-ਹਿਰਦੇ ਨਾਰਾਇਣ ਦੀਕਸ਼ਤ

ਸਿਹਤਮੰਦ ਜੀਵਨ ਅਤੇ ਲੰਬੀ ਉਮਰ ਹਰ ਕਿਸੇ ਦੀ ਸਰਬਉੱਚ ਤਮੰਨਾ ਹੈ। ਰੋਗ ਰਹਿਤ ਜੀਵਨ ਅਤੇ ਸਿਹਤਮੰਦ ਜੀਵਨ ਵਿਚ ਅੰਤਰ ਹੈ। ਰੋਗੀ ਸਰੀਰ ਵਿਚ ਅੰਤਰ-ਤਰੰਗ ਨਹੀਂ ਹੁੰਦੀ। ਆਯੁਰਵੇਦ ਜ਼ਾਬਤਾ ਆਧਾਰਿਤ ਮੈਡੀਕਲ ਸਾਇੰਸ ਹੈ ਅਤੇ ਐਲੋਪੈਥੀ ਇਲਾਜ ਆਧਾਰਿਤ ਇਲਾਜ ਵਿਗਿਆਨ। ਸਿਹਤਮੰਦ ਜੀਵਨ ਲਈ ਦੋਵੇਂ ਲਾਹੇਵੰਦ ਹਨ ਪਰ ਇੱਥੇ ਦੋਵਾਂ ਦੇ ਸਮਰਥਕ ਵਿਦਵਾਨਾਂ ਦਾ ਆਪਸੀ ਭੇੜ ਜਾਰੀ ਹੈ।

ਸਰੀਰ ਰਹੱਸਪੂਰਨ ਸੰਰਚਨਾ ਹੈ। ਇਸ ਦੀ ਅੰਦਰੂਨੀ ਗਤੀਵਿਧੀ ਦਾ ਵੱਡਾ ਹਿੱਸਾ ਜਾਣ ਲਿਆ ਗਿਆ ਹੈ। ਇਲਾਜ ਵਿਗਿਆਨੀਆਂ ਨੂੰ ਇਸ ਦਾ ਸਿਹਰਾ ਜਾਂਦਾ ਹੈ। ਆਯੁਰਵੈਦ ਦਾ ਜਨਮ ਲਗਪਗ 4000 ਸਾਲ ਈਸਵੀ ਪੂਰਵ ਵਿਚ ਰਿੱਗਵੇਦ ਦੇ ਰਚਨਾਕਾਲ ਵਿਚ ਹੋਇਆ ਅਤੇ ਵਿਕਾਸ ਅਥਰਵਵੇਦ (3000-2000 ਈਸਾ ਪੂਰਵ) ਵਿਚ। ਮੈਕਡਨਲ ਅਤੇ ਕੀਥ ਨੇ ‘ਵੈਦਿਕ ਇੰਡੈਕਸ’ ਵਿਚ ਲਿਖਿਆ ਹੈ, ‘ਭਾਰਤੀਆਂ ਦੀ ਰੁਚੀ ਸਰੀਰ ਰਚਨਾ ਸਬੰਧੀ ਪ੍ਰਸ਼ਨਾਂ ਵੱਲ ਬਹੁਤ ਪਹਿਲਾਂ ਤੋਂ ਸੀ।

ਅਥਰਵਵੇਦ ਵਿਚ ਅਨੇਕ ਅੰਗਾਂ ਦੇ ਵੇਰਵੇ ਹਨ ਅਤੇ ਇਹ ਗੁਣਨਾ ਸੁਚੱਜੇ ਤਰੀਕੇ ਨਾਲ ਕੀਤੀ ਗਈ ਹੈ।’ ਇਨ੍ਹਾਂ ਲੇਖਕਾਂ ਨੇ ਆਯੁਰਵੇਦ ਦੇ ਅਚਾਰੀਆ ਚਰਕ ਅਤੇ ਸੁਸ਼ਰੁਤ ਦਾ ਜ਼ਿਕਰ ਕੀਤਾ ਹੈ। ਯੂਰਪ ਵਿਚ ਐਲੋਪੈਥੀ ਦਾ ਵਿਕਾਸ 16ਵੀਂ-17ਵੀਂ ਸਦੀ ਦੇ ਨੇੜੇ-ਤੇੜੇ ਹੋਇਆ। ਐੱਚਐੱਸ ਮੇਨ ਨੇ ਲਿਖਿਆ ਹੈ, ‘ਭਾਰਤੀਆਂ ਨੇ ਇਲਾਜ ਸ਼ਾਸਤਰ ਦਾ ਵਿਕਾਸ ਸੁਤੰਤਰ ਰੂਪ ਨਾਲ ਕੀਤਾ। ਪਾਣਿਨੀ ਦੇ ਵਿਆਕਰਨ ਵਿਚ ਵਿਸ਼ੇਸ਼ ਰੋਗਾਂ ਦੇ ਨਾਂ ਹਨ। ਅਰਬ ਇਲਾਜ ਪ੍ਰਣਾਲੀ ਦੀ ਨੀਂਹ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦਾਂ ’ਤੇ ਰੱਖੀ ਗਈ। ਯੂਰਪੀ ਇਲਾਜ ਸ਼ਾਸਤਰ ਦਾ ਆਧਾਰ 17ਵੀਂ ਸਦੀ ਤਕ ਅਰਬ ਇਲਾਜ ਸ਼ਾਸਤਰ ਹੀ ਸੀ। ਐਲੋਪੈਥੀ ਸੁਚੱਜੀ ਆਧੁਨਿਕ ਇਲਾਜ ਪ੍ਰਣਾਲੀ ਹੈ। ਇਸ ਇਲਾਜ ਪ੍ਰਣਾਲੀ ਦਾ ਨਾਮ ਹੋਮਿਓਪੈਥੀ ਦੇ ਜਨਮਦਾਤਾ ਜਰਮਨ ਡਾਕਟਰ ਸੈਮੂਅਲ ਹੈਨੀਮੈਨ ਨੇ ਐਲੋਪੈਥੀ ਰੱਖਿਆ ਸੀ। ਇਸ ਦਾ ਅਰਥ ਅਲੱਗ ਜਾਂ ਵੱਖਰਾ ਮਾਰਗ ਹੈ। ਇਸ ਨੂੰ ਪੱਛਮੀ ਇਲਾਜ ਵਿਗਿਆਨ/ਆਧੁਨਿਕ ਇਲਾਜ ਵਿਗਿਆਨ ਵੀ ਕਹਿੰਦੇ ਹਨ। ਇਸ ਦਾ ਇਲਾਜ ਤੰਤਰ ਵੱਡਾ ਹੈ ਅਤੇ ਖੋਜ ਦਾ ਦਾਇਰਾ ਵੀ।

ਇਸ ਨੇ ਜਾਨਲੇਵਾ ਬਿਮਾਰੀਆਂ ਤੋਂ ਕਰੋੜਾਂ ਲੋਕਾਂ ਨੂੰ ਬਚਾ ਕੇ ਉਨ੍ਹਾਂ ਨੂੰ ਨਵਾਂ ਜਨਮ ਦਿੱਤਾ ਹੈ। ਸਰਜਰੀ, ਰੇਡੀਏਸ਼ਨ, ਸੀਟੀ ਸਕੈਨ, ਐੱਮਆਰਆਈ ਸਹਿਤ ਤਮਾਮ ਹਿੱਸੇ ਹੈਰਾਨਕੁੰਨ ਹਨ। ਕੋਵਿਡ ਮਹਾਮਾਰੀ ਦੌਰਾਨ ਲੱਖਾਂ ਮਰੀਜ਼ਾਂ ਦੀ ਜਾਂਚ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਨਵੇਂ ਵਾਇਰਸ ਦੀ ਜਾਂਚ ਅਤੇ ਇਲਾਜ ਭਰੋਸੇਯੋਗ ਨਹੀਂ ਹੈ। ਥੋੜ੍ਹੇ ਸਮੇਂ ਵਿਚ ਕੋਰੋਨਾ ਤੋਂ ਬਚਾਅ ਦਾ ਟੀਕਾ ਵੀ ਘੱਟ ਹੈਰਾਨਕੁੰਨ ਨਹੀਂ ਹੈ। ਜੀਵਨ ਦੀ ਪਰਵਾਹ ਤਿਆਗਦੇ ਹੋਏ ਇਲਾਜ ਕਰਨ ਵਾਲੇ ਵਿਗਿਆਨੀ, ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਸ਼ਲਾਘਾਯੋਗ ਹੈ।

ਆਯੁਰਵੇਦ ਉਮਰ ਦਾ ਵਿਗਿਆਨ ਹੈ। ਇਹ ਇਲਾਜ ਵਿਗਿਆਨ ਹੋਣ ਦੇ ਨਾਲ-ਨਾਲ ਸਿਹਤਮੰਦ ਰਹਿਣ ਦੀ ਜੀਵਨ-ਸ਼ੈਲੀ ਵੀ ਹੈ। ਚਰਕ ਸੰਹਿਤਾ ਦੀ ਸ਼ੁਰੂਆਤ ਜੀਵਨ ਸੂਤਰਾਂ ਤੋਂ ਹੁੰਦੀ ਹੈ। ਕਹਿੰਦੇ ਹਨ, ‘ਇੱਥੇ ਦੱਸੇ ਗਏ ਸਵਸਥ ਵਰਤ ਦਾ ਪਾਲਣ ਕਰਨ ਵਾਲੇ ਸੌ ਸਾਲ ਦੀ ਸਿਹਤਮੰਦ ਉਮਰ ਪਾਉਂਦੇ ਹਨ। ਅਰੋਗ ਸੁੱਖ ਹੈ ਅਤੇ ਰੋਗ ਦੁੱਖ। ਦੁੱਖ ਦਾ ਕਾਰਨ ਰੋਗ ਹੈ।’ ਫਿਰ ਰੋਗਾਂ ਦਾ ਕਾਰਨ ਦੱਸਦੇ ਹਨ, ‘ਇੰਦਰੀ ਵਿਸ਼ਿਆਂ ਦੀ ਕੁਵਰਤੋਂ ਹੀ ਰੋਗਾਂ ਦਾ ਕਾਰਨ ਹੈ।’ ਰੋਗਾਂ ਤੋਂ ਬਚਣ ਲਈ ਜੀਵਨ-ਸ਼ੈਲੀ ਕੁਦਰਤੀ

ਹੋਣੀ ਚਾਹੀਦੀ ਹੈ।

ਮਹਾਮਾਰੀ ਦੇ ਦੀਰਘਕਾਲ ਵਿਚ ਰੋਗ ਰੋਕੂ ਸ਼ਕਤੀ ਦੀ ਚਰਚਾ ਪੂਰੇ ਦੇਸ਼ ਵਿਚ ਸੀ। ਆਧੁਨਿਕ ਇਲਾਜ ਵਿਗਿਆਨ ਵਿਚ ਇਸ ਦੀ ਪ੍ਰਭਾਵੀ ਦਵਾਈ ਨਹੀਂ ਹੈ। ਆਯੁਰਵੇਦ ਵਿਚ ਗਿਲੋਯ ਸਹਿਤ ਅਨੇਕ ਔਸ਼ਧੀਆਂ ਹਨ। ਮਹਾਮਾਰੀ ਦੇ ਅਰਸੇ ਵਿਚ ਅਜਿਹੀਆਂ ਹੀ ਔਸ਼ਧੀਆਂ ਦੀ ਲੱਖਾਂ ਟਨ ਖਪਤ ਵਧੀ। ਅਸ਼ਵਗੰਧਾ, ਜਟਾਮਾਂਸੀ, ਗੁੱਗਲ ਵਰਗੀਆਂ ਔਸ਼ਧੀਆਂ ਦੀ ਵਰਤੋਂ ਵੀ ਵਧੀ ਹੈ। ਚਰਕ ਸੰਹਿਤਾ ਵਿਚ ਸੈਂਕੜੇ ਰੋਗਾਂ ਦੇ ਇਲਾਜ ਹਨ। ਤਣਾਅ ਦੀ ਵੀ ਦਵਾਈ ਹੈ, ਬੇਸ਼ੱਕ ਸਰਜਰੀ ਨਹੀਂ ਹੈ। ਬੁਖਾਰ ਦੇ ਤਾਪ ’ਤੇ ਵੀ ਵੈਦਿਕ ਰਿਸ਼ੀ ਚੌਕਸ ਸਨ। ਕਹਿੰਦੇ ਹਨ, ‘ਕੁਝ ਬੁਖਾਰ ਇਕ ਦਿਨ ਛੱਡ ਕੇ, ਕੁਝ ਦੋ ਦਿਨ ਬਾਅਦ ਚੜ੍ਹਦੇ ਹਨ। ਬੁਖਾਰ ਆਪਣੇ ਨਾਲ ਪਰਿਵਾਰ ਵੀ ਲਿਆਉਂਦਾ ਹੈ। ਇਹ ਆਪਣੇ ਭਰਾ ਕਫ ਦੇ ਨਾਲ ਆਉਂਦਾ ਹੈ। ਖਾਂਸੀ ਇਸ ਦੀ ਭੈਣ ਹੈ। ਰਾਜਯਕਸ਼ਮਾ ਭਤੀਜਾ ਹੈ। ਇਨ੍ਹਾਂ ਦੀਆਂ ਔਸ਼ਧੀਆਂ ਹਨ।’

ਕੋਰੋਨਾ ਦੇ ਸਮੇਂ ਰੋਗੀ ਨੂੰ ਸਮਾਜ ਤੋਂ ਅਲੱਗ ਰੱਖਣ ਦੀ ਜ਼ਰੂਰਤ ਹੋਈ। ਅਥਰਵਵੇਦ (2.9) ਵਿਚ ਕਹਿੰਦੇ ਹਨ, ‘ਰੋਗ ਦੇ ਕਾਰਨ ਸਮਾਜ ਤੋਂ ਅਲੱਗ ਰਹਿ ਰਹੇ ਵਿਅਕਤੀ ਮੁੜ ਜਨ ਸੰਪਰਕ ਵਿਚ ਜਾਣ।’ ਆਧੁਨਿਕ ਇਲਾਜ ਵਿਗਿਆਨ ਵਿਚ ਅਨੇਕ ਬਿਮਾਰੀਆਂ ਤੋਂ ਬਚਣ ਦੀਆਂ ਦਵਾਈਆਂ ਨਹੀਂ ਹਨ। ਵੈਕਸੀਨ ਇਸ ਦਾ ਅਪਵਾਦ ਹੈ।

ਆਯੁਰਵੇਦ ਵਿਚ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾਉਣ ਦੀਆਂ ਦਵਾਈਆਂ ਹਨ। ਇਹ ਸਮਰੱਥਾ ਵਧਾ ਕੇ ਰੋਗਾਂ ਦਾ ਪ੍ਰਕੋਪ ਰੋਕਿਆ ਜਾ ਸਕਦਾ ਹੈ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਐਲੋਪੈਥੀ ਵਿਚ ਆਮ ਰੋਗਾਂ ਨੂੰ ਦਬਾਉਣ ਦੀ ਦਵਾਈ ਦਿੱਤੀ ਜਾਂਦੀ ਹੈ। ਏਸੀਟਾਈਲ ਸੈਲਿਸਿਲਿਕ ਐਸਿਡ ਖ਼ੂਨ ਨੂੰ ਤਰਲ ਬਣਾਉਣ ਦੀ ਦਵਾਈ ਦੱਸੀ ਜਾਂਦੀ ਹੈ। ਡਾਕਟਰ ਇਸ ਨੂੰ ਹਾਰਟ ਅਟੈਕ ਤੋਂ ਬਚਾਉਣ ਦੀ ਦਵਾਈ ਦੱਸਦੇ ਹਨ। ਆਯੁਰਵੇਦ ਵਿਚ ਖ਼ੂਨ ਦੀ ਤਰਲਤਾ ਦੀਆਂ ਦਵਾਈਆਂ ਹਨ। ਆਧੁਨਿਕ ਇਲਾਜ ਵਿਚ ਸਾਈਡ ਇਫੈਕਟਸ ਵੱਡੀ ਸਮੱਸਿਆ ਹੈ। ਤਮਾਮ ਐਲੋਪੈਥਿਕ ਦਵਾਈਆਂ ਰੋਗ ਦੇ ਨਾਲ ਰੋਗੀ ਨੂੰ ਵੀ ਨਪੀੜਦੀਆਂ ਹਨ। ਰੋਗੀ ਨੂੰ ਤਤਕਾਲ ਰਾਹਤ ਲਈ ਅਜਿਹੀਆਂ ਦਵਾਈਆਂ ਉਪਯੋਗਿਤਾ ਹੈ। ਸਟਰਾਈਡ ਖ਼ਤਰਨਾਕ ਦਵਾਈ ਹੈ।

ਕਹਿ ਸਕਦੇ ਹਾਂ ਕਿ ਇਸ ਦਾ ਪ੍ਰਭਾਵੀ ਬਦਲ ਨਹੀਂ ਹੈ। ਔਸ਼ਧੀ ਵਿਗਿਆਨ ਦੇ ਖੇਤਰ ਵਿਚ ਬਦਲਹੀਣਤਾ ਵਾਜਿਬ ਨਹੀਂ। ਅਜਿਹੇ ਮਾਮਲਿਆਂ ਵਿਚ ਖੋਜ ਦੀ ਜ਼ਰੂਰਤ ਹੈ। ਆਧੁਨਿਕ ਇਲਾਜ ਵਿਗਿਆਨ ਵਿਚ ਨਿਰੰਤਰ ਖੋਜ ਕਾਰਜ ਚੱਲਦੇ ਹਨ। ਵਿਸ਼ਵ ਸਿਹਤ ਸੰਗਠਨ ਨੂੰ ਇਸ ਬਾਰੇ ਸੂਚਨਾ ਮਿਲਦੀ ਰਹਿੰਦੀ ਹੈ।

ਪਹਿਲਾਂ ਖੋਜ ਅਤੇ ਫਿਰ ਕਿਸੇ ਜੀਵਾਂ ’ਤੇ ਇਸ ਦੇ ਅਸਰ ਦਾ ਮੁਲਾਂਕਣ ਕੀਤਾ ਜਾਂਦਾ ਹੈ। ਫਿਰ ਮਨੁੱਖਾਂ ’ਤੇ ਦਵਾਈ ਦੇ ਅਸਰ ਦਾ ਮੁਲਾਂਕਣ ਕੀਤਾ ਜਾਂਦਾ ਹੈ। ਲਗਾਤਾਰ ਖੋਜ ਕਾਰਨ ਇਲਾਜ ਵਿਗਿਆਨ ਖ਼ੁਸ਼ਹਾਲ ਹੁੰਦਾ ਹੈ। ਗਿਆਨ-ਵਿਗਿਆਨ ਖੇਤਰੀ ਨਹੀਂ ਹੁੰਦੇ। ਉਹ ਖੋਜ ਸਿੱਧੀ ਤੋਂ ਬਾਅਦ ਜਨਤਕ ਸੰਪਦਾ ਬਣ ਜਾਂਦੇ ਹਨ। ਆਯੁਰਵੇਦ ਉਮਰ ਦਾ ਵੇਦ ਵਿਗਿਆਨ ਹੈ। ਇਸ ਵਿਚ ਭੋਜਨ, ਪਾਚਣ ਸ਼ਕਤੀ, ਸਾਹ, ਚਿੰਤਨ, ਤਣਾਅ, ਯਾਦਦਾਸ਼ਤ ਅਤੇ ਨੀਂਦ ਵੀ ਸਿਹਤਮੰਦ ਰਹਿਣ ਦੇ ਵਿਸ਼ੇ ਹਨ। ਆਯੁਰਵੇਦ ਵਿਚ ਕੋਈ ਮੁਕਾਬਲੇਬਾਜ਼ੀ ਨਹੀਂ ਹੈ। ਦੋਵਾਂ ਦਾ ਮਕਸਦ ਮਨੁੱਖਤਾ ਦੀ ਸਿਹਤ ਹੈ। ਦੋਵਾਂ ਨੂੰ ਪਰਸਪਰ ਗਿਆਨ ਦਾ ਅਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਜਾਂ ਉਸ ਇਲਾਜ ਪ੍ਰਣਾਲੀ ਦੀਆਂ ਖਾਮੀਆਂ ਕੱਢਣ ਦਾ ਕੋਈ ਫ਼ਾਇਦਾ ਨਹੀਂ ਹੈ। ਦੋਵਾਂ ਇਲਾਜ ਪ੍ਰਣਾਲੀਆਂ ਦਾ ਮਕਸਦ ਇਕ ਹੈ। ਦੋਵਾਂ ਦੀਆਂ ਆਪੋ-ਆਪਣੀਆਂ ਖ਼ਾਸੀਅਤਾਂ ਹਨ। ਦੋਵਾਂ ਦਾ ਵਿਕਾਸ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਹੋਇਆ ਹੈ। ਦੋਵੇਂ ਵਿਗਿਆਨ ਹਨ।

ਦੋਵਾਂ ਦੀ ਹੱਦ ਵੀ ਹੈ। ਡਾਇਬਟੀਜ਼ ਤੋਂ ਵਿਸ਼ਵ ਦਾ ਵੱਡਾ ਹਿੱਸਾ ਪੀੜਤ ਹੈ। ਇਸ ਰੋਗ ਨੂੰ ਸਮਾਪਤ ਕਰਨ ਦੀ ਦਵਾਈ ਨਹੀਂ ਹੈ। ਦੋਵਾਂ ਪ੍ਰਣਾਲੀਆਂ ਨੂੰ ਮਿਲਾਉਣ ਦੀ ਜ਼ਰੂਰਤ ਹੈ। ਕੁਝ ਬਿਮਾਰੀਆਂ ਦਾ ਇਲਾਜ ਪਹਿਲਾਂ ਆਯੁਰਵੇਦ ਨੂੰ ਸੌਂਪਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕੁਝ ਰੋਗਾਂ ਦਾ ਮੁੱਢਲਾ ਇਲਾਜ ਆਧੁਨਿਕ ਇਲਾਜ ਵਿਗਿਆਨੀ ਕਰਨ। ਬਾਅਦ ਦਾ ਇਲਾਜ ਆਯੁਰ-ਵਿਗਿਆਨੀ ਕਰਨ। ਦੋਵਾਂ ਦੇ ਮਾਹਿਰਾਂ ਵਿਚ ਨਿਰੰਤਰ ਸੰਵਾਦ ਚੱਲਦੇ ਰਹਿਣ ਦੀ ਵਿਵਸਥਾ ਕਰਨੀ ਚਾਹੀਦੀ ਹੈ।

ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੰਗਮ ਰਾਸ਼ਟਰ ਜੀਵਨ ਦੇ ਸਾਰੇ ਖੇਤਰਾਂ ਵਿਚ ਫ਼ਲਦਾਇਕ ਹੁੰਦਾ ਹੈ। ਇਲਾਜ ਅਤੇ ਰੋਗਾਂ ਦੇ ਇਲਾਜ ਦੇ ਖੇਤਰ ਵਿਚ ਦੋਵਾਂ ਦੇ ਮਾਹਿਰ ਮਿਲ ਕੇ ਖੋਜ ਕਰਨ। ਇਕ-ਦੂਜੇ ’ਤੇ ਦੋਸ਼ ਮੜ੍ਹੀ ਜਾਣ ਦੀ ਕੋਈ ਤੁਕ ਨਹੀਂ ਹੈ। ਇਸ ਹਕੀਕਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਐਲੋਪੈਥੀ ਦੇ ਆਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਮਨੁੱਖ ਜੰਗਲਾਂ ’ਚ ਰਿਹਾ ਕਰਦਾ ਸੀ। ਆਪਣੇ ਇਲਾਜ ਲਈ ਉਸ ਨੇ ਜੜ੍ਹੀ-ਬੂਟੀਆਂ ਦੀ ਖੋਜ ਸ਼ੁਰੂ ਕੀਤੀ।

ਇਹ ਉਹ ਸਮਾਂ ਸੀ ਜਦੋਂ ਮਨੁੱਖ ਨੇ ਸਰੀਰ ਦੀ ਕੱਟ-ਵੱਢ ਕਰ ਕੇ ਇਲਾਜ ਕਰਨ ਦਾ ਤਸੱਵਰ ਵੀ ਨਹੀਂ ਸੀ ਕੀਤਾ। ਹਜ਼ਾਰਾਂ ਸਾਲਾਂ ਦੀ ਖੋਜ ਦਾ ਹਾਸਲ ਹੀ ਹੈ ਆਯੁਰਵੇਦ। ਤੁਰੰਤ ਇਲਾਜ ਲਈ ਐਲੋਪੈਥੀ ਸੰਜੀਵਨੀ ਦਾ ਕੰਮ ਕਰਦੀ ਹੈ। ਦੋਹਾਂ ਪੈਥੀਆਂ ਨੇ ਮਨੁੱਖਤਾ ਦੀ ਬੇਹੱਦ ਸੇਵਾ ਕੀਤੀ ਹੈ। ਇਸ ਲਈ ਦੋਵਾਂ ’ਚੋਂ ਕਿਹੜੀ ਜ਼ਿਆਦਾ ਕਾਰਗਰ ਹੈ, ਇਸ ਬਾਰੇ ਟੀਕਾ-ਟਿੱਪਣੀ ਕਰਨਾ ਵਾਜਿਬ ਨਹੀਂ ਲੱਗਦਾ। ਬਹਿਸ-ਮੁਬਾਹਸੇ ’ਚ ਸਮਾਂ ਵਿਅਰਥ ਕਰਨ ਦੀ ਬਜਾਏ ਦੋਹਾਂ ਦੇ ਚੰਗੇ ਗੁਣਾਂ ਨੂੰ ਅਪਨਾਉਣ ਵਿਚ ਹੀ ਮਨੁੱਖਤਾ ਦੀ ਭਲਾਈ ਹੈ।

-(ਲੇਖਕ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ ਹੈ)।

-response0jagran.com

Posted By: Sunil Thapa