ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਮਕਬੂਜ਼ਾ ਕਸ਼ਮੀਰ ਵਿਚ ਵੀ ਜਲਦ ਤਿਰੰਗਾ ਲਹਿਰਾਏਗਾ। ਹੁਣ ਪੂਰੀ ਦੁਨੀਆ ਪਾਕਿਸਤਾਨ ਦਾ ਝੂਠ ਜਾਣ ਚੁੱਕੀ ਹੈ। ਆਲਮੀ ਪੱਧਰ 'ਤੇ ਇਮਰਾਨ ਖ਼ਾਨ ਨੂੰ ਕੋਈ ਸਹਾਰਾ ਨਹੀਂ ਮਿਲ ਰਿਹਾ।

ਮਕਬੂਜ਼ਾ ਕਸ਼ਮੀਰ ਦੇ ਗਿਲਗਿਤ ਅਤੇ ਬਾਲਟਿਸਤਾਨ ਵਿਚ ਲੋਕ ਭੁੱਖਮਰੀ ਅਤੇ ਗ਼ੁਰਬਤ ਨਾਲ ਜੂਝ ਰਹੇ ਹਨ। ਉੱਥੇ ਸਿਰਫ਼ ਦਹਿਸ਼ਤਗਰਦੀ ਦਾ ਬੋਲਬਾਲਾ ਹੈ। ਪਾਕਿਸਤਾਨ ਨੇ ਉੱਥੋਂ ਦੇ ਲੋਕਾਂ ਨੂੰ ਭੜਕਾਇਆ ਹੈ ਕਿ ਭਾਰਤ ਦਾ ਮਕਸਦ ਮੁਸਲਮਾਨਾਂ ਦਾ ਘਾਣ ਕਰਨਾ ਹੈ ਜਦੋਂਕਿ ਉਸ ਦੀ ਆਪਣੀ ਫ਼ੌਜ ਉੱਥੇ ਲੋਕਾਂ 'ਤੇ ਜ਼ੁਲਮ ਢਾਹੁੰਦੀ ਹੈ। ਲੋਕਾਂ ਕੋਲ ਬਹੁਤ ਸੀਮਤ ਅਧਿਕਾਰ ਹਨ। ਸਿੱਖਿਆ ਦਾ ਬੁਰਾ ਹਾਲ ਹੈ। ਵਿਦਿਆਰਥੀਆਂ ਨੂੰ ਸਕੂਲਾਂ ਵਿਚ ਕੈਦ ਕੀਤਾ ਜਾਂਦਾ ਹੈ।

ਮਕਬੂਜ਼ਾ ਕਸ਼ਮੀਰ ਦਾ ਕੁੱਲ ਰਕਬਾ ਤਕਰੀਬਨ 13 ਹਜ਼ਾਰ ਵਰਗ ਕਿਲੋਮੀਟਰ (ਕਸ਼ਮੀਰ ਨਾਲੋਂ 3 ਗੁਣਾ ਵੱਡਾ) ਹੈ ਜਿੱਥੇ ਤਕਰੀਬਨ 30 ਲੱਖ ਲੋਕ ਰਹਿੰਦੇ ਹਨ। ਪੀਓਕੇ ਦੇ ਪੱਛਮ ਵਿਚ ਪਾਕਿਸਤਾਨ ਅਤੇ ਖੈਬਰ ਪਖਤੂਨਖਵਾ, ਉੱਤਰ-ਪੱਛਮ ਵਿਚ ਅਫ਼ਗਾਨਿਸਤਾਨ ਦਾ ਵਖਾਨ ਕੋਰੀਡੋਰ, ਉੱਤਰ ਵਿਚ ਚੀਨ ਦਾ ਜਿਨਜਿਆਂਗ ਖ਼ੁਦਮੁਖਤਾਰ ਖੇਤਰ ਅਤੇ ਪੂਰਬ ਵਿਚ ਜੰਮੂ-ਕਸ਼ਮੀਰ ਅਤੇ ਚੀਨ ਹੈ। ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਪ੍ਰਸ਼ਾਸਕੀ ਤੌਰ 'ਤੇ 2 ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਪਾਕਿਸਤਾਨ ਦੀ ਮਕਬੂਜ਼ਾ ਕਸ਼ਮੀਰ ਬਾਰੇ ਦੋਹਰੀ ਨੀਤੀ ਹੈ।

ਇਕ ਪਾਸੇ ਉਹ ਉਸ ਨੂੰ ਆਜ਼ਾਦ ਕਸ਼ਮੀਰ ਕਹਿੰਦਾ ਹੈ, ਦੂਜੇ ਪਾਸੇ ਉੱਥੇ ਪ੍ਰਸ਼ਾਸਨ ਅਤੇ ਰਾਜਨੀਤੀ ਵਿਚ ਸਿੱਧੀ ਦਖ਼ਲਅੰਦਾਜ਼ੀ ਕਰ ਕੇ ਸਮਾਜਿਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰ ਰਿਹਾ ਹੈ। ਮਕਬੂਜ਼ਾ ਕਸ਼ਮੀਰ ਦੇ ਨੇਤਾ ਇਸਲਾਮਾਬਾਦ ਤੋਂ ਰਿਮੋਟ ਕੰਟਰੋਲ ਨਾਲ ਚੱਲਦੇ ਹਨ। ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰ ਕੇ ਆਪਣੀ ਕੂਟਨੀਤੀ ਨਾਲ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਭਾਰਤ ਨੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਪੂਰਾ ਕਸ਼ਮੀਰ ਭਾਰਤ ਦਾ ਹੈ। ਪਾਕਿਸਤਾਨ ਦੇ ਹੁਕਮਰਾਨਾਂ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਖ਼ਤ ਸੰਦੇਸ਼ ਦਿੰਦੀਆਂ ਆਖਿਆ ਹੈ ਕਿ ਮਕਬੂਜ਼ਾ ਕਸ਼ਮੀਰ ਬਾਰੇ ਸਾਡੀ ਸਪੱਸ਼ਟ ਨੀਤੀ ਹੈ ਕਿ ਇਹ ਭਾਰਤ ਦਾ ਹਿੱਸਾ ਹੈ।

ਇਕ ਦਿਨ ਮਕਬੂਜ਼ਾ ਕਸ਼ਮੀਰ ਵੀ ਭਾਰਤ ਦੇ ਸ਼ਾਸਨ ਅਧੀਨ ਹੋਵੇਗਾ। ਛੱਬੀ ਅਕਤੂਬਰ 1947 ਨੂੰ ਜੰਮੂ-ਕਸ਼ਮੀਰ ਦੇ ਤਤਕਾਲੀ ਸ਼ਾਸਕ ਮਹਾਰਾਜਾ ਹਰੀ ਸਿੰਘ ਨੇ ਆਪਣੀ ਰਿਆਸਤ ਨੂੰ ਭਾਰਤ ਨਾਲ ਮਿਲਾਉਣ ਸਬੰਧੀ ਕਰਾਰ 'ਤੇ ਦਸਤਖ਼ਤ ਕੀਤੇ ਸਨ। ਗਵਰਨਰ ਜਨਰਲ ਮਾਊਂਟਬੇਟਨ ਨੇ ਇਸ ਨੂੰ 27 ਅਕਤੂਬਰ ਨੂੰ ਮਨਜ਼ੂਰੀ ਦਿੱਤੀ ਸੀ।

ਇਸ ਦੇ ਲਈ ਨਾ ਤਾਂ ਕੋਈ ਸ਼ਰਤ ਸੀ ਅਤੇ ਨਾ ਹੀ ਵਿਸ਼ੇਸ਼ ਦਰਜੇ ਦੀ ਮੰਗ। ਜਿਵੇਂ ਹੀ ਇਸ ਕਾਨੂੰਨੀ ਦਸਤਾਵੇਜ਼ 'ਤੇ ਦਸਤਖ਼ਤ ਹੋਏ, ਮਕਬੂਜ਼ਾ ਕਸ਼ਮੀਰ ਸਮੇਤ ਪੂਰਾ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਬਣ ਗਿਆ। ਇਸ ਤੋਂ ਸਾਫ਼ ਹੈ ਕਿ ਪੂਰੇ ਦਾ ਪੂਰਾ ਕਸ਼ਮੀਰ ਭਾਰਤ ਦਾ ਹੈ। ਜਿਵੇਂ ਹੀ ਭਾਰਤ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਖ਼ਤਮ ਕੀਤੀ, ਪਾਕਿ ਨੇ ਯੂਐੱਨਓ ਵਿਚ ਚੀਨ ਦੀ ਮਦਦ ਨਾਲ ਰੌਲਾ ਪਾਇਆ ਪਰ ਉਸ ਦੇ ਝੂਠ ਦਾ ਕਿਸੇ ਨੇ ਸਾਥ ਨਹੀਂ ਦਿੱਤਾ।

ਮੁਸਲਿਮ ਮੁਲਕ ਵੀ ਭਾਰਤ ਨਾਲ ਖੜ੍ਹੇ ਨਜ਼ਰ ਆਏ। ਯੂਐੱਨਓ ਨੇ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਕਸ਼ਮੀਰ ਦੋਵਾਂ ਦੇਸ਼ਾਂ ਦਾ ਆਪਸੀ ਮਸਲਾ ਹੈ। ਭਾਰਤ ਨੇ ਦੁਨੀਆ ਅੱਗੇ ਕਸ਼ਮੀਰ ਮਸਲੇ 'ਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਇਸ ਮੁੱਦੇ 'ਤੇ ਹਰ ਮੁਹਾਜ਼ 'ਤੇ ਕਰਾਰਾ ਜਵਾਬ ਮਿਲ ਰਿਹਾ ਹੈ। ਭਾਰਤ ਦੇ ਰੁਖ਼ ਤੋਂ ਸਾਫ਼ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਰਾ ਕਸ਼ਮੀਰ ਭਾਰਤ ਦਾ ਹੋਵੇਗਾ।

Posted By: Jagjit Singh