ਸਾਡੇ ਦੇਸ਼ ਵਿਚ ਜਮਹੂਰੀ ਨਿਜ਼ਾਮ ਹੈ। ਇਸ ਤਹਿਤ ਜਨਤਾ ਨੂੰ ਕਾਫੀ ਜ਼ਿਆਦਾ ਖੁੱਲ੍ਹ ਮਿਲੀ ਹੋਈ ਹੈ। ਭਾਰਤੀ ਸੰਵਿਧਾਨ ਵਿਚ ਜਿੱਥੇ ਲੋਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ ਹਨ, ਓਥੇ ਹੀ ਕੁਝ ਮੌਲਿਕ ਕਰਤੱਵ ਵੀ ਦਿੱਤੇ ਗਏ ਹਨ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਸੰਵਿਧਾਨਕ ਹੱਕਾਂ ਦੀ ਗੱਲ ਤਾਂ ਕਰਦੇ ਹਨ ਪਰ ਮੌਲਿਕ ਕਰਤੱਵਾਂ ਤੋਂ ਕਿਨਾਰਾਕਸ਼ੀ ਕਰ ਜਾਂਦੇ ਹਨ। ਵਿਕਸਤ ਦੇਸ਼ ਇਸੇ ਲਈ ਵਿਕਸਤ ਬਣੇ ਕਿਉਂਕਿ ਉੱਥੋਂ ਦੇ ਲੋਕਾਂ ਦੀ ਸੋਚਣੀ ਵਿਚ ਆਪਣੇ ਹੱਕਾਂ ਤੇ ਕਰਤੱਵਾਂ 'ਚ ਸੰਤੁਲਨ ਹੁੰਦਾ ਹੈ। ਓਥੇ ਇਮਾਨਦਾਰੀ ਹੈ ਜਦਕਿ ਸਾਡੇ ਦੇਸ਼ ਵਿਚ ਹਰ ਪੱਧਰ 'ਤੇ ਵੱਢੀਖੋਰੀ ਨਾਲ ਵਾਹ-ਵਾਸਤਾ ਪੈਂਦਾ ਹੈ। ਅਸੀਂ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਪ੍ਰਤੀ ਵੀ ਬਹੁਤ ਅਵੇਸਲੇ ਹਾਂ। ਸਾਨੂੰ ਲੱਗਦਾ ਹੈ ਕਿ ਅਸੀਂ ਤਾਂ ਕੂੜਾ-ਕਰਕਟ ਫੈਲਾਉਣਾ ਹੈ, ਉਸ ਨੂੰ ਸਾਫ਼ ਕਰਨਾ ਸਾਡਾ ਕੰਮ ਨਹੀਂ। ਉਸ ਹਟਾਉਣਾ ਸਰਕਾਰ ਜਾਂ ਲੋਕਲ ਬਾਡੀਜ਼ ਵਿਭਾਗ ਵੱਲੋਂ ਨਿਯੁਕਤ ਸਫ਼ਾਈ ਕਰਮਚਾਰੀਆਂ ਦਾ ਕੰਮ ਹੈ। ਅਸੀਂ ਇਹ ਨਹੀਂ ਸੋਚਦੇ ਕਿ ਕੂੜਾ-ਕਰਕਟ ਫੈਲਾਉਣ ਵਾਲੇ ਅਸੀਂ ਇੰਨੇ ਬੰਦੇ ਹਾਂ ਜਦਕਿ ਉਸ ਨੂੰ ਸਾਫ਼ ਕਰਨ ਵਾਲੇ ਸੀਮਤ ਮੁਲਾਜ਼ਮ। ਅਜਿਹੇ ਵਿਚ ਉਹ ਕਿੱਦਾਂ ਢੁੱਕਵੀਂ ਸਾਫ਼-ਸਫ਼ਾਈ ਕਰ ਸਕਣਗੇ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਲੰਗਰ ਤਾਂ ਦਿੰਦੇ ਹਨ ਪਰ ਲੰਗਰ ਵਰਤਾਉਣ ਲਈ ਵਰਤੇ ਪਲਾਸਟਿਕ ਦੇ ਗਲਾਸਾਂ ਦੇ ਪਲੇਟਾਂ ਨੂੰ ਸਾਂਭਣ ਲਈ ਕੂੜੇਦਾਨ ਦਾ ਬੰਦੋਬਸਤ ਨਹੀਂ ਕਰਦੇ। ਨਤੀਜਾ ਇਹ ਨਿਕਲਦਾ ਹੈ ਕਿ ਉਨ੍ਹਾਂ ਦਾ ਕਚਰਾ ਚੁਫੇਰੇ ਖਿੱਲਰਿਆ ਰਹਿੰਦਾ ਹੈ ਜੋ ਸ਼ਹਿਰਾਂ ਦੀ ਸੁੰਦਰਤਾ 'ਤੇ ਗ੍ਰਹਿਣ ਤਾਂ ਹੁੰਦਾ ਹੀ ਹੈ, ਨਾਲ ਹੀ ਸੀਵਰੇਜ ਜਾਮ ਦਾ ਕਾਰਨ ਵੀ ਬਣਦਾ ਹੈ। ਗਲੀ-ਕੂਚੇ ਵਿਚ ਵੀ ਅਸੀਂ ਸਾਫ਼-ਸਫ਼ਾਈ ਪ੍ਰਤੀ ਇਹੀ ਪਹੁੰਚ ਅਪਣਾਉਂਦੇ ਹਾਂ। ਕੀ ਸਾਡੀ ਇਹ ਸੋਚ ਸਾਨੂੰ ਲਾਪਰਵਾਹ ਸਿੱਧ ਨਹੀਂ ਕਰਦੀ? ਕੀ ਮੁੱਖ ਮੰਤਰੀ ਜਾਂ ਵਿਧਾਇਕਾਂ ਨੇ ਸਾਡੀਆਂ ਗ਼ਲੀਆਂ-ਨਾਲੀਆਂ ਦੀ ਸਫ਼ਾਈ ਕਰਨੀ ਹੈ? ਹਰਗਿਜ਼ ਨਹੀਂ। ਸਾਨੂੰ ਖ਼ੁਦ ਹੀ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਪਵੇਗਾ। ਸਭ ਕੁਝ ਸਰਕਾਰਾਂ 'ਤੇ ਸੁੱਟ ਦੇਣਾ ਗ਼ਲਤ ਹੈ। ਸਾਨੂੰ ਜੇ ਆਪਣੇ ਮੌਲਿਕ ਅਧਿਕਾਰਾਂ ਦਾ ਗਿਆਨ ਹੈ ਤਾਂ ਆਪਣੇ ਮੌਲਿਕ ਫ਼ਰਜ਼ ਵੀ ਚੇਤੇ ਰੱਖਣੇ ਚਾਹੀਦੇ ਹਨ। ਸਮਾਜ ਵਿਚ ਜੋ ਕੁਝ ਵੀ ਮਾੜਾ ਵਾਪਰ ਰਿਹਾ ਹੈ, ਉਸ ਵਾਸਤੇ ਸਰਕਾਰਾਂ ਕੁਝ ਹੱਦ ਤਕ ਤਾਂ ਜ਼ਿੰਮੇਵਾਰ ਹੋ ਸਕਦੀਆਂ ਹਨ, ਪੂਰੀ ਜ਼ਿੰਮੇਵਾਰੀ ਉਨ੍ਹਾਂ 'ਤੇ ਸੁੱਟਣੀ ਗ਼ਲਤ ਹੈ। ਸਰਕਾਰ ਨਵੀਂ ਸੜਕ ਬਣਾ ਕੇ ਦਿੰਦੀ ਹੈ, ਅਸੀਂ ਰੋਡ ਕਟਿੰਗ ਕਰ ਕੇ ਉਸ ਦਾ ਬੇੜਾ ਗ਼ਰਕ ਕਰ ਦਿੰਦੇ ਹਾਂ। ਅਜਿਹੇ ਵਿਚ ਸਰਕਾਰ ਕੀ ਕਰੇ? ਹੁਕਮਰਾਨ ਵੀ ਤਾਂ ਸਾਡੇ-ਤੁਹਾਡੇ ਵਿਚੋਂ ਹੀ ਹਨ। ਇਨਸਾਨ ਨੂੰ ਆਪਣਾ ਪਰਿਵਾਰ ਸਾਂਭਣਾ ਮੁਸ਼ਕਲ ਹੋ ਜਾਂਦਾ ਹੈ, ਹੁਕਮਰਾਨ ਤਾਂ ਸਾਰਾ ਸੂਬਾ ਜਾਂ ਮੁਲਕ ਸਾਂਭਦੇ ਹਨ। ਉਨ੍ਹਾਂ ਲਈ ਸਭ ਨੂੰ ਖ਼ੁਸ਼ ਕਰਨਾ ਸੰਭਵ ਨਹੀਂ। ਜੋ ਲੋਕ ਸਰਕਾਰ ਤੋਂ ਨਾਖ਼ੁਸ਼ ਹੁੰਦੇ ਹਨ, ਉਹ ਸੜਕਾਂ ਜਾਮ ਕਰ ਦਿੰਦੇ ਹਨ ਜਿਸ ਕਾਰਨ ਆਮ ਜਨਤਾ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਗ਼ਲਤੀ ਸਰਕਾਰ ਦੀ ਹੈ ਤਾਂ ਉਸ ਨੂੰ ਘੇਰੋ। ਜਨਤਾ ਤਾਂ ਬੇਕਸੂਰ ਹੈ, ਉਸ ਲਈ ਪਰੇਸ਼ਾਨੀ ਕਿਉਂ ਬਣਦੇ ਹੋ?

-ਜਤਿੰਦਰ ਪੰਮੀ, ਜਲੰਧਰ। ਮੋਬਾਈਲ ਨੰ. : 97818-00213

Posted By: Rajnish Kaur