ਸੁੱਘੜ ਤੇ ਅਪਣੱਤ ਭਰੇ ਘਰੇਲੂ ਰਿਸ਼ਤੇ ਕਿਸੇ ਵੀ ਪਰਿਵਾਰ ਜਾਂ ਸਮਾਜ ਦੀ ਤਰੱਕੀ ਤੇ ਖ਼ੁਸਹਾਲੀ ਦੀਆਂ ਨੀਹਾਂ ਹੁੰਦੇ ਹਨ ਪਰ ਘਰੇਲੂ ਰਿਸ਼ਤਿਆਂ ਵਿਚ ਕੁੜੱਤਣ ਜਾਂ ਖਟਾਸ ਪਰਿਵਾਰ ਦੀ ਤਬਾਹੀ ਦਾ ਕਰਨ ਹੋ ਨਿੱਬੜਦੀ ਹੈ। ਰਿਸ਼ਤਿਆਂ ਦੀ ਟੁੱਟ-ਭੱਜ ਦਾ ਖਮਿਆਜ਼ਾ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਕਦੇ-ਕਦੇ ਸਮਾਜ ਨੂੰ ਭੁਗਤਣਾ ਪੈਂਦਾ ਹੈ। ਘਰੇਲੂ ਰਿਸ਼ਤਿਆਂ 'ਚ ਖਟਾਸ ਜੇ ਹਿੰਸਾ ਦੇ ਰੂਪ 'ਚ ਤਬਦੀਲ ਹੋ ਜਾਵੇ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ। ਇਸ ਸਥਿਤੀ ਤੋਂ ਹਰ ਹਾਲ 'ਚ ਬਚਣਾ ਚਾਹੀਦਾ ਹੈ। ਇਹ ਕੋਈ ਅਤਿਕਥਨੀ ਨਹੀਂ ਹੈ ਕਿ ਭਾਰਤੀ ਸਮਾਜ 'ਚ ਔਰਤ ਪੁਰਾਤਨ ਸਮੇਂ ਤੋਂ ਹੀ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਰਹੀ ਹੈ ਅਤੇ ਇਸ ਪ੍ਰਸੰਗ 'ਚ ਉਸ ਦੀ ਜੀਵਨ ਯਾਤਰਾ ਵੀ ਕਾਫ਼ੀ ਕਠਿਨਾਈਆਂ ਭਰੀ ਅਤੇ ਪੀੜਾਦਾਇਕ ਰਹੀ ਹੈ। ਘਰੇਲੂ ਹਿੰਸਾ ਤੋਂ ਭਾਵ ਕੇਵਲ ਸਰੀਰਕ ਮਾਰਕੁੱਟ ਹੀ ਨਹੀਂ ਹੈ। ਘਰੇਲੂ ਹਿੰਸਾ ਦੀ ਆਧੁਨਿਕ ਪਰਿਭਾਸ਼ਾ ਅਨੁਸਾਰ ਇਹ ਸਰੀਰਕ ਤੋਂ ਇਲਾਵਾ ਮੌਖਿਕ ਜਾਂ ਮਾਨਸਿਕ ਵੀ ਹੋ ਸਕਦੀ ਹੈ। ਇਸ ਦੇ ਸ਼ਿਕਾਰ ਔਰਤ ਤੋਂ ਇਲਾਵਾ ਘਰ ਦੇ ਬੱਚੇ, ਬਜ਼ੁਰਗ ਜਾਂ ਮਰਦ ਵੀ ਹੋ ਸਕਦੇ ਹਨ। ਔਰਤਾਂ ਨਾਲ ਹੁੰਦੀ ਘਰੇਲੂ ਹਿੰਸਾ ਦਾ ਮੁੱਖ ਕਾਰਨ ਦਾਜ, ਲਾਲਚ ਜਾਂ ਪਰਿਵਾਰ ਵਿਚ ਪੁਰਸ਼ ਪ੍ਰਧਾਨਤਾ ਹੋ ਸਕਦੀ ਹੈ। ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਹੈ ਕਿ ਔਰਤਾਂ 'ਤੇ ਹਿੰਸਾ ਲਈ ਬਹੁਤੀ ਵਾਰ ਔਰਤ ਹੀ ਜ਼ਿੰਮੇਵਾਰ ਹੁੰਦੀ ਹੈ। ਘਰ ਦੀ ਵਡੇਰੀ ਔਰਤ ਲਾਲਚ ਜਾਂ ਹੰਕਾਰ ਕਾਰਨ ਪਰਿਵਾਰ ਵਿਚ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਹੈ। ਉਹ ਪਰਿਵਾਰ ਦੇ ਮਰਦਾਂ ਦੇ ਕੰਨ ਭਰ ਕੇ ਜਾਂ ਖ਼ੁਦ ਘਰੇਲੂ ਹਿੰਸਾ ਨੂੰ ਜਨਮ ਦਿੰਦੀ ਹੈ। ਇਸ ਤੋਂ ਇਲਾਵਾ ਕੰਮਕਾਜੀ ਔਰਤਾਂ ਨੂੰ ਆਪਣੇ ਕੰਮਕਾਜ ਵਾਲੀਆਂ ਥਾਵਾਂ 'ਤੇ ਜਾਂ ਸਫ਼ਰ ਕਰਦੇ ਸਮੇਂ ਵੀ ਸਰੀਰਕ ਜਾਂ ਮਾਨਸਿਕ ਹਿੰਸਾ ਦੀ ਚੱਕੀ 'ਚ ਪਿਸਣਾ ਪੈਂਦਾ ਹੈ। ਘਰੇਲੂ ਹਿੰਸਾ 'ਤੇ ਨੱਥ ਪਾਉਣ ਲਈ ਸਮਾਜ 'ਚ ਸਭ ਦਾ ਖ਼ਾਸ ਕਰ ਕੇ ਔਰਤਾਂ ਦਾ ਪੜ੍ਹੇ-ਲਿਖੇ ਹੋਣਾ ਅਤਿ ਜ਼ਰੂਰੀ ਹੈ। ਵਿੱਦਿਅਕ ਪਾਠਕ੍ਰਮ ਅਜਿਹਾ ਹੋਣਾ ਚਾਹੀਦਾ ਹੈ ਜੋ ਸਭ ਨੂੰ ਔਰਤਾਂ ਦਾ ਸਚਮੁੱਚ ਸਤਿਕਾਰ ਕਰਨਾ ਸਿਖਾਵੇ ਅਤੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੇ ਸਮਰੱਥ ਹੋਵੇ। ਲੜਕੀਆਂ ਦੀ ਸਕੂਲੀ ਤੇ ਉਚੇਰੀ ਸਿੱਖਿਆ ਪੂਰੀ ਤਰ੍ਹਾਂ ਮੁਫ਼ਤ ਹੋਣੀ ਚਾਹੀਦੀ ਹੈ ਅਤੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਵੀ ਉਪਲਬਧ ਹੋਣੀ ਚਾਹੀਦੀ ਹੈ। ਪੁਲਿਸ ਦਾ ਫ਼ਰਜ਼ ਬਣਦਾ ਹੈ ਕਿ ਉਹ ਸਾਲ 2006 ਵਿਚ ਬਣੇ ਘਰੇਲੂ ਹਿੰਸਾ ਰੋਕਣ ਸਬੰਧੀ ਕਾਨੂੰਨ ਅਤੇ ਅਜਿਹੇ ਹੋਰ ਕਾਨੂੰਨਾਂ ਨੂੰ ਸਹੀ ਭਾਵਨਾ ਨਾਲ ਅਮਲ 'ਚ ਲਿਆਵੇ ਅਤੇ ਪੀੜਤਾਂ ਦੀ ਫ਼ਰਿਆਦ 'ਤੇ ਅਮਲ ਕਰਦਿਆਂ ਅਸਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਸਰਕਾਰ ਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਰਲ-ਮਿਲ ਕੇ ਅਜਿਹੇ ਯਤਨ ਕਰਨੇ ਚਾਹੀਦੇ ਹਨ ਕਿ ਪਰਿਵਾਰਾਂ ਵਿਚ ਔਰਤਾਂ ਵੱਲੋਂ ਔਰਤਾਂ 'ਤੇ ਕੀਤੀ ਜਾਂਦੀ ਹਿੰਸਾ 'ਤੇ ਰੋਕ ਲੱਗੇ ਅਤੇ ਪਰਿਵਾਰ ਦੀਆਂ ਔਰਤਾਂ ਇਕ-ਦੂਜੀ ਨੂੰ ਦੁਸ਼ਮਣ ਜਾਂ ਹੀਣ ਸਮਝਣ ਦੀ ਥਾਂ ਇਕ-ਦੂਜੀ ਦੀਆਂ ਪੂਰਕ ਬਣ ਕੇ ਪਰਿਵਾਰ ਦੀ ਤਰੱਕੀ, ਸ਼ਾਂਤੀ ਤੇ ਖ਼ੁਸਹਾਲੀ ਵਿਚ ਬਰਾਬਰ ਦਾ ਯੋਗਦਾਨ ਪਾਉਣ।

-ਅਸ਼ਵਨੀ ਚਤਰਥ, ਸੇਵਾਮੁਕਤ ਲੈਕਚਰਾਰ, ਬਟਾਲਾ। ਮੋਬਾ: 62842-20595

Posted By: Sukhdev Singh