ਪਿਊਸ਼ ਪਾਂਡੇ


- ਖ਼ਿਆਲਾਂ ਦੀ ਆਪਣੀ ਮਹਿਕਦੀ ਬਗ਼ੀਚੀ ਵਿਚ ਬੈਠ ਕੇ ਮੈਨੂੰ ਯਾਦ ਆਇਆ ਕਿ ਮੈਂ ਤਾਂ ਸਿਰਫ਼ ਖ਼ਾਬਾਂ 'ਚ ਡੁੱਬਿਆ ਰਹਿੰਦਾ ਹਾਂ


ਖ਼ਿਆਲਾਂ ਦੀ ਦੁਨੀਆ ਵੀ ਬਾਕਮਾਲ ਹੈ। ਬੰਦਾ ਬੈਠੇ-ਬਿਠਾਏ ਪਤਾ ਨਹੀਂ ਕੀ ਤੋਂ ਕੀ ਬਣ ਜਾਂਦਾ ਹੈ। ਅਜਿਹੇ ਬੰਦੇ ਨੂੰ ਭਾਵੇਂ ਜਾਗਦਿਆਂ ਹੀ ਸੁਪਨੇ ਵੇਖਣ ਵਾਲਾ ਕਿਹਾ ਜਾਵੇ ਪਰ ਸੱਚ ਇਹ ਹੈ ਕਿ ਜ਼ਿਆਦਾਤਰ ਇਨਸਾਨਾਂ ਦਾ ਨਾਤਾ ਹਕੀਕਤ ਦੀ ਥਾਂ ਖ਼ਿਆਲਾਂ ਨਾਲ ਹੀ ਜੁੜਿਆ ਹੁੰਦਾ ਹੈ। ਮੈਂ ਵੀ ਉਨ੍ਹਾਂ 'ਚੋਂ ਇਕ ਹਾਂ। ਕਦੇ-ਕਦੇ ਮੇਰੇ ਦਿਲ ਵਿਚ ਖ਼ਿਆਲ ਆਉਂਦਾ ਹੈ ਕਿ ਮੈਂ ਸਾਹਿਤਕਾਰ ਬਣ ਜਾਵਾਂ। ਇਕ ਅਜਿਹੀ ਨਵੀਂ ਦਾਸਤਾਂ ਲਿਖਾਂ ਜਿਸ ਦਾ ਅੰਤ ਬੇਹੱਦ ਕਨਫਿਊਜ਼ਿੰਗ ਹੋਵੇ। ਸਿਰਫ਼ ਅੰਤ ਨੂੰ ਸਮਝਣ ਲਈ ਦੇਸ਼ ਦੀਆਂ ਤਮਾਮ ਯੂਨੀਵਰਸਿਟੀਆਂ, ਗੋਸ਼ਟੀਆਂ, ਸੰਮੇਲਨਾਂ ਵਿਚ ਮੈਨੂੰ ਸੱਦਿਆ ਜਾਵੇ। ਇਸ ਆਧੁਨਿਕ ਕਹਾਣੀ ਲਈ ਮੈਨੂੰ ਕੋਈ ਵੱਡਾ ਪੁਰਸਕਾਰ ਮਿਲੇ। ਇਸ ਖ਼ਿਆਲ ਮਗਰੋਂ ਮੈਨੂੰ ਖ਼ਿਆਲ ਆਉਂਦਾ ਹੈ ਕਿ ਕਿਉਂ ਨਾ ਮੈਂ ਕਿਸੇ ਪੁਰਸਕਾਰ ਲਈ ਬਣੇ ਜੱਜਾਂ ਦੇ ਪੈਨਲ ਦਾ ਮੁਖੀ ਬਣ ਜਾਵਾਂ ਅਤੇ ਐਵਾਰਡ ਦਾ ਫ਼ੈਸਲਾ ਖ਼ੁਦ ਕਰਾਂ? ਆਖ਼ਰ ਦੇਣ ਵਾਲਾ ਹਮੇਸ਼ਾ ਲੈਣ ਵਾਲੇ ਤੋਂ ਵੱਡਾ ਹੁੰਦਾ ਹੈ। ਸੱਚ ਕਹਾਂ ਤਾਂ ਕਦੇ-ਕਦੇ ਮੇਰੇ ਖ਼ਿਆਲ ਮੈਨੂੰ ਸੌਣ ਨਹੀਂ ਦਿੰਦੇ। ਕ੍ਰਿਕਟ ਵਿਸ਼ਵ ਕੱਪ ਦੌਰਾਨ ਮੈਨੂੰ ਕੁਮੈਂਟੇਟਰ ਬਣਨ ਦਾ ਖ਼ਿਆਲ ਆਉਣ ਲੱਗਾ ਸੀ। ਹਰ ਹਿੰਦੁਸਤਾਨੀ ਦੀ ਤਰ੍ਹਾਂ ਮੇਰਾ ਵੀ ਮੰਨਣਾ ਸੀ ਕਿ ਮੈਂ ਕ੍ਰਿਕਟ ਦਾ ਜਾਣਕਾਰ ਹਾਂ ਪਰ ਇਕ ਖੇਡ ਚੈਨਲ ਨੂੰ ਮੈਂ ਅੰਗਰੇਜ਼ੀ ਭਾਸ਼ਾ ਵਿਚ ਅਰਜ਼ੀ ਭੇਜੀ ਤਾਂ ਕੰਬਖ਼ਤਾਂ ਨੇ ਜਵਾਬ ਤਕ ਨਹੀਂ ਦਿੱਤਾ।

ਕਦੇ-ਕਦੇ ਲੱਗਦਾ ਹੈ ਕਿ ਮੇਰੇ ਹਰ ਤਜਰਬੇ 'ਤੇ ਇਕ ਫਿਲਮ ਬਣ ਸਕਦੀ ਹੈ। ਇਸ ਲਈ ਸੋਚਦਾ ਹਾਂ ਕਿ ਫਿਲਮਾਂ ਦੀ ਕਹਾਣੀ ਲਿਖਣ ਲੱਗਾਂ। ਫਿਰ ਖ਼ਿਆਲ ਆਉਂਦਾ ਹੈ ਕਿ ਲੇਖਕ ਨੂੰ ਕਦੇ ਉਸ ਦਾ ਅਸਲ ਹੱਕ ਨਹੀਂ ਮਿਲਦਾ। ਇਸ ਲਈ ਨਿਰਦੇਸ਼ਕ ਬਣਨਾ ਉਚਿਤ ਰਹੇਗਾ। ਫਿਰ ਖ਼ਿਆਲ ਆਉਂਦਾ ਹੈ ਕਿ ਨਿਰਦੇਸ਼ਕ ਵੀ ਤਾਂ ਅੱਜਕੱਲ੍ਹ ਨਿਰਮਾਤਾ ਦੇ ਹੱਥ ਦੀ ਕਠਪੁਤਲੀ ਹੋ ਗਏ ਹਨ ਤਾਂ ਕਿਉਂ ਨਾ ਨਿਰਮਾਤਾ ਹੀ ਬਣਿਆ ਜਾਵੇ। ਉਸ ਦਾ ਮਨ ਕਰੇ ਤਾਂ ਬੇਟੇ ਨੂੰ ਹੀਰੋ ਬਣਾ ਸਕਦਾ ਹੈ ਪਰ ਨਿਰਮਾਤਾ ਬਣਨ ਲਈ ਖ਼ੀਸੇ ਵਿਚ ਮੋਟਾ ਪੈਸਾ ਚਾਹੀਦਾ ਹੈ। ਫਿਲਮ ਨਹੀਂ ਚੱਲੀ ਤਾਂ ਪੈਸਾ ਡੁੱਬ ਸਕਦਾ ਹੈ। ਪੈਸਾ ਡੁਬੋਣਾ ਅਕਲਮੰਦੀ ਨਹੀਂ ਤਾਂ ਖ਼ਿਆਲ ਆਇਆ ਕਿ ਬਿਲਡਰ ਬਣ ਜਾਵਾਂ। ਕਿਸੇ ਵੀ ਕੀਮਤ 'ਤੇ ਘਰ ਲੈਣ ਲਈ ਖ਼ੁਦ ਨੂੰ ਗਿਰਵੀ ਰੱਖਣ ਵਾਲੇ ਗਾਹਕਾਂ ਨੂੰ ਸੁਪਨੇ ਦਿਖਾਈ ਜਾਵਾਂ। ਗਾਹਕ ਈਐੱਮਆਈ ਭਰੇ, ਮੈਂ ਨੋਟ ਭਰਾਂ। ਬਿਲਡਰ ਬਣਨਾ ਚੰਗਾ ਬਦਲ ਹੈ ਪਰ ਫਿਰ ਇਹ ਖ਼ਿਆਲ ਵੀ ਆਉਂਦਾ ਹੈ ਕਿ ਬਿਲਡਰ ਵੀ ਤਾਂ ਨੇਤਾਵਾਂ ਅੱਗੇ ਲਾਚਾਰ ਹੁੰਦਾ ਹੈ ਤਾਂ ਕਿਉਂ ਨਾ ਨੇਤਾ ਬਣਿਆ ਜਾਵੇ? ਨੇਤਾ ਬਣਨ ਲਈ ਸ਼ੁਰੂਆਤੀ ਤੌਰ 'ਤੇ ਬਹੁਤ ਜ਼ਿਆਦਾ ਨਿਵੇਸ਼ ਵੀ ਨਹੀਂ ਕਰਨਾ ਪੈਂਦਾ। ਸਿਰਫ਼ ਦੋ-ਤਿੰਨ ਕੰਮ ਕਰਨੇ ਹਨ। ਪਹਿਲਾ, ਸਫ਼ੈਦ ਕੁੜਤੇ-ਪਜਾਮੇ ਦੇ ਤਿੰਨ-ਚਾਰ ਸੈੱਟ ਖ਼ਰੀਦਣੇ ਹਨ। ਦੂਜਾ, ਚਾਰ-ਛੇ ਚੇਲਿਆਂ-ਚਾਪਟਿਆਂ ਨੂੰ ਦੋ-ਤਿੰਨ ਮਹੀਨੇ ਲਈ ਚਾਹ-ਪਾਣੀ ਦਾ ਖ਼ਰਚਾ ਦੇ ਕੇ ਨਾਲ ਰੱਖਣਾ ਹੈ ਜੋ ਜ਼ਰੂਰਤ ਪੈਣ 'ਤੇ ਜ਼ਿੰਦਾਬਾਦ-ਜ਼ਿੰਦਬਾਦ ਕਰਨ ਲੱਗਣ। ਜੇ ਕਿਸੇ ਦੀ ਮੁਰਦਾਬਾਦ ਕਰਵਾਉਣੀ ਹੋਵੇ ਤਾਂ ਉਹ ਵੀ ਕਰ ਦੇਣ। ਤੀਜਾ, ਆਪਣੀ ਹੈਸੀਅਤ ਮੁਤਾਬਕ ਦੀਵਾਲੀ ਅਤੇ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਵਾਲੇ ਵੱਡੇ ਬੈਨਰ ਲਗਵਾਉਣੇ ਹਨ। ਚੌਥਾ, ਜਿੱਥੇ ਮੌਕਾ ਮਿਲੇ, ਉੱਥੇ ਧਰਨਾ-ਪ੍ਰਦਰਸ਼ਨ ਕਰ ਦੇਣਾ ਹੈ।

ਨੇਤਾ ਬਣਨ ਦਾ ਖ਼ਿਆਲ ਕਾਫ਼ੀ ਦਿਨਾਂ ਤਕ ਮਨ ਨੂੰ ਘੇਰੀ ਬੈਠਾ ਰਿਹਾ ਪਰ ਫਿਰ ਖ਼ਿਆਲ ਆਇਆ ਕਿ ਹਾਈ ਕਮਾਨ ਦੀ ਭਗਤੀ ਦੇ ਬਿਨਾਂ ਕਾਹਦੇ ਨੇਤਾ ਅਤੇ ਜਿਸ ਤਰ੍ਹਾਂ ਹਰ ਗਲੀ ਵਿਚ ਅੱਜਕੱਲ੍ਹ ਚਾਰ-ਛੇ ਨੇਤਾ ਮਿਲ ਜਾਂਦੇ ਹਨ, ਉਸ ਵਿਚ ਆਲ੍ਹਾ ਕਮਾਨ ਮੇਰੇ ਵੱਲ ਕਿਉਂ ਦੇਖੇਗੀ? ਇੱਥੇ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ। ਵੈਸੇ ਵੀ, ਹੁਣ ਘੁਟਾਲੇ ਕਰਨ ਦੀਆਂ ਗੁੰਜਾਇਸ਼ਾਂ ਘਟ ਗਈਆਂ ਹਨ। ਇਸ ਕਾਰਨ ਨੇਤਾ ਬਣਨ ਦਾ ਖ਼ਿਆਲ ਵੀ ਤਿਆਗਣਾ ਪਿਆ। ਕਿਉਂਕਿ ਅੱਜਕੱਲ੍ਹ ਜਿਸ ਕੋਲ ਕੋਈ ਕੰਮ ਨਹੀਂ ਹੈ, ਉਸ ਕੋਲ ਯੂ-ਟਿਊਬ ਚੈਨਲ ਹੈ। ਤਾਂ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਖ਼ਿਆਲ ਵੀ ਆਉਂਦਾ ਹੈ ਪਰ ਅੱਧਾ-ਅਧੂਰਾ ਹੀ, ਕਿਉਂਕਿ ਪੂਰਾ ਖ਼ਿਆਲ ਨਹੀਂ ਆਉਂਦਾ ਕਿ ਚੈਨਲ ਵਿਚ ਆਖ਼ਰ ਚਲਾਵਾਂਗਾ ਕੀ?

ਸੱਚ ਕਹਾਂ ਤਾਂ ਕਦੇ-ਕਦੇ ਮੇਰੇ ਦਿਲ ਦੇ ਕਈ ਖ਼ਿਆਲ ਆਪਸ ਵਿਚ ਉਸੇ ਤਰ੍ਹਾਂ ਉਲਝ ਜਾਂਦੇ ਹਨ ਜਿਵੇਂ ਐੱਨਡੀਏ ਵਿਚ ਹੁੰਦੇ ਹੋਏ ਵੀ ਸ਼ਿਵਸੈਨਾ-ਭਾਜਪਾ ਸਿੰਗ ਫਸਾਈ ਰੱਖਦੀਆਂ ਹਨ। ਮੈਂ ਫਿਰ ਕਈ-ਕਈ ਘੰਟੇ ਉਸੇ ਸੰਜਮ ਨਾਲ ਨਵੇਂ ਖ਼ਿਆਲ ਦਾ ਇੰਤਜ਼ਾਰ ਕਰਦਾ ਹਾਂ ਜਿਵੇਂ ਪਲੇਟਫਾਰਮ 'ਤੇ ਯਾਤਰੀ ਟਰੇਨ ਦਾ ਕਰਦੇ ਹਨ। ਦਿਲ ਦੀ ਹਰ ਚੌਥੀ ਧੜਕਣ ਨਵੇਂ ਖ਼ਿਆਲ ਦੀ ਅਨਾਊਂਸਮੈਂਟ ਲੱਗਦੀ ਹੈ ਪਰ ਖ਼ਿਆਲ ਪੈਸੰਜਰ ਮੇਲ ਦੀ ਤਰ੍ਹਾਂ ਆਉਂਦਾ ਹੈ।

ਖ਼ਿਆਲਾਂ ਦੀ ਆਪਣੀ ਮਹਿਕਦੀ ਬਗੀਚੀ ਵਿਚ ਬੈਠ ਕੇ ਮੈਨੂੰ ਫਿਰ ਖ਼ਿਆਲ ਆਇਆ ਕਿ ਮੈਂ ਤਾਂ ਸਿਰਫ਼ ਖ਼ਿਆਲਾਂ ਵਿਚ ਹੀ ਡੁੱਬਿਆ ਰਹਿੰਦਾ ਹਾਂ ਜਦਕਿ ਲੋਕ ਖ਼ਿਆਲਾਂ ਨੂੰ ਹਕੀਕਤ ਬਣਾਉਣ ਦੇ ਜੁਗਾੜ ਵਿਚ ਰੁੱਝੇ ਰਹਿੰਦੇ ਹਨ। ਸਾਹਿਤਕਾਰ ਵੱਲੋਂ ਆਲੋਚਕ 'ਤੇ ਡੋਰੇ ਪਾਏ ਜਾ ਰਹੇ ਹਨ ਅਤੇ ਨੇਤਾ ਵੱਲੋਂ ਆਲ੍ਹਾ ਕਮਾਨ 'ਤੇ। ਤਾਂ ਮੈਂ ਕੀ ਸਿਰਫ਼ ਖ਼ਿਆਲੀ ਪੁਲਾਅ ਹੀ ਪਕਾ ਰਿਹਾ ਹਾਂ? ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜੋ ਨੈੱਟਵਰਕ ਵਿਚ ਵਰਕ ਦਾ ਤੜਕਾ ਮਾਰਦੇ ਹਨ ਅਤੇ ਦੇਖਦੇ ਹੀ ਦੇਖਦੇ ਕੀ ਤੋਂ ਕੀ ਬਣ ਜਾਂਦੇ ਹਨ। ਪਰ ਮੈਂ ਅਜਿਹਾ ਕਿਉਂ ਨਹੀਂ ਬਣ ਪਾਉਂਦਾ? ਅੱਜ ਖ਼ਿਆਲਾਂ ਵਿਚ ਡੁੱਬੇ-ਡੁੱਬੇ ਇਕ ਖ਼ਿਆਲ ਨੇ ਮੇਰੀ ਅਸਫਲਤਾ ਨੂੰ ਡੀਕੋਡ ਕਰ ਦਿੱਤਾ। ਉਹ ਇਹ ਕਿ ਮੈਂ ਅਤੇ ਮੇਰੀ ਕਾਮਯਾਬੀ ਵਿਚਾਲੇ ਸਿਰਫ਼ ਦੋ ਘੰਟਿਆਂ ਦੀ ਵਾਧੂ ਨੀਂਦ ਅੜਿੱਕਾ ਬਣੀ ਹੋਈ ਹੈ! ਕੀ ਤੁਹਾਡੇ ਅਤੇ ਤੁਹਾਡੀ ਸਫਲਤਾ ਵਿਚਾਲੇ ਵੀ ਇਹੀ ਰੋੜਾ ਹੈ? ਖ਼ਿਆਲ ਕਰੋ ਅਤੇ ਮੈਨੂੰ ਦੱਸੋ।

Posted By: Susheel Khanna