ਪਿਛਲੇ ਹਫ਼ਤੇ ਬੜੇ ਜ਼ੋਰ-ਸ਼ੋਰ ਨਾਲ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ੁਰੂ ਹੋਈ। ਇਸ ਨਾਲ ਪਾਰਟੀ ਦੇ ਹਮਾਇਤੀਆਂ, ਵਰਕਰਾਂ ਅਤੇ ਇੰਟਰਨੈੱਟ ਮੀਡੀਆ ਯੋਧਿਆਂ ’ਚ ਨਵੇਂ ਉਤਸ਼ਾਹ ਦਾ ਸੰਚਾਰ ਹੋਇਆ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਵੀ ਨਵੀਂ ਊਰਜਾ ਅਤੇ ਸਰਗਰਮੀ ਦਿਖਾਈ ਹੈ।

ਆਮ ਤੌਰ ’ਤੇ ਕਿਸੇ ਵੀ ਸਿਆਸੀ ਗਤੀਵਿਧੀ ਦਾ ਮੁਲਾਂਕਣ ਭੀੜ ਅਤੇ ਵਸੀਲਿਆਂ ਦੇ ਜੁਟਾਉਣ ਤੋਂ ਲਾਇਆ ਜਾਂਦਾ ਹੈ। ਇਨ੍ਹਾਂ ਦੋਵੇਂ ਪੈਮਾਨਿਆਂ ’ਤੇ ਇਸ ਯਾਤਰਾ ਨੇ ਕਾਂਗਰਸ ਲਈ ਹੁਣ ਤਕ ਚੰਗੇ ਸੰਕੇਤ ਦਿੱਤੇ ਹਨ। ਸੰਭਵ ਹੈ ਕਿ ਇਸ ਦਾ ਇਕ ਕਾਰਨ ਇਹ ਹੀ ਹੋਵੇ ਕਿ ਇਹ ਯਾਤਰਾ ਦਾ ਆਰੰਭਿਕ ਦੌਰ ਹੈ। ਦੂਜਾ ਤਾਮਿਲਨਾਡੂ ਤੋਂ ਸ਼ੁਰੂ ਹੋ ਕੇ ਇਸ ਸਮੇਂ ਇਹ ਯਾਤਰਾ ਕੇਰਲ ’ਚ ਹੈ, ਜਿੱਥੇ ਕਾਂਗਰਸ ਰਵਾਇਤੀ ਰੂਪ ਨਾਲ ਮਜ਼ਬੂਤ ਰਹੀ ਹੈ।

ਫ਼ਿਲਹਾਲ ਕਾਂਗਰਸ ਦੇ ਹਾਲੀਆ ਢਿੱਲੇ ਪ੍ਰਦਰਸ਼ਨ ਨੂੰ ਦੇਖਦਿਆਂ ਯਾਤਰਾ ਨੂੰ ਮਿਲ ਰਹੀ ਪ੍ਰਤੀਕਿਰਿਆ ਪਾਰਟੀ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਇਸ ਦੇ ਬਾਵਜੂਦ ਇਕ ਸਵਾਲ ਕਾਇਮ ਹੈ ਕਿ ਕੀ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਖ਼ੁਦ ਨੂੰ ਮਜ਼ਬੂਤ ਕਰਨ ’ਚ ਜੁਟੀ ਕਾਂਗਰਸ ਲਈ ਭਾਰਤ ਜੋੜੋ ਯਾਤਰਾ ਜਿਹੀ ਮੁਹਿੰਮ ਹੀ ਕਾਫ਼ੀ ਹੋਵੇਗੀ। ਕਈ ਪਹਿਲੂਆਂ ਨੂੰ ਦੇਖਦਿਆਂ ਇਸ ਦਾ ਅਨੁਮਾਨ ਲਾਉਣਾ ਮੁਸ਼ਕਲ ਹੈ।

ਇਹ ਯਾਤਰਾ ਇਕ ਤਰ੍ਹਾਂ ਨਾਲ ਰਾਹੁਲ ਗਾਂਧੀ ਨੂੰ ਨਵੇਂ ਸਿਰੇ ਤੋਂ ‘ਲਾਂਚ’ ਕਰਨ ਦੀ ਕਵਾਇਦ ਦਿਸਦੀ ਹੈ। ਇਸੇ ਲਈ ਉਹੀ ਇਸ ਦੇ ਕੇਂਦਰ ’ਚ ਹਨ ਤੇ ਇਹ ਰਣਨੀਤੀ ਉੱਚਿਤ ਵੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਰਾਹੁਲ ਗਾਂਧੀ ਦੀ ਮੌਜੂਦਗੀ ਨਾਲ ਹੀ ਯਾਤਰਾ ਪ੍ਰਤੀ ਏਨੀ ਦਿਲਚਸਪੀ ਜਾਗ ਰਹੀ ਹੈ। ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਫ਼ਿਲਹਾਲ ਉਹੋ ਹੀ ਦੇਸ਼ ਭਰ ’ਚ ਪਾਰਟੀ ਲਈ ਭੀੜ ਜੁਟਾਉਣ ਵਾਲੇ ਸਭ ਤੋਂ ਵੱਡੇ ਨੇਤਾ ਹਨ। ਹਾਲਾਂਕਿ ਉਨ੍ਹਾਂ ਨੂੰ ਖ਼ੁਦ ’ਤੇ ਪੂਰਾ ਫੋਕਸ ਰੱਖਣ ’ਚ ਕੋਈ ਗੁਰੇਜ਼ ਨਹੀਂ ਪਰ ਇਸ ਦੇ ਬਾਵਜੂਦ ਉਹ ਇਸ ਮੁਹਿੰਮ ਦੇ ਅਗਵਾਈਕਾਰ ਦੀ ਰਸਮੀ ਭੂਮਿਕਾ ਸਵੀਕਾਰ ਕਰਨ ਲਈ ਵੀ ਤਿਆਰ ਨਹੀਂ ਦਿਸਦੇ। ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਯਾਤਰਾ ਕਾਂਗਰਸ ਪ੍ਰਧਾਨ ਦੀ ਚੋਣ ਤੋਂ ਠੀਕ ਪਹਿਲਾਂ ਹੋ ਰਹੀ ਹੈ, ਜਿਸ ’ਚ ਉੱਤਰਨ ਲਈ ਰਾਹੁਲ ਗਾਂਧੀ ਨੇ ਹਾਲੇ ਤਕ ਹਾਮੀ ਨਹੀਂ ਭਰੀ ਹੈ। ਇਹ ਮੰਨਦਿਆਂ ਕਿ ਉਹ ਇਸ ਰੁਖ਼ ’ਤੇ ਹਾਲੇ ਵੀ ਕਾਇਮ ਹਨ ਤਾਂ ਰਾਹੁਲ ਲਈ ਅਕਸ ਬਣਾਉਣ ਦੀ ਏਨੀ ਵੱਡੀ ਕਵਾਇਦ ਤੋਂ ਬਾਅਦ ਨਵੇਂ ਪ੍ਰਧਾਨ ਨੂੰ ਆਪਣੀ ਜ਼ਿੰਮੇਵਾਰੀ ਨੂੰ ਪ੍ਰਭਾਵੀ ਰੂਪ ਨਾਲ ਸੰਭਾਲਣਾ ਮੁਸ਼ਕਲ ਹੋਵੇਗਾ।

ਇਸ ਤਰ੍ਹਾਂ ਦੀਆਂ ਲੋਕਾਂ ਨੂੰ ਨਾਲ ਜੋੜਨ ਵਾਲੀਆਂ ਮੁਹਿੰਮਾਂ ਦੇ ਅਸਲ ਲਾਭ ਸਥਾਨਕ ਅਤੇ ਸੂਬਾਈ ਜਥੇਬੰਦੀਆਂ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ’ਚ ਕੌਮੀ ਪੱਧਰ ਦੇ ਨੇਤਾ ਵੱਲੋਂ ਹਾਂ-ਪੱਖੀ ਭਾਵਨਾਵਾਂ ਹਾਸਲ ਕਰਨ ਦਾ ਪਹਿਲੂ ਸ਼ਾਮਲ ਹੁੰਦਾ ਹੈ। ਜਿਵੇਂ ਕਿ ਭਾਜਪਾ ਨੇ ਲਾਲਕ੍ਰਿਸ਼ਨ ਅਡਵਾਨੀ ਦੀ ਰਾਮ ਮੰਦਰ ਰਥ ਯਾਤਰਾ ਨਾਲ ਕੀਤਾ ਸੀ। ਕਾਂਗਰਸ ਲਈ ਮੁਸ਼ਕਲ ਇਹੋ ਹੀ ਹੈ ਕਿ ਇਸ ਸਮੇਂ ਰਾਜਾਂ ’ਚ ਉਸ ਦਾ ਜਥੇਬੰਦਕ ਢਾਂਚਾ ਬੇਢੰਗੀ ਅਵਸਥਾ ’ਚ ਹੈ ਤੇ ਖੇਤਰੀ ਆਗੂ ਇਕ ਦੂਜੇ ਨਾਲ ਲੜਨ ’ਤੇ ਉਤਾਰੂ ਹਨ। ਇਸ ਦੇ ਵੀ ਕੋਈ ਸੰਕੇਤ ਨਹੀਂ ਹਨ ਕਿ ਜਿਨ੍ਹਾਂ ਖੇਤਰਾਂ ’ਚੋਂ ਇਹ ਯਾਤਰਾ ਗੁਜ਼ਰ ਰਹੀ ਹੈ, ਉੱਥੇ ਸਥਾਨਕ ਜਥੇਬੰਦਕ ਮੁੱਦੇ ਸੁਲਝ ਜਾਣਗੇ। ਖ਼ਾਸ ਤੌਰ ’ਤੇ ਇਹ ਦੇਖਦਿਆਂ ਕਿ ਪਾਰਟੀ ਦੀ ਕੇਂਦਰੀ ਲੀਡਰਸਿਪ ਖ਼ੁਦ ਨਵੇਂ ਪ੍ਰਧਾਨ ਦੀਆਂ ਲਟਕੀਆਂ ਚੋਣਾਂ ’ਚ ਉਲਝੀ ਪਈ ਹੈ। ਇਸ ਤਰ੍ਹਾਂ ਦੀ ਵਿਆਪਕ ਲੋਕ ਸੰਪਰਕ ਮੁਹਿੰਮ ਦਾ ਪਾਰਟੀਆਂ ਚੋਣਾਵੀ ਲਾਹਾ ਲੈ ਸਕਦੀਆਂ ਹਨ ਪਰ ਭਾਰਤ ਜੋੜੋ ਯਾਤਰਾ ਦਾ ਮੰਤਵ ਕੁਝ ਵੱਖਰਾ ਦਿਸਦਾ ਹੈ। ਉਸ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਜਿਹੇ ਉਨ੍ਹਾਂ ਸੂਬਿਆਂ ਤੋਂ ਖ਼ੁਦ ਨੂੰ ਦੂਰ ਰੱਖਿਆ ਹੈ, ਜਿੱਥੇ ਛੇਤੀ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਉੱਥੇ ਹੀ ਇਸ ਦੇ ਕਾਰਨ ਵੀ ਪਤਾ ਨਹੀਂ ਕਿ ਆਖ਼ਰ ਕਿਸ ਵਜ੍ਹਾ ਨਾਲ ਲੋਕ ਸਭਾ ਦੀਆਂ 20 ਸੀਟਾਂ ਵਾਲੇ ਸੂਬੇ ਕੇਰਲ ’ਚ ਇਹ ਯਾਤਰਾ 18 ਦਿਨਾਂ ਤਕ ਨਿਕਲੇਗੀ, ਉੱਥੇ ਹੀ 80 ਲੋਕ ਸਭਾ ਹਲਕਿਆਂ ਵਾਲੇ ਉੱਤਰ ਪ੍ਰਦੇਸ਼ ’ਚ ਕੇਵਲ ਦੋ ਦਿਨ। ਪਾਰਟੀ ਦੇ ਰਣਨੀਤੀਕਾਰ ਜਦੋਂ ਤਕ ਕਿਸੇ ਹੋਰ ਯੋਜਨਾ ਨਾਲ ਅੱਗੇ ਨਹੀਂ ਆਉਂਦੇ, ਮਸਲਨ ਉੱਤਰ ਪ੍ਰਦੇਸ਼ ’ਚ ਪ੍ਰਿਅੰਕਾ ਗਾਂਧੀ ਦੀ ਅਗਵਾਈ ’ਚ ਕੋਈ ਸਮਾਂਤਰ ਮੁਹਿੰਮ ਚਲਾਈ ਜਾਵੇ, ਉਦੋਂ ਤਕ ਇਸ ਦੇ ਪਿੱਛੇ ਦਾ ਤਰਕ ਸਮਝਣਾ ਮੁਸ਼ਕਲ ਹੈ।

ਇਹ ਵੀ ਇਕ ਪਹੇਲੀ ਹੈ ਕਿ ਇਸ ਯਾਤਰਾ ਦੇ ਆਰੰਭ ’ਚ ਤਾਂ ਕੌਮੀ ਕੱਦ ਦੇ ਨੇਤਾਵਾਂ ਦਾ ਜਮਾਵੜਾ ਦੇਖਿਆ ਗਿਆ ਪਰ ਬਾਅਦ ’ਚ ਸੀਨੀਅਰ ਅਤੇ ਲੋਕ ਆਧਾਰ ਵਾਲੇ ਨੇਤਾ ਨਦਾਰਦ ਦਿਸ ਰਹੇ ਹਨ। ਸ਼ਾਇਦ ਇਹ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹੋਵੇ ਤਾਂ ਕਿ ਪੂਰਾ ਫੋਕਸ ਕੇਵਲ ਰਾਹੁਲ ਗਾਂਧੀ ’ਤੇ ਰਹੇ। ਪਾਰਟੀ ਵੱਲੋਂ ਜੋ ਤਸਵੀਰਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ’ਚ ਵੀ ਰਾਹੁਲ ਹੀ ਆਮ ਲੋਕਾਂ ਨਾਲ ਚਰਚਾ ਕਰਦੇ ਹੋਏ ਦਿਖਾਈ ਦਿੰਦੇ ਹਨ। ਇਹ ਵੀ ਉਨ੍ਹਾਂ ਨੂੰ ‘ਲੋਕ-ਨੇਤਾ’ ਦੇ ਰੂਪ ’ਚ ਸਥਾਪਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜਿਹਾ ਕਰ ਕੇ ਲੀਡਰਸ਼ਿਪ ਦੀ ਏਕਤਾ ਅਤੇ ਡੂੰਘਾਈ ਨੂੰ ਦਰਸਾਉਣ ਦਾ ਵੱਡਾ ਮੌਕਾ ਗੁਆ ਦਿੱਤਾ ਗਿਆ। ਉੱਥੇ ਹੀ ਯੋਗੇਂਦਰ ਯਾਦਵ ਜਿਹੇ ‘ਬਾਹਰੀ’ ਲੋਕ ਇਸ ਯਾਤਰਾ ਨਾਲ ਜੁੜ ਕੇ ਸੁਰਖ਼ੀਆਂ ਬਟੋਰ ਰਹੇ ਹਨ। ਇਸ ਸੂਰਤ ’ਚ ਕਾਂਗਰਸ ਇਹੋ ਉਮੀਦ ਕਰ ਸਕਦੀ ਹੈ ਕਿ 150 ਦਿਨਾਂ ਤਕ ਚੱਲਣ ਵਾਲੀ 3,500 ਕਿਲੋਮੀਟਰ ਦੀ ਯਾਤਰਾ ’ਚ ਰਾਹੁਲ ਗਾਂਧੀ ਹੀ ਕੇਂਦਰੀ ਭੂਮਿਕਾ ’ਚ ਰਹਿਣ। ਨਹੀਂ ਤਾਂ ਇਹ ਮੁਹਿੰਮ ਲੀਹ ਤੋਂ ਲਹਿ ਜਾਵੇਗੀ ਅਤੇ ਦੂਜੇ ਲੋਕ ਮੇਲਾ ਲੁੱਟ ਕੇ ਲੈ ਜਾਣਗੇ।

ਕਾਂਗਰਸ ਦੀ ਇਸ ਮੁਹਿੰਮ ਦੀ ਮਨਸ਼ਾ ਸਪੱਸ਼ਟ ਹੈ ਕਿ ਇਸ ਰਾਹੀਂ ਉਹ ਆਪਣੀ ਪੂਰੇ ਦੇਸ਼ ’ਚ ਮੌਜੂਦਗੀ ਦਰਸਾ ਕੇ ਵਿਰੋਧੀ ਖੇਮੇ ਨੂੰ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਕਿਸੇ ਵੀ ਗ਼ੈਰ-ਭਾਜਪਾ ਮੋਰਚੇ ਲਈ ਇਹ ਨਾ ਟਾਲਣਯੋਗ ਹੈ। ਕਾਂਗਰਸ ਦਾ ਇਹ ਦਾਅਵਾ ਮਜ਼ਬੂਤ ਹੋਵੇਗਾ ਜਾਂ ਕਮਜ਼ੋਰ, ਉਹ ਇਸ ਯਾਤਰਾ ਦੀ ਸਫਲਤਾ ’ਤੇ ਨਿਰਭਰ ਕਰੇਗਾ ਖ਼ਾਸ ਕਰਕੇ ਉਨ੍ਹਾਂ ਸੂਬਿਆਂ ’ਚ ਜਿੱਥੇ ਕਾਂਗਰਸ ਸੱਤਾ ਤੋਂ ਬਾਹਰ ਹੈ ਅਤੇ ਉਸ ਦਾ ਜਥੇਬੰਦਕ ਢਾਂਚਾ ਵੀ ਕਮਜ਼ੋਰ ਹੈ। ਫ਼ਿਲਹਾਲ ਅਰਵਿੰਦ ਕੇਜਰੀਵਾਲ ਅਤੇ ਕੇ. ਚੰਦਰਸ਼ੇਖਰ ਰਾਓ ਜਿਹੇ ਦੋ ਨੇਤਾ ਕਾਂਗਰਸ ਨਾਲ ਗਠਜੋੜ ਨੂੰ ਤਿਆਰ ਨਹੀਂ ਦਿਸਦੇ। ਇਹੋ ਗੱਲ ਮਮਤਾ ਬੈਨਰਜੀ ਬਾਰੇ ਕਹੀ ਜਾ ਸਕਦੀ ਹੈ। ਕੇਰਲ ’ਚ ਯਾਤਰਾ ਦੇ ਲੰਬੇ ਪੜਾਅ ਨਾਲ ਮਾਕਪਾ ਦਾ ਵੀ ਮੂੰਹ ਬਣਿਆ ਹੋਇਆ ਹੈ।

ਉੱਥੇ ਹੀ ਭਾਜਪਾ ਹਰ ਸੰਭਵ ਤਰੀਕੇ ਨਾਲ ਰਾਹੁਲ ਗਾਂਧੀ ਦੀ ਕਿਸੇ ਵੀ ਗ਼ਲਤੀ ਦਾ ਲਾਹਾ ਲੈਣ ਲਈ ਤਿਆਰ ਹੈ। ਉਸ ਨੇ ਯਾਤਰਾ ਲਈ ਵਿਸ਼ੇਸ਼ ਰੂਪ ’ਚ ਤਿਆਰ ਕੀਤੇ ਗਏ ਆਲੀਸ਼ਾਨ ਕੰਟੇਨਰਾਂ ’ਤੇ ਨਿਸ਼ਾਨਾ ਸਾਧਿਆ ਹੈ। ਯਾਤਰਾ ਦੌਰਾਨ ਜਿਨ੍ਹਾਂ ਲੋਕਾਂ ਨਾਲ ਰਾਹੁਲ ਗਾਂਧੀ ਮਿਲ ਰਹੇ ਹਨ, ਉਨ੍ਹਾਂ ’ਤੇ ਵੀ ਭਾਜਪਾ ਦੀ ਬਾਜ਼ ਅੱਖ ਹੈ। ਜਿਵੇਂ ਇਕ ਵਿਵਾਦਤ ਪਾਦਰੀ ਨਾਲ ਮੁਲਾਕਾਤ ’ਤੇ ਤੁਰੰਤ ਰਾਹੁਲ ਨੂੰ ਘੇਰਿਆ ਗਿਆ। ਕੁਡਨਕੁਲਮ ਪ੍ਰਾਜੈਕਟ ਅਤੇ ਸਟਰਲਾਈਟ ਵਿਰੋਧੀ ਪ੍ਰਦਰਸ਼ਨਾਂ ਲਈ ਜ਼ਿੰਮੇਵਾਰ ਲੋਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਭਾਜਪਾ ਨੇ ਖ਼ਾਸਾ ਤੂਲ ਦਿੱਤਾ। ਭਾਜਪਾ ਦੇ ਇਸ ਰੁਖ਼ ਨਾਲ ਤਿਲਮਿਲਾਈ ਕਾਂਗਰਸ ਨੇ ਵੀ ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਦੇ ਪਹਿਰਾਵੇ ਦਾ ਹਿੱਸਾ ਰਹੀ ਖ਼ਾਕੀ ਨਿੱਕਰ ਨੂੰ ਸਾੜਦਿਆਂ ਇੰਟਰਨੈੱਟ ਮੀਡੀਆ ’ਤੇ ਪੋਸਟ ਪਾਈ। ਕੁਝ ਲੋਕ ਮੰਨਦੇ ਹਨ ਕਿ ਯਾਤਰਾ ਨੂੰ ਜ਼ਿਆਦਾ ਤਵੱਜੋ ਦੇ ਕੇ ਭਾਜਪਾ ਰਾਹੁਲ ਗਾਂਧੀ ਦੀ ਹੀ ਮਦਦ ਕਰੇਗੀ। ਹਾਲਾਂਕਿ ਇਹ ਇਸੇ ’ਤੇ ਨਿਰਭਰ ਕਰੇਗਾ ਕਿ ਯਾਤਰਾ ਰਾਹੀਂ ਰਾਹੁਲ ਗਾਂਧੀ ਕੀ ਆਪਣਾ ਅਕਸ ਹੀ ਨਿਖਾਰਨਗੇ ਜਾਂ ਪਾਰਟੀ ’ਚ ਨਵੀਂ ਜਾਨ ਪਾਉਣਗੇ। ਪਾਰਟੀ ’ਚ ਨਵੀਂ ਜਾਨ ਦਾ ਸੰਚਾਰ ਇਸ ਲੰਬੀ ਯਾਤਰਾ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਇਹੋ ਕਾਂਗਰਸ ਦੀ ਅਸਲ ਚੁਣੌਤੀ ਵੀ ਹੈ। ਫ਼ਿਲਹਾਲ ਇਹ ਯਾਤਰਾ ਹਾਲੇ ਸ਼ੁਰੂ ਹੋਈ ਹੈ ਪਰ ਕਾਂਗਰਸ ਲਈ ‘ਦਿੱਲੀ ਹਾਲੇ ਦੂਰ’ ਹੈ।

-ਸੰਦੀਪ ਘੋਸ਼

-(ਲੇਖਕ ਉੱਘੇ ਸਿਆਸੀ ਵਿਸ਼ਲੇਸ਼ਣਕਾਰ ਅਤੇ ਸੀਨੀਅਰ ਕਾਲਮਨਵੀਸ ਹਨ।)

Posted By: Jagjit Singh