ਕਾਇਦੇ ਨਾਲ ਤਾਂ ਇਸ ਨਾਈਟ ਕਲੱਬ ਨੂੰ ਖੋਲ੍ਹਣ ਦੀ ਆਗਿਆ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਅਤੇ ਜੇਕਰ ਦਿੱਤੀ ਵੀ ਗਈ ਤਾਂ ਸੁਰੱਖਿਆ ਦੇ ਪੂਰੇ ਉਪਾਅ ਯਕੀਨੀ ਬਣਾਏ ਜਾਣੇ ਚਾਹੀਦੇ ਸਨ। ਬਦਕਿਸਮਤੀ ਨਾਲ ਅਜਿਹਾ ਨਹੀਂ ਕੀਤਾ ਗਿਆ।

ਗੋਆ ਦੇ ਇਕ ਨਾਈਟ ਕਲੱਬ ਵਿਚ ਅੱਗ ਲੱਗਣ ਨਾਲ 25 ਵਿਅਕਤੀਆਂ ਦੀ ਮੌਤ ਆਪਣੇ ਦੇਸ਼ ਵਿਚ ਜਨਤਕ ਸੁਰੱਖਿਆ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਨੂੰ ਹੀ ਬਿਆਨ ਕਰਦੀ ਹੈ ਜੋ ਕਿ ਵਾਰ-ਵਾਰ ਦੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਦੇ ਹਾਦਸੇ ਅਕਸਰ ਹੁੰਦੇ ਰਹਿੰਦੇ ਹਨ ਪਰ ਕੋਈ ਵੀ ਸਬਕ ਨਹੀਂ ਸਿੱਖਿਆ ਜਾ ਰਿਹਾ। ਗੋਆ ਦਾ ਜੋ ਨਾਈਟ ਕਲੱਬ ਅੱਗ ਦੀ ਲਪੇਟ ਵਿਚ ਆਇਆ, ਉਹ ਨਿਯਮਾਂ ਦੀ ਅਣਦੇਖੀ ਕਰ ਕੇ ਚਲਾਇਆ ਜਾ ਰਿਹਾ ਸੀ ਅਤੇ ਉਸ ਵਿਚ ਅੱਗ ਤੋਂ ਬਚਾਅ ਦੇ ਉਪਾਅ ਵੀ ਨਹੀਂ ਕੀਤੇ ਗਏ ਸਨ। ਇੰਨਾ ਹੀ ਨਹੀਂ, ਨਾਈਟ ਕਲੱਬ ਵਿਚ ਆਉਣ ਅਤੇ ਜਾਣ ਦਾ ਰਸਤਾ ਬਹੁਤ ਹੀ ਤੰਗ ਸੀ। ਅੱਗ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਇਸ ਲਈ ਵਧ ਗਈ ਕਿਉਂਕਿ ਬਚਣ ਲਈ ਉਨ੍ਹਾਂ ਨੇ ਜਿਸ ਰਸਤੇ ਨੂੰ ਸੁਰੱਖਿਅਤ ਸਮਝਿਆ, ਉੱਥੇ ਪਹਿਲਾਂ ਹੀ ਲੋਕ ਫਸੇ ਹੋਏ ਸਨ। ਇਸ ਹਿਰਦਾ-ਵਲੂੰਧਰਨ ਵਾਲੀ ਘਟਨਾ ਤੋਂ ਬਾਅਦ ਉੱਚ ਪੱਧਰੀ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਵੀ ਤਸੱਲੀਬਖ਼ਸ਼ ਨਹੀਂ ਹੈ। ਅਜਿਹੇ ਹਰ ਹਾਦਸੇ ਤੋਂ ਬਾਅਦ ਅਜਿਹੇ ਹੀ ਵਾਅਦੇ ਕੀਤੇ ਜਾਂਦੇ ਹਨ ਪਰ ਕੁਝ ਸਮੇਂ ਬਾਅਦ ਫਿਰ ਕਿਤੇ ਨਾ ਕਿਤੇ ਉਨ੍ਹਾਂ ਹੀ ਕਾਰਨਾਂ ਸਦਕਾ ਕੋਈ ਭਿਆਨਕ ਦੁਰਘਟਨਾ ਵਾਪਰ ਜਾਂਦੀ ਹੈ ਜਿਨ੍ਹਾਂ ਕਾਰਨਾਂ ਕਾਰਨ ਪਹਿਲਾਂ ਵਾਪਰ ਚੁੱਕੀ ਹੁੰਦੀ ਹੈ।
ਕਾਇਦੇ ਨਾਲ ਤਾਂ ਇਸ ਨਾਈਟ ਕਲੱਬ ਨੂੰ ਖੋਲ੍ਹਣ ਦੀ ਆਗਿਆ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਅਤੇ ਜੇਕਰ ਦਿੱਤੀ ਵੀ ਗਈ ਤਾਂ ਸੁਰੱਖਿਆ ਦੇ ਪੂਰੇ ਉਪਾਅ ਯਕੀਨੀ ਬਣਾਏ ਜਾਣੇ ਚਾਹੀਦੇ ਸਨ। ਬਦਕਿਸਮਤੀ ਨਾਲ ਅਜਿਹਾ ਨਹੀਂ ਕੀਤਾ ਗਿਆ। ਸਪਸ਼ਟ ਹੈ ਕਿ ਇਹ ਨਾਈਟ ਕਲੱਬ ਗ਼ੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਵਿਭਾਗਾਂ ਦੀ ਅਣਦੇਖੀ ਜਾਂ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਸੀ ਜਿਨ੍ਹਾਂ ਦਾ ਫ਼ਰਜ਼ ਨਿਯਮਾਂ-ਕਾਨੂੰਨਾਂ ਦੀ ਪਾਲਣਾ ਕਰਵਾਉਣਾ ਸੀ।
ਹੋਣਾ ਤਾਂ ਇਹ ਚਾਹੀਦਾ ਹੈ ਕਿ ਜਿਨ੍ਹਾਂ ਵਿਭਾਗਾਂ ਦੀ ਅਣਦੇਖੀ-ਮਿਲੀਭੁਗਤ ਕਾਰਨ ਨਾਈਟ ਕਲੱਬ ਚੱਲ ਰਿਹਾ ਸੀ, ਸਭ ਤੋਂ ਪਹਿਲਾਂ ਉਨ੍ਹਾਂ ਦੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਗੋਆ ਦੀ ਇਹ ਘਟਨਾ ਇਹ ਵੀ ਦੱਸ ਰਹੀ ਹੈ ਕਿ ਅਜਿਹੇ ਸਥਾਨਾਂ ਵਿਚ ਸੁਰੱਖਿਆ ਵਿਵਸਥਾ ਦੀ ਜੋ ਨਿਯਮਤ ਜਾਂਚ ਹੋਣੀ ਚਾਹੀਦੀ ਹੈ, ਉਹ ਵੀ ਨਹੀਂ ਕੀਤੀ ਗਈ। ਇਹ ਪਹਿਲੀ ਵਾਰ ਨਹੀਂ ਹੈ ਜਦ ਕਿਸੇ ਜਨਤਕ ਸਥਾਨ ’ਤੇ ਅੱਗ ਲੱਗੀ ਹੋਵੇ ਅਤੇ ਇੰਨੇ ਲੋਕਾਂ ਦੀਆਂ ਜਾਨਾਂ ਗਈਆਂ ਹੋਣ। ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਵਿਚ ਵੱਡੀ ਗਿਣਤੀ ਵਿਚ ਲੋਕ ਜਾਨ ਗੁਆਉਂਦੇ ਹਨ। ਜਦ ਅਜਿਹਾ ਹੁੰਦਾ ਹੈ ਤਾਂ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਦੁੱਖ ਜ਼ਾਹਰ ਕਰਨ ਵਾਲੇ ਸੰਦੇਸ਼ਾਂ ਦਾ ਹੜ੍ਹ ਆ ਜਾਂਦਾ ਹੈ ਪਰ ਸਥਿਤੀਆਂ ਨੂੰ ਸੁਧਾਰਨ ਦੀ ਬਜਾਏ ਮੁਆਵਜ਼ੇ ਦਾ ਐਲਾਨ ਕਰ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਮੰਨ ਲਈ ਜਾਂਦੀ ਹੈ। ਸਾਡੇ ਨੀਤੀ-ਘਾੜਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ਼ ਜਾਨ-ਮਾਲ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੀਆਂ ਬਲਕਿ ਦੇਸ਼ ਦੀ ਬਦਨਾਮੀ ਵੀ ਕਰਵਾਉਂਦੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਇਹੀ ਦਰਸਾਉਂਦੀਆਂ ਹਨ ਕਿ ਵਿਕਸਤ ਬਣਨ ਦੇ ਖ਼ਾਹਿਸ਼ੀ ਭਾਰਤ ਵਿਚ ਨਿਯਮਾਂ-ਕਾਨੂੰਨਾਂ ਦੀ ਹਰ ਪੱਧਰ 'ਤੇ ਅਣਦੇਖੀ ਹੁੰਦੀ ਹੈ ਅਤੇ ਇਸ ਦੇਸ਼ ਵਿਚ ਜ਼ਿੰਮੇਵਾਰੀ ਨਾਲ ਕੋਈ ਕੰਮ ਮੁਸ਼ਕਲ ਨਾਲ ਹੀ ਕੀਤਾ ਜਾਂਦਾ ਹੈ।