-ਅਭਿਸ਼ੇਕ ਕੁਮਾਰ ਸਿੰਘ

ਕੋਰੋਨਾ ਸੰਕਟ ਦੇ ਇਸ ਦੌਰ ਵਿਚ ਕੋਈ ਨਹੀਂ ਜਾਣਦਾ ਕਿ ਕੋਵਿਡ-19 ਮਹਾਮਾਰੀ ਦੇ ਕਹਿਰ ਨੂੰ ਕਦੋਂ ਠੱਲ੍ਹ ਪਵੇਗੀ ਅਤੇ ਕਦੋਂ ਜ਼ਿੰਦਗੀ ਪਹਿਲਾਂ ਵਾਂਗ ਲੀਹੇ ਪਵੇਗੀ? ਸਿਰਫ਼ ਪੜ੍ਹਾਈ-ਲਿਖਾਈ ਹੀ ਨਹੀਂ, ਕਈ ਅਜਿਹੇ ਕੰਮਕਾਜ ਵੀ ਇਸ ਮਜਬੂਰੀ ਵਿਚ ਘਰ ਬੈਠੇ ਅਤੇ ਆਨਲਾਈਨ ਕਰਵਾਏ ਜਾ ਰਹੇ ਹਨ ਜਿਨ੍ਹਾਂ ਬਾਰੇ ਇਸ ਮਹਾਮਾਰੀ ਤੋਂ ਪਹਿਲਾਂ ਸਿਰਫ਼ ਵਿਚਾਰ-ਚਰਚਾ ਦੇ ਪੱਧਰ ’ਤੇ ਹੀ ਸੋਚ-ਵਿਚਾਰ ਹੁੰਦੀ ਸੀ। ਜ਼ਿਆਦਾਤਰ ਦਫ਼ਤਰਾਂ ਵਿਚ ਅਧਿਕਾਰੀ ਇਸ ਨੂੰ ਲੈ ਕੇ ਜ਼ਿਆਦਾ ਵਿਚਾਰ ਨਹੀਂ ਕਰਦੇ ਸਨ ਕਿ ਬਹੁਤ ਸਾਰੇ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਘਰੋਂ ਕੀਤਾ ਜਾ ਸਕਦਾ ਹੈ ਪਰ ਕੋਰੋਨਾ ਸੰਕਟ ਕਾਰਨ ਉਪਜੀ ਬੇਯਕੀਨੀ ਨੇ ਵਰਕ ਫਰਾਮ ਹੋਮ ਅਰਥਾਤ ਘਰ ਤੋਂ ਕੰਮ ਕਰਨ ਦੀ ਮਜਬੂਰੀ ਨੂੰ ਇਕ ਜ਼ਰੂਰਤ ਵਿਚ ਬਦਲ ਦਿੱਤਾ ਹੈ।

ਹੁਣ ਦਫ਼ਤਰੀ ਕੰਮਕਾਜ ਦੇ ਇਲਾਵਾ ਖ਼ਰੀਦੋ-ਫਰੋਖਤ ਅਤੇ ਨਿੱਜੀ-ਸਰਕਾਰੀ ਬੈਠਕਾਂ ਨਾਲ ਜੁੜੇ ਤਮਾਮ ਕੰਮ ਜਾਂ ਤਾਂ ਆਨਲਾਈਨ ਹੋ ਰਹੇ ਹਨ ਜਾਂ ਆਨਲਾਈਨ ਕਰਨ ਦੀ ਤਿਆਰੀ ਹੈ ਤਾਂ ਕਿ ਕੋਵਿਡ-19 ਦਾ ਦੌਰ ਲੰਬਾ ਖਿੱਚ ਹੋਣ ’ਤੇ ਦੁਨੀਆ ਦੇ ਚੱਲਣ ਵਿਚ ਕੋਈ ਜ਼ਿਆਦਾ ਮੁਸ਼ਕਲ ਨਾ ਆਵੇ। ਅਜਿਹੀਆਂ ਖ਼ਬਰਾਂ ਬੀਤੇ ਸਾਲ ਹੀ ਚਰਚਾ ਵਿਚ ਆ ਗਈਆਂ ਸਨ ਕਿ ਦੇਸ਼ ਅਤੇ ਦੁਨੀਆ ਦੀਆਂ ਜ਼ਿਆਦਾਤਰ ਆਈਟੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਅਗਲੇ ਕਈ ਮਹੀਨਿਆਂ ਲਈ ਵਰਕ ਫਰਾਮ ਹੋਮ ਦੀ ਛੋਟ ਦੇ ਦਿੱਤੀ ਹੈ।

ਭਾਰਤ ਦੀਆਂ ਪੰਜ ਚੋਟੀ ਦੀਆਂ ਆਈਟੀ ਕੰਪਨੀਆਂ ਨੇ ਵੱਧਦੀ ਮੰਗ ਦੀ ਭਰਪਾਈ ਲਈ ਆਪਣੇ ਇੱਥੇ ਬੰਪਰ ਭਰਤੀਆਂ ਕਰਨ ਦੀ ਯੋਜਨਾ ਬਣਾਈ ਹੈ। ਨਵੀਆਂ ਬੰਪਰ ਭਰਤੀਆਂ ਦੀ ਸੂਚਨਾ ਇਹ ਵੀ ਦੱਸਦੀ ਹੈ ਕਿ ਬਦਲੇ ਹੋਏ ਹਾਲਾਤ ਮੁਤਾਬਕ ਦੇਸ਼ ਦੀਆਂ ਤਮਾਮ ਕੰਪਨੀਆਂ ਆਪਣਾ ਜ਼ਿਆਦਾਤਰ ਕੰਮਕਾਜ ਡਿਜੀਟਲ ਪਲੇਟਫਾਰਮ ’ਤੇ ਲਿਆਉਣਾ ਚਾਹੁੰਦੀਆਂ ਹਨ ਪਰ ਇਸ ਦੇ ਲਈ ਉਨ੍ਹਾਂ ਕੋਲ ਕੋਈ ਮੁਹਾਰਤ ਜਾਂ ਤਜਰਬਾ ਨਹੀਂ ਹੈ। ਇਸ ਲਈ ਉਹ ਆਈਟੀ ਕੰਪਨੀਆਂ ਦੀ ਮਦਦ ਲੈਣੀ ਸ਼ੁਰੂ ਕਰ ਰਹੀਆਂ ਹਨ।

ਇਸ ਸੂਚਨਾ ਦਾ ਇਕ ਸਿਰਾ ਇਸ ਨਾਲ ਵੀ ਜੁੜਿਆ ਹੈ ਕਿ ਫ਼ਿਲਹਾਲ ਆਈਟੀ ਤੋਂ ਇਲਾਵਾ ਜਿਨ੍ਹਾਂ ਕੰਪਨੀਆਂ ਨੇ ਵਰਕ ਫਰਾਮ ਹੋਮ ਦੀ ਮਜਬੂਰੀ ਨੂੰ ਹੰਗਾਮੀ ਉਪਾਵਾਂ ਦੇ ਤੌਰ ’ਤੇ ਅਪਨਾਇਆ ਹੈ, ਹੁਣ ਉਹ ਇਨ੍ਹਾਂ ਸਾਰੇ ਫੌਰੀ ਉਪਾਵਾਂ ਨੂੰ ਸਥਾਈ ਪ੍ਰਬੰਧਾਂ ਵਿਚ ਬਦਲਣਾ ਚਾਹੁੰਦੀਆਂ ਹਨ।

ਇਹ ਵੀ ਸੰਭਵ ਹੈ ਕਿ ਉਨ੍ਹਾਂ ਨੂੰ ਇਸ ਨਵੀਂ ਵਿਵਸਥਾ ਵਿਚ ਕਈ ਫ਼ਾਇਦੇ ਨਜ਼ਰ ਆ ਗਏ ਹੋਣ। ਦਫ਼ਤਰ ਦੀ ਥਾਂ ਘਰੋਂ ਕੰਮ ਕਰਨ ਦਾ ਮੂਲ ਸੁਝਾਅ ਸਭ ਤੋਂ ਪਹਿਲਾਂ ਇਕ ਅਮਰੀਕੀ ਪ੍ਰਬੰਧਕ ਡੇਮ ਸਟੀਫਨ ਸ਼ਰਲੀ ਨੇ ਦਿੱਤਾ ਸੀ। ਉਨ੍ਹਾਂ ਨੇ ਇਹ ਵਿਚਾਰ ਕੰਪਨੀਆਂ ਦੇ ਅੱਗੇ ਰੱਖਿਆ ਸੀ ਕਿ ਜੇ ਆਧੁਨਿਕ ਤਕਨੀਕ ਦੀ ਮਦਦ ਲਈ ਜਾਵੇ ਤਾਂ ਕਈ ਦਫ਼ਤਰੀ ਕੰਮ ਅਜਿਹੇ ਹਨ ਜਿਨ੍ਹਾਂ ਨੂੰ ਘਰੋਂ ਕਰ ਸਕਦੇ ਹੋ। ਆਨਲਾਈਨ ਪੜ੍ਹਾਈ ਨੇ ਵੀ ਇਸ ਬਹਿਸ ਨੂੰ ਅੱਗੇ ਵਧਾਇਆ ਹੈ ਕਿ ਜੇ ਪੜ੍ਹਾਈ ਅਤੇ ਪ੍ਰੀਖਿਆ ਦੇ ਪ੍ਰਬੰਧ ਸਕੂਲ-ਕਾਲਜ ਆਏ ਬਗੈਰ ਹੋ ਸਕਦੇ ਹਨ ਤਾਂ ਕਈ ਹੋਰ ਜ਼ਰੂਰੀ ਕੰਮਾਂ ਨੂੰ ਵੀ ਘਰੋਂ ਹੀ ਸਿਰੇ ਕਿਉਂ ਨਹੀਂ ਚਾੜਿ੍ਹਆ ਜਾ ਸਕਦਾ?

ਸਨਅਤੀ ਸੰਗਠਨ ਐਸੋਚੈਮ ਨੇ ਬੀਤੇ ਸਾਲ ਦੇਸ਼ ਦੀਆਂ ਸਾਢੇ ਤਿੰਨ ਹਜ਼ਾਰ ਕੰਪਨੀਆਂ ਦੇ ਪ੍ਰਬੰਧਕਾਂ ਵਿਚਾਲੇ ਇਕ ਸਰਵੇ ਕਰਵਾ ਕੇ ਇਸ ਯੋਜਨਾ ਦੀ ਟੋਹ ਲਈ ਸੀ। ਇਸ ਸਰਵੇਖਣ ਦਾ ਸਿੱਟਾ ਸੀ ਕਿ ਮਾਰਚ 2020 ਦੇ ਲਾਕਡਾਊਨ ਤੋਂ ਬਾਅਦ ਕੰਪਨੀਆਂ ਆਪਣੇ ਦਫ਼ਤਰਾਂ ਦੀ ਰੂਪ-ਰੇਖਾ ਬਦਲਣ ਵਿਚ ਲੱਗ ਗਈਆਂ ਸਨ। ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਤਾਂ ਉਸੇ ਦੌਰਾਨ ਇਹ ਐਲਾਨ ਕਰ ਦਿੱਤਾ ਸੀ ਕਿ ਉਸ ਦੀ ਯੋਜਨਾ 2025 ਤਕ ਆਪਣੇ 75 ਫ਼ੀਸਦੀ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਨੀਤੀ ਤਹਿਤ ਕੰਮ ਕਰਨ ਦੇਣ ਦੀ ਹੈ। ਇਹ ਸਹੀ ਹੈ ਕਿ ਸਾਰੇ ਤਰ੍ਹਾਂ ਦੇ ਕੰਮਾਂ ਨੂੰ ਕੰਮ ਵਾਲੇ ਸਥਾਨਾਂ ਤੋਂ ਹਟਾ ਕੇ ਘਰ ਨਹੀਂ ਭੇਜਿਆ ਜਾ ਸਕਦਾ। ਇਸ ਵਿਚ ਕਈ ਵਿਵਹਾਰਕ ਅੜਚਨਾਂ ਵੀ ਹਨ ਪਰ ਇਸ ਦੇ ਰਸਤੇ ਵੀ ਨਿਕਲ ਸਕਦੇ ਹਨ।

ਇਸ ਕੋਰੋਨਾ ਕਾਲ ਵਿਚ ਦੁਨੀਆ ਵਿਚ ਪ੍ਰਚਲਿਤ ਹੋਏ ਵਰਕ ਫਰਾਮ ਹੋਮ ਦੇ ਫ਼ਲਸਫ਼ੇ ਨੇ ਕੁਝ ਹਾਂ-ਪੱਖੀ ਨਜ਼ਾਰੇ ਵੀ ਦਿਖਾਏ। ਜੇਕਰ ਲੋੜ ਪੈਣ ’ਤੇ ਕਈ ਕੰਮ ਘਰ ਬੈਠੇ ਪੂਰੇ ਹੋ ਸਕਦੇ ਹਨ ਤਾਂ ਧਰਤੀ ਦੇ ਸਾਹਮਣੇ ਮੌਜੂਦ ਪੌਣ-ਪਾਣੀ ਸਬੰਧੀ ਚੁਣੌਤੀਆਂ ਅਤੇ ਸ਼ਹਿਰਾਂ ’ਤੇ ਪੈ ਰਹੇ ਬੇਇੰਤਹਾ ਦਬਾਅ ਦਾ ਆਸਾਨੀ ਨਾਲ ਸਾਹਮਣਾ ਕੀਤਾ ਜਾ ਸਕਦਾ ਹੈ।

ਵਰਕ ਫਰਾਮ ਹੋਮ ਜਾਂ ਕਹੀਏ ਕਿ ਦੁਨੀਆ ਚਲਾਉਣ ਦੇ ਆਨਲਾਈਨ ਪ੍ਰਬੰਧਾਂ ਦਾ ਕਿੰਨਾ ਵੱਧ ਫ਼ਾਇਦਾ ਸਾਡੀ ਧਰਤੀ ਅਤੇ ਕੁਦਰਤ ਨੂੰ ਹੋ ਸਕਦਾ ਹੈ, ਇਹ ਗੱਲ ਬੀਤੇ ਅਰਸੇ ਵਿਚ ਸਾਫ਼ ਹੋਏ ਪੌਣ-ਪਾਣੀ ਦੇ ਰੂਪ ਵਿਚ ਦਿਸੀ। ਘਰ ਨੂੰ ਦਫ਼ਤਰ ਵਿਚ ਬਦਲਣ ਦੀ ਜ਼ਰੂਰਤ ਅਸਲ ਵਿਚ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਜ਼ਿਆਦਾਤਰ ਸ਼ਹਿਰਾਂ ਵਿਚ ਘਰਾਂ ਤੋਂ ਦਫ਼ਤਰਾਂ ਦੀਆਂ ਦੂਰੀਆਂ ਵੱਧ ਰਹੀਆਂ ਹਨ। ਕੰਮਕਾਜੀ ਆਬਾਦੀ ਨੂੰ ਦਫ਼ਤਰ ਪੁੱਜਣ ਲਈ ਲੰਬੀ ਦੂਰੀ ਦੇ ਇਲਾਵਾ ਟਰੈਫਿਕ ਜਾਮ ਅਤੇ ਟਰਾਂਸਪੋਰਟੇਸ਼ਨ ਦੇ ਵੱਧਦੇ ਖ਼ਰਚਿਆਂ ਨੂੰ ਵੀ ਸਹਿਣ ਕਰਨਾ ਪੈਂਦਾ ਹੈ।

ਕਾਰੋਬਾਰੀ ਇਲਾਕਿਆਂ ਵਿਚ ਦਫ਼ਤਰਾਂ ਦਾ ਕਿਰਾਇਆ ਕਾਫ਼ੀ ਮਹਿੰਗਾ ਹੈ ਜੋ ਕੰਪਨੀਆਂ ਨੂੰ ਭਾਰੀ ਪੈਂਦਾ ਹੈ। ਦਫ਼ਤਰਾਂ ਵਿਚ ਏਅਰ ਕੰਡੀਸ਼ਨਿੰਗ ਦੇ ਪ੍ਰਬੰਧ ਵਿਚ ਬਿਜਲੀ ਦਾ ਬੇਇੰਤਹਾ ਖ਼ਰਚਾ ਕਈ ਹੋਰ ਤਰ੍ਹਾਂ ਦੇ ਦਬਾਅ ਪੈਦਾ ਕਰਦਾ ਹੈ। ਘਰ ਤੋਂ ਕੰਮ ਕਰਨ ਨਾਲ ਲੋਕਾਂ ਦਾ ਤਣਾਅ ਘੱਟਦਾ ਹੈ ਅਤੇ ਬਿਜਲੀ ਤੇ ਪੈਟਰੋਲ-ਡੀਜ਼ਲ ਆਦਿ ਸੋਮਿਆਂ ਦਾ ਖ਼ਰਚਾ ਵੀ ਬਚਦਾ ਹੈ। ਬੇਸ਼ੱਕ ਬੇਯਕੀਨੀਆਂ ਤਾਂ ਅਜੇ ਵੀ ਬਹੁਤ ਹਨ ਪਰ ਮਨੁੱਖੀ ਇਤਿਹਾਸ ਵਿਚ ਇਹ ਅਜਿਹਾ ਪਹਿਲਾ ਮੌਕਾ ਹੈ ਜਦ ਸੰਪੂਰਨ ਲਾਕਡਾਊਨ, ਸੈਮੀ ਲਾਕਡਾਊਨ ਅਤੇ ਨਾਈਟ ਕਰਫਿਊ ਵਰਗੀਆਂ ਤਮਾਮ ਬੰਦਿਸ਼ਾਂ ਦੇ ਬਾਵਜੂਦ ਕੁਝ ਚੀਜ਼ਾਂ ਨੂੰ ਛੱਡ ਕੇ ਦੁਨੀਆ ਦਾ ਜ਼ਿਆਦਾਤਰ ਕਾਰੋਬਾਰ ਇਸ ਦੌਰ ਵਿਚ ਬਾਦਸਤੂਰ ਚੱਲਦਾ ਰਿਹਾ ਹੈ।

ਲੋਕਾਂ ਨੂੰ ਰਾਸ਼ਨ-ਪਾਣੀ ਮਿਲ ਰਿਹਾ ਹੈ, ਦਵਾਈਆਂ ਸਮੇਤ ਕਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਪਹਿਲਾਂ ਵਾਂਗ ਹੀ ਹੋ ਰਹੀ ਹੈ, ਅਖ਼ਬਾਰ ਛਪ ਰਹੇ ਹਨ ਅਤੇ ਪ੍ਰੀਖਿਆ ਵਿਚ ਰੁਕਾਵਟਾਂ ਨੂੰ ਛੱਡ ਕੇ ਸਿੱਖਿਆ ਦਾ ਸਿਲਸਿਲਾ ਵੀ ਜਾਰੀ ਹੈ। ਪੜ੍ਹਾਈ ਹੀ ਨਹੀਂ, ਇੰਟਰਨੈੱਟ, ਸਮਾਰਟਫੋਨ, ਲੈਪਟਾਪ ਅਤੇ ਕਈ ਤਰ੍ਹਾਂ ਦੀਆਂ ਐਪਸ ਨੇ ਇਹ ਵੀ ਮੁਮਕਿਨ ਕਰ ਦਿਖਾਇਆ ਹੈ ਕਿ ਫਿਲਮਕਾਰਾਂ ਤੋਂ ਲੈ ਕੇ ਆਮ ਲੋਕ ਵੀ ਘਰ ਬੈਠੇ ਕੋਈ ਛੋਟੀ-ਮੋਟੀ ਫਿਲਮ ਬਣਾ ਲੈਣ ਅਤੇ ਉਸ ਨੂੰ ਦੁਨੀਆ ਭਰ ਵਿਚ ਪਹੁੰਚਾ ਦੇਣ।

ਜੇਕਰ ਕਿਸੇ ਕਾਰਨ ਪ੍ਰਬੰਧਕਾਂ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਆਉਣ ਦਾ ਦਬਾਅ ਪਾਇਆ ਤਾਂ ਭਵਿੱਖ ਵਿਚ ਅਜਿਹੀ ਹੀ ਕੋਈ ਮੁਸ਼ਕਲ ਆਉਣ ’ਤੇ ਆਨਲਾਈਨ ਕੰਮਕਾਜ ਨੂੰ ਪਟੜੀ ’ਤੇ ਲਿਆਉਣਾ ਆਸਾਨ ਨਹੀਂ ਹੋਵੇਗਾ। ਅਸਲ ਵਿਚ ਜ਼ਿਆਦਾਤਰ ਪ੍ਰਬੰਧਕਾਂ ਨੂੰ ਅਜੇ ਵੀ ਲੱਗਦਾ ਹੈ ਕਿ ਘਰ ਬੈਠਾ ਕਰਮਚਾਰੀ ਦਫ਼ਤਰ ਨਾਲੋਂ ਜ਼ਿਆਦਾ ਘਰ ਦੇ ਕੰਮ ਹੀ ਨਿਬੇੜਦਾ ਹੈ। ਇਹ ਪੁਰਾਤਨ ਸੋਚ ਬਦਲਣੀ ਹੋਵੇਗੀ। ਹਾਲਾਂਕਿ ਇੰਟਰਨੈੱਟ ਦੀ ਰਫ਼ਤਾਰ ਅਤੇ ਸਿੱਖਿਆ ਦੇ ਮਾਮਲੇ ਵਿਚ ਵਿਦਿਆਰਥੀਆਂ ਨੂੰ ਲੈਪਟਾਪ-ਸਮਾਰਟਫੋਨ ਖ਼ਰੀਦਣ ਦੀਆਂ ਮਜਬੂਰੀਆਂ ਵੀ ਹਨ ਪਰ ਦੁਨੀਆ ਨੂੰ ਜੇਕਰ ਬਦਲਣਾ ਹੈ ਤਾਂ ਇਨ੍ਹਾਂ ਦੇ

ਰਸਤੇ ਵੀ ਕੱਢਣੇ ਹੋਣਗੇ।

-(ਲੇਖਕ ਤਕਨੀਕੀ ਵਿਸ਼ਿਆਂ ਦਾ ਜਾਣਕਾਰ ਹੈ)।

Posted By: Susheel Khanna