ਸਾਡੇ ਬੀਜੀ (ਮਾਤਾ ਦਲੀਪ ਕੌਰ) 25 ਨਵੰਬਰ 2017 ਨੂੰ ਅਚਾਨਕ ਜਹਾਨੋਂ ਕੂਚ ਕਰ ਗਏ ਸਨ। ਉਹ ਅਕਸਰ ਕਹਿੰਦੇ ਸਨ ਕਿ ਰੱਬਾ! ਮੈਨੂੰ ਤਾਂ ਚੱਲਦੀ-ਫਿਰਦੀ ਨੂੰ ਹੀ ਆਪਣੇ ਕੋਲ ਬੁਲਾ ਲਈਂ, ਮੈਂ ਬਿਮਾਰ ਹੋ ਕੇ ਮੰਜੇ ’ਤੇ ਨਹੀਂ ਪੈਣਾ ਚਾਹੁੰਦੀ। ਸ਼ਾਇਦ ਵਾਹਿਗੁਰੂ ਨੇ ਉਨ੍ਹਾਂ ਦੀ ਇਹ ਅਰਦਾਸ ਕਬੂਲ ਕਰ ਲਈ ਸੀ ਕਿਉਂਕਿ ਉਹ ਕਦੇ ਬਿਮਾਰ ਨਹੀਂ ਹੋਏ ਤੇ ਕਦੇ ਉਨ੍ਹਾਂ ਦਾ ਸਿਰ ਨਹੀਂ ਦੁਖਿਆ। ਮੇਰਾ ਭਤੀਜਾ ਤਨਵੀਰ ਸਿੰਘ ਉਚੇਰੀ ਪੜ੍ਹਾਈ ਲਈ ਬਹੁਤ ਛੇਤੀ ਕੈਨੇਡਾ ਜਾਣ ਵਾਲਾ ਸੀ। ਸਾਰਾ ਪਰਿਵਾਰ ਖ਼ੁਸ਼ੀਆਂ ਭਰੇ ਮਾਹੌਲ ’ਚ ਸੀ। ਬੀਜੀ ਨੇ ਸਭ ਤੋਂ ਪਹਿਲਾਂ ਤਨਵੀਰ ਨੂੰ ਸ਼ਗਨ ਦੇ ਕੇ ਕਿਹਾ ਸੀ ਕਿ ਮੈਂ ਤਾਂ ਹੁਣੇ ਹੀ ਆਪਣਾ ਫ਼ਰਜ਼ ਨਿਭਾ ਦਿੱਤਾ ਹੈ, ਕੀ ਪਤਾ ਬਾਅਦ ’ਚ ਮੌਕਾ ਮਿਲੇ ਜਾਂ ਨਾ। ਰੱਬ ਨੂੰ ਮਨਜ਼ੂਰ ਨਹੀਂ ਸੀ ਕਿ ਬੀਜੀ ਆਪਣੇ ਹੱਥੀਂ ਤਨਵੀਰ ਨੂੰ ਕੈਨੇਡਾ ਲਈ ਰਵਾਨਾ ਕਰਦੇ। ਘਰ ਤੋਂ ਬਾਹਰ ਜਾਣ ਵੇਲੇ ਮੇਰੀ ਆਦਤ ਸੀ ਕਿ ਮੈਂ ਸਦਾ ਬੀਜੀ ਅਤੇ ਭਾਪਾ ਜੀ ਨੂੰ ਬੁਲਾ ਕੇ ਜਾਣਾ ਤੇ ਘਰ ਆ ਕੇ ਕੁਝ ਸਮਾਂ ਉਨ੍ਹਾਂ ਕੋਲ ਖ਼ਾਸ ਕਰਕੇ ਬੀਜੀ ਕੋਲ ਬਹਿ ਕੇ ਗੱਲਬਾਤ ਕਰਨੀ ਪਰ 24 ਨਵੰਬਰ 2017 ਦੀ ਰਾਤ ਜਦ ਮੈਂ ਘਰ ਆਇਆ ਤਾਂ ਬੀਜੀ ਨੇ ਅੰਦਰੋਂ ਹੀ ਕਿਹਾ ਕਿ ਤੂੰ ਸੌਂ ਜਾ ਪੁੱਤ, ਆਪਾਂ ਸਵੇਰੇ ਗੱਲ ਕਰਾਂਗੇ। ਅਫ਼ਸੋਸ! 25 ਨਵੰਬਰ 2017 ਨੂੰ ਉਹ ਸਦਾ ਲਈ ਸਾਨੂੰ ਛੱਡ ਕੇ ਚਲੇ ਗਏ। ਮੈਂ ਆਖ਼ਰੀ ਵਾਰ ਉਨ੍ਹਾਂ ਨਾਲ ਕੋਈ ਗੱਲ ਵੀ ਨਹੀਂ ਕਰ ਸਕਿਆ। ਸਾਨੂੰ ਜਦ ਵੀ ਕੋਈ ਸਮੱਸਿਆ ਆਉਂਦੀ, ਅਸੀਂ ਬੀਜੀ ਨੂੰ ਕਹਿਣਾ ਕਿ ਵਾਹਿਗੁਰੂ ਦੇ ਚਰਨਾਂ ’ਚ ਅਰਦਾਸ ਕਰਿਓ ਕਿ ਸਭ ਕੁਝ ਠੀਕ ਹੋ ਜਾਵੇ ਤੇ ਠੀਕ ਹੋ ਵੀ ਜਾਂਦਾ ਸੀ। ਸ਼ਾਇਦ ਰੱਬ ਉਨ੍ਹਾਂ ਦੀ ਕਿਸੇ ਵੀ ਗੱਲ ਨੂੰ ਨਹੀਂ ਸੀ ਟਾਲਦਾ। ਉਹ ਕਿਹਾ ਕਰਦੇ ਸਨ ਕਿ ਦੁੱਖ ਪਵੇ ਤਾਂ ਘਬਰਾਉਣਾ ਨਹੀਂ, ਬਸ ਵਾਹਿਗੁਰੂ- ਵਾਹਿਗੁਰੂ ਕਰੋ। ਕੋਈ ਵੀ ਸਮੱਸਿਆ ਜਾਂ ਪਰੇਸ਼ਾਨੀ ਹੁੰਦੀ, ਉਹ ਸਾਨੂੰ ਹਿੰਮਤ, ਹੌਸਲੇ ਤੇ ਉਤਸ਼ਾਹ ਨਾਲ ਭਰ ਦਿੰਦੇ ਸਨ। ਉਹ ਕਿਹਾ ਕਰਦੇ ਸਨ ਕਿ ਵਹਿਮਾਂ- ਭਰਮਾਂ ’ਚ ਪੈਣ ਦੀ ਲੋੜ ਨਹੀਂ ਕਿਉਂਕਿ ਜੋ ਪਰਮਾਤਮਾ ਨੇ ਲਿਖ ਦਿੱਤਾ, ਉਹ ਹਰ ਹਾਲ ’ਚ ਹੋ ਕੇ ਰਹਿਣਾ ਹੈ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਭਰੋਸਾ ਰੱਖੋ, ਉਸ ਤੋਂ ਉੱਪਰ ਕੁਝ ਨਹੀਂ ਹੈ। ਕਦਮ-ਕਦਮ ’ਤੇ ਸਾਡਾ ਮਾਰਗਦਰਸ਼ਨ ਕਰਦਿਆਂ ਉਹ ਅਕਸਰ ਬਹੁਤ ਕੁਝ ਸਮਝਾਉਂਦੇ। ਉਹ ਕਹਿੰਦੇ ਸਨ ਕਿ ਪੁੱਤ, ਇਹ ਗੱਲਾਂ ਕਿਸੇ ਨੇ ਨਹੀਂ ਸਮਝਾਉਣੀਆਂ। ਉਸ ਵੇਲੇ ਅਸੀਂ ਉਨ੍ਹਾਂ ਗੱਲਾਂ ਦੀ ਗੰਭੀਰਤਾ ਨੂੰ ਨਹੀਂ ਸਮਝ ਸਕੇ ਪਰ ਅੱਜ ਸਭ ਗੱਲਾਂ ਯਾਦ ਆਉਂਦੀਆਂ ਹਨ। ਉਹ ਅਕਸਰ ਕਹਿੰਦੇ ਸਨ ਕਿ ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰਿਓ। ਗੁਰਦੁਆਰਾ ਸਾਹਿਬ ਤੋਂ ਰੋਜ਼ਾਨਾ ਆ ਕੇ ਉੱਥੇ ਹੋਈ ਕਥਾ ਵੀ ਅਕਸਰ ਬੀਜੀ ਸੁਣਾਉਂਦੇ ਸਨ ਜਿਸ ਨੂੰ ਸੁਣ ਕੇ ਜਿੱਥੇ ਸਾਨੂੰ ਬਹੁਤ ਗਿਆਨ ਮਿਲਦਾ ਸੀ, ਨਾਲ ਹੀ ਗੁਰੂਘਰ ਨਾਲ ਜੁੜਨ ਦੀ ਹੋਰ ਪ੍ਰੇਰਨਾ ਵੀ ਮਿਲਦੀ। ਬੀਜੀ ਦੇ ਵਿਚਾਰਾਂ ਨੂੰ ਅਪਨਾ ਕੇ ਹਮੇਸ਼ਾ ਮਹਿਸੂਸ ਕਰਦਾ ਹੈ ਕਿ ਉਹ ਸਾਡੇ ਆਸਪਾਸ ਹੀ ਹਨ।

-ਪਲਵਿੰਦਰ ਸਿੰਘ ਢੁੱਡੀਕੇ

ਮੋਬਾਈਲ : 98724-96720

Posted By: Jatinder Singh