-ਲਕਸ਼ਮੀਕਾਂਤਾ ਚਾਵਲਾ

ਕੇਂਦਰ ਅਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨਸ਼ਿਆਂ 'ਤੇ ਕਾਬੂ ਪਾਉਣ ਲਈ ਕਾਫ਼ੀ ਸੰਜੀਦਾ ਦਿਖਾਈ ਦਿੰਦੀਆਂ ਹਨ। ਬੀਤੇ ਦਿਨੀਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ, ਚੰਡੀਗੜ੍ਹ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਤੇ ਉੱਚ ਅਫ਼ਸਰਾਂ ਦੀ ਇਕ ਉੱਚ ਪੱਧਰੀ ਬੈਠਕ ਵੀ ਕੀਤੀ ਗਈ ਜਿਸ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਸਾਰੇ ਮਿਲ ਕੇ ਅਜਿਹਾ ਪ੍ਰਭਾਵੀ ਤੰਤਰ ਬਣਾਉਣਗੇ ਜਿਸ ਨਾਲ ਨਸ਼ਿਆਂ ਦੀ ਸਮੱਗਲਿੰਗ ਅਤੇ ਨਸ਼ਿਆਂ ਦਾ ਸੇਵਨ ਰੁਕੇ। ਇਹ ਪ੍ਰਸਤਾਵ ਵੀ ਗੰਭੀਰਤਾ ਨਾਲ ਸਵੀਕਾਰ ਕੀਤਾ ਗਿਆ ਕਿ ਸੱਤਾ, ਧਨ ਸੰਪੰਨ ਜੋ ਵੱਡੇ ਲੋਕ ਰਾਜਨੀਤੀ ਦੀ ਓਟ ਵਿਚ ਇਹ ਨਸ਼ਿਆਂ ਦਾ ਧੰਦਾ ਕਰਦੇ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦਬਾਅ, ਪ੍ਰਭਾਵ ਦੇ ਨੱਥ ਪਾਈ ਜਾਵੇ। ਪੰਜਾਬ ਸਰਕਾਰ ਨੇ ਜ਼ਰਾ ਜ਼ਿਆਦਾ ਸੰਜੀਦਗੀ ਦਿਖਾਉਂਦੇ ਹੋਏ ਹਰ ਕਿਸੇ ਲਈ ਸ਼ਸਤਰ, ਅਸਤਰ ਦਾ ਲਾਇਸੈਂਸ ਲੈਣ ਤੋਂ ਪਹਿਲਾਂ ਇਹ ਨਿਯਮ ਬਣਾ ਰੱਖਿਆ ਹੈ ਕਿ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਅਤੇ ਜੋ ਇਸ ਟੈਸਟ ਵਿਚ ਨਸ਼ੇੜੀ ਮਿਲਣ, ਉਨ੍ਹਾਂ ਨੂੰ ਹਥਿਆਰਾਂ ਦਾ ਲਾਇਸੈਂਸ ਨਾ ਦਿੱਤਾ ਜਾਵੇ। ਪਰ ਦੁਖਦਾਈ ਹੈਰਾਨੀ ਇਹ ਹੈ ਕਿ ਡੋਪ ਟੈਸਟ ਵਿਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜਿਸ ਸ਼ਰਾਬ ਕਾਰਨ ਸਭ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ ਅਤੇ ਪੂਰੇ ਦੇਸ਼ ਵਿਚ ਹਰ ਸਾਲ ਇਕ ਛੋਟੇ ਨਗਰ ਦੀ ਜਨਸੰਖਿਆ ਦੇ ਬਰਾਬਰ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ, ਹਜ਼ਾਰਾਂ ਜ਼ਖ਼ਮੀ ਅਤੇ ਅਪੰਗ ਹੋ ਜਾਂਦੇ ਹਨ। ਉਸ ਸ਼ਰਾਬ 'ਤੇ ਵਿਸ਼ੇਸ਼ ਕਿਰਪਾ ਪੰਜਾਬ ਸਰਕਾਰ ਨੇ ਵੀ ਦਿਖਾਈ ਅਤੇ ਪੂਰੇ ਦੇਸ਼ ਵਿਚ ਵੀ ਕਿਤੇ ਸ਼ਰਾਬ ਨੂੰ ਨਸ਼ਾ ਨਹੀਂ ਮੰਨਿਆ ਗਿਆ। ਪਿਛਲੀ ਸਰਕਾਰ ਦੇ ਸਮੇਂ ਤਾਂ ਸਿਹਤ ਮੰਤਰੀ ਨੇ ਸ਼ਰੇਆਮ ਪੱਤਰਕਾਰਾਂ ਨੂੰ ਵੀ ਕਹਿ ਦਿੱਤਾ ਸੀ ਕਿ ਸ਼ਰਾਬ ਕੋਈ ਨਸ਼ਾ ਨਹੀਂ ਹੈ ਕਿਉਂਕਿ ਸਰਕਾਰ ਬਣਾਉਂਦੀ ਅਤੇ ਵੇਚਦੀ ਹੈ। ਅਜੀਬ ਗੱਲ ਹੈ ਕਿ ਰਾਜਸਥਾਨ ਵਿਚ ਅਫੀਮ ਦੀ ਰਾਸ਼ਨਿੰਗ ਹੈ ਤਾਂ ਕੀ ਇਹ ਮੰਨ ਲਿਆ ਜਾਵੇ ਕਿ ਅੱਜ ਦੀ ਪਰਿਭਾਸ਼ਾ ਮੁਤਾਬਕ ਅਫੀਮ ਵੀ ਨਸ਼ਾ ਨਹੀਂ ਹੈ।

ਸੰਨ 2016 ਤਕ ਕੇਰਲ ਸੂਬਾ ਸਭ ਤੋਂ ਵੱਧ ਸ਼ਰਾਬ ਖ਼ਪਤ ਕਰਨ ਵਾਲਾ ਸੂਬਾ ਸੀ ਪਰ ਉਸ ਮਗਰੋਂ ਪੰਜਾਬ ਹੋ ਗਿਆ। ਸਿਰਫ਼ ਪੰਜਾਬ ਹੀ ਨਹੀਂ, ਭਾਰਤ ਵਿਚ ਵੀ ਸੰਨ 2005 ਤੋਂ 2016 ਦੌਰਾਨ ਸ਼ਰਾਬ ਦੀ ਖ਼ਪਤ ਦੁਗਣੀ ਹੋ ਗਈ। ਸੰਨ 2016 ਦੇ ਮੁਲੰਕਣ ਅਨੁਸਾਰ ਹੀ 2000 ਕਰੋੜ ਰੁਪਏ ਦੀ ਸ਼ਰਾਬ ਭਾਰਤ ਵਿਚ ਲੋਕ ਪੀ ਜਾਂਦੇ ਹਨ। ਪੰਜਾਬ ਵਿਚ ਤਾਂ ਸਭ ਤੋਂ ਜ਼ਿਆਦਾ ਸ਼ਰਾਬ ਪੀਤੀ ਅਤੇ ਪਿਲਾਈ ਜਾਂਦੀ ਹੈ। ਇਕ ਖੋਜ ਅਨੁਸਾਰ ਸ਼ਰਾਬ ਪੀਣ ਵਾਲੇ ਸੂਬਿਆਂ ਵਿਚ ਪਹਿਲਾ ਸਥਾਨ ਛੱਤੀਸਗੜ੍ਹ, ਦੂਜਾ ਤ੍ਰਿਪੁਰਾ ਅਤੇ ਤੀਜਾ ਪੰਜਾਬ ਦਾ ਹੈ ਪਰ ਹੁਣ ਅਜਿਹਾ ਲੱਗਦਾ ਹੈ ਕਿ ਪੰਜਾਬ ਹੀ ਸਭ ਤੋਂ ਅੱਗੇ ਹੋਵੇਗਾ। ਦੁਖਦਾਈ ਸੱਚ ਇਹ ਹੈ ਕਿ ਪੰਜਾਬ ਵਿਚ ਸ਼ਰਾਬ ਪੀਣ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਦੱਸੀ ਗਈ ਹੈ। ਕੇਰਲ ਸਰਕਾਰ ਨੇ ਆਪਣੇ ਸੂਬੇ ਵਿਚ ਕ੍ਰਮਵਾਰ ਸ਼ਰਾਬ ਦੀ ਸਪਲਾਈ ਘੱਟ ਕਰਨ ਦਾ ਫ਼ੈਸਲਾ ਲਿਆ ਅਤੇ ਉੱਥੋਂ ਦੇ ਅਧਿਕਾਰੀਆਂ ਨੇ ਇਸ ਦੇ ਲਈ ਪ੍ਰਭਾਵਸ਼ਾਲੀ ਕਦਮ ਵੀ ਚੁੱਕੇ। ਇਸੇ ਤਰ੍ਹਾਂ ਸ਼ਰਾਬੀ ਵਾਹਨ ਚਾਲਕਾਂ ਨੂੰ ਰੋਕਣ ਲਈ ਆਂਧਰ ਪ੍ਰਦੇਸ਼ ਨੇ ਵੀ ਵਧੀਆ ਪਹਿਲ ਕੀਤੀ ਅਤੇ ਸ਼ਰਾਬ ਪੀ ਕੇ ਮੋਟਰ-ਗੱਡੀ ਚਲਾਉਣ ਵਾਲਿਆਂ ਲਈ ਸੂਬਾ ਪੱਧਰ 'ਤੇ ਇਕ ਪੁਲਿਸ ਟੀਮ ਦਾ ਗਠਨ ਕੀਤਾ। ਡੀਜੀਪੀ ਰੈੱਡੀ ਦਾ ਇਹ ਕਹਿਣਾ ਹੈ ਕਿ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਸ਼ਰਾਬੀ ਵਾਹਨ ਚਾਲਕ ਹਨ ਅਤੇ ਆਂਧਰ ਸਰਕਾਰ ਦੇ ਅਧਿਕਾਰੀ ਦਿਨੇਸ਼ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੇ ਪੂਰਾ ਧਿਆਨ ਇਸੇ ਗੱਲ 'ਤੇ ਕੇਂਦਰਿਤ ਕੀਤਾ ਕਿ ਜੋ ਚਾਰ ਵਿਸ਼ੇਸ਼ ਰਾਸ਼ਟਰੀ ਰਾਜਮਾਰਗ ਆਂਧਰ ਦੇ ਹਨ, ਉਨ੍ਹਾਂ 'ਤੇ ਸ਼ਰਾਬ ਦੀ ਖੁੱਲ੍ਹੇਆਮ ਵਿਕਰੀ ਨੂੰ ਕੰਟਰੋਲ ਕੀਤਾ ਜਾਵੇ। ਉਨ੍ਹਾਂ ਨੇ ਇਹ ਸੁਖਾਵੀਂ ਖ਼ਬਰ ਦਿੱਤੀ ਕਿ ਇਸ ਦੇ ਚੰਗੇ ਨਤੀਜੇ ਨਿਕਲੇ ਅਤੇ ਆਂਧਰ ਪ੍ਰਦੇਸ਼ ਵਿਚ ਸੜਕ ਹਾਦਸਿਆਂ 'ਚ ਦੋ ਫ਼ੀਸਦੀ ਦੀ ਕਮੀ ਵੀ ਆ ਗਈ। ਇਸ ਦੇ ਉਲਟ ਪੰਜਾਬ ਦੀ ਹਾਲਤ ਦੇਖੋ ਜਦ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਕਿ ਰਾਸ਼ਟਰੀ ਰਾਜਮਾਰਗਾਂ 'ਤੇ ਚੱਲ ਰਹੇ ਸਾਰੇ ਠੇਕੇ ਅਤੇ ਅਹਾਤੇ ਬੰਦ ਕੀਤੇ ਜਾਣ ਤਾਂ ਸਾਡੀਆਂ ਸਰਕਾਰਾਂ ਦੀ ਘਾਤਕ ਦਰਿਆਦਿਲੀ ਨੇ ਇਕ ਰਸਤਾ ਕੱਢ ਲਿਆ। ਸ਼ਰਾਬ ਦੇ ਠੇਕੇ ਦਾ ਮੁੱਖ ਦੁਆਰ ਪਿਛਲੇ ਪਾਸੇ ਕਰ ਦਿੱਤਾ ਗਿਆ ਜਿਸ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਰਾਜਮਾਰਗ 'ਤੇ ਠੇਕਾ ਨਹੀਂ ਹੈ ਅਤੇ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਨੇ ਤਾਂ ਸ਼ਰਾਬ ਦੇ ਸਮਰਥਨ ਵਿਚ ਇਹ ਤਰਕ ਦੇ ਦਿੱਤਾ ਕਿ ਜੋ ਰਾਸ਼ਟਰੀ ਰਾਜਮਾਰਗ ਮਹਾਨਗਰਾਂ ਅਤੇ ਸ਼ਹਿਰੀ ਹੱਦ ਤੋਂ ਗੁਜ਼ਰਦੇ ਹਨ, ਉਨ੍ਹਾਂ ਨੂੰ ਰਾਸ਼ਟਰੀ ਰਾਜਮਾਰਗ ਹੀ ਨਾ ਮੰਨਿਆ ਜਾਵੇ। ਉਹ ਨਗਰ ਨਿਗਮ ਜਾਂ ਨਗਰ ਪਾਲਿਕਾ ਦਾ ਅਧਿਕਾਰ ਖੇਤਰ ਹੈ ਉੱਥੇ ਸ਼ਰਾਬ ਦੇ ਠੇਕੇ ਬੰਦ ਨਹੀਂ ਕੀਤੇ ਜਾ ਸਕਦੇ। ਵੈਸੇ ਪੰਜਾਬ ਸਰਕਾਰ ਦੀ ਕਿਰਪਾ ਦ੍ਰਿਸ਼ਟੀ ਨਾਲ ਅੰਮ੍ਰਿਤਸਰ ਵਿਚ ਵੀ ਇਹੋ ਹਾਲਤ ਹੋਈ ਪਈ ਹੈ। ਬਾਰਾਂ ਦਰਵਾਜ਼ਿਆਂ ਦੀ ਚਾਰਦੀਵਾਰੀ ਦੇ ਅੰਦਰ ਸ਼ਹਿਰ ਨੂੰ ਪਵਿੱਤਰ ਮੰਨਦੇ ਹਾਂ, ਉੱਥੇ ਸ਼ਰਾਬ ਦਾ ਠੇਕਾ ਨਹੀਂ ਪਰ ਉਸੇ ਦੀਵਾਰ ਦੇ ਬਾਹਰ ਵਾਲੇ ਪਾਸੇ ਸਾਰੇ ਠੇਕੇ ਸਰਕਾਰੀ ਦੇਖ-ਰੇਖ ਵਿਚ ਚੱਲਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਹੈਰਾਨਕੁੰਨ ਹਨ। ਇਨ੍ਹਾਂ ਅਨੁਸਾਰ ਸਾਰੀ ਦੁਨੀਆ ਵਿਚ 23 ਕਰੋੜ 70 ਲੱਖ ਪੁਰਸ਼ ਅਤੇ 4 ਕਰੋੜ 60 ਲੱਖ ਔਰਤਾਂ ਸ਼ਰਾਬ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਖੋਜ ਵਿਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸੰਨ 2016 ਵਿਚ ਪੂਰੀ ਦੁਨੀਆ ਵਿਚ ਸ਼ਰਾਬ ਦੇ ਵੱਧ ਸੇਵਨ ਨਾਲ ਤੀਹ ਲੱਖ ਲੋਕਾਂ ਨੇ ਜਾਨ ਗੁਆਈ। ਇਹ ਮੌਤਾਂ ਏਡਜ਼, ਹਿੰਸਾ ਅਤੇ ਸੜਕ ਹਾਦਸਿਆਂ ਵਿਚ ਹੋਈਆਂ ਮੌਤਾਂ ਨਾਲੋਂ ਵੀ ਵੱਧ ਹਨ। ਜਦ ਵਿਸ਼ਵ ਸਿਹਤ ਸੰਗਠਨ ਇਹ ਮੰਨਦਾ ਹੈ ਕਿ ਸ਼ਰਾਬ ਕਾਰਨ ਲਿਵਰ, ਸਿਰੋਸਿਸ ਕੈਂਸਰ, ਪਾਚਨ ਸ਼ਕਤੀ ਵਿਚ ਖ਼ਰਾਬੀ, ਦਿਲ ਸਬੰਧੀ ਬਿਮਾਰੀਆਂ, ਕਈ ਤਰ੍ਹਾਂ ਦੇ ਖ਼ਤਰਨਾਕ ਛੂਤ ਦੇ ਰੋਗ ਆਦਿ ਸ਼ਰਾਬ ਕਾਰਨ ਹੀ ਹੁੰਦੇ ਹਨ। ਸਰਕਾਰਾਂ ਤੋਂ ਇਹ ਪੁੱਛਣਾ ਹੋਵੇਗਾ ਕਿ ਕੀ ਬਿਮਾਰੀਆਂ, ਹਾਦਸਿਆਂ, ਪਰਿਵਾਰਕ ਪਾਟੋਧਾੜ ਅਤੇ ਹੋਰ ਹਿੰਸਕ ਗਤੀਵਿਧੀਆਂ ਵਧਣ ਦੇ ਪਿੱਛੇ ਸ਼ਰਾਬ ਤਾਂ ਨਹੀਂ ਹੈ। ਇਹ ਵੀ ਸਵਾਲ ਸਰਕਾਰ ਤੋਂ ਹੀ ਕਰਨਾ ਹੋਵੇਗਾ ਕਿ ਜਦ ਲਕਸ਼ਦੀਪ ਵਰਗਾ ਛੋਟਾ ਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਪੂਰੀ ਤਰ੍ਹਾਂ ਸ਼ਰਾਬ ਤੋਂ ਮੁਕਤ ਹੈ, ਗੁਜਰਾਤ ਬਿਨਾਂ ਸ਼ਰਾਬ ਦੇ ਚੱਲ ਰਿਹਾ ਹੈ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਸ਼ਰਾਬਬੰਦੀ ਲਾਗੂ ਕੀਤੀ ਹੋਈ ਹੈ ਤਾਂ ਆਖ਼ਰ ਪੰਜਾਬ-ਹਰਿਆਣਾ ਲੋਕਾਂ ਨੂੰ ਕਿਉਂ ਸ਼ਰਾਬ ਪਿਆ-ਪਿਆ ਕੇ ਮਾਰ ਰਹੇ ਹਨ? ਹਰਿਆਣਾ ਨੇ ਇਕ ਵਾਰ ਸ਼ਰਾਬ ਮੁਕਤ ਹਰਿਆਣਾ ਦਾ ਢੋਲ ਵਜਾ ਕੇ ਨਾਅਰਾ ਲਗਾਇਆ ਪਰ ਦੋ ਸਾਲ ਬਾਅਦ ਮੁੜ ਸ਼ਰਾਬ ਯੁਕਤ ਹਰਿਆਣਾ ਬਣਾ ਦਿੱਤਾ।

ਜਦ ਸਰਕਾਰ ਖ਼ੁਦ ਸ਼ਰਾਬ ਪਿਲਾਉਂਦੀ ਹੈ, ਜਿੰਨੇ ਪੰਜਾਬ ਵਿਚ ਸੀਨੀਅਰ ਸੈਕੰਡਰੀ ਸਕੂਲ ਨਹੀਂ, ਉਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਰਾਬ ਦੇ ਠੇਕੇ ਹਨ। ਸ਼ੁੱਧ ਪਾਣੀ ਪੀਣ ਦਾ ਪ੍ਰਬੰਧ ਨਹੀਂ ਪਰ ਸਰਕਾਰੀ ਪੀਣ-ਪਿਲਾਉਣ ਦੇ ਅਹਾਤੇ ਹਨ ਤਾਂ ਫਿਰ ਚਲਾਨ ਕਿਉਂ? ਜਾਂ ਤਾਂ ਇਹ ਨਿਯਮ ਬਣਾਇਆ ਜਾਵੇ ਕਿ ਕੋਈ ਘਰ ਤੋਂ ਬਾਹਰ ਸ਼ਰਾਬ ਨਹੀਂ ਪੀਵੇਗਾ। ਜੋ ਪੀ ਕੇ ਨਿਕਲੇਗਾ, ਉਸ ਦਾ ਚਲਾਨ ਹੋਵੇਗਾ। ਵੈਸੇ ਵੀ ਕੀ ਮਜ਼ਾਕ ਹੈ ਕਿ ਚਲਾਨ ਕਰੋ ਪਰ ਚਲਾਨ ਕਰਨ ਮਗਰੋਂ ਸ਼ਰਾਬੀ ਨੂੰ ਫਿਰ ਗੱਡੀ ਚਲਾਉਣ ਦੀ ਪੂਰੀ ਖੁੱਲ੍ਹ ਹੋ ਜਾਵੇਗੀ। ਚਲਾਨ ਨਾਲ ਉਸ ਦੀ ਸ਼ਰਾਬ ਤਾਂ ਨਹੀਂ ਉਤਰੇਗੀ। ਉਹ ਉਸੇ ਹਾਲਤ ਵਿਚ ਗੱਡੀ ਲੈ ਕੇ ਜਾਵੇਗਾ। ਵੈਸੇ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਿਕਸ਼ਾ ਚਾਲਕ, ਸਾਈਕਲ ਚਾਲਕ ਅਤੇ ਪੈਦਲ ਚੱਲਣ ਵਾਲੇ ਹੀ ਸ਼ਰਾਬ ਪੀ ਕੇ ਚਲਾਉਂਦੇ ਹਨ। ਚੋਰ ਨੂੰ ਮਾਰਨ ਤੋਂ ਪਹਿਲਾਂ ਚੋਰ ਦੀ ਮਾਂ ਨੂੰ ਮਾਰੋ। ਜੋ ਲੋਕ ਵਿਆਹ-ਸ਼ਾਦੀਆਂ ਵਿਚ ਸ਼ਰਾਬ ਜ਼ਰੂਰ ਪਿਲਾਉਣੀ ਚਾਹੁੰਦੇ ਹਨ, ਚੰਗਾ ਹੈ ਕਿ ਜਦ ਉਹ ਸੱਦਾ ਪੱਤਰ ਨਾਲ ਮਠਿਆਈ ਭੇਜਦੇ ਹਨ ਤਾਂ ਸ਼ਰਾਬ ਦੀ ਬੋਤਲ ਵੀ ਰਿਸ਼ਤੇ ਮੁਤਾਬਕ ਛੋਟੀ-ਵੱਡੀ ਉਨ੍ਹਾਂ ਦੇ ਘਰੇ ਹੀ ਭੇਜ ਦਿੱਤੀ ਜਾਵੇ। ਹਿੰਮਤ ਹੈ ਤਾਂ ਸਰਕਾਰ ਇਹ ਵੀ ਦੱਸੇ ਕਿ ਕਿੰਨੇ ਸਰਕਾਰੀ ਕਰਮਚਾਰੀ ਚਲਾਨ ਕਰਨ ਵਾਲੀ ਫੋਰਸ ਦੇ ਕਰਮਚਾਰੀ, ਲੋਕ ਨੁਮਾਇੰਦੇ ਪੰਚਾਇਤਾਂ ਤੋਂ ਲੈ ਕੇ ਸੰਸਦ ਤਕ ਸ਼ਰਾਬ ਦੇ ਆਦੀ ਹਨ। ਕੀ ਕੋਈ ਚੋਣਾਂ ਬਿਨਾਂ ਸ਼ਰਾਬ ਪੀਤੇ-ਪਿਲਾਏ ਲੜੀਆਂ ਜਾਂਦੀਆਂ ਹਨ? ਚੰਗਾ ਹੋਵੇ ਸ਼ਰਾਬ ਬੰਦ ਕਰ ਦਿਓ ਪਰ ਯਾਦ ਰੱਖੋ, ਦੂਜੇ ਖ਼ਤਰਨਾਕ ਨਸ਼ੇ ਕਰਨ ਵਾਲਾ ਵਿਅਕਤੀ ਸਿਰਫ਼ ਆਪਣੀ ਜ਼ਿੰਦਗੀ ਅਤੇ ਆਪਣੇ ਪਰਿਵਾਰ ਲਈ ਸੰਕਟ ਪੈਦਾ ਕਰਦਾ ਹੈ ਪਰ ਸ਼ਰਾਬ ਪੀਣ ਵਾਲਾ ਪਰਿਵਾਰ ਦੇ ਨਾਲ-ਨਾਲ ਦੂਜਿਆਂ ਦੀ ਜ਼ਿੰਦਗੀ ਲੈਣ ਦਾ ਕਾਰਨ ਵੀ ਬਣ ਜਾਂਦਾ ਹੈ। ਸ਼ਰਾਬਬੰਦੀ ਲਾਗੂ ਕਰੋ, ਸ਼ਰਾਬ ਮੁਕਤ ਪੰਜਾਬ ਤੇ ਦੇਸ਼ ਬਣਾਓ, ਸਿਰਫ਼ ਚਲਾਨ ਕਾਰਨ ਕਮਜ਼ੋਰ ਹੋ ਰਹੀ ਆਰਥਿਕ ਹਾਲਤ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਰਡੋਸ ਨਾਮ ਗੇਬੇਰਯੇਸਸ ਦੀ ਆਵਾਜ਼ ਸੁਣੋ। ਉਨ੍ਹਾਂ ਅਨੁਸਾਰ ਸ਼ਰਾਬ ਕਾਰਨ ਹੋਣ ਵਾਲੀਆਂ ਮੌਤਾਂ 'ਚੋਂ ਤਿੰਨ ਚੌਥਾਈ ਤੋਂ ਜ਼ਿਆਦਾ ਪੁਰਸ਼ ਅਤੇ ਬਾਕੀ ਔਰਤਾਂ, ਬੱਚੇ ਮੌਤ ਦੇ ਮੂੰਹ ਵਿਚ ਜਾਂਦੇ ਹਨ। ਸਮਾਂ ਰਹਿੰਦੇ ਸੰਭਲ ਜਾਣ ਸਰਕਾਰਾਂ। ਸ਼ਰਾਬ ਦੀ ਕਮਾਈ ਦੇ ਲਾਲਚ ਵਿਚ ਸਮਾਜ ਅਤੇ ਦੇਸ਼ ਨੂੰ ਰੋਗੀ, ਅਪੰਗ, ਪਾਟੋਧਾੜ ਦਾ ਸ਼ਿਕਾਰ ਅਤੇ ਕਮਜ਼ੋਰ ਨਾ ਕਰੋ।

-(ਲੇਖਿਕਾ ਭਾਜਪਾ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਿਹਤ ਮੰਤਰੀ ਰਹੀ ਹੈ)।

-ਮੋਬਾਈਲ ਨੰ. : 94172-76242

Posted By: Susheel Khanna