ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿਚ ਹਰ ਥਾਂ, ਹਰ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ। ਸਾਹਿਤਕ ਖੇਤਰ ਵਿਚ ਵੀ ਉਨ੍ਹਾਂ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਸੰਸਾਰ ਦੇ ਕੋਨੇ-ਕੋਨੇ ਵਿਚ ਫੈਲਾਇਆ ਹੈ। ਇਸ ਲੇਖ ਦਾ ਫੋਕਸ ਕੇਵਲ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਅਜੈਬ ਸਿੰਘ ਚੱਠਾ ਅਤੇ ਉਨ੍ਹਾਂ ਦੀ ਬਾਕੀ ਟੀਮ ਵੱਲੋਂ ਕਰਵਾਈ ਜਾਂਦੀ ਵਿਸ਼ਵ ਪੰਜਾਬੀ ਕਾਨਫਰੰਸ ਉੱਪਰ ਹੈ। ਇਹ ਲੇਖ ਲਿਖਣ ਸਮੇਂ ਅਰਵਿੰਦਰ ਢਿੱਲੋਂ ਦੁਆਰਾ ਲਿਖੀ ਪੁਸਤਕ ‘ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ’ ਪੜ੍ਹੀ ਜਿਸ ਵਿਚ ਉਨ੍ਹਾਂ ਨੇ ਬਹੁਤ ਮੁੱਲਵਾਨ ਜਾਣਕਾਰੀ ਦਿੱਤੀ ਹੈ ਅਤੇ ਵਿਸ਼ਵ ਦੇ ਕੋਨੇ-ਕੋਨੇ ਵਿਚ ਹੁਣ ਤਕ ਹੋਈਆਂ ਕਾਨਫਰੰਸਾਂ ਦਾ ਬਹੁਤ ਵਿਸਥਾਰ ਸਹਿਤ ਤਸਵੀਰਾਂ ਸਮੇਤ ਵੇਰਵਾ ਦਿੱਤਾ ਹੈ। ਹੁਣ ਜਦੋਂ ਵਿਸ਼ਵ ਪੰਜਾਬੀ ਕਾਨਫਰੰਸ 24, 25 ਤੇ 26 ਜੂਨ 2022 ਨੂੰ ਕੈਨੇਡਾ ਵਿਖੇ ਕਰਵਾਈ ਜਾ ਰਹੀ ਹੈ ਤਾਂ ਇਸ ਵਰਲਡ ਪੰਜਾਬੀ ਕਾਨਫਰੰਸ ਦੇ ਇਤਿਹਾਸ ਨੂੰ ਜਾਣਨਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ। ਸੰਨ 2009 ਵਿਚ ਪ੍ਰੋ. ਦਰਸ਼ਨ ਸਿੰਘ ਬੈਂਸ ਅਤੇ ਅਜੈਬ ਸਿੰਘ ਚੱਠਾ ਵੱਲੋਂ ਮਿਲ ਕੇ ਕਲਮ ਫਾਊਂਡੇਸ਼ਨ ਨਾਮ ਦੀ ਸੰਸਥਾ ਵੱਲੋਂ ਓਨਟਾਰੀਓ ਫਰੈਂਡਜ਼ ਕਲੱਬ, ਪੰਜਾਬੀ ਫਰੋਮ ਕੈਨੇਡਾ ਨੇ ਆਪਣੇ ਸਰਗਰਮ ਸਾਥੀਆਂ ਨਾਲ ਮਿਲ ਕੇ 24, 25 ਅਤੇ 26 ਜੁਲਾਈ 2009 ਨੂੰ ਸ਼ੈਰੇਡਿਨ ਕਾਲਜ ਬਰੈਂਪਟਨ ਵਿਖੇ ਪਹਿਲੀ ਕਾਨਫਰੰਸ ਕਰਵਾਈ। ਇਸ ਕਾਨਫਰੰਸ ਦਾ ਵਿਸ਼ਾ ‘ਪੰਜਾਬੀਅਤ ਦਾ ਭਵਿੱਖ ਤੇ ਵਰਤਮਾਨ’ ਰੱਖਿਆ ਗਿਆ। ਇਸ ਤੋਂ ਬਾਅਦ ਅਗਲੀ ਕਾਨਫਰੰਸ ਬੈਂਸ ਤੇ ਚੱਠਾ ਦੀ ਅਗਵਾਈ ਹੇਠ 5, 6 ਤੇ 7 ਅਗਸਤ 2011 ਨੂੰ ਬਰੈਂਪਟਨ ਵਿਖੇ ਕਰਵਾਈ ਗਈ। ਇਸ ਦਾ ਵਿਸ਼ਾ ਸੀ ‘ਪੰਜਾਬੀ ਭਾਸ਼ਾ-ਭਵਿੱਖ ਅਤੇ ਵਰਤਮਾਨ’ ਜਿਸ ’ਚ ਬੁੱਧੀਜੀਵੀਆਂ ਵੱਲੋਂ ਖੁੱਲ੍ਹ ਕੇ ਚਰਚਾ ਕੀਤੀ ਗਈ। ਸੰਨ 2015 ਵਿਚ ਵੀ ਕੈਨੇਡਾ ਵਿਖੇ ਪਬਪਾ ਅਤੇ ਓਵਾਰੀਓ ਫਰੈਂਡਜ਼ ਕਲੱਬ ਵੱਲੋਂ ਚੱਠਾ ਦੀ ਅਗਵਾਈ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਹੋਈ। ਸੰਨ 2017 ’ਚ ਵੀ ‘ਪੰਜਾਬੀ ਭਾਸ਼ਾ ਅਤੇ ਨੈਤਿਕਤਾ’ ਵਿਸ਼ੇ ਉੱਤੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ’ਚ ਨੈਤਿਕਤਾ ਨੂੰ ਵਿਸ਼ੇ ਵਜੋਂ ਪੜ੍ਹਾਉਣ ਦਾ ਮਤਾ ਪਾਸ ਕੀਤਾ ਗਿਆ। ਇਹ ਆਪਣੀ ਤਰ੍ਹਾਂ ਦਾ ਇਕ ਵੱਖਰਾ ਵਿਸ਼ਾ ਸੀ। ਸੰਨ 2019 ਵਿਚ ਬਰੈਂਪਟਨ ਕੈਨੇਡਾ ਵਿਖੇ ਅਜੈਬ ਸਿੰਘ ਚੱਠਾ ਦੀ ਸਰਪ੍ਰਸਤੀ ਹੇਠ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ। ਇਸ ਦਾ ਵਿਸ਼ਾ ਵੀ ਨੈਤਿਕਤਾ ਨੂੰ ਵਿਸ਼ੇ ਵਜੋਂ ਪੜ੍ਹਾਉਣ ਨਾਲ ਸਬੰਧਤ ਸੀ। ਸੰਨ 2020 ਵਿਚ ਜਗਤ ਪੰਜਾਬੀ ਸਭਾ ਅਤੇ ਰੋਰ ਫਾਰ ਚੇਂਜ ਵੱਲੋਂ ਨਵੀਂ ਮੁੰਬਈ ਵਿਖੇ ਬਲਜੀਤ ਸਿੰਘ ਯੂਐੱਸਏ ਤੇ ਡਾ. ਐੱਸ.ਐੱਸ. ਗਿੱਲ ਵਾਈਸ ਚਾਂਸਲਰ ਦੀ ਅਗਵਾਈ ਵਿਚ ਮਾਤ ਭਾਸ਼ਾ ਦਿਵਸ ‘ਚੰਗੀ ਪੜ੍ਹਾਈ ਅਤੇ ਸਿੱਖਿਆ’ ਵਿਸ਼ੇ ’ਤੇ ਕਾਨਫਰੰਸ ਕਰਵਾਈ ਗਈ ਜੋ ਬਹੁਤ ਹੀ ਸਫਲ ਰਹੀ। ਡਾ. ਅਜੈਬ ਸਿੰਘ ਚੱਠਾ, ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ, ਅਮਰ ਸਿੰਘ ਭੁੱਲਰ ਮੈਨੇਜਰ ਵਰਲਡ ਪੰਜਾਬੀ ਕਾਨਫਰੰਸ, ਸਰਦੂਲ ਸਿੰਘ ਬਿਆੜਾ, ਸੀਨੀਅਰ ਵਾਈਸ ਪ੍ਰਧਾਨ ਵਰਲਡ ਪੰਜਾਬੀ ਕਾਨਫਰੰਸ ਦੇ ਸਾਂਝੇ ਉੱਦਮ ਨਾਲ ਕੀਤੀ ਜਾਣ ਵਾਲੀ ਇਸ ਕਾਨਫਰੰਸ ਲਈ ਬਹੁਤ ਸਾਰੇ ਵਿਦਵਾਨ ਤੇ ਬੁੱਧੀਮਾਨ ਲੋਕ ਪਹੁੰਚ ਰਹੇ ਹਨ। ਇਸ ਕਾਨਫਰੰਸ ਦਾ ਵਿਸ਼ਾ ‘ਪੰਜਾਬ ਦੀ ਸਿੱਖਿਆ ਦੀਆਂ ਚੁਣੌਤੀਆਂ’ ਨਾਲ ਸਬੰਧਤ ਹੈ। ਸਾਡੀ ਵਿੱਦਿਆ ਪ੍ਰਣਾਲੀ ’ਚ ਬਹੁਤ ਸਾਰੇ ਸੁਧਾਰਾਂ ਦੀ ਲੋੜ ਹੈ ਜਿਸ ਦਾ ਚਿੰਤਨ ਤੇ ਮੰਥਨ ਇਸ ਕਾਨਫਰੰਸ ਵਿਚ ਸਿੱਖਿਆ ਮਾਹਿਰਾਂ ਵੱਲੋਂ ਕੀਤਾ ਜਾਵੇਗਾ। ਬਹੁਤ ਸਾਰੇ ਖੋਜ ਪੱਤਰ ਵੀ ਪਹੁੰਚ ਚੁੱਕੇ ਹਨ। ਓਨਟਾਰੀਓ ਫਰੈਂਡਜ਼ ਕਲੱਬ ਅਤੇ ਜਗਤ ਪੰਜਾਬੀ ਸਭਾ ਸੱਤ ਸਮੁੰਦਰ ਪਾਰ ਬੈਠ ਕੇ ਵੀ ਪੰਜਾਬੀ ਜੀਵਨ, ਸਮਾਜ, ਵਿੱਦਿਆ ਪ੍ਰਣਾਲੀ ਅਤੇ ਹੋਰ ਵਿਸ਼ਿਆਂ ਬਾਰੇ ਚਿੰਤਾ ਅਤੇ ਚਿੰਤਨ ਕਰਦੀ ਰਹਿੰਦੀ ਹੈ। ਜੇ ਅਸੀਂ ਵਿੱਦਿਆ ਪ੍ਰਣਾਲੀ ਦੇ ਅਜੋਕੇ ਸਰੋਕਾਰਾਂ ’ਤੇ ਨਜ਼ਰ ਮਾਰੀਏ ਤਾਂ ਪ੍ਰਾਇਮਰੀ ਵਿੱਦਿਆ ਤੋਂ ਲੈ ਕੇ ਉੱਚ ਵਿੱਦਿਆ ਤਕ ਬਹੁਤ ਸਾਰੀਆਂ ਚੁਣੌਤੀਆਂ ਅਤੇ ਵੰਗਾਰਾਂ ਮੌਜੂਦ ਹਨ। ਇਨ੍ਹਾਂ ਬਾਰੇ ਇਸ ਕਾਨਫਰੰਸ ’ਚ ਵਿਚਾਰਾਂ ਕੀਤੀਆਂ ਜਾਣਗੀਆਂ। ਚੱਠਾ ਅਨੁਸਾਰ ਸਕੂਲੀ ਵਿੱਦਿਆ ਵਿਚ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਬੇਸ਼ੱਕ ਪੰਜਾਬੀ ਇਕ ਵਿਸ਼ੇ ਵਜੋਂ ਪੜ੍ਹਾਈ ਜਾ ਰਹੀ ਹੈ ਪਰ ਸ਼ਹਿਰੀ ਇਲਾਕਿਆਂ ਦੇ ਪ੍ਰਾਈਵੇਟ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਪ੍ਰਤੀ ਬਹੁਤ ਘੱਟ ਉਤਸ਼ਾਹਿਤ ਕਰਦੇ ਹਨ। ਇਸ ਕਾਨਫਰੰਸ ਵਿਚ ਮਾਤ ਭਾਸ਼ਾ ’ਚ ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਕੀਤੇ ਜਾਣ, ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਸ ਕਾਨਫਰੰਸ ਵਿਚ ਸਿੱਖਿਆ ਦੀ ਭਲਾਈ ਤੇ ਬੇਹਤਰੀ ਲਈ ਸੁਝਾਅ ਦਿੱਤੇ ਜਾਣਗੇ। ਉਂਜ ਵੀ ਪ੍ਰਾਇਮਰੀ ਪੱਧਰ ਦੀ ਸਿੱਖਿਆ ਕਿਤਾਬੀ ਬੋਝ ਵਾਲੀ ਵਧੇਰੇ ਹੈ। ਇਸ ਨੂੰ ਸਿਰਜਣਾਤਮਕ ਬਣਾਉਣ ਦੀ ਲੋੜ ਹੈ। ਉੱਚ ਸਿੱਖਿਆ ਅਜਿਹੀ ਹੋਵੇ ਜੋ ਸਵੈ-ਨਿਰਭਰਤਾ ਦੇ ਮੌਕੇ ਪੈਦਾ ਕਰਨ ਦੇ ਸਮਰੱਥ ਹੋਵੇ ਤੇ ਰੁਜ਼ਗਾਰ ਪੈਦਾ ਕਰੇ।-ਪ੍ਰੋ. ਕੁਲਜੀਤ ਕੌਰ।

Posted By: Jagjit Singh