-ਨਵਦੀਪ ਸਿੰਘ ਭਾਟੀਆ

ਬਚਪਨ ਤੋਂ ਹੀ ਪਿਤਾ ਬੱਚੇ ਦਾ ਮਾਰਗ ਦਰਸ਼ਕ ਹੁੰਦਾ ਹੈ। ਕੋਈ ਪਿਤਾ ਨਹੀਂ ਚਾਹੁੰਦਾ ਕਿ ਉਸ ਦਾ ਬੱਚਾ ਸਹੀ ਮਾਰਗ ਤੋਂ ਭਟਕ ਜਾਵੇ। ਹਰ ਪਿਤਾ ਦੀ ਇਹੀ ਹਸਰਤ ਹੁੰਦੀ ਹੈ ਉਸ ਦਾ ਬੱਚਾ ਉਸ ਤੋਂ ਵੀ ਵੱਧ ਤਰੱਕੀ ਕਰੇ। ਮੇਰੇ ਪਿਤਾ ਜੀ ਜੋਗਿੰਦਰ ਭਾਟੀਆ ਵੀ ਮੇਰੇ ਬਾਰੇ ਇਹੀ ਸੋਚਦੇ ਸਨ। ਉਹ ਹਰ ਚੀਜ਼ ਨਾਲ ਸਮਝੌਤਾ ਕਰ ਸਕਦੇ ਸਨ ਪਰ ਪੜ੍ਹਾਈ ਨਾਲ ਨਹੀਂ। ਉਨ੍ਹਾਂ ਨੇ ਖੰਨਾ ਸ਼ਹਿਰ ਦੇ ਖਾਲਸਾ ਸਕੂਲ ਵਿੱਚੋ 1957 ਵਿਚ ਦਸਵੀਂ ਪਾਸ ਕੀਤੀ ਸੀ। ਉਸ ਸਮੇਂ ਉਨ੍ਹਾਂ ਦੇ 75% ਨੰਬਰ ਆਏ ਸਨ। ਉਦੋਂ ਕਿਸੇ-ਕਿਸੇ ਦੇ ਹੀ ਇੰਨੇ ਨੰਬਰ ਆਉਂਦੇ ਸਨ। ਪਿਤਾ ਜੀ ਸੁਭਾਅ ਦੇ ਸਖ਼ਤ ਸਨ। ਹਾਸਾ ਉਨ੍ਹਾਂ ਦੇ ਮੂੰਹ ਉੱਤੇ ਕਦੇ-ਕਦਾਈਂ ਆਉਂਦਾ ਸੀ। ਸ਼ਾਇਦ ਉਨ੍ਹਾਂ ਦੀ ਪਰਵਰਿਸ਼ ਅਜਿਹੇ ਹਾਲਾਤ ਵਿਚ ਹੋਈ ਸੀ। ਦੇਸ਼ ਦੀ ਵੰਡ ਸਮੇਂ ਉਨ੍ਹਾਂ ਦੀ ਉਮਰ 6 ਸਾਲ ਸੀ। ਪਾਕਿਸਤਾਨ ਤੋਂ ਜਦੋਂ ਉਹ ਹਿਜਰਤ ਕਰ ਕੇ ਇੱਧਰ ਆਏ ਤਾਂ ਵੱਢ-ਟੁੱਕ ਦਾ ਮੰਜ਼ਰ ਉਨ੍ਹਾਂ ਨੇ ਆਪਣੀ ਮਾਸੂਮ ਅਵਸਥਾ ਵਿਚ ਅੱਖੀਂ ਵੇਖਿਆ ਸੀ। ਇਸ ਸਾਰੇ ਦਾ ਦ੍ਰਿਸ਼ਟਾਂਤ ਉਨ੍ਹਾਂ ਨੇ ਆਪਣੀ ਕਹਾਣੀ ‘ਇਹ ਦਿਨ ਮੁੜ ਨਾ ਵੇਖਣੇ ਪੈਣ’ ਵਿਚ ਭਾਵਨਾਤਮਕ ਸ਼ਬਦਾਂ ਨਾਲ ਚਿਤਰਿਆ ਹੈ।

ਦੂਜੀ ਕਹਾਣੀ ‘ਤੀਲਾ-ਤੀਲਾ ਆਲ੍ਹਣਾ’ ਵੀ ਅਜਿਹਾ ਕੁਝ ਬਿਆਨਦੀ ਹੈ ਜੋ ਵੱਖ-ਵੱਖ ਅਖ਼ਬਾਰਾਂ ਵਿਚ ਛਪ ਚੁੱਕੀ ਹੈ। ਪਿਤਾ ਜੀ ਬਤੌਰ ਕਹਾਣੀਕਾਰ ਸਾਹਿਤ ਖੇਤਰ ਵਿਚ ਜਾਣੇ ਜਾਂਦੇ ਸਨ। ਉਨ੍ਹਾਂ ਦਾ ਕਹਾਣੀ ਸੰਗ੍ਰਹਿ ‘ਮਾਂ ਕਦੇ ਨਹੀਂ ਮਰਦੀ’ ਵਿਦੇਸ਼ਾਂ ਤੀਕ ਪ੍ਰਸਿੱਧ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਰੂਸੀ ਬਾਲ ਕਹਾਣੀਆਂ ਪੰਜਾਬੀ ਵਿਚ ਅਨੁਵਾਦ ਕੀਤੀਆਂ। ਰੂਸੀ ਬਾਲ ਕਹਾਣੀ ਦਾ ਅਨੁਵਾਦ ਕਰ ਕੇ ਉਨ੍ਹਾਂ ਨੇ ਬੱਚਿਆਂ ਲਈ ‘ਕੀੜੀ ਅਤੇ ਤੂਫਾਨ’ ਲਿਖੀ ਜੋ ਵਿਸ਼ਵ ਦੇ ਸਾਰੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਸਮਰਪਿਤ ਹੈ। ਦਸਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਜ਼ਿੰਦਗੀ ਵਿਚ ਸੈੱਟ ਹੋਣ ਲਈ ਕਾਫ਼ੀ ਸੰਘਰਸ਼ ਕੀਤਾ। ਲੋਕਾਂ ਦੇ ਘਰ ਜਾ ਕੇ ਟਿਊਸ਼ਨਾਂ ਪੜ੍ਹਾਈਆਂ। ਬਿਜਲੀ ਬੋਰਡ ’ਚ ਆਰਜ਼ੀ ਤੌਰ ’ਤੇ ਲਾਈਨਮੈਨ ਦੀ ਨੌਕਰੀ ਵੀ ਕੀਤੀ ਪਰ 1964 ਵਿਚ ਸਕੂਲ ਦਸਵੀਂ ਵਿਚ ਚੰਗੇ ਨੰਬਰਾਂ ਦੀ ਬਦੌਲਤ ਉਨ੍ਹਾਂ ਨੂੰ ਡਾਕਖਾਨੇ ਵਿਚ ਪੱਕੀ ਨੌਕਰੀ ਮਿਲ ਗਈ ਸੀ। ਸੈਂਤੀ ਸਾਲ ਦੀ ਨੌਕਰੀ ਪਿੱਛੋਂ ਉਹ 2001 ’ਚ ਬਤੌਰ ਪੋਸਟ ਮਾਸਟਰ ਰਿਟਾਇਰ ਹੋਏ। ਆਪਣੇ ਪੂਰੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਦੋ ਗੁਣ ਰੱਖੇ-ਇਕ ਦਲੇਰੀ ਤੇ ਦੂਜਾ ਇਮਾਨਦਾਰੀ। ਜੇ ਉੱਪਰੋਂ ਕੋਈ ਦਬਾਅ ਪੁਆ ਕੇ ਕੋਈ ਵੀ ਗ਼ਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਸਾਫ਼ ਨਾਂਹ ਕਰ ਦਿੰਦੇ। ਕਈ ਵਾਰ ਉਨ੍ਹਾਂ ਨੂੰ ਇਸ ਸੁਭਾਅ ਕਰਕੇ ਵੱਡੇ-ਵੱਡੇ ਅਫ਼ਸਰਾਂ ਦੀ ਨਾਰਾਜ਼ਗੀ ਵੀ ਝੱਲਣੀ ਪਈ। ਕਈ ਵਾਰ ਪਿਤਾ ਜੀ ਦੀ ਬਦਲੀ ਦਾ ਆਰਡਰ ਫੋਨ ’ਤੇ ਹੋ ਜਾਂਦਾ ਪਰ ਉਹ ਕਦੇ ਝੁਕੇ ਨਹੀਂ ਤੇ ਨਾ ਹੀ ਆਪਣੇ ਸਿਧਾਂਤਾਂ ਦੇ ਉਲਟ ਗਏ। ਪਿਤਾ ਜੀ 5 ਵਜੇ ਤੋਂ ਪਹਿਲਾਂ ਨਾ ਆਪ ਦਫ਼ਤਰ ਛੱਡਦੇ, ਨਾ ਹੀ ਦੂਜਿਆਂ ਨੂੰ ਸਮੇਂ ਤੋਂ ਪਹਿਲਾਂ ਜਾਣ ਦਿੰਦੇ। ਜੇ ਕੋਈ ਮੇਰਾ ਯਾਰ-ਦੋਸਤ ਭੁੱਲ-ਭੁਲੇਖੇ ਘਰ ਆ ਜਾਂਦਾ ਤਾਂ ਉਸ ਦੀ ਅੰਗਰੇਜ਼ੀ ਤੇ ਗਣਿਤ ਵਿਸ਼ੇ ’ਚੋਂ ਪ੍ਰਸ਼ਨ ਪੁੱਛ ਕੇ ਮੱਤ ਮਾਰ ਦਿੰਦੇ। ਮੈਨੂੰ ਵੀ ਖ਼ੁਦ ਉਨ੍ਹਾਂ ਨੇ ਦਸਵੀਂ ਤਕ ਆਪ ਪੜ੍ਹਾਇਆ ਸੀ।

ਅੰਗਰੇਜ਼ੀ ਲਿਖਣ ਵਿਚ ਉਨ੍ਹਾਂ ਕੋਲ ਬਹੁਤ ਮੁਹਾਰਤ ਸੀ। ਅੱਜ ਵੀ ਇਕ ਅਟੈਚੀ ਵਿਚ ਉਨ੍ਹਾਂ ਵੱਲੋਂ ਆਪਣੇ ਅਫ਼ਸਰਾਂ ਨੂੰ ਲਿਖੇ ਪੱਤਰਾਂ ਦੀਆਂ ਕਾਰਬਨ ਕਾਪੀਆਂ ਦਾ ਢੇਰ ਲੱਗਿਆ ਹੋਇਆ ਹੈ। ਬੀਏ ਤੋਂ ਬਾਅਦ ਜਦ ਮੈਂ ਐੱਮਏ ਹਿਸਟਰੀ ਕਰਨ ਦਾ ਵਿਚਾਰ ਬਣਾਇਆ ਤਾਂ ਪਿਤਾ ਜੀ ਨੇ ਮੈਨੂੰ ਰੋਕ ਦਿੱਤਾ। ਉਨ੍ਹਾਂ ਨੇ ਮੈਨੂੰ ਐੱਮਏ ਅੰਗਰੇਜ਼ੀ ਕਰਨ ਲਈ ਪ੍ਰੇਰਿਆ। ਉਨ੍ਹਾਂ ਦੇ ਸੁਝਾਅ ਦੀ ਵਜ੍ਹਾ ਕਰਕੇ ਮੈਂ ਪੰਦਰਾਂ ਸਾਲ ਤੋਂ ਪ੍ਰਮੋਟ ਹੋ ਕੇ ਅੰਗਰੇਜ਼ੀ ਲੈਕਚਰਾਰ ਦੀ ਸੇਵਾ ਨਿਭਾ ਰਿਹਾ ਹਾਂ। ਮੇਰਾ ਛੋਟਾ ਭਰਾ ਨਵਰਾਜ ਵੀ ਆਪਣੇ ਕੱਪੜੇ ਦੇ ਕਾਰੋਬਾਰ ’ਚ ਸੈੱਟ ਹੈ। ਇਹ ਸਭ ਰਹਿਮਤਾਂ ਪਿਤਾ ਜੀ ਦੀ ਨੇਕ ਕਮਾਈ ਦਾ ਨਤੀਜਾ ਹਨ। ਸੰਨ 2019 ਵਿਚ ਜਦ ਉਹ ਬਿਮਾਰ ਹੋਏ ਤਾਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਹ ਦਿਲ ਤੇ ਕਿਡਨੀ ਦੇ ਰੋਗ ਤੋਂ ਪੀੜਤ ਸਨ। ਖ਼ੁਸ਼ਕਿਸਮਤੀ ਨਾਲ ਦਸ ਦਿਨ ਬਾਅਦ ਰਾਜ਼ੀ ਹੋ ਕੀ ਸੁੱਖੀਂ-ਸਾਂਦੀ ਘਰ ਵਾਪਸ ਆ ਗਏ। ਸਮੇਂ-ਸਮੇਂ ’ਤੇ ਮੈਂ ਤੇ ਮੇਰਾ ਭਰਾ ਉਨ੍ਹਾਂ ਨੂੰ ਚੈੱਕਅੱਪ ਲਈ ਹਸਪਤਾਲ ਲੈ ਕੇ ਜਾਂਦੇ ਰਹੇ। ਜਨਵਰੀ 2021 ਤੋਂ ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਰੱਬ ਮੈਨੂੰ ਨਵੰਬਰ 2021 ਦਿਖਾਵੇ ਕਿਉਂਕਿ ਉਦੋਂ ਉਨ੍ਹਾਂ ਨੇ 80 ਸਾਲ ਦਾ ਹੋ ਜਾਣਾ ਸੀ ਤੇ ਉਨ੍ਹਾਂ ਦੀ ਪੈਨਸ਼ਨ ਦੀ ਬੇਸਿਕ ਪੇਅ ਵਿਚ 20 ਪ੍ਰਤੀਸ਼ਤ ਦਾ ਵਾਧਾ ਹੋਣਾ ਸੀ। ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦ ਦਸੰਬਰ ਦੀ ਪੈਨਸ਼ਨ ਪੰਜ ਹਜ਼ਾਰ ਵਧ ਕੇ ਮਿਲੀ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਮਾਤਾ ਨੂੰ ਕਹਿਣਾ ਸ਼ੁਰੂ ਕਰ ਦਿੱਤਾ,“ ਵੇਖ ਅੰਮ੍ਰਿਤ! ਮੈਂ ਤੇਰੀ ਪੈਨਸ਼ਨ ਵਿਚ ਵਾਧਾ ਕਰ ਚੱਲਿਆ ਹਾਂ। ਮੇਰੇ ਤੋਂ ਬਾਅਦ ਹੁਣ ਤੈਨੂੰ ਪੈਨਸ਼ਨ ਵਧ ਕੇ ਮਿਲੇਗੀ। ਤੈਨੂੰ ਕਿਸੇ ਚੀਜ਼ ਦਾ ਫ਼ਿਕਰ ਨਹੀਂ, ਬੱਚੇ ਤੇਰੇ ਸੈੱਟ ਹਨ।’’ ਮਾਤਾ ਆਖਦੀ ,“ਤੁਸੀਂ ਇਹ ਕੀ ਕਹਿੰਦੇ ਹੋ? ਮੈਂ ਵੀ ਕੈਂਸਰ ਦੀ ਮਰੀਜ਼ ਹਾਂ। ਮੇਰਾ ਵੀ ਕੀ ਭਰੋਸਾ ਏ?“ ਪਿਤਾ ਜੀ ਕਹਿੰਦੇ,“ ਤੂੰ ਆਪਣੇ-ਆਪ ਹੀ ਵੇਖ ਲਵੀਂ ਕੌਣ ਜਾਂਦਾ ਹੈ ਪਹਿਲਾਂ?“ ਮਾਤਾ ਅਕਸਰ ਮੈਨੂੰ ਫੋਨ ’ਤੇ ਕਹਿੰਦੀ ਕਿ ਤੇਰੇ ਪਾਪਾ ਢਹਿੰਦੀ ਕਲਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਮੌਤ ਤੋਂ ਇਕ ਮਹੀਨਾ ਪਹਿਲਾਂ ਮੈਂ ਉਨ੍ਹਾਂ ਲਈ ਦੋ ਨਵੀਆਂ ਪੱਗਾਂ ਤੇ ਇਕ ਜੈਕਟ ਲੈ ਗਿਆ। ਉਨ੍ਹਾਂ ਨੇ ਪਲੰਘ ’ਤੇ ਲੇਟੇ ਹੋਇਆਂ ਨੇ ਗਹੁ ਨਾਲ ਤੱਕਿਆ ਤੇ ਕਹਿਣ ਲੱਗੇ ਕਿ ਮੇਰੇ ਕੋਲ ਇਹ ਚੀਜ਼ਾਂ ਪਹਿਨਣ ਦੀ ਹਿੰਮਤ ਨਹੀਂ। ਕੋਈ ਗੱਲ ਨਹੀਂ। ਜੇ ਤੂੰ ਲੈ ਕੇ ਆਇਆ ਏਂ ਤਾਂ ਮੈਂ ਰੱਖ ਲੈਂਦਾ ਹਾਂ।’’

ਜਦੋਂ ਮੈਂ ਤੁਰਨ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ,“ਬੇਟਾ ਮੇਰਾ ਹੱਥ-ਲਿਖਤ ਲੇਖਾਂ ਦਾ ਖਰੜਾ ਹੈ, ਤੂੰ ਆਪਣੇ ਨਾਲ ਲੈ ਜਾ ਤੇ ਇਹ ਲੇਖ ਸੰਗ੍ਰਹਿ ਛਪਵਾ ਦੇਵੀਂ, ਮੈਂ ਜਿਊਂਦੇ ਜੀਅ ਇਸ ਕਿਤਾਬ ਨੂੰ ਨਹੀਂ ਦੇਖ ਸਕਾਂਗਾ।’’ ਮੈਂ ਭਰੇ ਮਨ ਨਾਲ ਹੱਥ-ਲਿਖਤ ਖਰੜਾ ਲੈ ਕੇ ਵਾਪਸ ਆ ਗਿਆ। ਵੀਹ ਕੁ ਦਿਨਾਂ ਬਾਅਦ ਮੈਨੂੰ ਸੁਨੇਹਾ ਆ ਗਿਆ ਕਿ ਪਿਤਾ ਜੀ ਕੁਝ ਖਾਂਦੇ ਪੀਂਦੇ ਨਹੀਂ ਹਨ, ਨਾ ਉੱਠ ਸਕਦੇ ਹਨ, ਨਾ ਬੈਠ ਸਕਦੇ ਹਨ। ਮੈਂ ਲੁਧਿਆਣੇ ਪਹੁੰਚ ਗਿਆ। ਤਬੀਅਤ ਜ਼ਿਆਦਾ ਵਿਗੜਨ ’ਤੇ ਉਨ੍ਹਾਂ ਨੂੰ ਦਯਾਨੰਦ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ। ਮੈਂ ਅਤੇ ਮੇਰਾ ਛੋਟਾ ਭਰਾ ਉਨ੍ਹਾਂ ਨਾਲ ਹਸਪਤਾਲ ਵਿਚ ਦਿਨ-ਰਾਤ ਚਾਰ ਦਿਨ ਰਿਹਾ। ਡਾਕਟਰਾਂ ਨੇ ਜਵਾਬ ਦਿੱਤਾ ਕਿ ਇਨ੍ਹਾਂ ਨੂੰ ਘਰ ਲੈ ਜਾਓ ਤੇ ਸੇਵਾ ਕਰੋ। ਅਸੀਂ ਉਨ੍ਹਾਂ ਨੂੰ ਘਰ ਲੈ ਆਏ। ਉਨ੍ਹਾਂ ਨੂੰ ਗੁਜ਼ਰੇ ਤਿੰਨ ਮਹੀਨੇ ਤੋਂ ਵੱਧ ਹੋ ਚੱਲੇ ਹਨ। ਮੈਂ ਅੱਜ-ਕੱਲ੍ਹ ਪਿਤਾ ਜੀ ਦੀ ਕਿਤਾਬ ਛਪਾਉਣ ਵਿਚ ਮਸਰੂਫ਼ ਹਾਂ ਤਾਂ ਜੋ ਇਕ ਬੇਟਾ ਆਪਣਾ ਫ਼ਰਜ਼ ਨਿਭਾਉਂਦੇ ਹੋਏ ਪਿਤਾ ਦੀ ਆਖ਼ਰੀ ਇੱਛਾ ਪੂਰੀ ਕਰ ਸਕੇ।-ਮੋਬਾਈਲ : 98767-29056

Posted By: Shubham Kumar