸ਼ਿਹਰਾ ਪੰਨੂਆ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪਜੀ ਨੇ ਪਿੰਡ ਦੇ ਸਕੂਲ 'ਚੋਂ ਦਸਵੀ ਤਕ ਦੀ ਵਿੱਦਿਆ ਹਾਸਲ ਕੀਤੀ। ਅਠਾਰਾਂ ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ। ਪ੍ਰੋ. ਨੌਸ਼ਹਿਰਵੀ ਨੇ ਕਰੀਬ 10 ਸਾਲ ਏਅਰ ਫੋਰਸ ਵਿਚ ਵੀ ਨੌਕਰੀ ਕਰ ਕੇ ਦੇਸ਼ ਦੀ ਸੇਵਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਅਗ਼ਲੇਰੀ ਪੜ੍ਹਾਈ ਵੀ ਜਾਰੀ ਰੱਖਦੇ ਹੋਏ ਟ੍ਰਿਪਲ ਐੱਮਏ ਤਕ ਵਿੱਦਿਅਕ ਯੋਗਤਾ ਹਾਸਲ ਕੀਤੀ। ਏਅਰ ਫੋਰਸ ਤੋਂ ਰਿਟਾਇਰਮੈਂਟ ਮਗਰੋਂ ਪ੍ਰੋ. ਨੌਸ਼ਹਿਰਵੀ ਆਪਣੇ ਪਰਿਵਾਰ ਨਾਲ ਸਮਰਾਲੇ ਆ ਗਏ ਤੇ ਸਮਰਾਲਾ ਸ਼ਹਿਰ ਦੇ ਨਾਮਵਰ ਵਿੱਦਿਅਕ ਅਦਾਰੇ ਮਾਲਵਾ ਕਾਲਜ ਵਿਚ ਲਗਪਗ 32 ਸਾਲ ਤਕ ਅਧਿਆਪਨ ਦੇ ਕਿੱਤੇ 'ਚ ਵਿਚਰਦਿਆਂ ਉਨ੍ਹਾਂ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾਇਆ। ਸੰਨ 2000 ਵਿਚ ਉਨ੍ਹਾਂ ਦੀ ਜੀਵਨ ਸਾਥਣ ਪ੍ਰੀਤਮ ਕੌਰ ਦੇ ਸਦੀਵੀ ਵਿਛੋੜੇ ਮਗਰੋਂ ਉਹ ਜ਼ਿਆਦਾ ਸਮਾਂ ਲਿਖਣ ਵਿਚ ਹੀ ਗੁਜ਼ਾਰਦੇ ਹੋਏ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਜੁਟੇ ਰਹੇ। ਨਾਲੋ-ਨਾਲ ਸਮਾਜਿਕ ਬੁਰਾਈਆਂ 'ਤੇ ਚੋਟ ਕਰਦੇ ਉਨ੍ਹਾਂ ਦੇ ਦਿਲਚਸਪ ਲੇਖ ਵੱਖੋ-ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਨਿਰੰਤਰ ਛਪਦੇ ਰਹੇ।

ਪ੍ਰੋ. ਨੌਸ਼ਹਿਰਵੀ ਦੇ ਤਾਜ਼ਾ ਕਹਾਣੀ ਸੰਗ੍ਰਹਿ ਵਿਚ 'ਮੇਰੀ ਸਰਦਲ ਦੇ ਦੀਵੇ' ਅਤੇ 'ਕਾਲੇ ਲਿਖ ਨਾ ਲੇਖ' ਪ੍ਰਮੁੱਖ ਤੌਰ 'ਤੇ ਜ਼ਿਕਰਯੋਗ ਹਨ। ਇਸ ਤੋਂ ਇਲਾਵਾ 'ਧੁੱਪ ਉਜਾੜ ਤੇ ਰਾਹਗੀਰ', 'ਪੰਡਿਤ ਮਨੁੱਖ ਦੀ ਗਾਥਾ', 'ਸਲੀਬ 'ਤੇ ਟੰਗਿਆ ਮਨੁੱਖ', 'ਬਰਫ ਦੇ ਆਦਮੀ ਤੇ ਸੂਰਜ', 'ਨਿੱਕੇ-ਨਿੱਕੇ ਹਿਟਲਰ' ਤੇ 'ਨੀਰੋ ਬੰਸਰੀ ਵਜਾ ਰਿਹਾ ਸੀ' ਕਹਾਣੀ ਸੰਗ੍ਰਹਿ ਵੀ ਉਨ੍ਹਾਂ ਨੇ ਪਾਠਕਾਂ ਦੇ ਰੂਬਰੂ ਕੀਤੇ। ਨੌਸ਼ਹਿਰਵੀ ਦੀਆਂ ਲਾਜਵਾਬ ਰਚਨਾਵਾਂ ਵਿਚੋਂ 'ਕਹਾਣੀ ਅਜੇ ਮੁੱਕੀ ਨਹੀਂ', 'ਮੇਰੇ ਹਿੱਸੇ ਦਾ ਆਸਮਾਨ', 'ਬੰਦੇ ਅਤੇ ਖੰਭੇ', 'ਡਾਚੀ ਵਾਲਿਆ ਮੋੜ ਮੁਹਾਰ', 'ਗਵਾਚ ਗਏ ਟਾਪੂਆਂ ਦੀ ਤਲਾਸ਼' ਅਤੇ 'ਤੁਰਾਂ ਮੈਂ ਨਦੀ ਦੇ ਨਾਲ-ਨਾਲ' ਨੂੰ ਪੰਜਾਬੀ ਸਾਹਿਤ ਜਗਤ ਵੱਲੋਂ ਖ਼ੂਬ ਹੁੰਗਾਰਾ ਮਿਲਿਆ। ਕਾਵਿ ਸੰਗ੍ਰਹਿ ਦੀਆਂ ਕਿਤਾਬਾਂ 'ਧਰਤੀ ਭਰੇ ਹੁੰਗਾਰਾ', 'ਤਪਦਾ ਥਲ ਨੰਗੇ ਪੈਰ', 'ਚੱਟਾਨ ਅਤੇ ਕਿਸ਼ਤੀ', 'ਫੇਰ ਆਈ ਬਾਬਰਵਾਣੀ' ਤੇ 'ਧੁੱਪੇ ਖੜ੍ਹਾ ਆਦਮੀ' ਨੇ ਵੀ ਪਾਠਕਾਂ ਦੇ ਹਿਰਦੇ 'ਤੇ ਅਮਿੱਟ ਛਾਪ ਛੱਡੀ।

ਇਨ੍ਹਾਂ ਰਚਵਾਨਾਂ ਜ਼ਰੀਏ ਜਿੱਥੇ ਪ੍ਰੋ. ਨੌਸ਼ਹਿਰਵੀ ਨੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਦੇ ਮੁੱਢਲੇ ਹੱਕਾਂ ਦੀ ਤਰਜਮਾਨੀ ਕੀਤੀ ਓਥੇ ਹੀ ਵਕਤ ਦੇ ਤਕਾਜ਼ੇ ਨੂੰ ਆਪਣੀ ਦੂਰਦਰਸ਼ੀ ਸੋਚ ਨਾਲ ਸਮਝਦੇ ਹੋਏ ਸਮਾਜਿਕ ਬੁਰਾਈਆਂ ਦੇ ਪਾਜ ਵੀ ਬਾਖੂਬੀ ਉਧੇੜੇ। ਪ੍ਰੋ. ਸਾਹਿਬ ਮਾਲਵਾ ਕਾਲਜ 'ਚੋਂ ਰਿਟਾਇਰ ਹੋਣ ਮਗਰੋਂ ਇਸ ਵੇਲੇ ਸਮਰਾਲਾ ਦੇ ਮਾਛੀਵਾੜਾ ਰੋਡ 'ਤੇ ਸਥਿਤ ਆਪਣੇ ਆਸ਼ਿਆਨੇ 'ਕਵਿਤਾ ਭਵਨ' ਵਿਚ ਕਿਤਾਬਾਂ ਨਾਲ ਹੀ ਜ਼ਿਆਦਾਤਰ ਸਮਾਂ ਲੰਘਾਉਂਦੇ ਸਨ। ਇਲਾਕੇ 'ਚ ਹੁੰਦੀਆਂ ਵੱਖ-ਵੱਖ ਸਾਹਿਤਕ ਸਰਗਰਮੀਆਂ ਵਿਚ ਉਨ੍ਹਾਂ ਦੀ ਹਾਜ਼ਰੀ ਪ੍ਰਮੁੱਖ ਤੌਰ 'ਤੇ ਲੱਗਦੀ ਸੀ ਜਿੱਥੇ ਪੰਜਾਬੀ ਮਾਂ-ਬੋਲੀ ਦੇ ਇਸ ਸਪੂਤ ਨੂੰ ਸਾਹਿਤਕ ਹਸਤੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਸੀ। ਇਸੇ ਸਾਲ 13 ਜਨਵਰੀ ਨੂੰ ਲੋਹੜੀ ਦਾ ਸਮਾਗਮ ਉਨ੍ਹਾਂ ਵੱਲੋਂ 'ਕਵਿਤਾ ਭਵਨ' ਵਿਚ ਵਿਸ਼ੇਸ਼ ਤੌਰ 'ਤੇ ਮਨਾਇਆ ਗਿਆ ਅਤੇ ਤਕਰੀਬਨ ਸਾਰੀਆਂ ਹੀ ਸਾਹਿਤਕ ਹਸਤੀਆਂ ਨਾਲ ਪ੍ਰੋ. ਨੌਸ਼ਹਿਰਵੀ ਰੂਬਰੂ ਹੋਏ। ਉਹ ਅਕਸਰ ਆਪਣੇ ਕੋਟ ਦੇ ਉੱਪਰਲੇ ਬਟਨ ਕੋਲ ਲੈਨਿਨ ਦੀ ਤਸਵੀਰ ਵਾਲਾ ਟੈਗ ਲਗਾ ਕੇ ਰੱਖਦੇ ਸਨ। ਮੇਰੇ ਨਾਲ ਸਮਾਗਮ 'ਤੇ ਗਈ ਅੱਠਵੀਂ ਜਮਾਤ 'ਚ ਪੜ੍ਹਦੀ ਮੇਰੀ ਬੇਟੀ ਬ੍ਰਹਮਜੋਤ ਨੇ ਜਦੋਂ ਉਨ੍ਹਾਂ ਕੋਲੋਂ ਲੈਨਿਨ ਦੇ ਇਸ ਬੈਜ ਨੂੰ ਲੈਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਬੇਟੀ ਨੂੰ ਗੋਦੀ 'ਚ ਚੁੱਕਿਆ ਅਤੇ ਕਿਹਾ ਕਿ ਬੇਟਾ ਮੈਂ ਤੈਨੂੰ ਇਸ ਤੋਂ ਵੀ ਵਧੀਆ ਚੀਜ਼ ਦੇਵਾਂਗਾ। ਚੰਦ ਮਿੰਟਾਂ ਵਿਚ ਹੀ ਉਨ੍ਹਾਂ ਨੇ ਅਲਮਾਰੀ 'ਚੋਂ ਲੈਨਿਨ ਦੀ ਜੀਵਨੀ ਨਾਲ ਸਬੰਧਤ ਕਿਤਾਬ ਲਿਆ ਕੇ ਬੇਟੀ ਨੂੰ ਦੇ ਦਿੱਤੀ ਅਤੇ ਕਿਹਾ, ''ਬੇਟਾ, ਇਸ ਕਿਤਾਬ ਨੂੰ ਪੜ੍ਹ ਕੇ ਜੇਕਰ ਇਸ 'ਤੇ ਅਮਲ ਕਰੋਗੇ ਤਾਂ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਤਸਵੀਰਾਂ ਦੇ ਟੈਗ ਵੀ ਪੂਰੀ ਦੁਨੀਆ ਦੇ ਲੋਕ ਆਪਣੇ ਕੋਟਾਂ 'ਤੇ ਲਾਇਆ ਕਰਨਗੇ। ਉਨ੍ਹਾਂ ਨੇ ਇਲਾਕੇ ਵਿਚ ਸਾਹਿਤ ਦੀ ਚੇਟਕ ਰੱਖਣ ਵਾਲੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰ ਕੇ ਕਈ ਪਿੰਡਾਂ 'ਚ ਲਾਇਬਰੇਰੀਆਂ ਵੀ ਬਣਵਾਈਆਂ ਤੇ ਉਨ੍ਹਾਂ ਨੂੰ ਲੋੜੀਂਦੀ ਮਾਲੀ ਮਦਦ ਪੱਲਿਓਂ ਦੇਣ ਤੋਂ ਇਲਾਵਾ ਅਣਗਿਣਤ ਕਿਤਾਬਾਂ ਕਵਿਤਾ ਭਵਨ 'ਚੋਂ ਲਿਜਾ ਕੇ ਖ਼ੁਦ ਭੇਟ ਕੀਤੀਆਂ। ਮੇਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਮੈਂ ਤਾਂ ਹੁਣ 80 ਸਾਲਾਂ ਤੋਂ ਟੱਪ ਗਿਆ ਹਾਂ ਅਤੇ ਸਮੇਂ ਦਾ ਕੋਈ ਭਰੋਸਾ ਨਹੀਂ ਹੈ। ਇਲਾਕੇ ਵਿਚ ਸਾਹਿਤ ਨਾਲ ਜੁੜੇ ਨੌਜਵਾਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥ ਵਿਚ ਹੀ ਸਾਹਿਤ ਦੀ ਇਸ ਬਲਦੀ ਹੋਈ ਮਸ਼ਾਲ ਨੂੰ ਸੌਂਪਣਾ। ਅਜਿਹੇ ਮਹਾਨ ਵਿਚਾਰਾਂ ਦੇ ਧਾਰਨੀ ਪ੍ਰੋ. ਨੌਸ਼ਹਿਰਵੀ ਅਕਸਰ ਅਖ਼ਬਾਰਾਂ 'ਚ ਛਪੀਆਂ ਨਵੀਆਂ ਉੱਭਰਦੀਆਂ ਕਲਮਾਂ ਨੂੰ ਫੋਨ 'ਤੇ ਵਧਾਈ ਦੇ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ। ਨਾਲ ਹੀ ਆਪਣੇ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੰਦੇ ਰਹਿੰਦੇ। ਦੋ ਜੂਨ ਨੂੰ ਵੱਡੇ ਤੜਕੇ ਲਗਪਗ 2.30 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਆਪਣੇ ਆਖ਼ਰੀ ਸਾਹ ਵੀ ਉਨ੍ਹਾਂ ਨੇ 'ਕਵਿਤਾ ਭਵਨ' ਵਿਚ ਹੀ ਲਏ ਅਤੇ ਜਾਨੋਂ ਪਿਆਰੀਆਂ ਕਿਤਾਬਾਂ ਦਾ ਸਾਥ ਵੀ ਉਨ੍ਹਾਂ ਨੇ ਮਰਦੇ ਦਮ ਤਕ ਨਿਭਾਇਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਦੇਣ ਦੀ ਰਸਮ ਉਨ੍ਹਾਂ ਦੇ ਛੋਟੇ ਬੇਟੇ ਨਵਚੇਤਨ ਪੰਨੂ ਅਤੇ ਜਵਾਈ ਕਰਨੈਲ ਸਿੰਘ ਨੇ ਨਿਭਾਈ। ਇਸ ਮੌਕੇ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਨਵਸੰਗੀਤ ਪੰਨੂ ਤੇ ਨਵਕਵਿਤਾ ਪੰਨੂ ਵੀ ਮੌਜੂਦ ਸਨ ਪਰ ਕੋਰੋਨਾ ਦੀ ਇਸ ਮਹਾਮਾਰੀ ਕਾਰਨ ਉਨ੍ਹਾਂ ਦੇ ਵੱਡੇ ਬੇਟੇ ਨਵਸਫਰ ਪੰਨੂ ਕੈਨੇਡਾ ਤੋਂ ਭਾਰਤ ਨਹੀਂ ਪੁੱਜ ਸਕੇ। ਵਾਹਿਗੁਰੂ ਇਸ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

-ਮੋਬਾਈਲ ਨੰ. : 98725-54147

Posted By: Susheel Khanna