ਮਹਾਭਾਰਤ ਦੇ ਇਕ ਪ੍ਰਸੰਗ ਵਿਚ ਯਕਸ਼ ਨੇ ਯੁਧਿਸ਼ਟਰ ਤੋਂ ਇਕ ਪ੍ਰਸ਼ਨ ਪੁੱਛਿਆ ਕਿ ਇਸ ਦੁਨੀਆ ਦੀ ਸਭ ਤੋਂ ਵੱਡੀ ਹੈਰਾਨੀ ਕੀ ਹੈ? ਯੁਧਿਸ਼ਟਰ ਨੇ ਆਪਣੇ ਉੱਤਰ ਵਿਚ ਕਿਹਾ ਸੀ ਕਿ ਇਸ ਦੁਨੀਆ ਵਿਚ ਮਨੁੱਖ ਰੋਜ਼ਾਨਾ ਜੀਵਾਂ ਨੂੰ ਯਮਲੋਕ ਵੱਲ ਚਾਲੇ ਪਾਉਂਦਾ ਦੇਖਦਾ ਹੈ ਪਰ ਜੋ ਜਿਊਂਦੇ ਹਨ, ਉਨ੍ਹਾਂ ਨੂੰ ਇਹੋ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਹਰਗਿਜ਼ ਨਹੀਂ ਹੋਵੇਗੀ ਅਤੇ ਮੌਤ ਬਾਰੇ ਇਹੋ ਅਗਿਆਨਤਾ ਇਸ ਦੁਨੀਆ ਦੀ ਸਭ ਤੋਂ ਵੱਡੀ ਹੈਰਾਨੀ ਹੈ। ਆਖ਼ਰ ਇਕ ਮਹੱਤਵਪੂਰਨ ਪ੍ਰਸ਼ਨ ਇਹ ਹੈ ਕਿ ਮਨੁੱਖ ਮਰਨਸ਼ੀਲ ਹੈ ਅਤੇ ਜੀਵਨ ਦਾ ਅੰਤ ਮੌਤ ਦੀ ਅੰਤਿਮ ਕੜੀ ਨਾਲ ਹੋਣਾ ਤੈਅ ਹੈ ਤਾਂ ਫਿਰ ਮੌਤ ਤੋਂ ਅਸੀਂ ਡਰਦੇ ਕਿਉਂ ਹਾਂ? ਮੌਤ ਦੇ ਸਾਏ ਦਾ ਭੈਅ ਤਾਉਮਰ ਸਾਡੀ ਚਿੰਤਾ ਅਤੇ ਚਿੰਤਨ ਦਾ ਕਾਰਨ ਕਿਉਂ ਬਣ ਜਾਂਦਾ ਹੈ? ਅਤੇ ਜੇ ਮੌਤ ਤੋਂ ਡਰ ਵੀ ਮਨੁੱਖੀ ਜੀਵਨ ਦੇ ਸੁਭਾਵਿਕ ਗੁਣਾਂ ਵਿਚ ਆਉਂਦਾ ਹੈ ਤਾਂ ਫਿਰ ਇਹ ਪ੍ਰਸ਼ਨ ਘੱਟ ਮਹੱਤਵਪੂਰਨ ਨਹੀਂ ਹੈ ਕਿ ਆਖ਼ਰ ਇਸ ਭੈਅ ਤੋਂ ਮੁਕਤੀ ਦਾ ਰਸਤਾ ਕੀ ਹੈ? ਮੁੱਢ-ਕਦੀਮ ਤੋਂ ਹੀ ਜਿਸ ਤਰ੍ਹਾਂ ਸ੍ਰਿਸ਼ਟੀ ਕਾਲ ਦਾ ਸ਼ਿਕਾਰ ਬਣਦੀ ਆ ਰਹੀ ਹੈ, ਆਖ਼ਰ ਉਸ ਤੋਂ ਛੁਟਕਾਰੇ ਦਾ ਰਸਤਾ ਕੀ ਹੈ? ਸੱਚ ਪੁੱਛੋ ਤਾਂ ਮੌਤ ਦਾ ਦਰਸ਼ਨ ਅਤੇ ਮਨੋਵਿਗਿਆਨ ਬੇਹੱਦ ਰਹੱਸਪੂਰਨ ਹੈ। ਸਾਡੀਆਂ ਸਭ ਵੇਦਾਂ ਅਤੇ ਪੁਰਾਣਾਂ ਵਿਚ ਕਿਹਾ ਗਿਆ ਹੈ ਕਿ ਇਹ ਨਾਸ਼ਵਾਨ ਸੰਸਾਰ ਇਕ ਕਾਗ਼ਜ਼ ਦੀ ਕਿਸ਼ਤੀ ਦੀ ਤਰ੍ਹਾਂ ਹੈ ਜਿਸ ਨੇ ਆਖ਼ਰਕਾਰ ਨਸ਼ਟ ਹੋ ਜਾਣਾ ਹੈ। ਸੰਸਾਰ ਨੂੰ ਮਾਇਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਣਗਿਣਤ ਦੇਵੀ-ਦੇਵਤੇ ਵੀ ਇਨ੍ਹਾਂ ਮਨੁੱਖੀ ਗੁਣਾਂ ਤੇ ਔਗੁਣਾਂ ਤੋਂ ਮਹਿਫੂਜ਼ ਨਹੀਂ ਰਹਿ ਸਕੇ ਸਗੋਂ ਪੂਰੀ ਮਹਾਭਾਰਤ ਦੀ ਲੜਾਈ ਇਸੇ ਆਪਸੀ ਸਵਾਰਥ ਤੇ ਕਲੇਸ਼ ਦੀ ਗਾਥਾ ਰਹੀ ਹੈ। ਸੱਚ ਪੁੱਛੋ ਤਾਂ ਮੌਤ ਦਾ ਭੈਅ ਇਸੇ ਪਰਿਵਾਰ, ਮਾਇਆ-ਮੋਹ, ਉਮੀਦ-ਤ੍ਰਿਸ਼ਣਾ, ਆਪਣੇ-ਪਰਾਏ ਅਤੇ ਸੰਸਾਰ ਦੇ ਹੋਰ ਰਿਸ਼ਤਿਆਂ-ਨਾਤਿਆਂ ਦੀ ਅਸੁਰੱਖਿਆ ਦੇ ਖ਼ੌਫ਼ ਅਤੇ ਉਨ੍ਹਾਂ ਦੇ ਵਿਛੜ ਜਾਣ ਤੋਂ ਪੈਦਾ ਹੋਏ ਦੁੱਖ ਦਾ ਨਤੀਜਾ ਹੁੰਦਾ ਹੈ। ਕੁੱਲ ਮਿਲਾ ਕੇ ਨਿਰੰਤਰ ਚਿੰਤਨ ਦੀ ਰਾਹ 'ਤੇ ਚੱਲ ਕੇ ਜੀਵਨ ਦੀਆਂ ਪਿਆਰੀਆਂ ਘਟਨਾਵਾਂ ਨੂੰ ਜਦ ਅਸੀਂ ਆਧੁਨਿਕਤਾ ਨਾਲ ਜੋੜ ਕੇ ਦੇਖਾਂਗੇ ਅਤੇ ਕੁਦਰਤ ਦੀ ਨੀਤੀ ਦੇ ਰੂਪ ਵਿਚ ਆਤਮ-ਵਿਸ਼ਲੇਸ਼ਣ ਕਰਾਂਗੇ ਤਾਂ ਮੌਤ ਦਾ ਭੈਅ ਸਾਡੇ ਅੰਦਰੋਂ ਬਿਲਕੁਲ ਖ਼ਤਮ ਤਾਂ ਨਹੀਂ ਹੋਵੇਗਾ ਪਰ ਹੌਲੀ-ਹੌਲੀ ਉਸ ਕੌੜੇ ਸੱਚ ਨੂੰ ਸਵੀਕਾਰ ਕਰਨ ਦੀ ਤਾਕਤ ਸਾਨੂੰ ਜ਼ਰੂਰ ਹਾਸਲ ਹੋ ਜਾਵੇਗੀ।-ਸ੍ਰੀਪ੍ਰਕਾਸ਼ ਸ਼ਰਮਾ।

Posted By: Sarabjeet Kaur