-ਵਿਵੇਕ ਕਾਟਜੂ

ਸਾਰੇ ਮੁਲਕ ਇਸ ਵਕਤ ਵਿਸ਼ਵ ਪੱਧਰੀ ਮਹਾਮਾਰੀ ਕੋਵਿਡ-19 ਦੇ ਸ਼ਿਕੰਜੇ ਵਿਚ ਹਨ। ਪੂਰੀ ਦੁਨੀਆ 'ਤੇ ਇਸ ਦਾ ਕਿੰਨਾ ਰਾਜਨੀਤਕ ਅਤੇ ਆਰਥਿਕ ਪ੍ਰਭਾਵ ਪਵੇਗਾ, ਉਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਇਹ ਬਿਮਾਰੀ ਕਿੰਨੀ ਲੰਬੀ ਖਿੱਚੇਗੀ ਅਤੇ ਇਸ ਨਾਲ ਕਿੰਨਾ ਨੁਕਸਾਨ ਹੁੰਦਾ ਹੈ। ਫ਼ਿਲਹਾਲ ਤਾਂ ਸਾਰੇ ਮੁਲਕ ਹਰ ਸੰਭਵ ਤਰੀਕੇ ਨਾਲ ਇਸ ਨਾਲ ਸਿੱਝਣ ਵਿਚ ਰੁੱਝੇ ਹੋਏ ਹਨ। ਇਹ ਸੁਭਾਵਿਕ ਹੈ ਕਿ ਇਸ ਵਿਚ ਹਰੇਕ ਦੇਸ਼ ਦੇ ਸਿਹਤ ਸੇਵਾ ਢਾਂਚੇ ਦੀਆਂ ਆਪਣੀਆਂ ਹੱਦਾਂ ਹਨ ਪਰ ਇਸ ਮਾਮਲੇ ਵਿਚ ਦੁਨੀਆ ਦੇ ਵਿਕਸਤ ਦੇਸ਼ ਵੀ ਲੜਖੜਾ ਰਹੇ ਹਨ। ਚਾਹੇ ਸ਼ੱਕੀ ਰੋਗੀਆਂ ਦੀ ਜਾਂਚ-ਪੜਤਾਲ ਦੀ ਗੱਲ ਹੋਵੇ ਜਾਂ ਫਿਰ ਇਸ ਵਾਇਰਸ ਦੀ ਲਪੇਟ ਵਿਚ ਆਏ ਲੋਕਾਂ ਦੇ ਇਲਾਜ ਦੀ ਵਿਵਸਥਾ, ਉਨ੍ਹਾਂ ਲਈ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਹਨ। ਕਿਉਂਕਿ ਅਜੇ ਤਕ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਤਲਾਸ਼ਿਆ ਜਾ ਸਕਿਆ ਹੈ ਤਾਂ ਸਾਰੇ ਦੇਸ਼ ਇਸ ਤੋਂ ਬਚਾਅ ਲਈ ਸਮਾਜਿਕ ਕਦਮਾਂ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਇਸ ਦਾ ਫੈਲਾਅ ਰੋਕਿਆ ਜਾ ਸਕੇ। ਇਨ੍ਹਾਂ ਕਦਮਾਂ ਦੀ ਸਫਲਤਾ ਹਰੇਕ ਦੇਸ਼ ਦੀ ਰਾਜਨੀਤਕ ਇੱਛਾ ਸ਼ਕਤੀ ਅਤੇ ਸਮਾਜਿਕ ਅਨੁਸ਼ਾਸਨ 'ਤੇ ਨਿਰਭਰ ਕਰੇਗੀ। ਨਾਲ ਹੀ, ਇਹ ਵੀ ਦੇਖਣਾ ਹੋਵੇਗਾ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਮੁਸ਼ਕਲ ਵਕਤ ਵਿਚ ਗ਼ਰੀਬਾਂ ਤਕ ਮਦਦ ਕਿੱਦਾਂ ਪਹੁੰਚਾ ਸਕਦੀਆਂ ਹਨ। ਇਹ ਚੰਗੀ ਗੱਲ ਹੈ ਕਿ ਮੋਦੀ ਸਰਕਾਰ ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਾਲ ਹੀ ਭਰੋਸਾ ਦੇ ਰਹੀ ਹੈ ਕਿ ਲਤਾੜੇ ਵਰਗਾਂ ਦੀਆਂ ਜ਼ਰੂਰਤਾਂ ਨੂੰ ਪੂਰੀ ਸੰਜੀਦਗੀ ਨਾਲ ਪੂਰਾ ਕੀਤਾ ਜਾਵੇਗਾ। ਇਸ ਸਿਲਸਿਲੇ ਵਿਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਪੂਰੇ ਦੇਸ਼ ਵਿਚ ਤਿੰਨ ਹਫ਼ਤਿਆਂ ਦੇ ਲਾਕਡਾਊਨ ਦਾ ਫ਼ੈਸਲਾ ਬੇਹੱਦ ਜ਼ਰੂਰੀ ਕਦਮ ਹੈ। ਇਸ ਮੁਸ਼ਕਲ ਦੀ ਘੜੀ ਵਿਚ ਭਾਰਤੀ ਰਾਜਨੀਤਕ ਵਰਗ ਤੋਂ ਵੀ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਕਜੁੱਟਤਾ ਦਾ ਪ੍ਰਗਟਾਵਾ ਕਰੇ। ਹਾਲ-ਫ਼ਿਲਹਾਲ ਇਸ ਬਿਮਾਰੀ ਨਾਲ ਜੁੜੇ ਵਿਸ਼ਵ ਪੱਧਰੀ ਰੁਝਾਨਾਂ ਦਾ ਪੂਰੀ ਤਰ੍ਹਾਂ ਮੁਲੰਕਣ ਕਰਨਾ ਖ਼ਾਸਾ ਮੁਸ਼ਕਲ ਹੈ। ਜਦ ਇਸ ਬਿਮਾਰੀ ਦਾ ਜ਼ੋਰ ਘਟੇਗਾ ਉਦੋਂ ਹੀ ਤਸਵੀਰ ਸਪਸ਼ਟ ਹੋਵੇਗੀ ਪਰ ਕੁਝ ਸ਼ੁਰੂਆਤੀ ਸੰਕੇਤ ਦਿਖਾਈ ਦੇਣ ਲੱਗੇ ਹਨ। ਸਾਰੀ ਦੁਨੀਆ ਵਿਚ ਇੰਨੇ ਵੱਡੇ ਪੱਧਰ 'ਤੇ ਲਾਕਡਾਊਨ ਅਤੇ ਸਪਲਾਈ ਲੜੀ ਵਿਚ ਅੜਿੱਕੇ ਨਾਲ ਆਰਥਿਕ ਵਾਧਾ ਦਰ ਪ੍ਰਭਾਵਿਤ ਹੋਣੀ ਤੈਅ ਹੈ। ਇਸ ਮਾੜੇ ਆਰਥਿਕ ਨਤੀਜੇ ਦੀ ਤਪਸ਼ ਹਰੇਕ ਦੇਸ਼ ਨੂੰ ਸਹਾਰਨੀ ਪਵੇਗੀ। ਹਾਲਾਂਕਿ ਇਹ ਮਾਰ ਸਾਰਿਆਂ 'ਤੇ ਬਰਾਬਰ ਨਹੀਂ ਪਵੇਗੀ। ਇਸ ਦਾ ਸਭ ਤੋਂ ਵੱਧ ਖਮਿਆਜ਼ਾ ਗ਼ਰੀਬ ਦੇਸ਼ਾਂ ਨੂੰ ਭੁਗਤਣਾ ਪਵੇਗਾ। ਚੀਨ ਨੇ ਤਾਂ ਜਲਦ ਹੀ ਆਪਣੀਆਂ ਫੈਕਟਰੀਆਂ ਤੋਂ ਉਤਪਾਦਨ ਸ਼ੁਰੂ ਕਰਨ ਦੇ ਸੰਕੇਤ ਦੇ ਦਿੱਤੇ ਹਨ। ਕਿਉਂਕਿ ਚੀਨ ਮੁੱਖ ਤੌਰ 'ਤੇ ਆਪਣੀ ਬਰਾਮਦ 'ਤੇ ਨਿਰਭਰ ਹੈ ਅਤੇ ਜਦ ਤਕ ਉਸ ਤੋਂ ਦਰਾਮਦ ਕਰਨ ਵਾਲੇ ਦੇਸ਼ਾਂ ਵਿਚ ਹਾਲਾਤ ਪੂਰੀ ਤਰ੍ਹਾਂ ਨਹੀਂ ਸੁਧਰਦੇ ਉਦੋਂ ਤਕ ਉਸ ਨੂੰ ਵੀ ਮੁਸ਼ਕਲਾਂ ਨਾਲ ਹੀ ਦੋ-ਚਾਰ ਰਹਿਣਾ ਪੈ ਸਕਦਾ ਹੈ।

ਮੌਜੂਦਾ ਹਾਲਾਤ ਵਿਚ ਇਹ ਅਨੁਮਾਨ ਲਗਾਉਣਾ ਹੋਰ ਵੀ ਮੁਸ਼ਕਲ ਹੈ ਕਿ ਜੇਕਰ ਇਹ ਮਹਾਮਾਰੀ ਭਾਰਤ ਵਰਗੇ ਵੱਡੇ ਦੇਸ਼ਾਂ ਵਿਚ ਹੋਰ ਕਦਮ ਫੈਲਾਉਂਦੀ ਹੈ ਤਾਂ ਵਿਸ਼ਵੀਕਰਨ ਵਰਗੀ ਪ੍ਰਕਿਰਿਆ ਕਿੰਨੀ ਪ੍ਰਭਾਵਿਤ ਹੋਵੇਗੀ। ਕੀ ਦੇਸ਼ ਆਤਮ-ਨਿਰਭਰਤਾ 'ਤੇ ਜ਼ੋਰ ਦੇਣਗੇ ਅਤੇ ਵਿਸ਼ਵੀਕਰਨ ਨੂੰ ਲੈ ਕੇ ਸਾਵਧਾਨੀ ਵਰਤਣਗੇ। ਵਰਤਮਾਨ ਵਿਚ ਜੇ ਉੱਚ ਤਕਨੀਕ ਵਾਲੇ ਰੱਖਿਆ ਸਾਜ਼ੋ-ਸਾਮਾਨ ਨੂੰ ਛੱਡ ਦਿੱਤਾ ਜਾਵੇ ਜਿਸ 'ਤੇ ਕੁਝ ਦੇਸ਼ਾਂ ਦਾ ਸਿੱਧਾ ਕੰਟਰੋਲ ਹੈ ਤਾਂ ਮੌਜੂਦਾ ਕੌਮਾਂਤਰੀ ਮਾਡਲ ਵਿਸ਼ਵ ਪੱਧਰੀ ਉਤਪਾਦਨ 'ਤੇ ਕੇਂਦਰਿਤ ਹੈ। ਮਿਸਾਲ ਦੇ ਤੌਰ 'ਤੇ ਕਿਸੇ ਮੋਬਾਈਲ ਫੋਨ ਵਿਚ ਲੱਗਣ ਵਾਲੇ ਵੱਖ-ਵੱਖ ਕਲਪੁਰਜ਼ੇ ਜ਼ਰੂਰ ਅਲੱਗ-ਅਲੱਗ ਦੇਸ਼ਾਂ ਵਿਚ ਬਣਦੇ ਹੋਣ ਪਰ ਫੋਨ ਨਿਰਮਾਣਕਾਰ ਕੰਪਨੀ ਦਾ ਮਾਲਕ ਕਿਸੇ ਹੋਰ ਦੇਸ਼ ਦਾ ਹੋ ਸਕਦਾ ਹੈ। ਯਕੀਨਨ ਤਮਾਮ ਦਿੱਗਜ ਦੇਸ਼ ਅਤੇ ਬਹੁ-ਕੌਮੀ ਕੰਪਨੀਆਂ ਇਸ 'ਤੇ ਵਿਚਾਰ ਕਰਨਗੀਆਂ ਕਿ ਉਸ ਅੜਿੱਕੇ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਜਿਸ ਤਰ੍ਹਾਂ ਫ਼ਿਲਹਾਲ ਵਿਸ਼ਵ ਪੱਧਰੀ ਉਤਪਾਦਨ ਦੇ ਮੋਰਚੇ 'ਤੇ ਉਤਪੰਨ ਹੋ ਗਿਆ ਹੈ। ਅਜਿਹੇ ਵਿਚ ਵਿਸ਼ਵੀਕਰਨ ਵਿਰੋਧੀ ਮੁਹਿੰਮ ਹੋਰ ਜ਼ੋਰ ਫੜ ਸਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਵਿਡ-19 ਬਿਮਾਰੀ ਚੀਨ ਤੋਂ ਨਿਕਲੀ ਅਤੇ ਉਸ ਦੀਆਂ ਏਜੰਸੀਆਂ ਇਸ 'ਤੇ ਵਕਤ ਰਹਿੰਦਿਆਂ ਕਾਬੂ ਨਹੀਂ ਪਾ ਸਕੀਆਂ। ਹੁਣ ਕੌਮਾਂਤਰੀ ਭਾਈਚਾਰੇ ਦੀ ਨੁਕਤਾਚੀਨੀ ਤੋਂ ਬਚਣ ਲਈ ਚੀਨੀ ਏਜੰਸੀਆਂ ਕਹਿ ਰਹੀਆਂ ਹਨ ਕਿ ਭਾਵੇਂ ਹੀ ਇਸ ਵਾਇਰਸ ਦੇ ਸ਼ੁਰੂਆਤੀ ਸੰਕੇਤ ਚੀਨ ਵਿਚ ਮਿਲੇ ਹੋਣ ਪਰ ਜ਼ਰੂਰੀ ਨਹੀਂ ਕਿ ਇਹ ਓਥੇ ਹੀ ਉਪਜਿਆ ਹੋਵੇ। ਕੁਝ ਚੀਨੀ ਅਧਿਕਾਰੀ ਤਾਂ ਇੱਥੋਂ ਤਕ ਦੋਸ਼ ਲਗਾ ਰਹੇ ਹਨ ਕਿ ਅਮਰੀਕੀ ਫ਼ੌਜ ਨੇ ਚੀਨ ਵਿਚ ਇਹ ਵਾਇਰਸ ਛੱਡਿਆ ਹੈ। ਇਹ ਬਹੁਤ ਬੇਤੁਕੀ ਗੱਲ ਹੈ ਪਰ ਇਸ ਨਾਲ ਚੀਨ ਦੀ ਬੇਚੈਨੀ ਹੀ ਜ਼ਾਹਰ ਹੁੰਦੀ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਹਾਮਾਰੀ ਨੂੰ ਚੀਨੀ ਵਾਇਰਸ ਦਾ ਨਾਂ ਦੇ ਰਹੇ ਹਨ। ਉਂਜ ਇਹ ਵਕਤ ਇਕ-ਦੂਜੇ ਸਿਰ ਦੋਸ਼ ਮੜ੍ਹਨ ਦਾ ਨਹੀਂ ਬਲਕਿ ਵਿਸ਼ਵ ਪੱਧਰ 'ਤੇ ਸਹਿਯੋਗ ਦਾ ਹੈ ਪਰ ਲੱਗਦਾ ਇਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਅਤੇ ਚੀਨ ਦਾ ਇਕ-ਦੂਜੇ ਪ੍ਰਤੀ ਨਾਂਹ-ਪੱਖੀ ਰਵੱਈਆ ਵਧਣ ਵਾਲਾ ਹੈ। ਅਮਰੀਕਾ ਅਤੇ ਚੀਨ ਵਿਚਾਲੇ ਮੁਕਾਬਲੇਬਾਜ਼ੀ ਹੋਰ ਵਧੇਗੀ। ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੋਵੇਗੀ। ਜਿੱਥੇ ਚੀਨ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰੇਗਾ, ਓਥੇ ਹੀ ਅਮਰੀਕਾ ਪਹਿਲਾਂ ਦੀ ਤੁਲਨਾ ਵਿਚ ਉਸ ਦਾ ਕਿਤੇ ਵੱਧ ਮਜ਼ਬੂਤੀ ਨਾਲ ਵਿਰੋਧ ਕਰੇਗਾ।

ਇਸ ਦੌਰਾਨ ਚੀਨ ਦੁਨੀਆ ਸਾਹਮਣੇ ਇਹ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰੇਗਾ ਕਿ ਉਸ ਦੇ ਤੰਤਰ ਨੇ ਇਸ ਆਫ਼ਤ 'ਤੇ ਇਕ ਨਿਸ਼ਚਿਤ ਸਮਾਂ ਹੱਦ ਵਿਚ ਕਾਬੂ ਪਾ ਲਿਆ ਹੈ। ਇਸ ਦੇ ਦਮ 'ਤੇ ਉਹ ਵਿਕਾਸਸ਼ੀਲ ਦੇਸ਼ਾਂ ਵਿਚ ਸਿਹਤ ਢਾਂਚਾ ਵਿਕਸਤ ਕਰਨ ਵਿਚ ਮਦਦ ਦੀ ਪੇਸ਼ਕਸ਼ ਕਰੇਗਾ। ਹਾਲਾਂਕਿ ਗ਼ਰੀਬ ਦੇਸ਼ ਚੀਨ ਦੀਆਂ ਉਨ੍ਹਾਂ ਰਵਾਇਤਾਂ ਨੂੰ ਲੈ ਕੇ ਨਾਖ਼ੁਸ਼ੀ ਜ਼ਾਹਰ ਕਰਨਗੇ ਜਿਨ੍ਹਾਂ ਕਾਰਨ ਉਹ ਅਤੀਤ ਤੋਂ ਲੈ ਕੇ ਹੁਣ ਤਕ ਮਹਾਮਾਰੀਆਂ ਦਾ ਕੇਂਦਰ ਬਿੰਦੂ ਸਿੱਧ ਹੋਇਆ ਹੈ ਪਰ ਉਹ ਸ਼ਾਇਦ ਚੀਨੀ ਮਦਦ ਦਾ ਮੋਹ ਵੀ ਨਹੀਂ ਛੱਡ ਸਕਣਗੇ। ਹਾਲਾਂਕਿ ਅਫਰੀਕੀ ਮੁਲਕਾਂ ਵਿਚ ਜਿੱਥੇ ਬੀਤੇ ਢਾਈ ਦਹਾਕਿਆਂ ਦੌਰਾਨ ਚੀਨੀ ਭਾਈਚਾਰੇ ਦੀ ਪੈਠ ਵਧੀ ਹੈ, ਉੱਥੇ ਇਨ੍ਹਾਂ ਭਾਈਚਾਰਿਆਂ ਨੂੰ ਸ਼ਾਇਦ ਚੀਨ ਵਿਰੋਧੀ ਭਾਵਨਾਵਾਂ ਦੇ ਉਬਾਲ ਨਾਲ ਰੂਬਰੂ ਹੋਣਾ ਪਵੇ।

ਜੋ ਵੀ ਹੋਵੇ, ਅਮਰੀਕਾ ਹਰੇਕ ਮੁਲਕ ਵਿਚ ਚੀਨ ਦੀ ਕਾਟ ਲਈ ਕਾਹਲਾ ਹੋਵੇਗਾ। ਭਾਵੇਂ ਹੀ ਟਰੰਪ ਸੰਸਾਰਕ ਮਾਮਲਿਆਂ ਵਿਚ ਅਮਰੀਕੀ ਦਖ਼ਲ ਘੱਟ ਕਰਨ ਦੇ ਚਾਹਵਾਨ ਰਹੇ ਹੋਣ ਪਰ ਹੁਣ ਉਨ੍ਹਾਂ ਨੂੰ ਅਮਰੀਕੀ ਚੜ੍ਹਤ ਬਰਕਰਾਰ ਰੱਖਣ ਲਈ ਚੀਨ ਦੀ ਹਰ ਮੋਰਚੇ 'ਤੇ ਕਾਟ ਲੱਭਣ ਲਈ ਮਜਬੂਰ ਹੋਣਾ ਪਵੇਗਾ। ਇਸ ਕੂਟਨੀਤਕ ਮੁਕਾਬਲੇ ਵਿਚ ਅਮਰੀਕਾ ਨੂੰ ਆਪਣੇ ਵਿੱਤੀ ਸੰਸਥਾਨਾਂ ਦਾ ਇਸਤੇਮਾਲ ਬਹੁਤ ਸਮਝਦਾਰੀ ਨਾਲ ਕਰਨਾ ਪਵੇਗਾ ਭਾਵੇਂ ਹੀ ਉਸ ਕੋਲ ਵਿੱਤੀ ਅਤੇ ਤਕਨੀਕੀ ਖ਼ਜ਼ਾਨਾ ਚੀਨ ਤੋਂ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ। ਅਮਰੀਕਾ ਦੇ ਨਾਲ ਅਸਲ ਸਮੱਸਿਆ ਉਸ ਦੀ ਪਾਟੋਧਾੜ ਹੋਈ ਰਾਜਨੀਤਕ ਬਰਾਦਰੀ ਹੈ ਜੋ ਟਰੰਪ ਦੇ ਦੌਰ ਵਿਚ ਹੋਰ ਜ਼ਿਆਦਾ ਫੁੱਟ ਦਾ ਸ਼ਿਕਾਰ ਹੋ ਗਈ ਹੈ। ਇਸ ਸਾਲ ਉੱਥੇ ਰਾਸ਼ਟਰਪਤੀ ਚੋਣਾਂ ਵੀ ਹੋਣ ਵਾਲੀਆਂ ਹਨ। ਜੇਕਰ ਬਹੁਤ ਜ਼ਿਆਦਾ ਅਮਰੀਕੀ ਕੋਵਿਡ-19 ਦੀ ਭੇਟ ਨਹੀਂ ਚੜ੍ਹਦੇ ਅਤੇ ਟਰੰਪ ਦੇ ਡੈਮੋਕ੍ਰੈਟਿਕ ਵਿਰੋਧੀ ਉਨ੍ਹਾਂ 'ਤੇ ਇਸ ਦਾ ਠੀਕਰਾ ਭੰਨਣ ਵਿਚ ਅਸਫਲ ਰਹਿੰਦੇ ਹਨ ਤਾਂ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਨ ਵਿਚ ਬਹੁਤ ਜ਼ਿਆਦਾ ਮੁਸ਼ਕਲਾਂ ਪੇਸ਼ ਨਹੀਂ ਆਉਣ ਵਾਲੀਆਂ।

ਕੋਵਿਡ-19 ਦੇ ਨਾਲ ਹੀ ਇਹ ਮੰਗ ਜ਼ੋਰ ਫੜੇਗੀ ਕਿ ਭਵਿੱਖ ਵਿਚ ਅਜਿਹੀ ਆਫ਼ਤ ਨਾਲ ਨਜਿੱਠਣ ਲਈ ਵਿਸ਼ਵ ਭਾਈਚਾਰੇ ਨੂੰ ਬਿਹਤਰ ਤਿਆਰੀ ਕਰਨੀ ਚਾਹੀਦੀ ਹੈ। ਇਸ ਦੇ ਲਈ ਨਾ ਸਿਰਫ਼ ਹੰਗਾਮੀ ਉਪਾਅ ਕਰਨੇ ਹੋਣਗੇ ਬਲਕਿ ਆਫ਼ਤਾਂ ਨੂੰ ਰੋਕਣ ਲਈ ਨਿਗਰਾਨੀ ਤੰਤਰ ਵੀ ਮਜ਼ਬੂਤ ਕਰਨਾ ਹੋਵੇਗਾ। ਇਸ ਦੇ ਲਈ ਜ਼ਰੂਰੀ ਹੋਵੇਗਾ ਕਿ ਚੀਨ ਉਨ੍ਹਾਂ ਸਰੋਤਾਂ 'ਤੇ ਵਿਰਾਮ ਲਗਾਏ ਜਿੱਥੋਂ ਕੋਰੋਨਾ ਵਰਗੇ ਵਾਇਰਸ ਉਪਜਦੇ ਹਨ। ਇਹ ਅਮੂਮਨ ਚੀਨ ਦੇ ਉਨ੍ਹਾਂ ਬਾਜ਼ਾਰਾਂ ਤੋਂ ਹੀ ਉਪਜਦੇ ਹਨ ਜਿੱਥੇ ਤਰ੍ਹਾਂ-ਤਰ੍ਹਾਂ ਦੇ ਪਸ਼ੂ-ਪੰਛੀ ਮਾਸਾਹਾਰ ਲਈ ਵਿਕਦੇ ਹਨ। ਇਸ ਵਿਚ ਚੀਨ ਦਾ ਭਰੋਸਾ ਹੀ ਕਾਫ਼ੀ ਨਹੀਂ ਹੋਵੇਗਾ। ਵਿਸ਼ਵ ਸਿਹਤ ਸੰਗਠਨ ਨੂੰ ਜ਼ਮੀਨੀ ਹਾਲਾਤ ਦੀ ਨਿਗਰਾਨੀ ਦਾ ਅਧਿਕਾਰ ਵੀ ਦੇਣਾ ਹੋਵੇਗਾ। ਚੀਨ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕਰੇਗਾ ਪਰ ਭਾਰਤ ਸਮੇਤ ਪੂਰੀ ਕੌਮਾਂਤਰੀ ਬਰਾਦਰੀ ਨੂੰ ਉਸ 'ਤੇ ਇਸ ਦੇ ਲਈ ਦਬਾਅ ਪਾਉਣਾ ਚਾਹੀਦਾ ਹੈ।

-(ਲੇਖਕ ਵਿਦੇਸ਼ ਮੰਤਰਾਲੇ ਵਿਚ ਸਕੱਤਰ ਰਿਹਾ ਹੈ)।

Posted By: Jagjit Singh