ਮੁਖਤਾਰ ਗਿੱਲ

ਮੈਂ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਸੀ ਕਿ ਡੇਢ ਕੁ ਮਹੀਨਾ ਪਹਿਲਾਂ ਸਰਦ ਰੁੱਤ ਦੀ ਆਮਦ ਦੇ ਨਾਲ ਹੀ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਉੱੱਤੇ ਉਸਰੇ ਨਵੇਂ ਪਿੰਡਾਂ ਦੀ ਨੁਹਾਰ ਹਿੰਦ-ਪਾਕਿ ਬਟਵਾਰੇ ਦੇ ਪਹਿਲਾਂ ਦੇ ਪੰਜਾਬ ਦੇ ਪਿੰਡਾਂ ਵਰਗੀ ਸੀ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਨ੍ਹਾਂ ਨਵੇਂ ਪਿੰਡਾਂ ਨੇ ਹਰ ਜਾਤ ਜਮਾਤ, ਹਰ ਉਮਰ ਵਰਗ, ਹਰ ਧਰਮ ਤੇ ਕੌਮ ਦੇ ਲੱਖਾਂ ਕਿਰਤੀ / ਕਿਸਾਨਾਂ ਨੂੰ ਆਪਣੀ ਨਿੱਘੀ ਗਲਵੱਕੜੀ ਦੇ ਨਿੱਘ ਵਿਚ ਸਮੋ ਲਿਆ ਹੋਵੇ। ਹੱਡੀਆਂ ਨੂੰ ਕੜਕਾਉਣ ਵਾਲੀਆਂ ਪੋਹ ਦੀਆਂ ਸਰਦ ਰਾਤਾਂ ਵਿਚ ਟਰਾਲੀਆਂ ਦੇ ਅੰਦਰ ਤੇ ਟਰਾਲੀਆਂ ਦੇ ਹੇਠਾਂ ਸੌਂ ਰਹੇ ਅੰਦੋਲਨਕਾਰੀਆਂ ਨੂੰ ਨਤਮਸਤਕ ਹੋਣ ਨੂੰ ਮਨ ਕਾਹਲਾ ਪੈ ਰਿਹਾ ਸੀ।

ਦਿੱਲੀ ਦੀਆਂ ਬਰੂਹਾਂ ’ਤੇ ਵੱਸਾਏ ਇਨ੍ਹਾਂ ਵਿਸ਼ਾਲ ਤੇ ਵਲਿੱਖਣ ਪਿੰਡਾਂ ਵਿਚੋਂ ਮੈਨੂੰ ਆਪਣੇ ਬਚਪਨ ਦੇ ਪਿੰਡਾਂ ਦਾ ਮੁਹਾਂਦਰਾ, ਉਨ੍ਹਾਂ ਦੀ ਸੰਵੇਦਨਾ, ਭਾਈਚਾਰਾ, ਪਰਿਵਾਰਕ ਮਿਲਵਰਤਨ, ਦੁੱਖ ਸੁੱਖ ਵਿਚ ਸ਼ਰੀਕ ਹੋਣ ਦਾ ਜਜ਼ਬਾ ਅਤੇ ਇਕ ਦੂਸਰੇ ਦੇ ਕੰਮ ਆਉਣ ਦੀ ਭਾਵਨਾ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਰਹੇ ਸਨ। ਸੱਭਿਆਚਾਰਕ ਤੇ ਭਾਈਚਾਰਕ ਸਾਂਝਾਂ ਬੜੀਆਂ ਪੀਡੀਆਂ ਸਨ। ਸਾਂਝੇ ਕਾਰਜ ਮਿਲ ਵਰਤ ਕੇ ਹੋ ਜਾਂਦੇ ਸਨ। ਪਿੰਡ ਦੀ ਧੀ ਭੈਣ ਦਾ ਕਾਰਜ ਸਾਰੇ ਪਿੰਡ ਦਾ ਕਾਰਜ ਭਾਵ ਸਾਰੇ ਪਿੰਡ ਦਾ ਵਿਆਹ ਹੁੰਦਾ ਸੀ। ਕੋਈ ਬਾਲਣ ਦਾ ਪ੍ਰਬੰਧ ਕਰ ਰਿਹਾ, ਕੋਈ ਆਟਾ ਪਿਸਾ, ਕੋਈ ਚੌਲ ਛੜ੍ਹਾ ਕੇ ਦੇ ਗਿਆ। ਕੋਈ ਦਾਲਾਂ , ਘਿਓ ਆਦਿ ਸਰਦਾ ਪੁੱਜਦਾ ਸਮਾਨ ਸੁੱਟ ਗਿਆ। ਮੇਲ ਤੇ ਬਰਾਤ ਲਈ ਮੰਜੇ ਬਿਸਤਰੇ, ਦੁੱਧ ਆਦਿ ਇਕੱਠਾ ਕਰਵਾ ਕੇ ਦੇ ਗਿਆ। ਕੋਈ ਪਿੰਡ ਦੇ ਬਾਹਰਵਾਰ ਹਲਟੀ ਵਾਲੀਆਂ ਖੂਹੀਆਂ ਤੇ ਖੂਹਾਂ ਦੀਆਂ ਟੂਟੀਆਂ ਉਪਰਲੀਆਂ ਕਿੱਲੀਆਂ ਉੱਤੇ ਧੋਤੇ ਪਰਨੇ ਟੰਗਦਾ, ਕੋਈ ਦਾਤਣਾਂ, ਸਾਬਣ ਤੇਲ ਰੱਖ ਜਾਂਦਾ ਸੀ।

ਚੌਭਰ ਬਰਾਤੀਆਂ ਦੀਆਂ ਘੋੜੀਆਂ ਫੜ ਆਪੋ ਆਪਣੀਆਂ ਹਵੇਲੀਆਂ ’ਚ ਜਾ ਬੰਨ੍ਹਦੇ। ੳਨ੍ਹਾਂ ਦੀ ਸੇਵਾ ਕਰਦੇ ਅਤੇ ਭੈਣਾਂ ਦੀ ਡੋਲੀ ਤੁਰਨ ਤੋਂ ਪਹਿਲਾਂ ਬਰਾਤੀਆਂ ਦੇ ਹਵਾਲੇ ਕਰ ਜਾਂਦੇ ਸਨ।

ਦਿੱਲੀ ਦੇ ਬਾਰਡਰ ਉੱਤੇ ਵਸਾਏ ਪਿੰਡਾਂ ਵਿਚੋਂ ਮੈਨੂੰ ਆਪਣੇ ਉਨ੍ਹਾਂ ਪਿੰਡਾਂ ਦੀ ਝਲਕ ਦਿਖਾਈ ਦੇ ਰਹੀ ਸੀ। ਉਸੇ ਤਰ੍ਰਾਂ ਪ੍ਰਾਚੀਨ ਪਿੰਡਾਂ ਵਾਲੇ ਗਰਾਂਈ ਆ ਬੈਠੇ ਹੋਣ। ਤਾਊ ਤੇ ਭਾਊ ਇਕ ਦੂਸਰੇ ਦੀਆਂ ਬਾਹਵਾਂ ਵਿਚ ਹਨ, ਜਿਵੇਂ ਵੱਡਾ ਭਰਾ (ਪੰਜਾਬ) ਛੋਟੇ ਭਾਈ (ਹਰਿਆਣਾ) ਨੂੰ ਮਿਲ ਰਿਹਾ ਹੋਵੇ। ਇਨ੍ਹਾਂ ਪਿੰਡਾਂ ਦੇ ਵਸਨੀਕ ਕਿਰਤੀ ਕਿਸਾਨ, ਹਲਵਾਹਕ ਅਤੇ ਹੋਰ ਖੇਤੀ ਨਾਲ ਜੁੜੇ ਲੋਕ ਖਾਸ ਕਰਕੇ ਸੀਰੀ/ਖੇਤ ਮਜਦੂਰ। ਮਰਹੂਮ ਸ਼ਾਇਰ ਉਦਾਸੀ ਨੇ ਜੱਟ ਸੀਰੀ ਦੇ ਰਿਸ਼ਤੇ ਨੰ ਜ਼ੁਬਾਨ ਦਿੱਤੀ, ‘ਗਲ ਲਗਕੇ ਸੀਰੀ ਦੇ ਜੱਟ ਰੋਵੇ/ਬੋਹਲਾਂ ਵਿਚੋਂ ਨੀਰ ਵਗਿਆ / ਲੈ ਲੈ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿਚੋਂ ਪੁੱਤ ਜੱਗਿਆ’।

ਸਮਾਜ ਦੇ ਸਾਰੇ ਸ਼ੋਸ਼ਤ ਵਰਗ ‘ਖੇਤੀ ਕਾਨੂੰਨਾਂ’ ਖ਼ਿਲਾਫ਼ ਸੰਘਰਸ਼ਸ਼ੀਲ ਹਨ। ਹੱਡ-ਚੀਰਵੀਂ ਠੰਢ, ਜਾਨ ਲੇਵਾ ਠਰੀਆਂ ਰਾਤਾਂ ਅਤੇ ਬੇਰਹਿਮ ਮੌਸਮਾਂ ਦੀ ਮਾਰ ਦੇ ਬਾਵਜੂਦ ਦਿੱਲੀ ਦੇ ਚਾਰ ਚੁਫੇਰੇ ਡਟੇ ਹਨ। ਕਿਸਾਨੀ ਦੀ ਲਾਟ ਨੂੰ ਹੋਰ ਮਘਾਉਣ ਲਈ ਕਿਰਤੀ/ਕਿਸਾਨ ਨੂੰਹਾਂ ਧੀਆਂ ਅਤੇ ਸਮਾਜ ਦੇ ਹੋਰ ਵਰਗਾਂ ਦੀਆਂ ਚੇਤੰਨ ਬੀਬੀਆਂ ਆਪਣਾ ਸ਼ਕਤੀਸ਼ਾਲੀ ਤੇ ਵਿਲੱਖਣ ਯੋਗਦਾਨ ਪਾ ਰਹੀਆਂ ਹਨ। ਜ਼ਿੰਦਗੀ ਭਰ ਖੇਤਾਂ ‘ਚ ਮਿੱਟੀ ਨਾਲ ਮਿੱਟੀ ਹੋਈ 80 ਸਾਲਾ ਬਿਰਧ ਮਾਤਾ ਮਹਿੰਦਰ ਕੌਰ ਆਪਣੇ ਕੁੱਬ ਨੂੰ ਕਿਸਾਨੀ ਝੰਡੇ ਦਾ ਆਸਰਾ ਦਈ ਕਿਸਾਨ ਸੰਘਰਸ਼ ਵਿਚ ਆ ਸ਼ਾਮਲ ਹੋਈ ਹੈ।

ਵਲਗਣਾਂ ਤੋਂ ਆਜ਼ਾਦ ਮੌਜੂਦਾ ਲੋਕ ਘੋਲ ਹੁਣ ਭਾਈਚਾਰਕ ਸ਼ਕਲ ਧਾਰਨ ਕਰ ਗਿਆ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਇਹ ਹੁਣ ਕਿਸਾਨਾਂ ਦਾ ਸੰਘਰਸ਼ ਨਹੀਂ ਰਹਿ ਗਿਆ ਸਗੋਂ ਇਸਨੇ ਇੱਕੀਵੀਂ ਸਦੀ ਦੇ ‘ਕਿਸਾਨ ਵਿਦਰੋਹ’ ਦਾ ਰੂਪ ਲੈ ਲਿਆ ਹੋਵੇ। ਕਿਸਾਨ ਅੰਦੋਲਨ ਨੇ ਸਮਾਜਿਕ ਵਿਥਾਂ ਮਿਟਾ ਦਿੱਤੀਆਂ ਹਨ। ਸਮੁੱਚੇ ਸਮਾਜ ਨੂੰ ਇਹ ਸੰਘਰਸ਼ ਆਪਣਾ ਲੱਗਣ ਲੱਗ ਪਿਆ ਹੈ। ਅੰਦੋਲਨ ਦੇ ਸਮਾਜਿਕ ਤੇ ਸਭਿਆਚਾਰਕ ਪ੍ਰਭਾਵ ਪੈਣਗੇ, ਭਾਈਚਾਰਕ ਸਾਂਝ ਗੂੜ੍ਹੀ ਹੋਵੇਗੀ। ਵਰਗਾਂ ‘ਚ ਪਈ ਖਾਈ ਭਰੀ ਜਾਵੇਗੀ। ਪੇਂਡੂ ਪੰਜਾਬ ਆਪਣਾ ਗੁਆਚਾ ਮੂਲ ਲੱਭੇਗਾ। ਆਸ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਸੰਘਰਸ਼ ਦਾ ਸਿਲਾ ਜ਼ਰੂਰ ਮਿਲੇਗਾ।

ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਤਸਵੀਰਾਂ ਲੈ ਉਨ੍ਹਾਂ ਦੀਆਂ ਵਿਧਵਾਵਾਂ ਖੇਤੀ ਕਾਨੂੰਨਾਂ ਵਿਰੁੱਧ ਸਰਕਾਰ ਨੂੰ ਫਿੱਟਕਾਰਾਂ ਪਾਉਣ ਲਈ ਮੋਰਚੇ ਦੀ ਸਟੇਜ ’ਤੇ ਚੜ੍ਹ ਗਈਆਂ। ਯਤੀਮ ਬੱਚੇ ਆਪਣੀਆਂ ਦਾਦੀਆਂ ਨਾਲ ਆਏ। ਸਿਰਫ ਤਸਵੀਰਾਂ ਬਚੀਆਂ ਜੋ ਉਹ ਵਿਖਾ ਰਹੀਆਂ ਹਨ ਪਰ ਤਸਵੀਰਾਂ ਦਰਦ ਬਿਆਨ ਨਹੀਂ ਕਰ ਸਕਦੀਆਂ। ਨਾ ਪੁੱਤ ਨਾ ਪਤੀ ਬਚੇ। ਖ਼ੁਦਕੁਸ਼ੀਆਂ ਦੇ ਰਾਹ ਤੁਰ ਗਏ ਪਿਓ ਤੇ ਪੁੱਤ।

ਇਹ ਅੰਦੋਲਨ ਸੰਵੇਦਨਸ਼ੀਲ ਬੁੱਧੀਜੀਵੀਆਂ, ਸਾਹਿਤਕਾਰ, ਆਦੀਬਾਂ, ਕਲਾਕਾਰਾਂ, ਕਰੁਣਾਧਾਰੀ ਦਇਆਵਾਨ ਆਮ ਲੋਕਾਂ ਦੇ ਭਵਿਖ ਦੀਆਂ ਆਸ ਤੇ ਧਰਵਾਸ ਬਣ ਗਿਆਂ ਹੈ। ਅੰਦੋਲਨਕਾਰੀ ਕਿਸੇ ਸਿਆਸੀ ਪਾਰਟੀ ਦੇ ਪ੍ਰਭਾਵ ਹੇਠ ਵੀ ਨਹੀਂ ਹਨ ਇਨ੍ਹਾਂ ਤਾਂ ਕਿਸੇ ਵੀ ਪਾਰਟੀ ਨੂੰ ਆਪਣੇ ਮੰਚ ਨੇੜੇ ਫੜਕਣ ਵੀ ਨਹੀਂ ਦਿੱਤਾ। ਇਹ ਅਤਿ ਦੀ ਠੰਢ ਵਿਚ, ਬਾਰਿਸ਼ ਨਾਲ ਚੋਂਦੇ ਟੈਂਟਾਂ ਵਿਚ ਪਿਕਨਿਕ ਮਨਾਉਣ ਵੀ ਨਹੀਂ ਆਏ। ਇਹ ਟੁਕੜਾ ਟੁਕੜਾ ਗੈਂਗ ਵੀ ਨਹੀਂ ਬਕੌਲ ਸ਼ਾਇਰ ਸੁਰਜੀਤ ਪਾਤਰ, ‘ਮੇਰਾ ਦਿਲ ਹੈ ਟੁਕੜੇ ਟੁਕੜੇ/ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ / ਕਿਰਤੀ ਅਤੇ ਕਿਸਾਨ ਦੇ ਦੁਖੜੇ/ਮੇਰੇ ਦਿਲ ਵਿਰਾਨ ਦੇ ਟੁੁਕੜੇ/ਆਮ ਜਿਹੇ ਇਨਸਾਨ ਦੇ ਦੁਖੜੇ / ਦਿਲ ਹੋਇਆ ਹੈ ਟੁਕੜੇ ਟੁਕੜੇ/ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ’। ਜਗਤਾਰ ਗਿੱਲ, ਮਲਵਿੰਦਰ, ਅਰਤਿੰਦਰ ਸੰਧ, ਹਰਪਾਲ ਨਾਗਰਾ ਅਤੇ ਚੰਨ ਅਮਰੀਕ ਆਦਿ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਮੁੱਲਵਾਨ ਨਜ਼ਮਾਂ ਲਿਖੀਆਂ।

ਬੁਕਰ ਇਨਾਮ ਜੇਤੂ ਲੇਖਕਾ ਅਰੁੰਧਤੀ ਰੌਏ, ਉੱਘੇ ਚਿੰਤਕ ਪੀ. ਸਾਈਂ ਨਾਥ, ਪ੍ਰਸ਼ਾਂਤ ਭੂਸ਼ਣ, ਸੁਪਰੀਮ ਕੋਰਟ ਦੇ ਸਾਬਕਾ ਜੱਜਾਂ, ਅਦਾਕਾਰਾ ਸਵਰਾ ਭਾਸਕਰ, ਅਨੇਕ ਪੰਜਾਬੀ ਲੇਖਕ ਅਤੇ ਕਲਾਕਰ ਸੰਘਰਸ਼ੀਲ਼ ਕਿਸਾਨਾਂ ਨਾਲ ਇੱਕਜੁੱਟਤਾ ਵਿਖਾਉਣ ਲਈ ਦਿੱਲੀ ਬਾਰਡਰ ’ਤੇ ਆਏ। ਸਵਰਾ ਨੇ ਪਾਸ਼ ਦੀ ਕਵਿਤਾ ਪੜ੍ਹ ਕੇ ਸੁਣਾਈ, ‘ਜੇ ਤੁਸੀਂ ਤੱਕੀਆਂ ਹਨ / ਕੋਠਿਆਂ ’ਤੇ ਸੁਕਦੀਆਂ ਸੁਨਹਿਰੀ ਛੱਲੀਆਂ / ਤੇ ਨਹੀਂ ਤੱਕੇ ਮੰਡੀਆਂ ਵਿਚ ਸੁੱਕਦੇ ਭਾਅ/ਤਾਂ ਤੁਸੀਂ ਨਹੀਂ ਸਮਝ ਸਕਦੇ / ਕਿ ਕਿਵੇਂ ਦੁਸ਼ਮਣੀ ਹੈ / ਦਿੱਲੀ ਦੀ ਉਸ ਹੁਕਮਰਾਨ ਔਰਤ ਦੀ / ਮੇਰੇ ਪਿੰਡ ਦੀ ਪੈਰੋਂ ਨੰਗੀ ਸੁਹਣੀ ਕੁੜੀ ਨਾਲ’।

ਮੱਧ ਪ੍ਰਦੇਸ਼ ਤੋਂ ਦਿੱਲੀ-ਹਰਿਆਣਾ ਦੇ ਸਿੰਘੁ ਬਾਰਡਰ ’ਤੇ ਪਹੁੰਚੀਆਂ ਰੇਖਾ ਤੇ ਉਸਦੀਆਂ ਸਾਥਣਾਂ ਨੇ ਗੀਤ ਪੇਸ਼ ਕੀਤਾ, ‘‘ਐ ਭਗਤ ਸਿੰਘ ਤੂੰ ਜ਼ਿੰਦਾ ਏਂ ਹਰ ਏਕ ਲਹੂ ਕੇ ਕਤਰੇ ਮੇਂ’’। ਸੱਤਾਂ ਸਾਲਾਂ ਦੀ ਬਾਲੜੀ ਸਨਿਤਾ ਪਟੇਲ ਨੇ ਕਵਿਤਾ ਬੋਲੀ, ‘ਲੈ ਮਸ਼ਾਲੇਂ ਚਲ ਪੜ੍ਹੇ ਹੈਂ ਲੋਗ ਮੇਰੇ ਗਾਓਂ ਕੇ’। ਉਧਰ ਗਾਜੀਪੁਰ ਸਰਹੱਦ ਦੀ ਲਾਇਬ੍ਰੇਰੀ ਵਿਚ ਕੁੜੀ ਪੂਨਮ ਪੰਡਿਤ ਗਰਜੀ, ‘ਮੈਂ ਘਰੋਂ ਸ਼ਹਾਦਤ ਦੇਣ ਆਈ ਹਾਂ’। ਅੰਮ੍ਰਿਤਸਰ ਦੇ

ਸਰਹੱਦੀ ਪਿੰਡ ਦੀ ਇਸਤਰੀ ਆਗੂ ਸਰਬਜੀਤ ਕੌਰ ਖੇਤੀ ਕਾਨੂੰਨਾਂ ਖ਼ਿਲਾਫ਼ ਸਘੰਰਸ਼ ਕਰ ਰਹੇ ਕਿਸਾਨਾਂ ਦੇ ਲਈ ਟਰਾਲੀ ਵਿਚ ਖਾਧ ਪਦਾਰਥ ਲੱਦ ਖੁਦ ਟ੍ਰੈਕਟਰ ਚਲਾਉਂਦੀ ਸਿੰਘੂ ਬਾਰਡਰ ਜਾ ਪਹੁੰਚੀ। ਹਰਿਆਣਾ ਦੀਆਂ ਔਰਤਾਂ ਜੋ ਲੰਮੇ ਘੁੰਡ ਕੱਢਦੀਆਂ, ਮਰਦਾਂ ਸਾਹਮਣੇ ਕਦੇ ਅੱਖ ਨਹੀਂ ਸਨ ਚੁੱਕਦੀਆਂ ਉਹ ਟ੍ਰੈਕਟਰ ਲੈ ਕਿਸਾਨੀ ਸੰਘਰਸ਼ ਵਿਚ ਆ ਕੁੱਦੀਆਂ। ਦੇਸ਼ ਵਿਦੇਸ਼ ਤੋਂ ਮੁਟਿਆਰਾਂ, ਧੀਆਂ ਭੈਣਾਂ ਸਿਰਾਂ ’ਤੇ ਮੜ੍ਹਾਸੇ ਬੰਨ੍ਹ ਕਿਸਾਨ ਘੋਲ ਵਿਚ ਸ਼ਾਮਲ ਹੋਈਆਂ। ਨਾਨਕ ਹੱਟ, ਮਾਲ ਖੁਲ੍ਹ ਗਏ। ਧੰਨ ਹੋ ਤੁਸੀਂ।

ਬਜ਼ੁਰਗ ਮਾਵਾਂ ਬਾਬੇ ਨਾਨਕ ਦੇ ਚਲਾਏ ਲੰਗਰਾਂ ਦੀ ਸੇਵਾ ਕਰ ਰਹੀਆਂ ਹਨ। ਪ੍ਰਸ਼ਾਦੇ ਪੱਕ ਰਹੇ ਹਨ, ਦਾਲੇ ਬਣ ਰਹੇ ਹਨ, ਕੋਈ ਭਾਂਡੇ ਮਾਂਜ ਰਿਹਾ ਤੇ ਕੋਈ ਸਾਫ-ਸਫਾਈ ਕਰ ਰਿਹਾ। ਇਕ ਇੰਜੀਨੀਅਰ ਨੌਜਵਾਨ ਬਜ਼ੁਰਗਾਂ ਦੇ ਜੁਤੇ ਗੰਢ / ਪਾਲਿਸ਼ ਕਰ ਰਿਹਾ ਸੀ। ਕੋਈ ਨੌਜਵਾਨ ਬਾਰਿਸ਼ ਦਾ ਚਿੱਕੜ ਹੂੰਝ ਰਿਹਾ ਸੀ। ਸਾਰੇ ਇਕ ਦੂਸਰੇ ਦੀ ਤਕਲੀਫ ਮੌਕੇ ਸੇਵਾ ਭਾਵ ਲਈ ਤਤਪਰ ਸਨ। ਇਨ੍ਹਾਂ ਪਿੰਡਾਂ ਦੇ ਆਸ-ਪਾਸ ਰਹਿਣ ਵਾਲੇ ਕਹਿ ਰਹੇ ਸਨ, ‘ਜਦੋਂ ਤੁਸੀਂ ਚਲੇ ਗਏ ਤਾਂ ਸਾਨੂੰ ਬਹੁਤ ਯਾਦ ਆਓਗੇ’। ਦਿੱਲੀ ਬਾਰਡਰ ਉੱਤੇ ਕਿਰਤੀ ਕਿਸਾਨਾਂ ਦੇ ਵਸਾਏ ਇਨ੍ਹਾਂ ਪਿੰਡਾਂ ਵਿਚ ਨਿਰਸੰਦੇਹ ਰੱਬ ਵੱਸਦਾ ਹੈ।

-ਪ੍ਰੀਤ ਨਗਰ-143109 ( ਅੰਮ੍ਰਿਤਸਰ )(90140 82217) ।

Posted By: Jagjit Singh