ਸਵੇਰੇ ਦਸ ਕੁ ਵੱਜੇ ਹੋਣਗੇ। ਬੱਸ ਅੱਡੇ ’ਤੇ ਇਕ ਸਕੂਟਰ ਤੇਜ਼ੀ ਨਾਲ ਆਇਆ ਅਤੇ ਸੱਠ ਕੁ ਸਾਲਾਂ ਦੀ ਇਕ ਮਾਤਾ ਅਤੇ ਛੇ ਜਾਂ ਸੱਤ ਸਾਲਾਂ ਦੇ ਮੁੰਡੇ ਨੂੰ ਉਤਾਰ ਕੇ ਮੁੜ ਗਿਆ। ਮਾਤਾ ਪਹਿਰਾਵੇ ਅਤੇ ਹੱਥ ਵਿਚ ਫੜੇ ਪੁਰਾਣੇ ਜਿਹੇ ਝੋਲੇ ਤੋਂ ਸਾਧਾਰਨ ਘਰ ਦੀ ਔਰਤ ਲੱਗਦੀ ਸੀ। ਕੁਲਫ਼ੀ ਵਾਲੇ ਨੂੰ ਦੇਖ ਕੇ ਬੱਚਾ ਮਾਤਾ ਨੂੰ ਕੁਲਫ਼ੀ ਲੈ ਕੇ ਦੇਣ ਲਈ ਕਹਿਣ ਲੱਗਾ। ਮਾਤਾ ਦੇ ਨਾਂਹ ਕਰਨ ’ਤੇ ਬੱਚਾ ਰੋਣ ਲੱਗ ਪਿਆ। ਹਾਰ ਕੇ ਮਾਤਾ ਨੇ ਉਸ ਨੂੰ ਕੁਲਫ਼ੀ ਲੈ ਦਿੱਤੀ ਅਤੇ ਰੁਮਾਲ ਵਿਚ ਬੰਨ੍ਹੇ ਰੁਪਏ ਗਿਣਨ ਲੱਗੀ।

ਇੰਨੇ ਨੂੰ ਬੱਸ ਆ ਗਈ। ਕੁਦਰਤੀ ਮਾਤਾ ਅਤੇ ਮੇਰੀ ਸੀਟ ਨਾਲ-ਨਾਲ ਸਨ। ਕੰਡਕਟਰ ਟਿਕਟਾਂ ਕੱਟਣ ਲੱਗਾ। ਬੱਸ ਸਵਾਰੀਆਂ ਨਾਲ ਤੂੜੀ ਵਾਂਗ ਭਰੀ ਹੋਈ ਸੀ। ਮਾਤਾ ਚੁੱਪ ਕਰ ਕੇ ਬੈਠੀ ਸੀ। ਮੁੰਡੇ ਨੇ ਮਾਤਾ ਨੂੰ ਟਿਕਟ ਲੈਣ ਲਈ ਕਿਹਾ ਤਾਂ ਮਾਤਾ ਨੇ ਹੱਥ ਦਾ ਇਸ਼ਾਰਾ ਕਰ ਕੇ ਉਸ ਨੂੰ ਚੁੱਪ ਕਰਨ ਲਈ ਕਿਹਾ। ਕੰਡਕਟਰ ਅੱਗੇ ਲੰਘ ਗਿਆ। ਬੱਚੇ ਨੇ ਕਿਹਾ,“ਬੀਬੀ ਤੂੰ ਟਿਕਟ ਨਹੀਂ ਲਈ, ਜੇ ਚੈੱਕਰ ਆ ਗਿਆ ਫਿਰ ਕੀ ਕਰਾਂਗੇ।’’ ਮਾਤਾ ਗੁੱਸੇ ਵਿਚ ਬੋਲੀ,“ਤੇਰੇ ਪਿਉ ਨੇ ਪੰਜਾਹ ਤਾਂ ਰੁਪਈਏ ਦਿੱਤੇ ਨੇ ਕੁੱਲ, ਵਿੱਚੋਂ ਦਸਾਂ ਦੀ ਤੂੰ ਕੁਲਫ਼ੀ ਖਾ ਲਈ। ਬਾਬੇ ਨੂੰ ਮੱਥਾ ਵੀ ਟੇਕਣਾ ਆਪਾਂ, ਟਿਕਟ ਰਹਿਣ ਦਿੰਨੇ ਆਂ। ਨਾਲੇ ਇਹ ਬਥੇਰਾ ਝੋਲਾ ਭਰੀ ਫਿਰਦਾ, ਦੋ ਟਿਕਟਾਂ ਨਾਲ ਇਹਨੂੰ ਕੀ ਫ਼ਰਕ ਪੈਂਦਾ? ਆਪਾਂ ਬਾਬੇ ਨੂੰ ਵੀਹ ਰੁਪਏ ਮੱਥਾ ਟੇਕਾਂਗੇ ਪੁੱਤ, ਬੜਾ ਪੁੰਨ ਲੱਗਦਾ।’’ ਮੁੰਡਾ ਬੱਸ ਦੀ ਬਾਰੀ ਵਿੱਚੋਂ ਬਾਹਰ ਉਸਾਰੀ ਅਧੀਨ ਸੜਕ ਤੋਂ ਉੱਡਦੀ ਮਿੱਟੀ ਵੱਲ ਦੇਖਣ ਲੱਗਾ। ਆਪਣੀ ਮੰਜ਼ਿਲ ’ਤੇ ਪਹੁੰਚਣ ਤਕ ਮੈਂ ਮਾਤਾ ਦੀ ਅਜੀਬੋ-ਗ਼ਰੀਬ ਫਿਲਾਸਫ਼ੀ ਬਾਰੇ ਸੋਚਦੀ ਰਹੀ।

ਬਾਬਿਆਂ ਦੇ ਡੇਰਿਆਂ ਦੀ ਗਿਣਤੀ ਸਕੂਲਾਂ ਨਾਲੋਂ ਕਿਤੇ ਵੱਧ ਹੈ। ਮੈਂ ਅਧਿਆਪਕਾ ਹੋਣ ਦੇ ਨਾਤੇ ਆਪਣਾ ਤਜਰਬਾ ਦੱਸ ਸਕਦੀ ਹਾਂ ਕਿ ਸਾਡੇ ਲੋਕ ਬਾਬਿਆਂ ਵਿਚ ਇੰਨੀ ਸ਼ਰਧਾ ਭਾਵਨਾ ਰੱਖਦੇ ਹਨ ਕਿ ਬਾਬੇ ਦੇ ਡੇਰੇ ਬੱਚਿਆਂ ਨੂੰ ਆਪਣੇ ਨਾਲ ਲਿਜਾਣ ਲਈ ਉਨ੍ਹਾਂ ਦੀ ਸਕੂਲੋਂ ਛੁੱਟੀ ਤਕ ਕਰਵਾ ਦਿੰਦੇ ਹਨ। ਪੇਂਡੂ ਮਾਪੇ ਆਮ ਕਰ ਕੇ ਅਨਪੜ੍ਹ ਹੁੰਦੇ ਹਨ ਜਿਨ੍ਹਾਂ ਨੂੰ ਪੜ੍ਹਾਈ ਦੀ ਕੋਈ ਅਹਿਮੀਅਤ ਨਹੀਂ ਲੱਗਦੀ ਅਤੇ ਅਧਿਆਪਕਾਂ ਦੇ ਸਮਝਾਉਣ ’ਤੇ ਵੀ ਸਮਝਣ ਲਈ ਤਿਆਰ ਨਹੀਂ ਹੁੰਦੇ। ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਨਜਿੱਠਦੇ ਇਹ ਭੋਲੇ-ਭਾਲੇ ਲੋਕ ਆਪਣੀ ਹਾਲਤ ਸੁਧਾਰਨ ਦਾ ਹੱਲ ਇਨ੍ਹਾਂ ਬਾਬਿਆਂ ਕੋਲੋਂ ਭਾਲਦੇ ਹਨ ਅਤੇ ਜੋ ਥੋੜ੍ਹਾ-ਬਹੁਤਾ ਆਪਣੇ ਕੋਲ ਹੁੰਦਾ ਹੈ, ਉਹ ਵੀ ਇਨ੍ਹਾਂ ਨੂੰ ਪੁੰਨ ਸਮਝ ਕੇ ਦੇ ਆਉਂਦੇ ਹਨ। ਅਧਿਆਪਕ ਵਰਗ ਹੀ ਆਪਣੇ ਵਿਦਿਆਰਥੀਆਂ ਨੂੰ ਚੇਤੰਨ ਕਰ ਕੇ ਸਮਾਜ ਨੂੰ ਇਸ ਲੁੱਟ ਤੋਂ ਬਚਾ ਸਕਦਾ ਹੈ।

ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿਚ ਦੋ ਪੇਂਡੂ ਲੱਗਦੇ ਆਦਮੀ ਤੁਰੇ ਜਾ ਰਹੇ ਸਨ। ਵੱਡੀ ਉਮਰ ਦਾ ਆਦਮੀ ਅੱਗੇ ਸੀ ਅਤੇ ਨੌਜਵਾਨ ਦਿਸਦਾ ਆਦਮੀ ਕੁਝ ਪਿੱਛੇ ਸੀ। ਉਸ ਨੇ ਉੱਚੀ ਆਵਾਜ਼ ਵਿਚ ਪੁੱਛਿਆ,“ਚਾਚਾ ਹੁਣ ਕਿੱਥੇ ਜਾਣਾ?’’ ਮੂਹਰਲਾ ਆਦਮੀ ਕਹਿੰਦਾ,“ਆਹ ਐਥੇ ਨੇੜੇ ਈ ਫੋਟੋਗ੍ਰਾਫਰ ਦੀ ਦੁਕਾਨ ’ਤੇ ਚੱਲਦੇ ਆਂ।’’ ਨੌਜਵਾਨ ਨੇ ਕੁਝ ਸੋਚਿਆ ਅਤੇ ਕਹਿਣ ਲੱਗਾ,“ਚਾਚਾ, ਮੁੰਡਾ ਕਿੱਥੇ ਮੰਗ ਲਿਆ ਫੇਰ?’’ ‘‘ਯਾਰ ਮੁੰਡਾ ਕਿੱਥੋਂ ਮੰਗ ਲਿਆ ਮੈਂ, ਛੇ ਮਹੀਨੇ ਪਹਿਲਾਂ ਤਾਂ ਕੁੜੀ ਦਾ ਵਿਆਹ ਕੀਤਾ ਹਲੇ, ਉਹੀ ਕਰਜ਼ਾ ਨਹੀਂ ਲੱਥਾ ਹੁਣ ਤਕ।’’ ਨੌਜਵਾਨ ਕਹਿੰਦਾ,“ਫਿਰ ਆਹ ਫੋਟੋਗ੍ਰਾਫਰ ਵਾਲੀ ਕੀ ਕਹਾਣੀ ਐ, ਚਾਚਾ।’’ ਆਦਮੀ ਸਮਝਾਉਣ ਲੱਗਾ,“ਓਏ ਇਹ ਤਾਂ ਪਰਸੋਂ ਕਰੂਏ ਦਾ ਵਰਤ ਐ। ਆਪਣੀ ਰਾਣੀ ਵਰਤ ਰੱਖਣ ਲਈ ਪਿੰਡ ਆਈ ਹੋਈ ਹੈ। ਇਹ ਮੂਵੀ ਬਣਾਊਗਾ ਵਰਤ ਦੀ।’’

ਨੌਜਵਾਨ ਹੈਰਾਨ ਜਿਹਾ ਹੋ ਕੇ ਬੋਲਿਆ,“ਆਪਾਂ ਨੂੰ ਤਾਂ ਬਾਬੇ ਨਾਨਕ ਨੇ ਵਰਤ ਰੱਖਣ ਦੀ ਮਨਾਹੀ ਕੀਤੀ ਐ। ਨਾ ਹੀ ਪਹਿਲਾਂ ਕਦੇ ਆਪਣੀਆਂ ਬੁੜ੍ਹੀਆਂ-ਕੁੜੀਆਂ ਨੇ ਵਰਤ ਰੱਖੇ ਆ। ਫਿਰ ਤੂੰ ਬੰਦਾ ਵੀ ਗਿਆਨੀ ਧਿਆਨੀ ਹੈਗਾ। ਆਹ ਕੀ ਨਵਾਂ ਹੀ ਸ਼ੋਸ਼ਾ ਛੱਡਤਾ, ਕੁੜੀ ਨੇ ਵਰਤ ਰੱਖਣਾ।’’ ਚਾਚਾ ਖਿਝ ਕੇ ਕਹਿਣ ਲੱਗਾ,“ਮੈਂ ਤੈਨੂੰ ਕੀ ਦੱਸਾਂ? ਆਹ ਸਰਪੰਚਾਂ ਦੀ ਕੁੜੀ ਵੀ ਵਰਤ ਰੱਖਣ ਖ਼ਾਤਰ ਆਈ ਹੋਈ ਆ। ਫੋਟੋਗ੍ਰਾਫਰ ਵਾਲਾ ਪੰਗਾ ਉਨ੍ਹਾਂ ਨੇ ਪਾਇਆ। ਤੇਰੀ ਚਾਚੀ ਨੇ ਵੀ ਮੂਵੀ ਬਣਾਉਣ ਦਾ ਰੇੜਕਾ ਪਾਇਆ ਹੋਇਆ। ਫੋਟੋਗ੍ਰਾਫਰ, ਕੱਪੜੇ-ਲੀੜੇ ਅਤੇ ਇਕ-ਅੱਧਾ ਗਹਿਣਾ ਵੀ ਪਾਉਣਾ ਪੈਣਾ। ਪੂਰੇ ਲੱਖ ਰੁਪਏ ਦਾ ਖ਼ਰਚਾ ਗਿਣਾਇਆ ਉਸ ਨੇ।’’ ਸਾਰਾ ਕੁਝ ਸੁਣ ਕੇ ਨੌਜਵਾਨ ਦੀ ਚਾਲ ਮੱਠੀ ਪੈ ਗਈ। ਸ਼ਾਇਦ ਆਪਣੀ ਬੇਰੁਜ਼ਗਾਰੀ ਅਤੇ ਕੋਠੇ ਜਿੱਡੀ ਹੋਈ ਭੈਣ ਦੇ ਵਿਆਹ ਬਾਰੇ ਸੋਚਦਾ ਹੋਵੇ। ਪੰਜਾਬ ਦੇ ਸਿੱਧੇ-ਸਾਦੇ ਪੇਂਡੂ ਖੇਤਰ ਨੂੰ ਅੱਜ ਵਹਿਮਾਂ-ਭਰਮਾਂ ਨੇ ਆਪਣੀ ਜਕੜ ਵਿਚ ਲੈ ਲਿਆ ਹੈ। ਕੁਝ ਲੋਕ ਦਿਖਾਵੇ ਲਈ ਅਤੇ ਕੁਝ ਇਕ-ਦੂਜੇ ਦੇ ਮਗਰ ਲੱਗ ਕੇ ਆਪਣਾ ਝੁੱਗਾ ਚੌੜ ਕਰ ਰਹੇ ਹਨ। ਫੋਨਾਂ ਅਤੇ ਟੀਵੀ ਉੱਤੇ ਹੁੰਦੀ ਇਸ਼ਤਿਹਾਰਬਾਜ਼ੀ ਹਰੇਕ ਦੇ ਮਨ ਨੂੰ ਮੋਹ ਲੈਂਦੀ ਹੈ। ਆਪਣੇ ਬੱਚਿਆਂ ਨੂੰ ਪਿਆਰ ਕਰਨਾ ਚੰਗੀ ਗੱਲ ਹੈ ਪਰ ਖ਼ਰਚ ਕਰਨ ਲੱਗੇ ਆਪਣੇ ਵਿੱਤ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸਲਾਮਤ ਰਹੇ।

ਸ਼ਹਿਰ ਦੀ ਮੁੱਖ ਸੜਕ ਉੱਤੇ ਇਕ ਜੋਤਿਸ਼ੀ ਦੀ ਦੁਕਾਨ ਅੱਗੇ ਖੜ੍ਹਾ ਇਕ ਪੇਂਡੂ ਜੋੜਾ ਕੁਝ ਗਿਣਤੀਆਂ-ਮਿਣਤੀਆਂ ਕਰ ਰਿਹਾ ਸੀ। ਫਿਰ ਉਹ ਬੱਸ ਅੱਡੇ ਵੱਲ ਤੁਰ ਪਏ। ਉਹ ਕਾਫ਼ੀ ਫ਼ਿਕਰਮੰਦ ਜਾਪਦੇ ਸਨ। ਔਰਤ ਨੇ ਗੱਲ ਛੇੜੀ,“ਐਤਕੀਂ ਬਾਬੇ ਨੇ ਪੈਸੇ ਤਾਂ ਬੇਸ਼ੱਕ ਵੱਧ ਲੈ ਲਏ ਪਰ ਭਰੋਸਾ ਪੂਰਾ ਦਿੱਤਾ ਕਿ ਕੰਮ ਬਣ ਜਾਊ।’’ ਆਦਮੀ ਨੇ ਇਸ ਗੱਲ ਦਾ ਉੱਤਰ ਦੇਣਾ ਮੁਨਾਸਿਬ ਨਹੀਂ ਸਮਝਿਆ ਅਤੇ ਆਪਣੀ ਤੋਰ ਤੁਰਦਾ ਰਿਹਾ। ਔਰਤ ਉਦਾਸ ਜਿਹੀ ਹੋ ਗਈ। ਫਿਰ ਆਪਣੇ-ਆਪ ਨਾਲ ਗੱਲਾਂ ਕਰਨ ਵਾਂਗੂੰ ਬੋਲੀ,“ਚੱਲ ਕੋਈ ਗੱਲ ਨਹੀਂ, ਦੀਵਾਲੀ ਨੇੜੇ ਹੋਣ ਕਰ ਕੇ ਹਰੇਕ ਚੀਜ਼ ਮਹਿੰਗੀ ਮਿਲਦੀ ਐ, ਇਹਨੇ ਵੀ ਆਪਣਾ ਰੇਟ ਵਧਾ ਦਿੱਤਾ। ਜੁਆਕਾਂ ਨੂੰ ਸਮਝਾ ਦਿਆਂਗੇ, ਕੁੜੀ ਤਾਂ ਨਹੀਂ ਕੁਝ ਕਹਿੰਦੀ ਪਰ ਹੈਪੀ ਪੱਕਾ ਖਰੂਦ ਕਰੂਗਾ।’’ ਥੋੜ੍ਹੇ ਜਿਹੇ ਚਿਰ ਬਾਅਦ ਉਸ ਨੇ ਆਦਮੀ ਨੂੰ ਪੁੱਛਿਆ ਕਿ ਜੇਕਰ ਉਸ ਦੀ ਜੇਬ ਵਿਚ ਕੁਝ ਰੁਪਏ ਹਨ ਤਾਂ ਬੱਚਿਆਂ ਦੇ ਖਾਣ ਲਈ ਕੁਝ ਖ਼ਰੀਦ ਲਈਏ, ਨਿਆਣੇ ਹੱਥਾਂ ਵੱਲ ਝਾਕਣਗੇ। ਆਦਮੀ ਨੇ ਦੱਸਿਆ ਕਿ ਉਸ ਨੇ ਸਾਰੇ ਪੈਸੇ ਔਰਤ ਨੂੰ ਹੀ ਦੇ ਦਿੱਤੇ ਸਨ। ਉਸ ਦੀ ਜੇਬ ਵਿਚ ਸਿਰਫ਼ ਟੈਂਪੂ ਦਾ ਕਿਰਾਇਆ ਹੈ। ਉਹ ਠੱਗੇ ਜਿਹੇ ਮਹਿਸੂਸ ਕਰਦੇ ਪਿੰਡ ਨੂੰ ਜਾਣ ਵਾਲੇ ਟੈਂਪੂ ਨੂੰ ਉਡੀਕਣ ਲੱਗੇ।ਬਹੁਤ ਸਾਰੇ ਲੋਕਾਂ ਨੇ ਕਿਸਮਤ ਚਮਕਾਉਣ ਦੀ ਖ਼ਾਤਰ ਜੋਤਸ਼ੀਆਂ ਨੂੰ ਘਰ ਲੁਟਾਏ ਹਨ ਪਰ ਜੂਨ ਨਹੀਂ ਸੁਧਰਦੀ ਕਿਉਂਕਿ ਜੋਤਸ਼ੀ ਆਪਣਾ ਤੋਰੀ-ਫੁਲਕਾ ਚਲਾਉਣ ਦੀ ਖ਼ਾਤਰ ਇਹ ਕਿੱਤਾ ਅਪਨਾਉਂਦੇ ਹਨ। ਸਾਡੇ ਦੇਸ਼ ਵਿਚ ਲੁੱਟਣ ਵਾਲਿਆਂ ਅਤੇ ਲੁਟਾਉਣ ਵਾਲਿਆਂ ਦੀ ਕੋਈ ਕਮੀ ਨਹੀਂ। ਸ਼ਾਇਦ ਇਹ ਅਨਪੜ੍ਹਤਾ ਦਾ ਅਸਰ ਹੈ ਕਿ ਹੱਥੀਂ ਕਿਰਤ ਕਰਨ ਦੀ ਥਾਂ ਅਸੀਂ ਹੱਥਾਂ ਦੀਆਂ ਰੇਖਾਵਾਂ ’ਤੇ ਵੱਧ ਵਿਸ਼ਵਾਸ ਕਰਨ ਲੱਗੇ ਹਾਂ।

ਇਨ੍ਹਾਂ ਘਟਨਾਵਾਂ ਬਾਰੇ ਸੋਚਦੀ ਹੋਈ ਮੈਂ ਘਰ ਪਹੁੰਚ ਗਈ। ਘਰ ਆ ਕੇ ਟੀਵੀ ਲਾਇਆ ਤਾਂ ਇਕ ਧਾਰਮਿਕ ਅਸਥਾਨ ’ਤੇ ਗੀਤ-ਸੰਗੀਤ ਦੇ ਪ੍ਰੋਗਰਾਮ ਚੱਲ ਰਿਹਾ ਸੀ। ਇਕ ਗਾਇਕ ਗਾ ਰਿਹਾ ਸੀ ਅਤੇ ਲੋਕ ਮੀਂਹ ਵਾਂਗ ਉਸ ਉੱਤੋਂ ਨੋਟ ਵਰ੍ਹਾ ਰਹੇ ਸਨ। ਜਿਹੜਾ ਵੀ ਕੋਈ ਉੱਠਦਾ ਇਉਂ ਨੋਟਾਂ ਦੀ ਬਰਸਾਤ ਕਰਦਾ, ਜਿਵੇਂ ਹੁਣੇ-ਹੁਣੇ ਉਸ ਦੀ ਲਾਟਰੀ ਨਿਕਲੀ ਹੋਵੇ ਅਤੇ ਉਸ ਕੋਲ ਅਥਾਹ ਧਨ ਹੋਵੇ। ਇਕ ਮੁੰਡਾ ਹੱਥ ਵਿਚ ਤੰਗਲੀ ਜਿਹੀ ਫੜ ਕੇ ਨੋਟ ਇਕੱਠੇ ਕਰ ਰਿਹਾ ਸੀ ਜਿਨ੍ਹਾਂ ਦੀਆਂ ਬੇਮੌਸਮੇ ਪਏ ਗੜਿਆਂ ਵਾਂਗੂ ਤਹਿਆਂ ਲੱਗੀਆਂ ਹੋਈਆਂ ਸਨ। ਇਕ ਵੱਡੇ ਰੁਤਬੇ ਵਾਲਾ ਦਿਸਦਾ ਆਦਮੀ ਮਹਿੰਗੇ ਅਤੇ ਭੜਕੀਲੇ ਕੱਪੜੇ ਪਹਿਨੀ, ਹੱਥਾਂ ਵਿਚ ਚਾਰ-ਪੰਜ ਮੁੰਦਰੀਆਂ ਪਾਈ ਸਟੇਜ ’ਤੇ ਸ਼ੁਸ਼ੋਭਿਤ ਸੀ। ਪਹਿਲੀ ਨਜ਼ਰ ਦੇਖਿਆਂ ਲੱਗਦਾ ਹੈ ਕਿ ਸਾਡੇ ਲੋਕਾਂ ਕੋਲ ਬਹੁਤ ਵਿਹਲ ਅਤੇ ਸੰਤੁਸ਼ਟੀ ਹੈ ਜੋ ਉਹ ਨੱਚ-ਗਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਨੂੰ ਚੜ੍ਹੀ-ਲੱਥੀ ਦੀ ਕੋਈ ਪਰਵਾਹ ਨਹੀਂ। ਸੂਬੇ ਦੀ ਆਰਥਿਕ ਹਾਲਤ ਡਾਵਾਂਡੋਲ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਮੁਲਾਜ਼ਮ ਹੜਤਾਲਾਂ ਕਰ ਰਹੇ ਹਨ। ਸਾਰਾ ਵਰਤਾਰਾ ਸਮਝੋਂ ਬਾਹਰ ਹੈ।

-ਗੁਰਸ਼ਰਨ ਕੌਰ

-ਸੰਪਰਕ : 98766-35262

Posted By: Jagjit Singh