-ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਇਹ ਹਕੀਕਤ ਹੈ ਕਿ ਇਸਤਰੀ ਦੀ ਹੋਂਦ ਨਾਲ ਹੀ ਸੰਸਾਰ ਦੀ ਹੋਂਦ ਸੰਭਵ ਹੈ ਪਰ ਸੱਚ ਇਹ ਵੀ ਹੈ ਕਿ ਮੁੱਢ-ਕਦੀਮ ਤੋਂ ਹੀ ਨਾਰੀ ਨਾਲ ਵਿਤਕਰਾ ਜਾਰੀ ਹੈ। ਸਦੀਆਂ ਤੁਰ-ਤੁਰ ਕੇ ਹੰਭ ਗਈਆਂ ਹਨ ਪਰ ਔਰਤ ਨੂੰ ਅੱਜ ਵੀ ਮਰਦ ਦੇ ਬਰਾਬਰ ਤੁਰਨ ਦਾ ਮੌਕਾ ਨਹੀਂ ਮਿਲਿਆ ਹੈ।

ਪਿੱਛੇ ਜਿਹੇ ਵਿਸ਼ਵ ਆਰਥਿਕ ਫੋਰਮ ਵੱਲੋਂ ਵੱਖ-ਵੱਖ ਦੇਸ਼ਾਂ ਵਿਚ ਲਿੰਗ ਭੇਦ, ਸਿਹਤ ਤੇ ਆਰਥਿਕ ਸਥਿਤੀ ਸਬੰਧੀ ਔਰਤਾਂ ਦੇ ਸਬੰਧ ਵਿਚ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅਨੁਸਾਰ ਭਾਰਤ ਲਿੰਗ ਵਿਤਕਰੇ ਦੇ ਮਾਮਲੇ ਵਿਚ ਚਾਰ ਸਥਾਨ ਹੇਠਾਂ ਖਿਸਕ ਕੇ 112ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਸੰਨ 2019 ਵਿਚ ਲਿੰਗ ਭੇਦ ਸ਼੍ਰੇਣੀ 'ਚ ਭਾਰਤ 108ਵੇਂ ਸਥਾਨ ਉੱਤੇ ਸੀ। ਰਿਪੋਰਟ ਅਨੁਸਾਰ ਭਾਰਤੀ ਔਰਤਾਂ ਦੀ ਆਮਦਨ ਮਰਦਾਂ ਦੀ ਆਮਦਨ ਦਾ ਕੇਵਲ 5% ਹਿੱਸਾ ਹੈ ਜੋ ਵਿਸ਼ਵ ਦੇ ਸਭ ਤੋਂ ਹੇਠਲੇ ਸਥਾਨ ਉੱਤੇ ਹੈ। ਸਿਰਫ਼ 14% ਭਾਰਤੀ ਔਰਤਾਂ ਹੀ ਆਗੂਆਂ ਵਾਲੀ ਭੂਮਿਕਾ ਨਿਭਾਉਂਦੀਆਂ ਹਨ।

ਧੀ, ਭੈਣ, ਨੂੰਹ ਕਿਤੇ ਵੀ ਸੁਰੱਖਿਅਤ ਨਹੀਂ ਹੈ। ਮਾਂ ਦੇ ਪੇਟ ਵਿਚ ਖ਼ਤਰਾ, ਘਰ ਦੀ ਚਾਰਦੀਵਾਰੀ ਅੰਦਰ ਵੀ ਖ਼ਤਰਾ ਹੈ। ਹੁਣ ਸਰਹੱਦ ਪਾਰੋਂ ਕਿਸੇ ਮੁਹੰਮਦ ਗੌਰੀ, ਗਜ਼ਨਬੀ, ਅਬਦਾਲੀ ਨੇ ਹਮਲਾ ਕਰ ਕੇ, ਲੁੱਟਮਾਰ ਕਰ ਕੇ ਕੀਮਤੀ ਸਾਮਾਨ ਦੇ ਨਾਲ-ਨਾਲ ਧੀਆਂ-ਭੈਣਾਂ ਨੂੰ ਉਧਾਲ ਕੇ ਨਹੀਂ ਲੈ ਜਾਣਾ। ਹੁਣ ਤਾਂ ਘਰ ਦੇ ਅੰਦਰ, ਸਕੂਲ ਵਿਚ, ਹਸਪਤਾਲ 'ਚ, ਥਾਣੇ 'ਚ, ਧਰਮ ਦੁਆਰੇ, ਸੜਕਾਂ 'ਤੇ ਹਵਸੀ ਰਾਖ਼ਸ਼ ਬਥੇਰੇ ਹਨ। ਪੇਟ ਵਿਚ ਹੀ ਬੱਚੀ ਨੂੰ ਕਤਲ ਕਰ ਦੇਣ ਦੀਆਂ ਘਟਨਾਵਾਂ ਬਹੁਤ ਵੱਧ ਚੁੱਕੀਆਂ ਹਨ। ਪੰਜਾਬ 'ਚ ਯੂਨੀਸੈਫ ਦੀ ਰਿਪੋਰਟ ਅਨੁਸਾਰ ਹਰ ਰੋਜ਼ ਢਾਈ ਹਜ਼ਾਰ ਕੁੜੀਆਂ ਦੀ ਪੇਟ ਵਿਚ ਹੀ ਹੱਤਿਆ ਕੀਤੀ ਜਾ ਰਹੀ ਹੈ। ਪੰਜਾਬ 'ਚ 1000 ਨਰ ਬੱਚਿਆਂ ਪਿੱਛੇ 798 ਮਾਦਾ ਬੱਚੀਆਂ ਦੀ ਗਿਣਤੀ ਹੈ। ਸਰਕਾਰ ਨੇ 1994 ਵਿਚ ਬੱਚੀ-ਬੱਚੇ ਦਾ ਪਤਾ ਕਰਨ ਦੀ ਵਿਧੀ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਹੜਾ ਡਾਕਟਰ ਅਲਟਰਾਸਾਊਂਡ ਰਾਹੀਂ ਲਿੰਗ ਦੀ ਪਛਾਣ ਕਰਦਿਆਂ ਪਕੜਿਆ ਗਿਆ, ਉਸ ਨੂੰ ਤਿੰਨ ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਹੈ। ਜੇ ਦੂਜੀ ਵਾਰ ਇਹੋ ਕਸੂਰ ਕਰਦਾ ਡਾਕਟਰ ਫੜਿਆ ਗਿਆ ਤਾਂ ਸਜ਼ਾ ਦੇ ਨਾਲ-ਨਾਲ ਜੁਰਮਾਨਾ 50,000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਹੋ ਸਕਦਾ ਹੈ। ਹੁਣ ਤਕ ਇਸ ਕਾਨੂੰਨ ਤਹਿਤ ਟੈਸਟ ਕਰਨ ਵਾਲੇ ਕਿਸੇ ਦੋਸ਼ੀ ਡਾਕਟਰ ਨੂੰ ਸਜ਼ਾ ਮਿਲੀ ਹੋਵੇ, ਐਸੀ ਕੋਈ ਖ਼ਬਰ ਸਾਹਮਣੇ ਨਹੀਂ ਆਈ।

ਬੱਚੀਆਂ ਜੋ ਸੁਰੱਖਿਅਤ ਪੈਦਾ ਹੋ ਵੀ ਜਾਣ ਤਾਂ ਪੈਦਾ ਹੋਣ ਤੋਂ ਬਾਅਦ ਕਈ ਹਾਲਤਾਂ ਵਿਚ ਬਾਹਰ ਕੂੜੇ ਦੇ ਢੇਰਾਂ 'ਤੇ ਸੁੱਟੀਆਂ ਪਈਆਂ ਮਿਲ ਜਾਂਦੀਆਂ ਹਨ। ਜੇ ਬੱਚੀ ਘਰ ਵਿਚ ਵਧਣ-ਫੁੱਲਣ ਲੱਗੇ ਤਾਂ ਵੀ ਅਨੇਕਾਂ ਸਮੱਸਿਆਵਾਂ ਹੁੰਦੀਆਂ ਹਨ। ਪੈਰ-ਪੈਰ 'ਤੇ ਮੁੰਡੇ ਕੁੜੀ ਦਾ ਫ਼ਰਕ, ਵਿਤਕਰਾ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਪੰਜ ਸਕਿੰਟ ਵਿਚ ਇਕ ਬੱਚਾ ਭੁੱਖਾ ਮਰ ਜਾਂਦਾ ਹੈ। 'ਫਾਓ' ਦੀ ਰਿਪੋਰਟ ਅਨੁਸਾਰ ਹਰ ਸਾਲ 60 ਲੱਖ ਬੱਚੇ ਭੁੱਖੇ ਮਰ ਜਾਂਦੇ ਹਨ, 47 ਪ੍ਰਤੀਸ਼ਤ ਬੱਚਿਆਂ ਦਾ ਪੈਦਾ ਹੋਣ ਵੇਲੇ ਭਾਰ ਘੱਟ ਹੁੰਦਾ ਹੈ। ਯੂਨੈਸਕੋ ਵੱਲੋਂ ਸਾਲ 2008 'ਚ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਭਾਰਤ ਵਿਚ ਗ਼ਰੀਬੀ, ਬਿਮਾਰੀ, ਮਾੜੀ ਸਿਹਤ ਕਾਰਨ ਹਰ ਰੋਜ਼ 5,753 ਬੱਚੇ ਮਰ ਜਾਂਦੇ ਹਨ।

ਜਦੋਂ ਬੱਚੀਆਂ ਕੁਝ ਵੱਡੀਆਂ ਹੋ ਕੇ ਸਕੂਲ ਜਾਣ ਦੀ ਉਮਰ ਦੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸੜਕਾਂ ਉੱਤੇ, ਗਲੀਆਂ ਤੇ ਸਕੂਲਾਂ ਵਿਚ ਵੀ ਖਤਰੇ ਮੰਡਰਾਉਣ ਲੱਗ ਪੈਂਦੇ ਹਨ। ਘਰਾਂ ਵਿਚ ਜੇ ਮਾਸੂਮ ਬੱਚੀਆਂ ਸੁਰੱਖਿਅਤ ਨਹੀਂ ਹਨ ਤਾਂ ਫਿਰ ਉਹ ਕਿੱਥੇ ਸੁਰੱਖਿਅਤ ਮਹਿਸੂਸ ਕਰਨਗੀਆਂ? ਸਕੂਲਾਂ 'ਚ ਮਾਸੂਮ ਬੱਚੀਆਂ ਨਾਲ ਜਿਸਮਾਨੀ ਵਧੀਕੀਆਂ ਲਗਾਤਾਰ ਵੱਧ ਰਹੀਆਂ ਹਨ। ਭੋਲੀਆਂ-ਭਾਲੀਆਂ ਬੱਚੀਆਂ ਲਈ ਅਧਿਆਪਕ ਰੱਬ ਦਾ ਰੂਪ ਹੁੰਦਾ ਹੈ। ਉਸ ਦਾ ਹੁਕਮ ਬੱਚੀਆਂ ਲਈ ਰੱਬ ਦੇ ਹੁਕਮ ਦੇ ਤੁੱਲ ਹੁੰਦਾ ਹੈ ਪਰ ਪਿਛਲੇ ਸਮੇਂ ਵਿਚ ਕਈ ਸਕੂਲਾਂ 'ਚ ਬੱਚੀਆਂ ਨਾਲ ਜਿਸਮਾਨੀ ਸ਼ੋਸ਼ਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਅਬੋਹਰ ਇਲਾਕੇ ਦੇ ਇਕ ਪ੍ਰਾਈਵੇਟ ਸਕੂਲ ਦੀ ਅੱਠਵੀਂ ਜਮਾਤ 'ਚ ਪੜ੍ਹਦੀ 13 ਸਾਲ ਦੀ ਬੱਚੀ ਨਾਲ ਅਧਿਆਪਕ ਨੇ ਮੁਜ਼ਰਨਾਮਾ ਵਧੀਕੀ ਕੀਤੀ।

ਸ਼ਿਮਲਾ ਦੀ ਪ੍ਰੇਰਨਾ ਸੰਸਥਾ ਜਿਹੜੀ ਤੀਹ ਹਜ਼ਾਰ ਰੁਪਏ ਮਹੀਨਾ ਸਰਕਾਰੀ ਗਰਾਂਟ ਉੱਤੇ ਗੂੰਗੀਆਂ-ਬੋਲੀਆਂ ਬੱਚੀਆਂ ਦੀ ਪੜ੍ਹਾਈ ਲਈ ਚੱਲ ਰਹੀ ਹੈ, ਵਿਚ ਅਧਿਆਪਕ ਬੱਚੀਆਂ ਦਾ ਕਈ ਮਹੀਨਿਆਂ ਤਕ ਸਰੀਰਕ ਸ਼ੋਸ਼ਣ ਕਰਦੇ ਰਹੇ। ਗੂੰਗੀਆਂ-ਬੋਲੀਆਂ ਬੱਚੀਆਂ ਕਾਫ਼ੀ ਸਮੇਂ ਤਕ ਕੁਝ ਨਾ ਦੱਸ ਸਕੀਆਂ।

ਵੱਖ-ਵੱਖ ਸਕੂਲਾਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਬਹੁਤ ਥੋੜ੍ਹੀਆਂ ਘਟਨਾਵਾਂ ਹਨ ਜਿਹੜੀਆਂ ਸਾਹਮਣੇ ਆਉਂਦੀਆਂ ਹਨ।

ਨਰਬਲੀ ਵਿਚ ਆਮ ਤੌਰ 'ਤੇ ਕੁੜੀਆਂ ਦੀ ਹੀ ਬਲੀ ਦਿੱਤੀ ਜਾਂਦੀ ਹੈ। ਪਾਖੰਡੀ ਸਾਧਾਂ, ਤਾਂਤਰਿਕਾਂ ਦੇ ਬਹਿਕਾਵੇ ਵਿਚ ਆ ਕੇ ਕੁੜੀ ਦੀ ਬਲੀ ਦਿੱਤੀ ਜਾਂਦੀ ਹੈ। ਭਾਵੇਂ 1931 ਵਿਚ ਬਾਲ ਵਿਆਹ ਕਾਨੂੰਨੀ ਤੌਰ 'ਤੇ ਵਰਜਿਤ ਕਰ ਦਿੱਤਾ ਗਿਆ ਸੀ ਪਰ ਰਾਜਸਥਾਨ ਅਤੇ ਹੋਰ ਪੱਛੜੇ ਹੋਏ ਖੇਤਰਾਂ 'ਚ ਬੱਚੀਆਂ ਦੀਆਂ ਸ਼ਾਦੀਆਂ ਹੁਣ ਵੀ ਕੀਤੀਆਂ ਜਾ ਰਹੀਆਂ ਹਨ।

ਕੁੜੀਆਂ ਦੀ ਇੱਜ਼ਤ ਨੂੰ ਦਫ਼ਤਰਾਂ ਵਿਚ ਵੀ ਸਦਾ ਖ਼ਤਰਾ ਬਣਿਆ ਰਹਿੰਦਾ ਹੈ। ਮਜਬੂਰ ਔਰਤਾਂ ਨੂੰ ਪੇਟ ਭਰਨ ਲਈ ਸਰੀਰ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਭਾਰਤ ਵਿਚ ਲੱਖਾਂ ਔਰਤਾਂ ਮਜਬੂਰਨ ਵੇਸਵਾਗਮਨੀ ਦੇ ਧੰਦੇ ਵਿਚ ਪੈ ਗਈਆਂ ਹਨ। ਲੱਖਾਂ ਕੁੜੀਆਂ ਸੈਕਸ ਵਰਕਰ ਹਨ। ਖਾਪ ਪੰਚਾਇਤਾਂ ਦਾ ਤੁਗਲਕੀ ਨਿਆਂ ਵੀ ਔਰਤ-ਮਰਦ ਦੇ ਪਿਆਰ ਸਬੰਧਾਂ ਵਿਚ ਘੋਰ ਅਨਿਆਂ ਦਾ ਕਾਰਨ ਬਣਦਾ ਹੈ ਖ਼ਾਸ ਤੌਰ 'ਤੇ ਹਰਿਆਣਾ ਵਿਚ। ਕੈਥਲ ਦੇ ਪਿੰਡ ਗੜ੍ਹੀ ਦੀ ਖਾਪ ਪੰਚਾਇਤ ਨੇ ਪ੍ਰੇਮੀ-ਪ੍ਰੇਮਿਕਾ ਨੂੰ ਮਾਰ ਦੇਣ ਦਾ ਹੁਕਮ ਦਿੱਤਾ ਸੀ ਕਿਉਂਕਿ ਦੋਹਾਂ ਦਾ ਗੋਤਰ ਇਕ ਸੀ। ਇਸੇ ਤਰ੍ਹਾਂ ਮਨੋਜ ਅਤੇ ਬਬਲੀ ਪ੍ਰੇਮੀ ਜੋੜੇ ਨੂੰ ਕਤਲ ਕਰ ਕੇ ਨਹਿਰ ਵਿਚ ਸੁੱਟ ਦਿੱਤਾ ਗਿਆ। ਰੋਹਤਕ ਦੀ ਸਰਿਤਾ ਦੀ ਘਟਨਾ ਸਾਡੇ ਸਾਹਮਣੇ ਹੈ। ਉਹ ਥਾਣੇ ਵਿਚ ਸ਼ਿਕਾਇਤ ਲਿਖਾਉਣ ਗਈ ਤਾਂ ਦੋ ਪੁਲਿਸ ਅਧਿਕਾਰੀਆਂ ਦੀ ਹਵਸ ਦਾ ਸ਼ਿਕਾਰ ਬਣ ਗਈ। ਨਿਆਂ ਨਾ ਮਿਲਦਾ ਦੇਖ ਕੇ ਉਸ ਨੇ ਜੂਨ 2008 'ਚ ਪੰਚਕੂਲਾ ਵਿਖੇ ਹਰਿਆਣਾ ਪੁਲਿਸ ਦੇ ਹੈੱਡ-ਕੁਆਰਟਰ ਸਾਹਮਣੇ ਆਤਮ-ਹੱਤਿਆ ਕਰ ਲਈ ਸੀ ਤਾਂ ਜਾ ਕੇ ਪੁਲਿਸ ਦੀਆਂ ਅੱਖਾਂ ਖੁੱਲ੍ਹੀਆਂ।

ਭਾਰਤ 'ਚ ਜਬਰ-ਜਨਾਹ ਦੀਆਂ ਸ਼ਿਕਾਰ ਹੋਈਆਂ ਕੁੜੀਆਂ ਅਤੇ ਔਰਤਾਂ ਦੀਆਂ ਕੁਝ ਮੁੱਖ ਉਦਾਹਰਨਾਂ ਇਹ ਹਨ : ਵਿਦਿਆਰਥਣ ਕਿਰਨਜੀਤ ਕੌਰ ਜਬਰ-ਜਨਾਹ ਕਾਂਡ, ਫਰਾਂਸੀਸੀ ਕੁੜੀ ਕੇਤੀਆ ਜਬਰ-ਜਨਾਹ ਕਾਂਡ, ਸ਼ਿਵਾਨੀ ਭਟਨਾਗਰ, ਮਧੂਮਿਤਾ, ਥੰਗਜਮ ਮਨੋਰਮਾ ਜਬਰ-ਜਨਾਹ ਕੇਸ, ਬਿਲਕੀਸ ਬਾਨੋ ਜਬਰ-ਜਨਾਹ ਕੇਸ ਅਤੇ ਨਿਰਭੈਆ ਜਬਰ-ਜਨਾਹ ਤੇ ਕਤਲ ਕੇਸ। ਜਿਨਸੀ ਜ਼ੁਲਮ ਦਾ ਸ਼ਿਕਾਰ ਬੱਚੀ ਜਾਂ ਮਹਿਲਾ ਸਾਰੀ ਉਮਰ ਘੁਟ-ਘੁਟ ਕੇ ਮਰਦੀ ਹੈ। ਡਰ-ਡਰ ਕੇ ਉੱਠਦੀ ਹੈ। ਹੀਣ ਭਾਵਨਾ, ਗਿਲਾਨੀ 'ਚ ਰੀਂਗ ਕੇ ਉਸ ਦੀ ਜ਼ਿੰਦਗੀ ਬੀਤਦੀ ਹੈ। ਉਸ ਦਾ ਸਵੈਮਾਣ ਖ਼ਤਮ ਹੋ ਜਾਂਦਾ ਹੈ।

ਬਲਾਤਕਾਰੀ ਅੱਕੂ ਯਾਦਵ ਤੋਂ ਤੰਗ ਆਈਆਂ ਕਸਤੂਰਬਾ ਨਗਰ ਨਾਗਪੁਰ ਦੀਆਂ ਔਰਤਾਂ ਨੇ 13 ਅਗਸਤ 2004 ਨੂੰ ਉਸ ਨੂੰ ਕਚਹਿਰੀਆਂ 'ਚ ਘੇਰ ਲਿਆ ਅਤੇ ਸਭ ਦੇ ਸਾਹਮਣੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ। ਵਾਰ-ਵਾਰ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਂਦਾ ਸੀ। ਅਖ਼ੀਰ ਦੁਖੀ ਔਰਤਾਂ ਨੇ ਕਾਨੂੰਨ ਆਪਣੇ ਹੱਥ ਵਿਚ ਲੈ ਲਿਆ। ਮਹਿਲਾਵਾਂ ਨਾਲ ਬੇਇਨਸਾਫ਼ੀ ਉਦੋਂ ਹੀ ਰੁਕ ਸਕਦੀ ਹੈ ਜਦ ਕਾਨੂੰਨਾਂ ਨੂੰ ਸਖ਼ਤ ਕਰਨ ਦੇ ਨਾਲ-ਨਾਲ ਉਨ੍ਹਾਂ 'ਤੇ ਅਮਲ ਤੇਜ਼ੀ ਨਾਲ ਕੀਤਾ ਜਾਵੇ ਅਤੇ ਅਦਾਲਤਾਂ ਵਿਚ ਨਿਆਂ ਜਲਦੀ ਮਿਲੇ। ਜੇ ਜਬਰ-ਜਨਾਹ ਕਰਨ ਵਾਲਾ ਕੋਈ ਅਖੌਤੀ ਧਰਮ ਗੁਰੂ, ਤਾਂਤਰਿਕ, ਪਾਦਰੀ, ਸਾਧ, ਡੇਰੇਦਾਰ ਬਾਬਾ ਜਾਂ ਅਧਿਆਪਕ ਹੋਵੇ ਤਾਂ ਉਸ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਅਤੇ ਮੌਤ ਦੀ ਸਜ਼ਾ ਯਕੀਨੀ ਬਣਾਈ ਜਾਵੇ।

ਦਾਜ ਵਿਰੁੱਧ ਕਾਨੂੰਨ ਨੂੰ ਹੋਰ ਕਾਰਗਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਦਾਜ ਦੇਣ ਅਤੇ ਲੈਣ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸ਼ਾਦੀ ਵੇਲੇ ਦੀਆਂ ਰਸਮਾਂ ਘਟਾਈਆਂ ਜਾਣੀਆਂ ਚਾਹੀਦੀਆਂ ਹਨ। ਰੋਕਾ, ਠਾਕਾ, ਮੰਗਣਾ, ਵਿਖਾਵੇ ਅਤੇ ਨਸ਼ਿਆਂ ਦਾ ਸੇਵਨ ਰੋਕਿਆ ਜਾਣਾ ਚਾਹੀਦਾ ਹੈ। ਯਤਨ ਹੋਣਾ ਚਾਹੀਦਾ ਹੈ ਕਿ ਬੱਚੀ ਨੂੰ ਘਰ ਇਕੱਲਿਆਂ ਨਾ ਛੱਡਿਆ ਜਾਵੇ। ਬੇਸ਼ੱਕ ਘਰ 'ਚ ਨੌਕਰ ਜਾਂ ਕੋਈ ਰਿਸ਼ਤੇਦਾਰ ਹੋਵੇ ਤਾਂ ਵੀ ਬੱਚੀ ਨੂੰ ਇਕੱਲਿਆਂ ਛੱਡਣਾ ਠੀਕ ਨਹੀਂ।

-ਮੋਬਾਈਲ ਨੰ. : 94638-08697

Posted By: Jagjit Singh