-ਲਕਸ਼ਮੀਕਾਂਤਾ ਚਾਵਲਾ

ਦੀਵਾਲੀ ਆਈ, ਦੀਵਾਲੀ ਚਲੀ ਗਈ। ਸੁਖਾਵਾਂ ਇਹੀ ਹੈ ਕਿ ਅੱਤਵਾਦੀਆਂ ਦੁਆਰਾ ਕਈ ਤਰ੍ਹਾਂ ਦੀਆਂ ਧਮਕੀਆਂ ਮਿਲਣ ਮਗਰੋਂ ਵੀ ਭਾਰਤ ਦੇ ਸੁਰੱਖਿਆ ਬਲਾਂ ਦੀ ਹਿੰਮਤ ਅਤੇ ਸੂਝਬੂਝ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਦੂਜੇ ਪਾਸੇ ਦੀਵਾਲੀ ਤੋਂ ਕਈ ਹਫ਼ਤੇ ਪਹਿਲਾਂ ਇਹ ਚਰਚਾ ਰਹਿੰਦੀ ਹੈ ਕਿ ਪਟਾਕੇ ਚਲਾਉਣ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ। ਪ੍ਰਦੂਸ਼ਿਤ ਹਵਾ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣਦੀ ਹੈ। ਪੂਰੇ ਦੇਸ਼ ਵਿਚ ਖ਼ਾਸ ਤੌਰ 'ਤੇ ਉੱਤਰੀ ਭਾਰਤ ਵਿਚ ਪਟਾਕੇ ਨਾ ਚਲਾਉਣ ਜਾਂ ਘੱਟ ਚਲਾਉਣ ਦਾ ਸੰਦੇਸ਼ ਦੇਣ ਵਾਲੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸਕੂਲਾਂ-ਕਾਲਜਾਂ ਵਿਚ ਵੀ ਬੱਚਿਆਂ ਨੂੰ ਇਸ ਸਬੰਧ ਵਿਚ ਜਾਗਰੂਕ ਕੀਤਾ ਜਾਂਦਾ ਹੈ ਪਰ ਹੋ ਉਹੀ ਜਾਂਦਾ ਹੈ ਜੋ ਬੀਤੇ ਕਈ ਸਾਲਾਂ ਤੋਂ ਹੋ ਰਿਹਾ ਹੈ।

ਭਾਰਤ ਦੇ ਸੁਪਰੀਮ ਕੋਰਟ ਦੁਆਰਾ ਲਗਪਗ ਹਰ ਸਾਲ ਇਹ ਆਦੇਸ਼-ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਪਟਾਕੇ ਨਿਰਧਾਰਤ ਸਮਾਂ ਹੱਦ ਵਿਚ ਹੀ ਅਤੇ ਥੋੜ੍ਹੇ ਚਲਾਏ ਜਾਣ। ਇਸ ਵਾਰ ਵੀ ਇਹ ਆਦੇਸ਼ ਮਿਲਿਆ ਕਿ ਰਾਤ 8 ਤੋਂ 10 ਵਜੇ ਵਿਚਾਲੇ ਹੀ ਪਟਾਕੇ ਚੱਲਣ ਪਰ ਅਫ਼ਸੋਸ ਇਹ ਕਿ ਸੁਪਰੀਮ ਆਦੇਸ਼ ਪਟਾਕਿਆਂ ਦੇ ਧੂੰਏਂ ਅਤੇ ਧਮਾਕਿਆਂ ਵਿਚ ਹੀ ਉੱਡ ਗਏ। ਜਿਵੇਂ ਹਰ ਵਰ੍ਹੇ ਹੁੰਦਾ ਹੈ, ਦੀਵਾਲੀ ਦੇ ਬਾਅਦ ਅਖ਼ਬਾਰ ਉਹੀ ਪੁਰਾਣੀਆਂ ਖ਼ਬਰਾਂ ਦੀਆਂ ਸੁਰਖੀਆਂ ਬਣਾ ਦਿੰਦੇ ਹਨ ਕਿ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉੱਡ ਗਈਆਂ ਜਾਂ ਅਦਾਲਤੀ ਹੁਕਮ ਛਿੱਕੇ ਟੰਗ ਦਿੱਤੇ। ਇਹ ਵੀ ਟੀਵੀ ਚੈਨਲਾਂ ਵਿਚ ਦੋ-ਚਾਰ ਦਿਨ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਦਿੱਲੀ ਅਤੇ ਐੱਨਸੀਆਰ ਵਿਚ ਪ੍ਰਦੂਸ਼ਣ ਕਿੰਨਾ ਵੱਧ ਗਿਆ। ਸਰਕਾਰ ਦੁਆਰਾ ਮੁਫ਼ਤ ਮਾਸਕ ਵੰਡਣ ਦੀ ਖ਼ਬਰ ਵੀ ਫੋਟੋ ਸਹਿਤ ਦਿਖਾ ਦਿੱਤੀ ਗਈ। ਹੈਰਾਨੀ ਇਹ ਵੀ ਹੈ ਕਿ ਇਹ ਚਿੰਤਾ ਦਿੱਲੀ ਐੱਨਸੀਆਰ ਦੀ ਹੀ ਜ਼ਿਆਦਾ ਕਿਉਂ ਕੀਤੀ ਜਾਂਦੀ ਹੈ? ਪਟਾਕੇ ਪੂਰੇ ਮੁਲਕ ਵਿਚ ਚੱਲਦੇ ਹਨ। ਧੂੰਆਂ ਪੂਰੇ ਦੇਸ਼ ਦੇ ਆਕਾਸ਼ ਵਿਚ ਫੈਲਦਾ ਹੈ। ਸਾਹ ਤੇ ਦਿਲ ਦੇ ਰੋਗਾਂ ਦੇ ਮਰੀਜ਼ ਸਭ ਜਗ੍ਹਾ ਸੰਕਟ ਵਿਚ ਪੈ ਜਾਂਦੇ ਹਨ ਪਰ ਚਰਚਾ ਸਿਰਫ਼ ਦਿੱਲੀ ਦੀ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਉਹ ਦੇਸ਼ ਦੀ ਰਾਜਧਾਨੀ ਹੈ। ਹੁਣ ਤਾਂ ਹਵਾ ਪ੍ਰਦੂਸ਼ਣ ਦੇ ਸਬੰਧ ਵਿਚ ਕੀਤੇ ਗਏ ਇਕ ਅਧਿਐਨ ਨੇ ਇਹੀ ਸਿੱਟਾ ਕੱਢ ਦਿੱਤਾ ਹੈ ਕਿ ਉੱਤਰੀ ਭਾਰਤੀ ਵਿਚ ਜ਼ਹਿਰੀਲੀ ਹਵਾ ਕਾਰਨ ਗੰਗਾ ਦੇ ਮੈਦਾਨੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਉਮਰ ਸੱਤ ਸਾਲ ਤਕ ਘੱਟ ਹੋ ਗਈ ਹੈ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਉੱਤਰੀ ਭਾਰਤ ਵਿਚ ਪ੍ਰਦੂਸ਼ਣ ਅਤੇ ਬਾਕੀ ਭਾਰਤ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਉੱਤਰੀ ਭਾਰਤ ਦੇ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਪੰਜਾਬ, ਪੱਛਮੀ ਬੰਗਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹਨ ਜਿੱਥੇ ਪ੍ਰਦੂਸ਼ਣ ਦੀ ਕਾਫ਼ੀ ਮਾਰ ਪੈ ਰਹੀ ਹੈ।

'ਦਿ ਐਨਰਜੀ ਪਾਲਿਸੀ ਇੰਸਟੀਚਿਊਟ ਐਂਡ ਯੂਨੀਵਰਸਿਟੀ ਆਫ ਸ਼ਿਕਾਗੋ' ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ ਏਅਰ ਕੁਆਲਿਟੀ ਲਾਈਫ ਇੰਡੈਕਸ ਮੁਤਾਬਕ ਹਵਾ ਪ੍ਰਦੂਸ਼ਣ 72 ਫ਼ੀਸਦੀ ਤਕ ਵੱਧ ਗਿਆ ਜਿਸ ਕਾਰਨ ਉੱਤਰੀ ਭਾਰਤ ਵਿਚ ਰਹਿਣ ਵਾਲੇ ਲੋਕਾਂ ਦਾ ਜੀਵਨ ਸੱਤ ਸਾਲ ਤਕ ਘੱਟ ਹੋ ਗਿਆ। ਇੱਥੇ ਦੋ ਮੁੱਖ ਪ੍ਰਸ਼ਨ ਵਿਚਾਰਨਯੋਗ ਹਨ। ਪਹਿਲਾ ਤਾਂ ਇਹ ਕਿ ਆਖ਼ਰ ਕਿਉਂ ਦੇਸ਼ ਦੇ ਸ਼ਾਸਕ-ਪ੍ਰਸ਼ਾਸਕ ਅਦਾਲਤ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਲਾਗੂ ਨਹੀਂ ਕਰਵਾ ਪਾਉਂਦੇ? ਸਵਾਲ ਇਹ ਵੀ ਹੈ ਕਿ ਸੁਪਰੀਮ ਕੋਰਟ ਦੁਆਰਾ ਜਨਤਾ ਨੂੰ ਸਮਝੇ ਬਿਨਾਂ ਜੋ ਸਮਾਂ ਹੱਦ ਤੈਅ ਕੀਤੀ ਜਾਂਦੀ ਹੈ ਉਹ ਕਿੰਨੀ ਉੱਚਿਤ ਹੈ ਭਾਵੇਂ ਵਿਚਾਰਨਯੋਗ ਇਹ ਵੀ ਹੈ ਕਿ ਸਾਰੇ ਜਾਣਦੇ ਹਨ ਕਿ ਪਟਾਕਿਆਂ ਦਾ ਧੂੰਆਂ ਕਿਸੇ ਦੀ ਵੀ ਸਿਹਤ ਲਈ ਚੰਗਾ ਨਹੀਂ। ਪ੍ਰਦੂਸ਼ਣ ਦਾ ਵਧਣਾ ਅਰਥਾਤ ਉਮਰ ਦਾ ਘਟਣਾ ਹੈ। ਫਿਰ ਵੀ ਆਮ ਜਨਤਾ ਖ਼ੁਦ ਹੀ ਇਹ ਵਿਚਾਰ ਕਿਉਂ ਨਹੀਂ ਕਰ ਲੈਂਦੀ ਕਿ ਪਟਾਕੇ ਬਹੁਤ ਘੱਟ ਚਲਾਏ ਜਾਣ। ਸੱਚਾਈ ਇਹ ਵੀ ਹੈ ਕਿ ਚੋਣਾਂ ਜਿੱਤਣ ਵਾਲੇ, ਚੋਣ ਲੜਨ ਵਾਲੇ, ਮਹਾਪੁਰਸ਼ਾਂ ਦੇ ਜਨਮ ਜਾਂ ਬਲੀਦਾਨ ਦਿਵਸ ਮਨਾਉਣ ਵਾਲੇ, ਵਿਆਹ ਆਦਿ ਉਤਸਵਾਂ 'ਤੇ ਜਸ਼ਨ ਮਨਾਉਂਦੇ ਸਮੇਂ ਸਾਰੇ ਪਟਾਕੇ ਚਲਾਉਂਦੇ ਹਨ ਪਰ ਚਰਚਾ ਸਿਰਫ਼ ਦੀਵਾਲੀ ਦੀ ਹੁੰਦੀ ਹੈ। ਦੁਸਹਿਰੇ ਮੌਕੇ ਵੀ ਰਾਵਣ ਦੇ ਅਜਿਹੇ ਪੁਤਲੇ ਸਾੜੇ ਜਾਂਦੇ ਹਨ ਜਿਨ੍ਹਾਂ ਵਿਚ ਵੱਡੀ ਮਾਤਰਾ ਵਿਚ ਪਟਾਕੇ ਲਗਾਏ ਹੁੰਦੇ ਹਨ। ਦੁਸਹਿਰਾ ਮਨਾਉਣ ਵਾਲੇ ਇਸ ਦੌੜ ਵਿਚ ਲੱਗੇ ਰਹਿੰਦੇ ਹਨ ਕਿ ਉਨ੍ਹਾਂ ਦੁਆਰਾ ਸਾੜਿਆ ਜਾ ਰਿਹਾ ਰਾਵਣ ਦਾ ਪੁਤਲਾ ਜ਼ਿਆਦਾ ਪਟਾਕਿਆਂ ਵਾਲਾ ਹੋਵੇ। ਪ੍ਰਦੂਸ਼ਣ ਤਾਂ ਪੂਰਾ ਸਾਲ ਹੁੰਦਾ ਹੈ, ਚਰਚਾ ਸਿਰਫ਼ ਦੀਵਾਲੀ ਦੇ ਆਲੇ-ਦੁਆਲੇ ਰਹਿੰਦੀ ਹੈ।

ਜਾਗਰੂਕ ਨਾਗਰਿਕ ਇਹ ਵੀ ਪੁੱਛਦੇ ਹਨ ਕਿ ਪ੍ਰਦੂਸ਼ਣ ਕੀ ਸਿਰਫ਼ ਪਟਾਕਿਆਂ ਕਾਰਨ ਹੁੰਦਾ ਹੈ। ਜਦ ਦੇਸ਼ ਵਿਚ ਇਕ ਤਿਉਹਾਰ ਮਨਾਉਣ ਲਈ ਲੱਖਾਂ ਜੀਵ ਕੱਟੇ ਜਾਂਦੇ ਹਨ, ਉਦੋਂ ਵੀ ਤਾਂ ਪ੍ਰਦੂਸ਼ਣ ਹੁੰਦਾ ਹੈ। ਉਸ 'ਤੇ ਚਰਚਾ ਕਿਉਂ ਨਹੀਂ? ਉਸ ਨੂੰ ਬੰਦ ਕਿਉਂ ਨਹੀਂ ਕੀਤਾ ਜਾਂਦਾ? ਸੱਚਾਈ ਤਾਂ ਇਹ ਹੈ ਕਿ ਦੇਸ਼ ਵਿਚ ਇਕ ਇਹ ਵੀ ਮਾਨਸਿਕਤਾ ਬਣ ਗਈ ਹੈ ਕਿ ਜੋ ਕੰਮ ਬਹੁਤ ਵੱਧ ਗਿਣਤੀ ਵਿਚ ਲੋਕ ਕਰ ਲੈਣ, ਉਹ ਕਦੇ ਅਪਰਾਧ ਮੰਨਿਆ ਹੀ ਨਹੀਂ ਜਾਂਦਾ। ਸੁਪਰੀਮ ਕੋਰਟ ਦਾ ਹੀ ਇਕ ਹੁਕਮ ਹੈ ਕਿ ਸੌਣ ਦਾ ਅਧਿਕਾਰ ਸਭ ਨੂੰ ਹੈ, ਇਸ ਲਈ ਸਾਰੀ-ਸਾਰੀ ਰਾਤ ਜਨਤਕ ਥਾਵਾਂ ਅਤੇ ਹੋਰ ਕਿਤੇ ਵੀ ਲਾਊਡ ਸਪੀਕਰ ਲਗਾ ਕੇ ਸ਼ੋਰ ਨਾ ਮਚਾਇਆ ਜਾਵੇ। ਉਸ ਦੇ ਲਈ ਵੀ ਘੰਟੇ ਤੈਅ ਹਨ ਅਤੇ ਆਵਾਜ਼ ਕਿੰਨੀ ਉੱਚੀ ਰੱਖਣੀ ਚਾਹੀਦੀ ਹੈ, ਇਹ ਵੀ ਹਦਾਇਤ ਦਿੱਤੀ ਗਈ ਹੈ ਪਰ ਇਹ ਨਿਯਮ ਲਾਗੂ ਕਰਵਾਉਣ ਵਾਲੀ ਮਸ਼ੀਨਰੀ ਕਾਨੂੰਨ ਦੁਆਰਾ ਨਹੀਂ ਸਗੋਂ ਉਨ੍ਹਾਂ ਲੋਕਾਂ ਦੁਆਰਾ ਸੰਚਾਲਿਤ ਹੈ ਜਿਨ੍ਹਾਂ ਦੇ ਚੋਣਾਂ ਵਿਚ ਵੋਟਾਂ ਲੈਣੀਆਂ ਹਨ ਅਤੇ ਵੋਟਰ ਜੇ ਸ਼ੋਰ ਮਚਾਉਣਾ ਹੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਰੋਕਣ ਲਈ ਉਹ ਪੂਰੀ ਤਰ੍ਹਾਂ ਤਿਆਰ ਹੀ ਨਹੀਂ। ਅਨੇਕਾਂ ਮਿਸਾਲਾਂ ਅਜਿਹੀਆਂ ਹਨ ਜਦ ਖੇਤਰ ਦੇ ਪੁਲਿਸ ਤੇ ਪ੍ਰਸ਼ਾਸਕੀ ਅਧਿਕਾਰੀ ਉੱਚੀ ਆਵਾਜ਼ ਵਿਚ ਸ਼ੋਰ ਪ੍ਰਦੂਸ਼ਣ ਕਰਨ ਵਾਲੇ ਲਾਊਡ ਸਪੀਕਰ ਬੰਦ ਕਰਵਾਉਣੇ ਵੀ ਚਾਹੁਣ ਤਾਂ ਕਿਸੇ ਵਿਧਾਇਕ ਜਾਂ ਮੰਤਰੀ ਦਾ ਜ਼ੁਬਾਨੀ ਹੁਕਮ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਕਾਨੂੰਨ ਲਾਗੂ ਕਰਨ ਤੋਂ ਰੋਕਦਾ ਹੈ ਅਤੇ ਸੌਣ ਦਾ ਅਧਿਕਾਰ ਆਮ ਲੋਕਾਂ ਤੋਂ ਖੋਹ ਲਿਆ ਜਾਂਦਾ ਹੈ।

ਰਾਸ਼ਟਰੀ ਰਾਜਮਾਰਗ 'ਤੇ ਕੋਈ ਸ਼ਰਾਬ ਦਾ ਠੇਕਾ ਨਾ ਹੋਵੇ, ਇਹ ਵੀ ਅਦਾਲਤਾਂ ਦਾ ਹੀ ਹੁਕਮ ਸੀ ਪਰ ਸਰਕਾਰਾਂ ਨੇ ਮਾਲੀਏ ਦੇ ਮੋਹ ਵਿਚ ਕਾਨੂੰਨ ਹੀ ਬਦਲ ਦਿੱਤੇ ਜਾਂ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਦੇਖਣਾ ਛੱਡ ਦਿੱਤਾ। ਰਾਸ਼ਟਰੀ ਰਾਜਮਾਰਗਾਂ ਦਾ ਜੋ ਵੀ ਹਿੱਸਾ ਨਗਰਾਂ-ਮਹਾਨਗਰਾਂ ਦੀ ਹੱਦ ਤੋਂ ਨਿਕਲਦਾ ਹੈ, ਉੱਥੇ ਠੇਕੇ-ਅਹਾਤੇ ਚਲਾਉਣ ਦੀ ਆਗਿਆ ਦੇ ਦਿੱਤੀ ਗਈ। ਤਰਕ ਇਹ ਦਿੱਤਾ ਕਿ ਇਹ ਤਾਂ ਨਿਗਮ ਜਾਂ ਨਗਰ ਪਾਲਿਕਾ ਦਾ ਖੇਤਰ ਹੈ। ਭਾਵੇਂ ਅਦਾਲਤਾਂ ਵਾਰ-ਵਾਰ ਕਹਿ ਚੁੱਕੀਆਂ ਹਨ ਅਤੇ ਇਹ ਕੌੜਾ ਸੱਚ ਹੈ ਕਿ ਸ਼ਰਾਬ ਪੀਣ-ਪਿਲਾਉਣ ਵਾਲੇ ਡਰਾਈਵਰਾਂ ਕਾਰਨ ਸੜਕ ਹਾਦਸੇ ਵੱਧ ਮਾਤਰਾ ਵਿਚ ਹੁੰਦੇ ਹਨ ਪਰ ਗੱਲ ਉਹੀ ਸਰਕਾਰਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸਾਡੀਆਂ ਮਾਨਯੋਗ ਅਦਾਲਤਾਂ ਹੁਕਮ ਦੇ ਸਕਦੀਆਂ ਹਨ ਪਰ ਉਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣਾ ਜਿਸ ਪ੍ਰਸ਼ਾਸਕੀ-ਤੰਤਰ ਦਾ ਕੰਮ ਹੈ, ਉਹ ਖਾਮੋਸ਼ ਰਹਿੰਦਾ ਹੈ, ਅਣਦੇਖੀ ਕਰਦਾ ਹੈ ਜਾਂ ਖ਼ੁਦ ਨੂੰ ਬੇਵੱਸ ਮਹਿਸੂਸ ਕਰਦਾ ਹੈ। ਬਹੁਤ ਪੁਰਾਣੀ ਗੱਲ ਨਹੀਂ ਜਦ ਸਬਰੀਮਾਲਾ ਮੰਦਰ ਵਿਚ ਔਰਤਾਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਪਰ ਪੂਰੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਮਗਰੋਂ ਵੀ ਕਰਨਾਟਕ ਸਰਕਾਰ ਔਰਤਾਂ ਨੂੰ ਮੰਦਰ ਵਿਚ ਨਹੀਂ ਭੇਜ ਸਕੀਆਂ। ਬਦਕਿਸਮਤੀ ਨਾਲ ਸਾਡੇ ਨੇਤਾ ਅਤੇ ਪਤਵੰਤੇ ਭਾਸ਼ਣ ਦੇਣ, ਫੋਟੋਆਂ ਖਿਚਵਾਉਣ ਅਤੇ ਰਸਮਾਂ ਨਿਭਾਉਣ ਵਿਚ ਵੱਧ ਭਰੋਸਾ ਰੱਖਦੇ ਹਨ।

ਕੌਣ ਨਹੀਂ ਜਾਣਦਾ ਕਿ ਰੁੱਖ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ। ਕੌਣ ਨਹੀਂ ਜਾਣਦਾ ਕਿ ਜੀਵਨ ਲਈ ਜ਼ਰੂਰੀ ਸ਼ੁੱਧ ਹਵਾ ਰੁੱਖਾਂ ਤੋਂ ਮਿਲਦੀ ਹੈ। ਹਰਿਆਲੀ ਚੰਗੀ ਸਿਹਤ ਦਿੰਦੀ ਹੈ। ਫਿਰ ਵੀ ਪੰਜਾਬ ਅਤੇ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਸੜਕਾਂ ਬਣਾਉਣ ਲਈ ਰੁੱਖ ਕੱਟੇ ਗਏ। ਕਿਤੇ-ਕਿਤੇ ਤਾਂ ਸ਼ੌਕ ਪੂਰਾ ਕਰਨ ਅਤੇ ਆਪਣੇ ਮਹਿਲ, ਪੈਲੇਸ, ਰਿਜ਼ਾਰਟ ਬਣਾਉਣ ਲਈ ਵੀ ਕੁਝ ਹੁਕਮਰਾਨਾਂ ਨੇ ਬੇਰਹਿਮੀ ਨਾਲ ਰੁੱਖ ਵੱਢੇ।

ਵੱਢੇ ਗਏ ਰੁੱਖਾਂ ਦੀ ਜਗ੍ਹਾ ਨਵੇਂ ਪੌਦੇ ਲਗਾਉਣ ਦਾ ਉਨ੍ਹਾਂ ਨੂੰ ਖ਼ਿਆਲ ਨਹੀਂ ਕਿਉਂਕਿ ਇਸ ਦੇਸ਼ ਦੇ ਜ਼ਿਆਦਾਤਰ ਸ਼ਾਸਕ ਬੇਥਵੇ ਹਨ। ਉਨ੍ਹਾਂ ਨੂੰ ਕਾਬੂ ਕਰਨ ਵਾਲਾ ਕੋਈ ਨਹੀਂ। ਜਿਨ੍ਹਾਂ ਨੂੰ ਜਨ ਸੇਵਕ ਹੋਣਾ ਚਾਹੀਦਾ ਹੈ, ਉਹ ਜਨਤਾ ਦੇ ਸ਼ਾਸਕ ਹੀ ਨਹੀਂ, ਕਿਸਮਤ ਬਣਾਉਣ ਵਾਲੇ ਵੀ ਬਣ ਚੁੱਕੇ ਹਨ। ਇਸ ਲਈ ਅੱਜ ਦਾ ਵਿਚਾਰਨਯੋਗ ਵਿਸ਼ਾ ਇਹ ਹੈ ਕਿ ਅਸੀਂ ਆਪਣੀ ਕਿਸਮਤ ਦੇ ਨਿਰਮਾਤਾ ਖ਼ੁਦ ਬਣੀਏ। ਘਰਾਂ ਦੀਆਂ ਛੱਤਾਂ, ਵਿਹੜੇ ਤੋਂ ਹਰਿਆਲੀ ਦਾ ਆਗਾਜ਼ ਕਰੀਏ। ਜਿੱਥੋਂ ਤਕ ਸੰਭਵ ਹੋਵੇ, ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰੀਏ। ਪਟਾਕੇ ਹੀ ਨਹੀਂ, ਸਿਗਰਟ ਦਾ ਧੂੰਆਂ ਵੀ ਬੰਦ ਕਰਵਾਈਏ ਅਤੇ ਜੀਵ ਹੱਤਿਆ ਵੀ ਰੋਕੀਏ। ਜਿਸ ਪ੍ਰਦੂਸ਼ਿਤ ਹਵਾ ਕਾਰਨ ਆਮ ਲੋਕਾਂ ਦੀ ਉਮਰ ਘੱਟ ਹੋ ਰਹੀ ਹੈ, ਉਸ ਨੂੰ ਸ਼ੁੱਧ ਕਰਨ ਦਾ ਕੰਮ ਵੀ ਸਾਨੂੰ ਖ਼ੁਦ ਕਰਨਾ ਪੈਣਾ ਹੈ।

-(ਲੇਖਿਕਾ ਭਾਜਪਾ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਹੈ)।

-ਮੋਬਾਈਲ ਨੰ. : 94172-76242

Posted By: Sukhdev Singh