ਇਹ ਰਿਜ਼ਰਵੇਸ਼ਨ ਇਸ ਐਕਟ ਦੇ ਲਾਗੂ ਹੋਣ ਦੇ ਸਮੇਂ 1996 ਤੋਂ ਬਣਦੀ ਹੈ। ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਦਿਵਿਆਂਗ ਵਿਅਕਤੀ ਮਿਹਨਤ ’ਚ ਕੋਈ ਕਮੀ ਨਹੀਂ ਰਹਿਣ ਦਿੰਦੇ ਅਤੇ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ। ਸਮੇਂ-ਸਮੇਂ ’ਤੇ ਸਰਕਾਰਾਂ ਦੁਆਰਾ ਬਹੁਤ ਕੰਮ ਕੀਤਾ ਗਿਆ ਹੈ।

ਅੰਤਰਰਾਸ਼ਟਰੀ ਦਿਵਿਆਂਗ ਦਿਵਸ ਯਾਨੀ ਦੁਨੀਆ ਦੇ ਸਾਰੇ ਦਿਵਿਆਂਗ ਵਿਅਕਤੀਆਂ ਦਾ ਦਿਨ ਹਰ ਸਾਲ ਤਿੰਨ ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣਾ ਇਸ ਹਕੀਕਤ ਨੂੰ ਸਵੀਕਾਰ ਕਰਨਾ ਹੈ ਕਿ ਦਿਵਿਆਂਗ ਇਸ ਸਮਾਜ ਦਾ ਅਨਿੱਖੜਵਾਂ ਅੰਗ ਹਨ। ਅੱਜ ਦੇ ਸਮੇਂ ਹਰ ਸਰਕਾਰੀ ਦਫ਼ਤਰ, ਹਰ ਫੈਕਟਰੀ, ਹਰ ਪੇਸ਼ੇ ਵਿਚ ਦਿਵਿਆਂਗ ਆਮ ਵਿਅਕਤੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਦਿਖਾਈ ਦਿੰਦੇ ਹਨ।
ਯੂਐੱਨਓ ਦੀ ਇਕ ਰਿਪੋਰਟ ਅਨੁਸਾਰ ਕੁੱਲ ਦੁਨੀਆ ਦੀ ਆਬਾਦੀ ਦਾ 16% ਤੋਂ ਜ਼ਿਅਦਾ ਹਿੱਸਾ ਦਿਵਿਆਂਗ ਹਨ। ਅੰਤਰਰਾਸ਼ਟਰੀ ਦਿਵਿਆਂਗ ਦਿਵਸ ਨੂੰ ਸੰਸਾਰ ਭਰ ਦੀਆਂ ਸਰਕਾਰਾਂ, ਐੱਨਜੀਓਜ਼ ਤੇ ਹੋਰ ਸਮਾਜਿਕ ਸੰਸਥਾਵਾਂ ਆਪੋ-ਆਪਣੇ ਢੰਗ ਨਾਲ ਮਨਾਉਂਦੀਆਂ ਹਨ। ਸਭ ਦਾ ਮਕਸਦ ਇਕ ਹੀ ਹੁੰਦਾ ਹੈ ਕਿ ਦਿਵਿਆਂਗ ਵਰਗ ਨੂੰ ਹੌਸਲਾ ਦੇਣਾ ਤੇ ਉਤਸ਼ਾਹਤ ਕਰਨਾ।
ਇਸ ਲਈ ਜੋ ਵਿਅਕਤੀ ਦਿਵਿਆਂਗ ਹਨ ਅਤੇ ਆਪਣੇ ਹੌਸਲੇ ਤੇ ਜੋਸ਼ ਨਾਲ ਦੁਨੀਆ ’ਚ ਨਿਵੇਕਲੀ ਪਛਾਣ ਬਣਾ ਰਹੇ ਹਨ, ਉਨ੍ਹਾਂ ਨੂੰ ਸਨਮਾਨ ਦੇ ਕੇ ਬਾਕੀ ਦਿਵਿਆਂਗ ਵਰਗ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਜਿੱਥੇ ਇਕ ਤੰਦਰੁਸਤ ਵਿਅਕਤੀ ਲਈ ਸਮੇਂ ਦੇ ਨਾਲ ਚੱਲਣਾ ਬਹੁਤ ਔਖਾ ਹੈ, ਓਥੇ ਹੀ ਦਿਵਿਆਂਗ ਵਿਅਕਤੀਆਂ ਦੁਆਰਾ ਅਜੋਕੇ ਸਮੇਂ ਨਾਲ ਤੁਰਨਾ ਸੱਚੁਮੱਚ ਕਾਬਿਲੇਤਾਰੀਫ਼ ਹੈ।
ਸਲਾਮ ਹੈ ਦੁਨੀਆ ਦੇ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਜਿਹੜੇ ਮੁਸ਼ਕਲਾਂ ਹੋਣ ਦੇ ਬਾਵਜੂਦ ਜੀਵਨ ਵਿਚ ਹੌਸਲਾ ਬਣਾ ਕੇ ਦੁਨੀਆ ਨਾਲ ਮੋਢਾ ਜੋੜ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਦੇ ਨਾਲ ਇਹ ਵੀ ਇਕ ਸੱਚਾਈ ਹੈ ਕਿ ਜ਼ਿਆਦਾਤਰ ਦਿਵਿਆਂਗ ਆਪਣੀ ਜ਼ਿੰਦਗੀ ਵਿਚ ਸੰਘਰਸ਼ ਕਰ ਰਹੇ ਹਨ। ਸਾਡੇ ਦੇਸ਼ ’ਚ ਦਿਵਿਆਂਗਾਂ ਨੂੰ ਸਮਾਜ ਵਿਚ ਸੁਰੱਖਿਆ ਦੇਣ ਅਤੇ ਬਰਾਬਰ ਦੇ ਮੌਕੇ ਦੇਣ ਦੇ ਮਕਸਦ ਨਾਲ ਪਰਸਨਜ਼ ਵਿਦ ਡਿਸਏਬਿਲਟੀ ਐਕਟ 1995 ਬਣਾਇਆ ਗਿਆ ਜੋ ਸਾਰੇ ਦੇਸ਼ ਵਿਚ ਪਹਿਲੀ ਜਨਵਰੀ 1996 ਤੋਂ ਲਾਗੂ ਕੀਤਾ ਗਿਆ। ਸਰਕਾਰਾਂ ਦੁਆਰਾ ਸਮਾਨਤਾ ਦਾ ਅਧਿਕਾਰ ਦੇਣ ਲਈ ਪਹਿਲਾਂ 3% ਅਤੇ ਸਾਲ 2017 ਤੋਂ ਦਿਵਿਆਂਗ ਵਰਗ ਨੂੰ ਸਰਕਾਰੀ ਨੌਕਰੀਆਂ ਤੇ ਤਰੱਕੀਆਂ ਵਿਚ 4% ਦੀ ਰਿਜ਼ਰਵੇਸ਼ਨ ਦਿੱਤੀ ਗਈ ਹੈ। ਹੁਣ ਦੇ ਸਮੇਂ 21 ਦਿਵਿਆਂਗ ਕੈਟਾਗਰੀਆਂ ਹੋਣ ਕਾਰਨ ਇਹ 4% ਰਿਜ਼ਰਵੇਸ਼ਨ ਬਹੁਤ ਹੀ ਘੱਟ ਹੈ। ਇਸ ਨੂੰ ਵੀ ਅਜੇ ਤੱਕ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਹੈ।
ਇਹ ਰਿਜ਼ਰਵੇਸ਼ਨ ਇਸ ਐਕਟ ਦੇ ਲਾਗੂ ਹੋਣ ਦੇ ਸਮੇਂ 1996 ਤੋਂ ਬਣਦੀ ਹੈ। ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਦਿਵਿਆਂਗ ਵਿਅਕਤੀ ਮਿਹਨਤ ’ਚ ਕੋਈ ਕਮੀ ਨਹੀਂ ਰਹਿਣ ਦਿੰਦੇ ਅਤੇ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ। ਸਮੇਂ-ਸਮੇਂ ’ਤੇ ਸਰਕਾਰਾਂ ਦੁਆਰਾ ਬਹੁਤ ਕੰਮ ਕੀਤਾ ਗਿਆ ਹੈ। ਹੁਣ ਸਰਕਾਰਾਂ ਦੁਆਰਾ ਦਿਵਿਆਂਗ ਵਰਗ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਸਾਰੀਆਂ ਸਹੂਲਤਾਂ ਦਿਵਿਆਂਗ ਵਰਗ ਤੱਕ ਪੂਰੀ ਤਰ੍ਹਾਂ ਨਹੀ ਪਹੁੰਚ ਰਹੀਆਂ ਕਿਉਂਕਿ ਅਜੇ ਵੀ ਦਿਵਿਆਂਗ ਵਰਗ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋ ਰਿਹਾ ਹੈ।
ਜਦਕਿ ਜ਼ਰੂਰਤ ਹੈ ਦਿਵਿਆਂਗ ਵਿਅਕਤੀਆਂ ਨੂੰ ਆਤਮ-ਨਿਰਭਰ ਬਣਾਉਣ ਦੀ, ਉਨ੍ਹਾਂ ਨੂੰ ਕੋਈ ਕੰਮ ਕਰਵਾਉਣ ਦੀ। ਇਸ ਕੰਮ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਉਨ੍ਹਾਂ ਦਿਵਿਆਂਗ ਵਿਅਕਤੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਬੜੀ ਮਿਹਨਤ ਨਾਲ ਕੰਮਕਾਜ ਕਰਦੇ ਹਨ ਅਤੇ ਸਮਾਜ ਵਿਚ ਵਧੀਆ ਰੁਤਬਾ ਬਣਾ ਕੇ ਚੱਲਦੇ ਹਨ। ਉਨ੍ਹਾਂ ਬਾਰੇ ਪ੍ਰਚਾਰ ਰਾਹੀਂ ਜਾਣਕਾਰੀ ਦੇ ਕੇ ਦਿਵਿਆਂਗ ਵਿਅਕਤੀਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਬਾਕੀ ਦਿਵਿਆਂਗ ਸਾਥੀ ਵੀ ਉਨ੍ਹਾਂ ਦੀ ਤਰ੍ਹਾਂ ਸਮਾਜ ਵਿਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਿਚ ਕਾਮਯਾਬ ਹੋਣ।
ਸਮਾਜ ਤੋਂ ਦਿਵਿਆਂਗ ਵਰਗ ਇਹ ਆਸ ਕਰਦਾ ਹੈ ਕਿ ਉਸ ਨੂੰ ਤਰਸ ਦੀਆਂ ਨਜ਼ਰਾਂ ਨਾਲ ਨਾ ਦੇਖਿਆ ਜਾਵੇ। ਇਹ ਨਾ ਕਹੋ ਕਿ ਤੁਸੀਂ ਦਿਵਿਆਂਗ ਹੋ, ਇਹ ਕੰਮ ਤੁਸੀਂ ਨਹੀਂ ਕਰ ਸਕਦੇ, ਉਨ੍ਹਾਂ ਨੂੰ ਬਰਾਬਰੀ ਦਾ ਮੌਕਾ ਦਿਉ। ਆਖ਼ਰ ਵਿਚ ਇਹੋ ਕਹਿ ਸਕਦਾ ਹਾਂ ਕਿ ਦਿਵਿਆਂਗ ਉਹ ਨਹੀਂ ਜਿਨ੍ਹਾਂ ਵਿਚ ਕੋਈ ਕਮਜ਼ੋਰੀ ਹੈ ਸਗੋ ਅਸਲੀ ਦਿਵਿਆਂਗ ਉਹ ਹਨ ਜਿਨ੍ਹਾਂ ਵਿਚ ਹੌਸਲਾ ਨਹੀਂ ਹੈ, ਜਿਨ੍ਹਾਂ ਦੀ ਸੋਚ ਗ਼ਲਤ ਹੈ।
-ਇੰਦਰਜੀਤ ਸਿੰਗਲਾ, ਖੰਨਾ।
-ਮੋਬਾਈਲ : 98158-03977