-ਗਿਰੀਸ਼ਵਰ ਮਿਸ਼ਰ

ਕੋਰੋਨਾ ਵਾਇਰਸ ਦੀ ਉਲਟੀ-ਸਿੱਧੀ ਚਾਲ ਕਾਰਨ ਲੰਬੀ ਖਿੱਚੀ ਗਈ ਕੋਵਿਡ ਮਹਾਮਾਰੀ ਦੌਰਾਨ ਹੋ ਰਹੀ ਉਥਲ-ਪੁਥਲ ਦੌਰਾਨ ਚਾਹੇ-ਅਣਚਾਹੇ ਦੇਸ਼ ਦੇ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਵਿੱਦਿਅਕ ਜੀਵਨ ਦੀਆਂ ਹੁਣ ਤਕ ਦੀਆਂ ਸਰਬ-ਪ੍ਰਵਾਨਿਤ ਵਿਵਸਥਾਵਾਂ ਵਿਚ ਬਹੁਤ ਸਾਰੇ ਬਦਲਾਅ ਕਰਨੇ ਪੈ ਰਹੇ ਹਨ। ਇਸ ਦੇ ਫਲਸਰੂਪ ਹੁਣ ਹਰ ਕਿਸੇ ਨੂੰ ਨਵੇਂ ਸਿਰੇ ਤੋਂ ਆਪਣੇ-ਆਪ ਨੂੰ ਵਿਵਸਥਿਤ ਕਰਨਾ ਜ਼ਰੂਰੀ ਹੁੰਦਾ ਜਾ ਰਿਹਾ ਹੈ।

ਸਾਡੇ ਬਦਲ ਸੀਮਤ ਹੁੰਦੇ-ਸੁੰਗੜਦੇ ਜਾ ਰਹੇ ਹਨ ਅਤੇ ਸਾਨੂੰ ਨਵੀਆਂ ਸ਼ਰਤਾਂ ਦੇ ਨਾਲ ਜਿਊਣ ਦਾ ਅਭਿਆਸ ਕਰਨਾ ਪੈ ਰਿਹਾ ਹੈ। ਕੋਰੋਨਾ ਦੇ ਦੌਰ ਵਿਚ ਮਜਬੂਰੀ ਵਿਚ ਹੀ ਸਹੀ, ਸਾਨੂੰ ਸਵਦੇਸ਼ੀ, ਦੂਰ-ਅੰਦੇਸ਼ੀ, ਸਬਰ-ਸੰਤੋਖ ਵਰਗੇ ਪੁਰਾਣੇ ਪੈ ਰਹੇ ਸ਼ਬਦਾਂ ਦਾ ਅਰਥ ਫਿਰ ਤੋਂ ਸਮਝਣਾ ਪੈ ਰਿਹਾ ਹੈ। ਕਿਉਂਕਿ ਕੋਵਿਡ ਮਹਾਮਾਰੀ ਆਉਣ ਤੋਂ ਪਹਿਲਾਂ ਦੀ ਅਵਸਥਾ ਵਿਚ ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਸਨ, ਪੜ੍ਹਾਈ-ਲਿਖਾਈ ਦੇ ਨਾਂ ’ਤੇ ਪ੍ਰਵੇਸ਼ ਪ੍ਰੀਖਿਆ ਅਤੇ ਪ੍ਰੀਖਿਆ ਦਾ ਪ੍ਰੋਗਰਾਮ ਬਾਕਾਇਦਾ ਸੰਪਾਦਿਤ ਹੋ ਰਿਹਾ ਸੀ।

ਵਿਦਿਆਰਥੀ, ਅਧਿਆਪਕ ਅਤੇ ਮਾਪੇ ਸਾਰੀ ਪ੍ਰਚਲਿਤ ਵਿਵਸਥਾ ਦਾ ਆਦਰ ਕਰਦੇ ਹੋਏ ਉਸ ’ਤੇ ਆਪਣਾ ਭਰੋਸਾ ਬਰਕਰਾਰ ਰੱਖ ਰਹੇ ਸਨ। ਲੋਕ ਰਸਮੀ ਵਿਵਸਥਾ ਦੀਆਂ ਕਮੀਆਂ ਦੀ ਪੂਰਤੀ ਲਈ ਟਿਊਸ਼ਨ ਅਤੇ ਕੋਚਿੰਗ ’ਤੇ ਵਾਧੂ ਖ਼ਰਚਾ ਵੀ ਕਰਨ ਨੂੰ ਤਿਆਰ ਸਨ। ਇਹ ਸਭ ਇਸ ਤੱਥ ਦੇ ਬਾਵਜੂਦ ਹੋ ਰਿਹਾ ਸੀ ਕਿ ਸਭ ਨੂੰ ਪਤਾ ਸੀ ਕਿ ਪਾਠਕ੍ਰਮ, ਪਾਠ-ਚਰਚਾ, ਮੁਲਾਂਕਣ ਅਤੇ ਅਧਿਆਪਕ ਸਿਖਲਾਈ ਆਦਿ ਦੀਆਂ ਕਮਜ਼ੋਰੀਆਂ ਵਿੱਦਿਆ ਦੇ ਆਯੋਜਨ ਨੂੰ ਅੰਦਰੋਂ ਲਗਾਤਾਰ ਖੋਖਲਾ ਕਰ ਰਹੀਆਂ ਸਨ। ਇਸ ਪ੍ਰਣਾਲੀ ਵਿਚ ਪ੍ਰੀਖਿਆ ਦੀ ਹੀ ਸਭ ਤੋਂ ਵੱਧ ਮਹੱਤਤਾ ਹੈ। ਸਾਲ ਭਰ ਕੀ ਪੜਿ੍ਹਆ-ਲਿਖਿਆ ਗਿਆ, ਇਸ ਨਾਲ ਕਿਸੇ ਨੂੰ ਓਨਾ ਮਤਲਬ ਨਹੀਂ ਹੁੰਦਾ ਜਿੰਨਾ ਕਿ ਸਾਲਾਨਾ ਪ੍ਰੀਖਿਆ ਵਿਚ ਕਿੰਨੇ ਅੰਕ ਜਾਂ ਗ੍ਰੇਡ ਮਿਲਦਾ ਹੈ? ਇਸ ਲਈ ਸਹੀ-ਗ਼ਲਤ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਵਿਚ ਦਾਅ ਲਗਾਉਣਾ ਸਭ ਦਾ ਟੀਚਾ ਹੁੰਦਾ ਗਿਆ।

ਇਹ ਇਸ ਲਈ ਵੀ ਕਿ ਪ੍ਰੀਖਿਆ ਦੇ ਅੰਕ ਹੀ ਇਸ ਵਿਚ ਬਹੁਤ ਕੰਮ ਆਉਂਦੇ ਹਨ। ਇਨ੍ਹਾਂ ਦਾ ਠੱਪਾ ਬਹੁਤ ਕੰਮ ਕਰਦਾ ਹੈ ਅਤੇ ਵੱਖ-ਵੱਖ ਮੌਕਿਆਂ ਲਈ ਆਰ-ਪਾਰ ਤੈਅ ਕਰਨ ਵਾਲਾ ਹੁੰਦਾ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਪ੍ਰੀਖਿਆ ਦੀ ਪ੍ਰਮਾਣਿਕਤਾ ਨੂੰ ਲੈ ਕੇ ਉੱਚ ਸਿੱਖਿਆ ਦੇ ਸਿਖ਼ਰ ਤਕ ਸ਼ੰਕਾ ਫੈਲ ਚੁੱਕਾ ਹੈ। ਇਸ ਵਿਵਸਥਾ ਤੋਂ ਨਿਕਲ ਰਹੇ ਜ਼ਿਆਦਾਤਰ ਵਿਦਿਆਰਥੀ-ਵਿਦਿਆਰਥਣਾਂ ਦੀ ਮੁਹਾਰਤ, ਹੁਨਰ ਅਤੇ ਯੋਗਤਾ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ। ਬੇਰੁਜ਼ਗਾਰ ਨੌਜਵਾਨ ਵਰਗ ਦੀ ਵਧਦੀ ਗਿਣਤੀ ਖ਼ੁਦ ਬਹੁਤ ਕੁਝ ਕਹਿੰਦੀ ਹੈ।

ਇਨ੍ਹਾਂ ਖਾਮੀਆਂ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਸਿੱਖਿਆ-ਨੀਤੀ ਵਿਚ ਤਬਦੀਲੀ ਲਿਆਉਣ ਦੀ ਮੁਹਿੰਮ ਬੀਤੇ ਪੰਜ-ਛੇ ਸਾਲਾਂ ਤੋਂ ਚਲਾਉਂਦੀ ਆ ਰਹੀ ਹੈ ਅਤੇ ਹੁਣ ਉਸ ਦਾ ਖਾਕਾ ਜਨਤਕ ਹੋ ਚੁੱਕਾ ਹੈ। ਜਿਵੇਂ ਸੂਚਨਾ ਮਿਲ ਰਹੀ ਹੈ, ਉਸ ਖਾਕੇ ਨੂੰ ਮੂਰਤ ਰੂਪ ਦੇਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਭਾਵੇਂ ਉਸ ਦਾ ਸਪਸ਼ਟ ਖਾਕਾ ਉਪਲਬਧ ਨਹੀਂ ਹੈ।

ਕੋਰੋਨਾ ਮਹਾਮਾਰੀ ਨੇ ਸਿੱਖਿਆ ਨੂੰ ਹੰਗਾਮੀ ਹਾਲਤ ਵਿਚ ਲਿਆ ਸੁੱਟਿਆ ਹੈ। ਸਾਲ ਭਰ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਕਿ ਸਕੂਲ-ਕਾਲਜ, ਯੂਨੀਵਰਸਿਟੀਆਂ ਸਭਨਾਂ ਨੂੰ ਭੌਤਿਕ ਦ੍ਰਿਸ਼ਟੀ ਨਾਲ ਪ੍ਰਤੱਖ ਸਿੱਖਿਆ ਦੇਣ ਦੀ ਜਗ੍ਹਾ ਡਿਸਟੈਂਸ ਐਜੂਕੇਸ਼ਨ ਦਾ ਆਸਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿੱਥੇ ਸੁਵਿਧਾ ਅਤੇ ਸੋਮੇ ਹਨ, ਉੱਥੇ ਇੰਟਰਨੈੱਟ ਦੁਆਰਾ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਅਤੇ ਪ੍ਰੀਖਿਆ ਦਾ ਕੰਮਕਾਜ ਵੀ ਪੂਰਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਤੇ ਅਧਿਆਪਕਾਂ, ਕਿਸੇ ਨੂੰ ਵੀ ਇਸ ਦਾ ਅਭਿਆਸ ਨਹੀਂ ਸੀ। ਹੌਲੀ-ਹੌਲੀ ਜੂਮ ਅਤੇ ਅਜਿਹੇ ਹੀ ਦੂਜੇ ਪਲੇਟਫਾਰਮਾਂ ਦੀ ਸਹਾਇਤਾ ਨਾਲ ਅਧਿਆਪਨ ਨੇ ਜ਼ੋਰ ਫੜਿਆ ਪਰ ਸਿੱਖਿਆ ਦਾ ਵਿਆਪਕ ਮਕਸਦ-ਮਨ, ਸਰੀਰ ਅਤੇ ਆਤਮਾ ਨੂੰ ਸਿਹਤਮੰਦ ਅਤੇ ਖ਼ੁਦਮੁਖਤਾਰ ਬਣਾਉਣਾ ਹੁਣ ਹੋਰ ਦੂਰ ਚਲਾ ਗਿਆ ਹੈ। ਸਮਤਾ ਤੇ ਸਮਾਨਤਾ ਦੇ ਟੀਚੇ ਵੀ ਵਿਸਾਰੇ ਜਾਣ ਲੱਗੇ ਹਨ ਕਿਉਂਕਿ ਬੱਚੇ ਚੰਗੇ ਮੋਬਾਈਲ ਤੇ ਲੈਪਟਾਪ ਨਾਲ ਲੈਸ ਹੋਣਾ ਚਾਹੁੰਦੇ ਹਨ, ਜੋ ਗਰੀਬ ਅਤੇ ਨਿਮਨ ਮੱਧ ਵਰਗ ਕੋਲ ਆਸਾਨੀ ਨਾਲ ਉਪਲਬਧ ਨਹੀਂ ਹਨ।

ਇਨ੍ਹਾਂ ਦੀ ਆਦਤ ਜਾਂ ਅੱਲ੍ਹੜ ਉਮਰ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਵੱਖਰੇ ਹਨ। ਫਿਰ ਵੀ ਅੱਜ ਦੇ ਹਾਲਾਤ ਵਿਚ ਸਾਡੇ ਕੋਲ ਇਸ ਅੰਧਕਾਰ ਤੋਂ ਬਾਹਰ ਨਿਕਲਣ ਦਾ ਕੋਈ ਹੋਰ ਬਦਲ ਵੀ ਨਹੀਂ ਹੈ। ਕੋਰੋਨਾ ਇਨਫੈਕਸ਼ਨ ਦੇ ਭੈਅ ਕਾਰਨ ਸਕੂਲਾਂ-ਕਾਲਜਾਂ ਨੂੰ ਖੋਲ੍ਹਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਕੋਵਿਡ ਦੀ ਤੀਜੀ ਲਹਿਰ ਦਾ ਵੀ ਅੰਦੇਸ਼ਾ ਬਣਿਆ ਹੋਇਆ ਹੈ ਜਿਸ ਦਾ ਅਸਰ ਬੱਚਿਆਂ ਅਤੇ ਕਿਸ਼ੋਰਾਂ ’ਤੇ ਜ਼ਿਆਦਾ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਹਨ।

ਲੱਖਾਂ ਅਧਿਆਪਕਾਂ ਅਤੇ ਕਰੋੜਾਂ ਵਿਦਿਆਰਥੀਆਂ ਨੂੰ ਲੈ ਕੇ ਚੱਲਣ ਵਾਲੀ ਦੇਸ਼ ਦੀ ਵਿਰਾਟ ਸਿੱਖਿਆ ਵਿਵਸਥਾ ਨੂੰ ਸਿਹਤ, ਸੁਰੱਖਿਆ ਅਤੇ ਪ੍ਰਮਾਣਿਕਤਾ ਦੇ ਨਾਲ ਸੰਚਾਲਿਤ ਕਰਨਾ ਸੱਚਮੁੱਚ ਇਕ ਵੱਡੀ ਚੁਣੌਤੀ ਹੈ। ਇਸ ਲਈ ਕੇਂਦਰ ਸਰਕਾਰ ਨੇ ਸੀਬੀਐੱਸਈ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਕਈ ਸੂਬਿਆਂ ਦੇ ਪ੍ਰੀਖਿਆ ਬੋਰਡ ਵੀ ਕੇਂਦਰ ਦੀ ਰਾਹ ’ਤੇ ਚੱਲ ਰਹੇ ਹਨ। ਆਮ ਸਾਲਾਨਾ ਪ੍ਰੀਖਿਆ ਜਿਸ ਵਿਚ ਇਕ ਸਥਾਨ ’ਤੇ ਇਕ ਨਿਸ਼ਚਿਤ ਸਮੇਂ ਵਿਚ ਨਿਸ਼ਚਿਤ ਪ੍ਰਸ਼ਨਾਂ ਦਾ ਉੱਤਰ ਦੇਣਾ ਹੁੰਦਾ ਹੈ, ਅਜੇ ਤਕ ਮਾਨਕ ਮੰਨੀ ਜਾਂਦੀ ਰਹੀ ਹੈ। ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ, ਸਿਹਤ ਅਤੇ ਤਣਾਅ ਦੇ ਮੱਦੇਨਜ਼ਰ ਇਸ ਵਿਵਸਥਾ ਨੂੰ ਨਕਾਰਨਾ ਚੁਣੌਤੀ ਅਤੇ ਮੌਕਾ, ਦੋਵੇਂ ਹੈ।

ਬੇਵੱਸ ਹੋ ਕੇ ਹੀ ਸਹੀ, ਹੁਣ ਇਸ ਅਰਥਹੀਣ ਪ੍ਰੀਖਿਆ ਦਾ ਢੁੱਕਵਾਂ ਬਦਲ ਲੱਭਣਾ ਹੀ ਹੋਵੇਗਾ। ਸਿੱਖਣ ਦਾ ਮੁਲਾਂਕਣ ਜਿਵੇਂ ਕਿ ਅਜੇ ਤਕ ਜ਼ਿਆਦਾਤਰ ਹੁੰਦਾ ਆਇਆ ਹੈ, ਹਊਆ ਬਣ ਗਿਆ ਹੈ। ਮੁਲਾਂਕਣ ਸਿੱਖਣ ਤੋਂ ਬਾਹਰ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਵੈਸੇ ਵੀ ਮੁਲਾਂਕਣ ਤੋਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਕੀ ਆਉਂਦਾ ਹੈ?

ਪ੍ਰਾਪਤ ਅੰਕ, ਗ੍ਰੇਡ ਅਤੇ ਸ਼੍ਰੇਣੀ ਸਿਰਫ਼ ਅਪ੍ਰਤੱਖ ਤੌਰ ’ਤੇ ਹੀ ਇਹ ਦੱਸਦੇ ਹਨ ਕਿ ਤੁਲਨਾਤਮਕ ਦ੍ਰਿਸ਼ਟੀ ਤੋਂ ਵਿਦਿਆਰਥੀ ਕਿੱਥੇ ਖੜ੍ਹਾ ਹੋਇਆ ਹੈ, ਨਾ ਕਿ ਹੁਨਰ ਦੀ ਜਾਣਕਾਰੀ ਦਿੰਦੇ ਹਨ। ਪ੍ਰੀਖਿਆ ਵਿਚ ਮਿਲੇ ਅੰਕਾਂ ਸਦਕਾ ਜੀਵਨ ਦੀਆਂ ਹਕੀਕਤਾਂ ਨਾਲ ਟਕਰਾਉਣ ਅਤੇ ਉਨ੍ਹਾਂ ਦੇ ਹੱਲ ਦੇ ਹੁਨਰ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਹੈ। ਵੈਸੇ ਵੀ ਸਾਲ ਭਰ ਜਾਂ ਦੋ ਸਾਲ ਦੇ ਵਿੱਦਿਅਕ ਜੀਵਨ ਦੀ ਯਾਤਰਾ ਨੂੰ ਦਰਕਿਨਾਰ ਰੱਖ ਕੇ ਤਿੰਨ ਘੰਟੇ ਦੀ ਪ੍ਰੀਖਿਆ ਵਿਚ ਪੰਜ-ਦਸ ਪ੍ਰਸ਼ਨਾਂ ਦੇ ਉੱਤਰ ਨਾਲ ਕਰੀਅਰ ਦਾ ਬਣਨਾ-ਵਿਗੜਨਾ ਮਿਹਨਤ ਦੀ ਜਗ੍ਹਾ ਕਿਸਮਤ ਨੂੰ ਹੀ ਮਹੱਤਵ ਦਿੰਦਾ ਹੈ। ਸਿੱਖਿਆ ਢਾਂਚਾ ਅਜਿਹਾ ਹੋਣਾ ਚਾਹੀਦਾ ਹੈ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰੇ। ਸਰਕਾਰ ਭਾਵੇਂ ਸਿੱਖਿਆ ਨੀਤੀਆਂ ਵੱਡੇ-ਵੱਡੇ ਮਾਹਿਰਾਂ, ਸਿੱਖਿਆ ਸ਼ਾਸਤਰੀਆਂ ਤੋਂ ਮਾਰਗਦਰਸ਼ਨ ਲੈ ਕੇ ਬਣਾਉਂਦੀਆਂ ਹਨ ਪਰ ਸਿੱਖਿਆ ਨੀਤੀ ਵਿਚਲੀਆਂ ਖਾਮੀਆਂ ਅਕਸਰ ਦੂਰ ਨਹੀਂ ਹੋ ਪਾਉਂਦੀਆਂ।

ਹੁਣ ਸਿੱਖਿਆ ਸ਼ਾਸਤਰੀਆਂ ਨੂੰ ਵਿੱਦਿਅਕ ਯੋਗਤਾ ਨੂੰ ਦਰਸਾਉਣ ਵਾਲੇ ਦੂਜੇ ਮਾਪਕਾਂ ਦੀ ਤਲਾਸ਼ ਕਰਨੀ ਹੋਵੇਗੀ ਜੋ ਨਾ ਸਿਰਫ਼ ਵੱਧ ਸਾਖ਼ ਵਾਲੇ ਹੋਣ ਬਲਕਿ ਵਿਦਿਆਰਥੀਆਂ ਦੀ ਸਿਰਜਣਾਤਮਕ ਸਮਰੱਥਾ, ਫ਼ੈਸਲੇ ਦੀ ਸਮਰੱਥਾ ਅਤੇ ਗਿਆਨ ਦੀ ਵਰਤੋਂ ਨੂੰ ਦਰਸਾਉਂਦੇ ਹੋਣ।

ਬੌਧਿਕ ਯੋਗਤਾ ਦੀ ਪ੍ਰਮਾਣਿਕਤਾ ਆਪਣੇ ਮੁਹਾਂਦਰੇ, ਸਮਾਜ ਅਤੇ ਕਦਰਤ ਦੇ ਨਾਲ ਰਹਿਣ ਅਤੇ ਅਨੁਕੂਲਨ ਦੀ ਵਿਵਹਾਰਕ ਉਪਲਬਧੀ ਵਿਚ ਹੀ ਪ੍ਰਗਟ ਹੁੰਦੀ ਹੈ। ਜੋ ਕਿਰਿਆਵਾਨ ਹੁੰਦਾ ਹੈ, ਉਹੀ ਵਿਦਵਾਨ ਹੁੰਦਾ ਹੈ। ਇਸ ਦ੍ਰਿਸ਼ਟੀ ਨਾਲ ਹੁਣ ਆਭਾਸੀ ਪੜ੍ਹਾਈ-ਲਿਖਾਈ ਦੀ ਦੁਨੀਆ ਵਿਚ ਰਿਮੋਟ ਪ੍ਰੀਖਿਆ ਦੇ ਇਕ ਸਾਰਥਕ ਮਾਡਲ ਨੂੰ ਵਿਕਸਤ ਕਰਨਾ ਹੋਵੇਗਾ ਜਿਸ ਵਿਚ ਯਾਦ ਰੱਖਣਾ, ਸਮਝਣਾ, ਵਿਸ਼ਲੇਸ਼ਣ, ਸਿਰਜਣਾ ਅਤੇ ਫ਼ੈਸਲੇ ਆਦਿ ਨੂੰ ਸਿੱਖਣ ਦੇ ਵਿਆਪਕ ਮੁਹਾਂਦਰੇ ਵਿਚ ਸਥਾਪਤ ਕਰਨਾ ਜ਼ਰੂਰੀ ਹੋਵੇਗਾ।

ਇਸ ਦਿਸ਼ਾ ਵਿਚ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਪ੍ਰਯੋਗ ਚੱਲ ਰਹੇ ਹਨ। ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਪ੍ਰਗਟਾਉਣ ਦਾ ਢੁੱਕਵਾਂ ਮੌਕਾ ਦੇਣਾ ਪ੍ਰੀਖਿਆ ਦੇ ਭੂਤ-ਪ੍ਰੇਤ ਤੋਂ ਮੁਕਤੀ ਦਿਵਾਉਣ ਵਿਚ ਯਕੀਨਨ ਸਹਾਇਕ ਹੋਵੇਗਾ ਜੋ ਮਾਨਸਿਕ ਸਮਰੱਥਾ ਨੂੰ ਨੁਕਸਾਨ ਅਤੇ ਪਰਿਵਾਰਕ ਤਣਾਅ ਦਾ ਇਕ ਵੱਡਾ ਕਾਰਨ ਬਣਿਆ ਰਹਿੰਦਾ ਹੈ। ਪ੍ਰੀਖਿਆ ਦਾ ਸਾਰਥਕ ਬਦਲ ਸਿੱਖਿਆ ਨੂੰ ਉਸ ਦੇ ਅਨੇਕ ਅੜਿੱਕਿਆਂ ਤੋਂ ਮੁਕਤ ਕਰੇਗਾ ਪਰ ਅਜਿਹਾ ਉਦੋਂ ਹੀ ਹੋ ਸਕੇਗਾ ਜਦ ਸਰਕਾਰਾਂ ਤੇ ਨੀਤੀ ਘਾੜਿਆਂ ਦੇ ਨਾਲ-ਨਾਲ ਸਾਰੀਆਂ ਸਬੰਧਤ ਧਿਰਾਂ ਪੂਰੀ ਇਮਾਨਾਦਾਰੀ ਨਾਲ ਆਪੋ-ਆਪਣਾ ਫ਼ਰਜ਼ ਨਿਭਾਉਣ। ਜੇਕਰ ਉਹ ਅਜਿਹਾ ਨਹੀਂ ਕਰਨਗੀਆਂ ਤਾਂ ਦੇਸ਼ ਦੇ ਭਵਿੱਖ ਨੂੰ ਤਬਾਹ ਕਰਨ ਦਾ ਹੀ ਕੰਮ ਕਰ ਰਹੀਆਂ ਹੋਣਗੀਆਂ।

-(ਲੇਖਕ ਸਾਬਕਾ ਪ੍ਰੋਫੈਸਰ ਅਤੇ ਸਾਬਕਾ ਕੁਲਪਤੀ ਹੈ)

Posted By: Susheel Khanna