-ਪਿ੍ੰਸੀਪਲ ਸੁਖਦੇਵ ਸਿੰਘ ਰਾਣਾ

ਹਰੇਕ 5 ਸਾਲ ਬਾਅਦ ਲੋਕ ਵੋਟਾਂ ਪਾ ਕੇ ਸਰਕਾਰਾਂ ਚੁਣਦੇ ਹਨ। ਸਰਕਾਰ ਬਣਨ ਤੋਂ ਬਾਅਦ ਜਿੱਤੇ ਨੁਮਾਇੰਦਿਆਂ ਦੀਆਂ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਵੀ ਬਣਦੀਆਂ ਹਨ ਜਿਨ੍ਹਾਂ ਵਿਚ ਸਿਹਤ, ਸਿੱਖਿਆ, ਸੜਕਾਂ, ਖੇਤੀਬਾੜੀ, ਪਾਣੀ, ਸਫ਼ਾਈ ਅਤੇ ਸੁਰੱਖਿਆ ਸ਼ਾਮਲ ਹਨ। ਜੇ ਦੇਖਿਆ ਜਾਵੇ ਤਾਂ ਸੁਰੱਖਿਆ ਦਾ ਵਿਸ਼ਾ ਸਭ ਤੋਂ ਜ਼ਰੂਰੀ ਹੈ। ਕੀ, ਸੱਚਮੁੱਚ ਅੱਜ ਲੋਕ ਸੁਰੱਖਿਅਤ ਹਨ? ਜੇ ਨਹੀਂ ਹਨ ਤਾਂ ਕੌਣ ਹੈ ਉਨ੍ਹਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ? ਪ੍ਰਸ਼ਾਸਨ ਅਤੇ ਮਾੜੇ ਸਿਸਟਮ ਕਾਰਨ ਅੱਜ ਲੋਕਾਂ ਨੂੰ ਕਦਮ-ਕਦਮ ’ਤੇ ਅਣਿਆਈ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਫਿਰਦੇ ਅਵਾਰਾ ਖੂੰਖਾਰ ਕੁੱਤੇ, ਮਾਰਖੁੰਡੇ ਡੰਗਰ ਅਤੇ ਚੀਨ ਦੀ ਬਣੀ ਡੋਰ ਸਭ ਤੋਂ ਖ਼ਤਰਨਾਕ ਤੇ ਜਾਨਲੇਵਾ ਹਨ।

ਕੁਝ ਦਿਨ ਪਹਿਲਾਂ ਧੂਰੀ ਦੇ ਨੇੜੇ ਬੇਨੜੇ ਪਿੰਡ ਵਿਚ 5 ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਵੱਢ ਕੇ ਖਾ ਲਿਆ ਜਦੋਂ ਉਹ ਪਤੰਗ ਲੁੱਟਣ ਲਈ ਖੇਤਾਂ ਵੱਲ ਨੂੰ ਭੱਜਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜਲੰਧਰ ਨੇੜੇ ਇਕ ਛੋਟੀ ਬੱਚੀ ਨੂੰ ਖੇਤ ਜਾਣ ਸਮੇਂ ਕੁੱਤਿਆਂ ਨੇ ਮਾਰ ਦਿੱਤਾ। ਇਹ ਘਟਨਾਵਾਂ ਆਮ ਹੋ ਰਹੀਆਂ ਹਨ। ਹਫ਼ਤੇ ਵਿਚ ਅਕਸਰ ਇਕ-ਦੋ ਵਾਰ ਅਵਾਰਾ ਕੁੱਤਿਆਂ ਦੇ ਸ਼ਿਕਾਰ ਬਣੇ ਲੋਕਾਂ ਦੀਆਂ ਖ਼ਬਰਾਂ ਅਖ਼ਬਾਰਾਂ ’ਚ ਛਪਦੀਆਂ ਹਨ। ਮਾਰਖੁੰਡੇ ਸਾਨ੍ਹ ਅਤੇ ਹੋਰ ਅਵਾਰਾ ਪਸ਼ੂ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਮਾਰ ਚੁੱਕੇ ਹਨ।

ਸੜਕਾਂ ’ਤੇ ਝੁੰਡਾਂ ਦੇ ਝੁੰਡ ਫਿਰਦੇ ਪਸ਼ੂਆਂ ਨੂੰ ਕੋਈ ਕਾਬੂ ਕਰਨ ਵਾਲਾ ਨਹੀਂ ਹੈ। ਇਨ੍ਹਾਂ ਡੰਗਰਾਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਵਿਚ ਲੋਕ ਜਿੱਥੇ ਮਾਰੇ ਜਾ ਰਹੇ ਹਨ, ਉੱਥੇ ਹੀ ਇਹ ਡੰਗਰ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਕੀ ਪ੍ਰਸ਼ਾਸਨ ਜਾਂ ਸਰਕਾਰਾਂ ਇਨ੍ਹਾਂ ਡੰਗਰਾਂ ਲਈ ਵੱਡੀ ਗਿਣਤੀ ਵਿਚ ਗਊਸ਼ਾਲਾਵਾਂ ਨਹੀਂ ਬਣਾ ਸਕਦੀਆਂ ਜਿੱਥੇ ਇਹ ਰਹਿ ਸਕਣ? ਕੀ ਅਵਾਰਾ ਕੁੱਤਿਆਂ ਲਈ ਆਸਰਾ ਘਰ ਨਹੀਂ ਬਣਾਏ ਜਾ ਸਕਦੇ? ਜਿੱਥੋਂ ਤਕ ਚਾਈਨਾ ਡੋਰ ਦਾ ਸਬੰਧ ਹੈ, ਪਿਛਲੇ ਸਮੇਂ ਦੌਰਾਨ ਕਿੰਨੇ ਹੀ ਲੋਕ ਇਸ ਦੀ ਬਦੌਲਤ ਮਾਰੇ ਜਾ ਚੁੱਕੇ ਹਨ ਜਾਂ ਜ਼ਖ਼ਮੀ ਹੋ ਗਏ ਹਨ।

ਪਿਛਲੇ ਦਿਨੀਂ ਚਾਈਨਾ ਡੋਰ ਕਰ ਕੇ ਖੰਨਾ, ਬਟਾਲਾ ਅਤੇ ਜ਼ੀਰੇ ਵਿਚ ਆਪਣੇ ਵਾਹਨਾਂ ’ਤੇ ਜਾਂਦੇ ਕੁਝ ਰਾਹੀ ਮਾਰੇ ਗਏ। ਦੋ ਦਿਨ ਪਹਿਲਾਂ ਸਮਰਾਲਾ ਨੇੜੇ ਉਟਾਲਾਂ ਪਿੰਡ ਕੋਲ ਆਪਣੇ ਪਿਉ ਨਾਲ ਜਾਂਦੀ ਕੁੜੀ ਦੀ ਗਰਦਨ ਡੋਰ ਨੇ ਵੱਢ ਦਿੱਤੀ ਜੋ ਕਿ ਹਸਪਤਾਲ ਜਾ ਕੇ ਮਰ ਗਈ। ਹਰ ਰੋਜ਼ ਡੋਰ ਨਾਲ ਜ਼ਖ਼ਮੀ ਮਰੀਜ਼ ਹਸਪਤਾਲਾਂ ਵਿਚ ਆ ਰਹੇ ਹਨ। ਕੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਜੋ ਸਰਕਾਰਾਂ ਚਾਰ ਹਫ਼ਤੇ ਵਿਚ ਚਿੱਟਾ ਖ਼ਤਮ ਕਰਨ ਦੀਆਂ ਸਹੁੰਆਂ ਖਾਂਦੀਆਂ ਹਨ, ਉਹ ਅਵਾਰਾ ਕੁੱਤਿਆਂ, ਮਾਰਖੁੰਡੇ ਡੰਗਰਾਂ ਅਤੇ ਚਾਈਨਾ ਡੋਰ ਦਾ ਕੋਈ ਹੱਲ ਕਿਉਂ ਨਹੀਂ ਕਰ ਸਕਦੀਆਂ। ਲੱਗਦਾ ਹੈ ਕਿ ਸਰਕਾਰਾਂ ਵਿਚ ਇੱਛਾ ਸ਼ਕਤੀ, ਦ੍ਰਿੜ੍ਹ ਇਰਾਦਾ ਅਤੇ ਮਨੁੱਖਤਾ ਪ੍ਰਤੀ ਹਮਦਰਦੀ ਖ਼ਤਮ ਹੋ ਚੁੱਕੀ ਹੈ। ਕੀ ਲੋਕ ਇਸੇ ਤਰ੍ਹਾਂ ਅਣਿਆਈ ਮੌਤ ਮਰਦੇ ਰਹਿਣਗੇ ਅਤੇ ਸਾਡੇ ਨੇਤਾ ਇਸੇ ਤਰ੍ਹਾਂ ਘੂਕ ਸੁੱਤੇ ਰਹਿਣਗੇ?

ਮਾਸੂਮ ਬਾਲੜੀਆਂ ਦੀਆਂ ਲੁੱਟੀਆਂ ਜਾ ਰਹੀਆਂ ਪੱਤਾਂ ਅਤੇ ਕੀਤੇ ਜਾ ਰਹੇ ਕਤਲ ਘਟਣ ਦੀ ਥਾਂ ਦਿਨ-ਬ-ਦਿਨ ਵੱਧ ਰਹੇ ਹਨ। ਕੌਣ ਬਚਾਵੇਗਾ ਇਨ੍ਹਾਂ ਮਾਸੂਮਾਂ ਨੂੰ?

ਤੰਗ ਗਲੀਆਂ, ਸੰਘਣੀਆਂ ਆਬਾਦੀਆਂ ਵਿਚ ਸਥਿਤ ਬਾਰੂਦ, ਕੈਮੀਕਲ ਵਾਲੀਆਂ ਫੈਕਟਰੀਆਂ ਕਈ ਵਾਰ ਅੱਗ ਜਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਨ੍ਹਾਂ ਤੰਗ ਗਲੀਆਂ, ਭੀੜ-ਭਾੜ ਵਾਲੀਆਂ ਥਾਵਾਂ ’ਤੇ ਅੱਗ ਬੁਝਾਊ ਦਸਤੇ ਪਹੁੰਚਣ ਤਾਂ ਕਿਵੇਂ ਪਹੁੰਚਣ? ਸਿੱਟੇ ਵਜੋਂ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਅਜਿਹੇ ਹਾਦਸਿਆਂ ਤੋਂ ਲੋਕਾਂ ਦੀ ਸੁਰੱਖਿਆ ਦਾ ਕੌਣ ਜ਼ਿੰਮੇਵਾਰ ਹੈ?ਅੱਜ ਥਾਂ-ਥਾਂ ਸੜਕਾਂ ਵਿਚ ਟੋਏ ਨਜ਼ਰ ਆ ਰਹੇ ਹਨ ਜੋ ਕਿ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਟੋਲ ਪਲਾਜ਼ਿਆਂ ’ਤੇ ਕਰੋੜਾਂ ਰੁਪਏ ਟੋਲ ਲੈਣ ਦੇ ਬਾਵਜੂਦ ਟੋਲ ਵਾਲੀਆਂ ਹਾਈਵੇ ਅਤੇ ਸਰਵਿਸ ਰੋਡਜ਼ ਦਾ ਹਾਲ ਸਭ ਦੇ ਸਾਹਮਣੇ ਹੈ। ਨਸ਼ਾ ਕੀਤੇ ਡਰਾਈਵਰ, ਓਵਰਸਪੀਡ ਗੱਡੀਆਂ, ਬਿਨਾਂ ਲਾਇਸੰਸ ਨਾਬਾਲਗਾਂ ਵੱਲੋਂ ਚਲਾਏ ਜਾ ਰਹੇ ਵਾਹਨਾਂ ਨੂੰ ਕੌਣ ਚੈÎੱਕ ਕਰੂ, ਕੌਣ ਰੋਕੂ?

ਸੜਕਾਂ ’ਤੇ ਨਾਜਾਇਜ਼ ਪਾਰਕਿੰਗ, ਗ਼ਲਤ ਦਿਸ਼ਾ ਤੋਂ ਭੱਜੀ ਆ ਰਹੀ ਟ੍ਰੈਫਿਕ ਬਹੁਤ ਸਾਰੀਆਂ ਦੁਰਘਟਨਾਵਾਂ ਲਈ ਜ਼ਿੰਮੇਵਾਰ ਹੈ। ਚੰਡੀਗੜ੍ਹ ਵਿਚ ਬਿਨਾਂ ਹੈਲਮਟ, ਗ਼ਲਤ ਪਾਰਕਿੰਗ, ਲਾਲ ਬੱਤੀ ਜੰਪ, ਉਲਟ ਦਿਸ਼ਾ ਵਿਚ ਚੱਲ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਿਉਂ ਨੀ ਕਰਦੇ ਲੋਕ। ਇਹ ਸਖ਼ਤੀ ਪੰਜਾਬ/ਦੇਸ਼ ਵਿਚ ਕਦੋਂ ਹੋਵੇਗੀ? ਕਦੋਂ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਹੋਵੇਗੀ? ਹੁਣ ਜੇ ਗੱਲ ਕਰੀਏ ਖਾਣ-ਪੀਣ ਦੇ ਸਾਮਾਨ ਦੀ ਤਾਂ ਹਰੇਕ ਚੀਜ਼ ’ਚ ਮਿਲਾਵਟ ਹੈ ਜਿਵੇਂ ਕਿ ਦੁੱਧ, ਦੇਸੀ ਘਿਉ, ਤੇਲ, ਚੌਲ, ਦਾਲਾਂ, ਹਲਦੀ ਮਸਾਲੇ। ਇੱਥੋਂ ਤਕ ਕਿ ਜਾਨ ਬਚਾਉਣ ਵਾਲੀਆਂ ਦਵਾਈਆਂ ਵਿਚ ਵੀ ਮਿਲਾਵਟ ਹੈ। ਕਿਵੇਂ ਬਚਣਗੇ ਲੋਕ? ਅੱਜ ਕੈਂਸਰ, ਕਾਲਾ ਪੀਲੀਆ ਦੇ ਮਰੀਜ਼ ਹੋਣ ਦਾ ਕਾਰਨ ਮਿਲਾਵਟੀ ਵਸਤਾਂ ਹਨ। ਅੱਜ ਸਾਡਾ ਪ੍ਰਬੰਧ ਅਤੇ ਅਸੀਂ ਭ੍ਰਿਸ਼ਟਾਚਾਰ ਵਿਚ ਇੰਨੇ ਡੁੱਬ ਚੁੱਕੇ ਹਾਂ ਕਿ ਸਮਾਜ ਦੇ ਦੁਸ਼ਮਣ ਮਿਲਾਵਟਖੋਰ ਫੜੇ ਜਾਣ ਤੋਂ ਬਾਅਦ ਪੈਸੇ ਦੇ ਜ਼ੋਰ ’ਤੇ ਬਰੀ ਹੋ ਜਾਂਦੇ ਹਨ। ਇਨ੍ਹਾਂ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ ਪਰ ਸਾਨੂੰ ਕੌਣ ਬਚਾਊ? ਕੌਣ ਹੈ ਜ਼ਿੰਮੇਵਾਰ? ਲੋਕਾਂ ਦੇ ਘਰਾਂ, ਸੰਘਣੀਆਂ ਆਬਾਦੀਆਂ ’ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਹਰ ਸਾਲ ਸੈਂਕੜੇ ਲੋਕਾਂ ਦੀ ਬਲੀ ਲੈਂਦੀਆਂ ਹਨ। ਬਸੰਤ ਪੰਚਮੀ ਨੂੰ ਕਿੰਨੇ ਬੱਚੇ, ਜਵਾਨ ਪਤੰਗਬਾਜ਼ ਇਨ੍ਹਾਂ ਤਾਰਾਂ ਦੀ ਬਦੌਲਤ ਮਾਰੇ ਜਾਂਦੇ ਹਨ। ਕੌਣ ਬਚਾਵੇਗਾ ਇਨ੍ਹਾਂ ਬੇਕਸੂਰ ਲੋਕਾਂ ਦੀ ਜ਼ਿੰਦਗੀ? ਹਰ ਰੋਜ਼ ਖ਼ਬਰਾਂ ਛਪਦੀਆਂ ਹਨ ਕਿ ਗਟਰਾਂ ਦੀ ਸਫ਼ਾਈ ਕਰਦੇ ਸਫ਼ਾਈ ਸੇਵਕ ਗੈਸ ਚੜ੍ਹਨ ਨਾਲ ਮਾਰੇ ਗਏ। ਇਸ ਦਾ ਜ਼ਿੰਮੇਵਾਰ ਕੌਣ ਹੈ?

ਜਦੋਂ ਪਤਾ ਹੈ ਕਿ ਇਹ ਕੰਮ ਖ਼ਤਰਨਾਕ ਹੈ ਤਾਂ ਉਨ੍ਹਾਂ ਨੂੰ ਆਕਸੀਜਨ ਸਿਲੰਡਰ, ਮਾਸਕ ਅਤੇ ਹਿਫ਼ਾਜ਼ਤੀ ਕਿੱਟਾਂ ਕਿਉਂ ਨਹੀਂ ਮੁਹੱਈਆ ਕਰਾਈਆਂ ਜਾਂਦੀਆਂ? ਕੀ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਨਹੀਂ ਬਣਦੀ। ਅੱਜ ਥਾਂ-ਥਾਂ ਚੱਲ ਰਹੇ ਵਿਕਾਸ ਦੇ ਕਾਰਜਾਂ ਕਾਰਨ ਧੜਾਧੜ ਲੱਖਾਂ ਰੁੱਖ ਕੱਟੇ ਜਾ ਰਹੇ ਹਨ। ਨਵੇਂ ਅਸੀਂ ਲਾ ਨਹੀਂ ਰਹੇ। ਜਿਸ ਕਰ ਕੇ ਸਾਡਾ ਵਾਤਾਵਰਨ ਹਿੱਲ ਗਿਆ ਹੈ, ਬਦਲ ਰਿਹਾ ਹੈ। ਬੇਮੌਸਮੀ ਮੀਂਹ, ਰੇਗਿਸਤਾਨਾਂ ਵਿਚ ਹੜ੍ਹ, ਅਣਕਿਆਸੀ ਬਰਫ਼ਬਾਰੀ ਇਹ ਸਭ ਰੁੱਖਾਂ ਦੀ ਅੰਨੇ੍ਹਵਾਹ ਵਢਾਈ ਦਾ ਸਿੱਟਾ ਹੈ। ਕਾਰਖਾਨਿਆਂ, ਫੈਕਟਰੀਆਂ ਦਾ ਗੰਦਾ ਕੈਮੀਕਲ ਵਾਲਾ ਪਾਣੀ ਦਰਿਆਵਾਂ ਵਿਚ ਰਲ ਰਿਹਾ ਹੈ ਜਿਸ ਕਾਰਨ ਮਾਲਵੇ ਦੇ ਇਲਾਕੇ ਵਿਚ ਵੱਡੇ ਪੱਧਰ ’ਤੇ ਕੈਂਸਰ ਫੈਲ ਰਿਹਾ ਹੈ। ਕੌਣ ਬਚਾਵੇਗਾ ਉਨ੍ਹਾਂ ਨੂੰ?

ਅੱਜ ਪਾਣੀ, ਮਿੱਟੀ, ਹਵਾ, ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਾ ਹੈ। ਅੱਜ ਪੰਜਾਬ ਵਿਚ ਭਨੁਪਲੀ ਬਲਾਕ ਨੇੜੇ ਨੰਗਲ ਨੂੰ ਛੱਡ ਕੇ ਸਾਰੇ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਲੋਕਾਂ ਨੂੰ ਸਾਫ਼ ਪਾਣੀ ਅਤੇ ਸਵੱਛ ਵਾਤਾਵਰਨ ਪ੍ਰਦਾਨ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਸਰਕਾਰਾਂ ਚਲਾਉਣ ਵਾਲੇ ਸਾਡੀਆਂ ਵੋਟਾਂ ਨਾਲ ਚੁਣੇ ਨੁਮਾਇੰਦੇ ਬੇਪਰਵਾਹ ਹੋਈ ਬੈਠੇ ਹਨ। ਜੇਕਰ ਲੋਕ ਆਪਣੀ ਸੁਰੱਖਿਆ ਲਈ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ। ਲੋਕ ਅਣਿਆਈ ਮੌਤ ਮਰਨ ਲਈ ਮਜਬੂਰ ਹਨ। ਕੌਣ ਸਾਨੂੰ ਬਚਾਵੇਗਾ? ਕੌਣ ਕਰੇਗਾ ਸਾਡੀ ਸੁਰੱਖਿਆ? ਕੌਣ ਹੈ ਲੋਕਾਂ ਦੀ ਸੁਰੱਖਿਆ ਦਾ ਜ਼ਿੰਮੇਵਾਰ?

-(ਰਾਜ ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ)।

-ਮੋਬਾਈਲ ਨੰ. : 99149-00559

Posted By: Jagjit Singh