ਨੈਸ਼ਨਲ ਸੈਂਪਲ ਸਰਵੇ ਆਫਿਸ ਅਰਥਾਤ ਐੱਨਐੱਸਐੱਸਓ ਦੇ ਖ਼ਪਤ ਅੰਕੜਿਆਂ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਵੱਖ-ਵੱਖ ਖੇਤਰਾਂ ਨਾਲ ਜੁੜੇ ਮਾਹਰ ਸਰਕਾਰ 'ਤੇ ਇਨ੍ਹਾਂ ਅੰਕੜਿਆਂ ਨੂੰ ਜਾਰੀ ਕਰਨ ਦਾ ਦਬਾਅ ਪਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਔਸਤ ਭਾਰਤੀ ਖ਼ਪਤਕਾਰ ਦੁਆਰਾ ਖ਼ਰਚ ਵਿਚ ਕਮੀ ਦੀ ਪੁਸ਼ਟੀ ਕਰਦੇ ਹਨ।

ਇਸੇ ਕਾਰਨ ਸਰਕਾਰ ਇਨ੍ਹਾਂ ਨੂੰ ਜਾਰੀ ਕਰਨ ਦੀ ਥਾਂ ਇਨ੍ਹਾਂ 'ਤੇ ਕੁੰਡਲੀ ਮਾਰ ਕੇ ਬੈਠ ਗਈ ਹੈ ਤਾਂ ਜੋ ਕਿਰਕਿਰੀ ਤੋਂ ਬਚਿਆ ਜਾ ਸਕੇ। ਇਸ ਦੌਰਾਨ ਕੁਝ ਲੋਕ ਇਨ੍ਹਾਂ ਅੰਕੜਿਆਂ ਦੀ ਪ੍ਰਸੰਗਿਕਤਾ 'ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ। ਇਹ ਸਹੀ ਹੈ ਕਿ ਐੱਨਐੱਸਐੱਸਓ ਦੇ ਅੰਕੜੇ ਤਿਆਰ ਕਰਨ ਵਿਚ ਕਦੇ-ਕਦੇ ਹੀ ਇੰਨਾ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਉਹ ਸ਼ੱਕੀ ਬਣ ਜਾਂਦੇ ਹਨ। ਫਿਰ ਵੀ ਉਨ੍ਹਾਂ ਤੋਂ ਤਮਾਮ ਰੁਝਾਨਾਂ ਦੀ ਦਸ਼ਾ-ਦਿਸ਼ਾ ਮਿਲ ਜਾਂਦੀ ਹੈ। ਕਿਉਂਕਿ ਅੰਕੜੇ ਸਰਕਾਰ ਨੂੰ ਅਸਹਿਜ ਕਰ ਸਕਦੇ ਹਨ ਤਾਂ ਇਸੇ ਕਾਰਨ ਉਹ ਇਨ੍ਹਾਂ ਨੂੰ ਜਨਤਕ ਕਰਨੋਂ ਝਿਜਕ ਰਹੀ ਹੈ।

ਦੇਸ਼ ਦੇ ਮੁੱਖ ਅੰਕੜਿਆਂ ਦਾ ਸੰਗ੍ਰਹਿ, ਵਿਸ਼ਲੇਸ਼ਣ ਅਤੇ ਪ੍ਰਕਾਸ਼ਨ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਦੇ ਅਧੀਨ ਸੰਸਥਾਵਾਂ ਕਰਦੀਆਂ ਹਨ। ਇਨ੍ਹਾਂ ਵਿਚ ਐੱਨਐੱਸਐੱਸਓ ਅਤੇ ਕੇਂਦਰੀ ਸੰਖਿਅਕੀ ਕਾਰਿਆਲਾ ਮੁੱਖ ਸੰਸਥਾਵਾਂ ਹਨ। ਹਾਲ ਵਿਚ ਦੋਵਾਂ ਦਾ ਰਲੇਵਾਂ ਕਰ ਕੇ ਰਾਸ਼ਟਰੀ ਸੰਖਿਅਕੀ ਕਾਰਿਆਲਾ ਬਣਾ ਦਿੱਤਾ ਗਿਆ ਹੈ। ਹਰੇਕ ਪੰਜ ਸਾਲ ਬਾਅਦ ਇਹ ਵਿਭਾਗ ਖ਼ਪਤਕਾਰ ਖ਼ਰਚ ਦੇ ਅੰਕੜਿਆਂ ਦਾ ਇਕ ਵਿਆਪਕ ਸਰਵੇਖਣ ਕਰਦਾ ਹੈ। ਉਸ ਵਿਚ ਸਾਰੇ ਦੇਸ਼ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੋਂ ਅੰਕੜੇ ਇਕੱਠੇ ਕੀਤੇ ਜਾਂਦੇ ਹਨ।

ਫਿਰ ਇਨ੍ਹਾਂ ਦਾ ਕੌਮੀ ਪੱਧਰ 'ਤੇ ਮੁਲੰਕਣ ਕੀਤਾ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਲੋਕ ਕਿਸ ਆਈਟਮ 'ਤੇ ਕਿੰਨਾ ਖ਼ਰਚ ਕਰ ਰਹੇ ਹਨ? ਇਸ ਦੇ ਨਾਲ ਹੀ ਇਹ ਵੀ ਪਤਾ ਲੱਗਦਾ ਹੈ ਕਿ ਪਹਿਲਾਂ ਦੀ ਤੁਲਨਾ ਵਿਚ ਖ਼ਰਚ ਘਟਿਆ ਹੈ ਜਾਂ ਵਧਿਆ ਹੈ? ਇਸ ਨਾਲ ਭਾਰਤੀਆਂ ਦੀ ਆਮਦਨ-ਖ਼ਰਚ ਸਮਰੱਥਾ ਵਿਚ ਉਤਰਾਅ-ਚੜ੍ਹਾਅ ਦਾ ਅੰਦਾਜ਼ਾ ਲੱਗਦਾ ਹੈ। ਅਜਿਹੇ ਅੰਕੜਿਆਂ ਸਹਾਰੇ ਹੀ ਸਰਕਾਰ ਸੂਬਾ -ਦਰ-ਸੂਬਾ ਗ਼ਰੀਬਾਂ ਦੀ ਗਿਣਤੀ, ਗ਼ਰੀਬੀ ਹਟਾਊ ਪ੍ਰੋਗਰਾਮ, ਜੀਡੀਪੀ, ਖ਼ਪਤਕਾਰ ਖ਼ਰਚ ਵਿਚ ਤਬਦੀਲੀ ਦੀ ਦਿਸ਼ਾ ਆਦਿ ਤੈਅ ਕਰਦੀ ਹੈ। ਸਰਕਾਰ ਦੀ ਯੋਜਨਾ ਨਿਰਮਾਣ ਵਿਚ ਇਨ੍ਹਾਂ ਅੰਕੜਿਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸੰਨ 2004-05 ਤੋਂ ਬਾਅਦ ਇਕ ਸਰਵੇਖਣ 2009-10 ਵਿਚ ਕੀਤਾ ਗਿਆ ਸੀ।

ਜਦ ਇਨ੍ਹਾਂ ਅੰਕੜਿਆਂ ਕਾਰਨ ਗ਼ਰੀਬੀ ਰੇਖਾ ਦੀ ਹੱਦ ਨੂੰ ਲੈ ਕੇ ਵਿਵਾਦ ਛਿੜਿਆ ਤਾਂ ਉਕਤ ਅੰਕੜੇ ਸ਼ੱਕੀ ਮੰਨ ਕੇ ਵਾਪਸ ਲੈ ਲਏ ਗਏ। ਇਸ ਤੋਂ ਬਾਅਦ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸੀ. ਰੰਗਾਰਾਜਨ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ। ਉਸ ਕਮੇਟੀ ਨੇ ਦੁਬਾਰਾ ਅੰਕੜੇ ਇਕੱਠੇ ਕਰ ਕੇ ਗ਼ਰੀਬੀ ਰੇਖਾ ਦੀ ਨਵੀਂ ਪਰਿਭਾਸ਼ਾ ਨਿਰਧਾਰਤ ਕੀਤੀ ਸੀ। ਇਸੇ ਲਈ 2017-18 ਦੇ ਅੰਕੜਿਆਂ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਨੂੰ ਸਰਕਾਰ ਨਸ਼ਰ ਨਹੀਂ ਕਰ ਰਹੀ।

-ਡਾ. ਅਰਵਿੰਦ ਚਤੁਰਵੇਦੀ।

Posted By: Jagjit Singh