ਅੱਜਕੱਲ੍ਹ ਮਨੁੱਖਾਂ ਦਾ ਰੁੱਖਾਂ ਪ੍ਰਤੀ ਰੁੱਖਾਪਣ ਜ਼ਿਆਦਾ ਹੀ ਵੱਧ ਰਿਹਾ ਹੈ। ਹੁਣ ਅਸੀਂ ਰੁੱਤਾਂ ਦਾ ਸਵਾਗਤ ਕਰਨਾ ਭੁੱਲਦੇ ਜਾ ਰਹੇ ਹਾਂ। ਰੁੱਖਾਂ ਦੀਆਂ ਠੰਢੀਆਂ-ਮਿੱਠੀਆਂ ਛਾਵਾਂ ਅਤੇ ਰੁੱਤਾਂ ਦੀ ਰੌਚਕਤਾ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਇਸੇ ਲਈ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਲੋਪ ਹੋ ਗਈਆਂ ਹਨ। ਬਜ਼ੁਰਗਾਂ ਕੋਲੋਂ ਸੁਣਿਆ-ਪੜ੍ਹਿਆ ਹੈ ਕਿ ਭਲਿਆਂ ਵੇਲਿਆਂ 'ਚ ਛੇ ਰੁੱਤਾਂ ਹੁੰਦੀਆਂ ਸਨ ਜੋ ਸਾਡੇ ਜੀਵਨ 'ਚ ਵਿਸ਼ੇਸ਼ ਰੰਗ ਭਰਦੀਆਂ ਸਨ ਪਰ ਹੁਣ ਰੁੱਤਾਂ ਹੀ ਚਾਰ ਰਹਿ ਗਈਆਂ ਹਨ ਜਿਵੇਂ ਕਿ ਪੱਤਝੜ, ਬਸੰਤ, ਸਰਦ ਤੇ ਗਰਮ ਰੁੱਤ ਜਿਸ ਦੀ ਆਮਦ ਸ਼ੁਰੂ ਹੋ ਗਈ ਹੈ। ਅਸੀਂ ਇਨ੍ਹਾਂ ਚਾਰਾਂ ਰੁੱਤਾਂ ਦਾ ਵੀ ਸਵਾਗਤ ਕਰਨਾ ਭੁੱਲਦੇ ਜਾ ਰਹੇ ਹਾਂ। ਅਸੀਂ ਇਨ੍ਹਾਂ ਦੇ ਸਵਾਗਤ ਦੀ ਥਾਂ ਇਨ੍ਹਾਂ ਦੀ ਖ਼ੂਬਸੂਰਤੀ ਨੂੰ ਧੂੰਏਂ, ਧੂੜ-ਮਿੱਟੀ ਰਾਹੀਂ ਪਲੀਤ ਕਰ ਕੇ ਬਦਸੂਰਤ ਬਣਾ ਰਹੇ ਹਾਂ। ਅਸੀਂ ਪੁਰਾਣੀਆਂ ਰਸਮਾਂ, ਰਵਾਇਤਾਂ ਜਿਨ੍ਹਾਂ ਦੇ ਕੋਈ ਨਾ ਕੋਈ ਅਰਥ ਹੁੰਦੇ ਸਨ, ਉਨ੍ਹਾਂ ਨੂੰ ਆਧੁਨਿਕਤਾ ਦੇ ਦੌਰ ਵਿਚ ਭੁੱਲਦੇ ਜਾ ਰਹੇ ਹਾਂ। ਅਸੀਂ ਸਾਹ ਲੈਣ ਵਾਲੀ ਹਵਾ ਨੂੰ ਹੀ ਅਸ਼ੁੱਧ ਕਰੀ ਜਾ ਰਹੇ ਹਾਂ। ਰੁੱਤਾਂ ਨਾਲ ਟੱਕਰ ਲੈਣੀ ਮਨੁੱਖਤਾ ਲਈ ਘਾਟੇ ਦਾ ਵਣਜ ਹੈ। ਜਦੋਂ ਰੁੱਤਾਂ, ਮੌਸਮਾਂ ਨੇ ਵਿਰਾਟ ਰੂਪ ਧਾਰ ਲਿਆ ਤਾਂ ਮਨੁੱਖ ਕੋਲ ਉਸ ਹਾਲਾਤ ਨਾਲ ਸਿੱਝਣ ਦਾ ਕੋਈ ਢੰਗ-ਤਰੀਕਾ ਨਹੀਂ ਹੋਣਾ। ਅਸੀਂ ਜਨਮ ਤੋਂ ਲੈ ਕੇ ਅੰਤ ਤਕ ਕਾਦਰ ਦੀ ਕੁਦਰਤ ਦੇ ਦੇਣਦਾਰ ਹਾਂ। ਆਓ! ਰੁੱਤਾਂ, ਮੌਸਮਾਂ ਦਾ ਆਦਰ-ਸਤਿਕਾਰ ਕਰੀਏ। ਕਾਦਰ ਦੀ ਕੁਦਰਤ ਵੱਲੋਂ ਮਨੁੱਖਤਾ ਲਈ ਬਖ਼ਸ਼ੀਆਂ ਕੁਦਰਤੀ ਸਰੋਤਾਂ ਰੂਪੀ ਦਾਤਾਂ ਨੂੰ ਗੰਧਲਾ ਕਰਨ ਤੋਂ ਬਚਾਉਣ ਲਈ ਜ਼ੋਰਦਾਰ ਉਪਰਾਲੇ ਕਰੀਏ। ਆਓ! ਵਧੀਆ ਅਤੇ ਸਾਫ਼-ਸੁਥਰਾ ਜੀਵਨ ਜਿਊਣ ਲਈ ਰਲ-ਮਿਲ ਕੇ ਹੰਭਲਾ ਮਾਰੀਏ। ਅੱਜ ਲੋੜ ਹੈ ਕੁਦਰਤ ਨਾਲ ਅਪਣੱਤ ਪੈਦਾ ਕਰਨ ਦੀ। ਉਸ ਨਾਲ ਸੰਤੁਲਨ ਬਣਾਉਣ ਦੀ। ਜੇ ਸਾਡਾ ਸ਼ੁੱਧ ਪਾਣੀ ਤੇ ਸ਼ੁੱਧ ਹਵਾ ਨਾਲੋਂ ਸੰਪਰਕ ਟੁੱਟ ਗਿਆ, ਫਿਰ ਸਮਝੋ ਇਸ ਸੰਸਾਰ ਨਾਲੋਂ ਵੀ ਨਾਤਾ ਟੁੱਟ ਗਿਆ। ਰੁੱਤਾਂ ਨੂੰ ਰੰਗੀਨ-ਹੁਸੀਨ ਬਣਨ ਦਿਓ। ਪੌਣ-ਪਾਣੀ ਦੀ ਸਾਂਭ-ਸੰਭਾਲ ਵਾਸਤੇ ਜਨਤਾ ਨੂੰ ਹਲੂਣਾ ਦੇਣ ਲਈ ਕਈ ਸੰਸਥਾਵਾਂ, ਵਿਭਾਗਾਂ ਵੱਲੋਂ ਸੈਮੀਨਾਰ ਲਾਉਣੇ ਪੈ ਰਹੇ ਹਨ। ਇਨ੍ਹਾਂ ਸੈਮੀਨਾਰਾਂ ਦੀ ਲੋੜ ਹੀ ਨਾ ਪਵੇ ਜੇ ਅਸੀਂ ਆਪਣਾ ਫ਼ਰਜ਼ ਸਮਝ ਕੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰੀਏ। ਇਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲੀਏ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਹਰ ਰੁੱਤ ਦਾ ਘਰ ਆਏ ਮਹਿਮਾਨ ਵਾਂਗ ਸਵਾਗਤ ਕਰੀਏ। ਆਲੇ-ਦੁਆਲੇ ਨੂੰ ਖ਼ੁਸ਼ਬੋਆਂ, ਮੁਹੱਬਤਾਂ ਨਾਲ ਭਰੀਏ। ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਰੱਖਣ ਵਾਲੇ ਲੋਕਾਂ ਦੀ ਸੋਚਣੀ ਵੀ ਵੱਡੀ ਹੁੰਦੀ ਹੈ। ਉਨ੍ਹਾਂ ਦਾ ਤਨ-ਮਨ ਤੰਦਰੁਸਤ ਰਹਿੰਦਾ ਹੈ। ਆਤਮਾ ਸ਼ੁੱਧਤਾ ਨਾਲ ਭਰੀ ਹੁੰਦੀ ਹੈ। ਇਸ ਲਈ, ਆਓ! ਸਾਰੇ ਜਣੇ ਰਲ ਕੇ ਹਰ ਰੁੱਤ ਨੂੰ ਚਾਈਂ-ਚਾਈਂ 'ਜੀ ਆਇਆਂ ਨੂੰ' ਕਹੀਏ ਅਤੇ ਕੁਦਰਤ ਨੂੰ ਪੂਰੀ ਤਰ੍ਹਾਂ ਮਾਣੀਏ।

-ਸਨੇਹਇੰਦਰ ਸਿੰਘ ਮੀਲੂ, ਫਰੌਰ। ਮੋਬਾਈਲ ਨੰ. : 95308-85356

Posted By: Rajnish Kaur