-ਹਰਕ੍ਰਿਸ਼ਨ ਸ਼ਰਮਾ

ਕਦੇ ਵੇਲਾ ਹੋਇਆ ਕਰਦਾ ਸੀ ਕਿ ਕਈ-ਕਈ ਪਰਿਵਾਰ ਇਕੱਠੇ ਰਹਿੰਦੇ ਸਨ। ਬਾਬੇ, ਚਾਚੇ, ਤਾਏ, ਉਨ੍ਹਾਂ ਦੇ ਬੱਚੇ ਇਕ ਘਰ ਵਿਚ ਇਕੱਠੇ ਹੱਸਦੇ-ਖੇਡਦੇ ਰਹਿੰਦੇ ਸਨ। ਕੋਈ ਇਕ-ਦੂਜੇ ਨੂੰ ਉੱਚਾ ਨਾ ਬੋਲਦਾ। ਆਪਸੀ ਪਿਆਰ-ਮੁਹੱਬਤ ਸਿਰਫ਼ ਘਰਾਂ ਤਕ ਹੀ ਸੀਮਤ ਨਹੀਂ ਸੀ। ਮੌਕਾ ਖੇਤੀਬਾੜੀ ਦੇ ਕੰਮ-ਧੰਦੇ ਹੋਣਾ ਜਾਂ ਕਿਸੇ ਦੇ ਵਿਆਹ-ਸ਼ਾਦੀ ਦਾ, ਸਭ ਨੇ ਰਲ-ਮਿਲ ਕੇ ਕੰਮ ਭੁਗਤਾ ਲੈਣਾ। ਉਦੋਂ ਪੈਸੇ ਦਾ ਚਲਨ ਘੱਟ ਸੀ ਪਰ ਲੋਕ ਅਸੂਲਾਂ ਦੇ ਪੱਕੇ ਸਨ। ਪੁੱਤ ਅਤੇ ਦੁੱਧ ਵੇਚਣ ਵਿਚ ਸ਼ਰਮ ਮੰਨਦੇ ਸਨ। ਹਰ ਪਿੰਡ ਆਪਣੀਆਂ ਜ਼ਰੂਰਤਾਂ ਨੂੰ ਆਪ ਪੂਰਾ ਕਰਦਾ ਸੀ। ਭਾਵੇਂ ਸੁੱਖ-ਸਹੂਲਤਾਂ ਦੀ ਕਮੀ ਸੀ ਪਰ ਚਾਰੇ-ਪਾਸੇ ਪਿਆਰ-ਮੁਹੱਬਤ ਅਤੇ ਆਪਸੀ ਭਾਈਚਾਰਾ ਸੀ। ਲੋਕਾਂ ਦੀ ਖ਼ੁਸ਼ੀ-ਗ਼ਮੀ ਸਾਂਝੀ ਸੀ। ਜੇ ਪਿੰਡ 'ਚ ਕੋਈ ਮੌਤ ਹੋ ਜਾਂਦੀ ਤਾਂ ਸਾਰਾ ਪਿੰਡ ਸੋਗ ਵਿਚ ਡੁੱਬ ਜਾਂਦਾ ਅਤੇ ਕਿਸੇ ਵੀ ਘਰ ਰੋਟੀ ਨਾ ਪੱਕਦੀ। ਦੁੱਖਾਂ ਦੇ ਸਾਥੀਆਂ ਦੀਆਂ ਖ਼ੁਸ਼ੀਆਂ ਵੀ ਸਾਂਝੀਆਂ ਸਨ।

ਮੇਲੇ ਲੱਗਦੇ, ਤੀਆਂ 'ਚ ਮੁਟਿਆਰਾਂ ਇਕੱਠੀਆਂ ਹੋ ਕੇ ਗਿੱਧੇ 'ਚ ਭੜਥੂ ਪਾ ਦਿੰਦੀਆਂ। ਗਲੀਆਂ ਵਿਚ ਲੋਹੜੀ ਬਲਦੀ, ਸਾਰੇ ਘਰਾਂ 'ਚੋਂ ਪਾਥੀਆਂ ਇਕੱਠੀਆਂ ਕਰ ਕੇ ਉੱਚਾ ਗਹੀਰਾ ਬਣ ਜਾਂਦਾ ਅਤੇ ਗਈ ਰਾਤ ਤਕ ਗੁੜ, ਬਕਲੀਆਂ ਅਤੇ ਜਵਾਰ ਦੇ ਮਰੁੰਡੇ ਬਹਿ ਕੇ ਖਾਂਦੇ। ਅੱਜਕੱਲ੍ਹ ਵਾਂਗ ਨਹੀਂ ਕਿ ਇਕ ਘਰ ਮਰਗ ਦਾ ਭੋਗ ਪੈ ਰਿਹਾ ਹੋਵੇ ਅਤੇ ਨਾਲ ਦੇ ਘਰ ਸ਼ਹਿਨਾਈਆਂ ਵੱਜ ਰਹੀਆਂ ਹੋਣ। ਪਦਾਰਥਵਾਦੀ ਯੁੱਗ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ। ਕਹਿੰਦੇ 'ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ'। ਹੁਣ ਜ਼ਮੀਨਾਂ ਲਈ ਭਰਾ, ਭਰਾ ਦਾ ਦੁਸ਼ਮਣ ਬਣ ਗਿਆ ਹੈ। ਜ਼ਮੀਨ ਲਈ ਆਪਣਿਆਂ ਦੇ ਕਤਲਾਂ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਦਿਖਾਈ ਦਿੰਦੀਆਂ ਹਨ। ਦਿਲਾਂ ਵਿਚ ਨਫ਼ਰਤ ਹੈ ਅਤੇ ਚਿਹਰੇ 'ਤੇ ਝੂਠੀ ਮੁਸਕਾਨ। ਆਪਸੀ ਪ੍ਰੇਮ-ਪਿਆਰ ਦਿਨੋ-ਦਿਨ ਘਟਦਾ ਜਾ ਰਿਹਾ ਹੈ।

ਤੇਜ਼ ਰਫ਼ਤਾਰ ਨਾਲ ਜਿਵੇਂ-ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ, ਤਿਵੇਂ-ਤਿਵੇਂ ਇਕ-ਦੂਜੇ ਤੋਂ ਵੱਧ ਰਹੀਆਂ ਦੂਰੀਆਂ ਵੀ ਸਭ ਕੁਝ ਖ਼ਤਮ ਕਰਦੀਆਂ ਨਜ਼ਰ ਆਉਂਦੀਆਂ ਹਨ। ਸੋਸ਼ਲ ਮੀਡੀਆ ਨੇ ਇਕ ਕਮਰੇ 'ਚ ਬੰਦ ਦੋ ਜਣਿਆਂ ਨੂੰ ਇਕੱਲੇ-ਇਕੱਲੇ ਕਰ ਦਿੱਤਾ ਹੈ। ਸਾਨੂੰ ਹਜ਼ਾਰਾਂ ਕਿਲੋਮੀਟਰ ਦੂਰ ਸੋਸ਼ਲ ਮੀਡੀਆ 'ਤੇ ਗੱਲ ਕਰਦੇ ਲੋਕੀਂ ਨਜ਼ਰ ਆਉਣ ਲੱਗੇ ਹਨ ਜਦੋਂਕਿ ਘਰ 'ਚ ਆਪਣੇ ਚਾਰ ਜੀਆਂ ਦੀ ਆਪਸ 'ਚ ਨਹੀਂ ਬਣਦੀ। ਹਰ ਵਿਅਕਤੀ ਮੁਸ਼ਕਲਾਂ ਦੇ ਦੌਰ 'ਚੋਂ ਲੰਘ ਰਿਹਾ ਹੈ। ਘਰ 'ਚ ਬੱਚਿਆਂ ਦੇ ਵੱਡੇ ਹੋਣ 'ਤੇ ਅਲੱਗ-ਅਲੱਗ ਘਰ ਤੇ ਆਪੋ-ਆਪਣੇ ਹਿੱਸੇ ਮਾਤਾ-ਪਿਤਾ ਕੋਲੋਂ ਮੰਗਣੇ ਸ਼ੁਰੂ ਹੋ ਜਾਂਦੇ ਹਨ। ਪੱਥਰ ਹੋ ਚੁੱਕੀ ਸੰਵੇਦਨਾ ਦੇ ਦੌਰ ਵਿਚ ਅੱਜ ਵੀ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜਿਸ ਨੂੰ ਚੇਤੇ ਕਰਦਿਆਂ ਦਿਲ ਭਾਵਨਾਵਾਂ ਦੇ ਵਹਿਣ 'ਚ ਆਪ-ਮੁਹਾਰੇ ਵਹਿ ਤੁਰਦਾ ਹੈ। 'ਇਹ ਕਦ ਜਾਣਗੇ ਆਪਣੇ ਘਰਾਂ ਨੂੰ' ਇਹ ਲਫ਼ਜ਼ ਜਦ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ ਤਾਂ ਦੋ ਵਰ੍ਹੇ ਪਹਿਲਾਂ ਵਾਪਰੀ ਘਟਨਾ ਚੇਤੇ ਆ ਜਾਂਦੀ ਹੈ। ਘਟਨਾ ਇਸ ਤਰ੍ਹਾਂ ਹੈ ਕਿ ਚਾਚੇ, ਤਾਇਆਂ ਸਮੇਤ ਪਰਿਵਾਰ 'ਚ ਸਾਰੇ ਜੀਅ ਇਕੱਠੇ ਰਹਿੰਦੇ ਸਨ।

ਸਾਰਿਆਂ ਦੇ ਇਕੱਠੇ ਰਹਿਣ ਨਾਲ ਘਰ 'ਚ ਰੌਣਕ ਵੀ ਬੜੀ ਸੀ। ਪਰਿਵਾਰ 'ਚ ਇਕ ਲੜਕੇ ਦਾ ਵਿਆਹ ਹੋਇਆ। ਉਸ ਦੀ ਨਵ-ਵਿਆਹੁਤਾ ਘਰ 'ਚ ਰੌਣਕਾਂ ਦੇਖ ਕੇ ਕਾਫ਼ੀ ਖ਼ੁਸ਼ ਸੀ ਪਰ ਉਸ ਦੇ ਮਨ ਵਿਚ ਇਕ ਸਵਾਲ ਵਾਰ-ਵਾਰ ਉਬਾਲੇ ਖਾ ਰਿਹਾ ਸੀ। ਇਕ ਦਿਨ ਆਪਣੇ ਪਤੀ ਕੋਲੋਂ ਉਸ ਨੇ ਇਹ ਪੁੱਛ ਹੀ ਲਿਆ ਕਿ ਇਹ ਲੋਕ ਵਿਆਹ ਦੇ ਇੰਨੇ ਦਿਨ ਬਾਅਦ ਵੀ ਆਪਣੇ ਘਰ ਨਹੀਂ ਗਏ, ਇਨ੍ਹਾਂ ਕਦੋਂ ਜਾਣਾ ਹੈ? ਇਸ 'ਤੇ ਪਤੀ ਦਾ ਹਾਸਾ ਨਿਕਲ ਗਿਆ ਅਤੇ ਇਸ ਸਵਾਲ 'ਤੇ ਹੈਰਾਨੀ ਵੀ ਹੋਈ। ਉਹ ਪਤਨੀ ਨੂੰ ਸਮਝਾਉਂਦਿਆਂ ਬੋਲਿਆ, 'ਇਨ੍ਹਾਂ ਕਿੱਥੇ ਜਾਣਾ ਹੈ? ਇਹ ਤਾਂ ਇੱਥੇ ਹੀ ਰਹਿਣਗੇ। ਸਾਡਾ ਸਾਂਝਾ ਪਰਿਵਾਰ ਹੈ ਅਤੇ ਅਸੀਂ ਸਾਰੇ ਅੱਜ ਵੀ ਇਕੱਠੇ ਰਹਿੰਦੇ ਹਾਂ। ਕੋਈ ਵੀ ਇਕ-ਦੂਜੇ ਅੱਗੇ ਨਹੀਂ ਬੋਲਦਾ। ਹਾਸਾ-ਠੱਠਾ, ਮਖ਼ੌਲ ਸਾਰਾ ਦਿਨ ਘਰ 'ਚ ਚੱਲਦਾ ਰਹਿੰਦਾ ਹੈ।' ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਪਤਾ ਨਹੀਂ ਲੋਕਾਂ ਨੂੰ ਹੁਣ ਕੀ ਹੁੰਦਾ ਜਾਂਦਾ ਹੈ? ਮੁੰਡੇ ਦਾ ਵਿਆਹ ਹੋਇਆ ਨਹੀਂ ਤੇ ਚੁੱਕੋ ਬੋਰੀ ਬਿਸਤਰਾ ਅਤੇ ਹੋ ਜਾਓ ਅੱਡ।

ਹਰ ਵਿਅਕਤੀ ਸਵਾਰਥੀ ਹੋ ਕੇ ਆਪਣੇ ਬਾਰੇ ਸੋਚਣ ਲੱਗਦਾ ਹੈ ਪਰ ਉਨ੍ਹਾਂ ਨਾਲ ਜੁੜੇ ਪਰਿਵਾਰਕ ਮੈਂਬਰਾਂ ਮਾਂ, ਪਿਉ, ਭੈਣ ਅਤੇ ਭਰਾ ਦੀਆਂ ਭਾਵਨਾਵਾਂ ਦੀ ਕੋਈ ਕਦਰ ਕਰਕੇ ਰਾਜ਼ੀ ਨਹੀਂ। ਛੋਟੀਆਂ-ਛੋਟੀਆਂ ਗੱਲਾਂ 'ਤੇ ਐਵੇਂ ਹੀ ਲੜਾਈਆਂ ਵੱਧਦੀਆਂ ਜਾਂਦੀਆਂ ਹਨ। ਜ਼ਿਆਦਾਤਰ ਛੋਟੇ ਪਰਿਵਾਰਾਂ ਵਾਲੇ ਚਾਹੁੰਦੇ ਵੀ ਹਨ ਕਿ ਆਪਣੇ ਮਾਂ, ਪਿਉ , ਚਾਚੇ, ਤਾਇਆਂ ਨਾਲ ਸੰਯੁਕਤ ਪਰਿਵਾਰ ਹੀ ਰੱਖਿਆ ਜਾਵੇ ਅਤੇ ਇਕੱਠੇ ਹੀ ਰਹਿਣ ਪਰ ਛੋਟੀਆਂ-ਮੋਟੀਆਂ ਗੱਲਾਂ ਨਾਲ ਵਧੇ ਮਨ-ਮੁਟਾਵ ਕਾਰਨ ਅੱਡ ਰਹਿਣ ਲੱਗ ਜਾਂਦੇ ਹਨ ਅਤੇ ਕਈ ਵਾਰ ਹੋਰ ਮਜਬੂਰੀਆਂ ਵੀ ਅੱਡ ਰਹਿਣ ਦਾ ਕਾਰਨ ਬਣ ਜਾਂਦੀਆਂ ਹਨ। ਲੋਕ ਅੱਗੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਅਲੱਗ-ਅਲੱਗ ਰਹਿਣ ਦੀ ਇੱਛਾ ਕਰਨ ਲੱਗੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਉਹ ਉਨ੍ਹਾਂ ਕੋਲ ਐਸ਼ੋ-ਇਸ਼ਰਤ ਦੀਆਂ ਢੇਰ ਸਾਰੀਆਂ ਵਸਤਾਂ ਹਨ ਪਰ ਚਿਹਰੇ ਮਾਯੂਸ ਹਨ। ਖ਼ੁਸ਼ੀ ਖੰਭ ਲਾ ਕੇ ਉੱਡਦੀ ਨਜ਼ਰ ਆ ਰਹੀ ਹੈ। ਸਬਰ-ਸੰਤੋਖ ਨਹੀਂ ਹੈ। ਕਿਸੇ ਦੇ ਸੁੱਖ-ਦੁੱਖ 'ਚ ਕੰਮ ਆਉਣ ਦੀ ਭਾਵਨਾ ਨਦਾਰਦ ਹੈ। ਹਰ ਪਾਸੇ ਸਵਾਰਥ ਭਾਰੂ ਹੈ।

ਅਕਸਰ ਬੱਚੇ ਮਾਪਿਆਂ ਦਾ ਬੁਢਾਪੇ 'ਚ ਸਹਾਰਾ ਬਣਨ ਦੀ ਬਜਾਏ ਅੱਡ ਹੋ ਕੇ ਖ਼ੁਸ਼ ਹੋਣਦਾ ਯਤਨ ਕਰਦੇ ਹਨ ਅਤੇ ਬਜ਼ੁਰਗਾਂ ਨੂੰ ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚ ਰੁਲਣ ਲਈ ਛੱਡ ਦਿੰਦੇ ਹਨ। ਮਾਪਿਆਂ ਨੂੰ ਜ਼ਿੰਦਗੀ ਦਾ ਆਖ਼ਰੀ ਪੜਾਅ ਸਰਾਪ ਲੱਗਣ ਲੱਗਦਾ ਹੈ। ਅਜਿਹੀ ਦਗਾਬਾਜ਼ ਔਲਾਦ ਦਾ ਕੀ ਫ਼ਾਇਦਾ? ਭਰਾ ਇਕੱਠੇ ਰਹਿੰਦੇ ਹੋਣ ਤਾਂ ਸਾਰਾ ਪਿੰਡ ਉਨ੍ਹਾਂ ਦਾ ਮਾਣ-ਸਤਿਕਾਰ ਵੀ ਕਰਦਾ ਹੈ। ਉਸ ਨੌਜਵਾਨ ਨੇ ਆਪਣੀ ਪਤਨੀ ਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਮੇਰੇ ਪਰਿਵਾਰਕ ਮੈਂਬਰ ਜਾਨ ਤੋਂ ਵੱਧ ਪਿਆਰੇ ਹਨ। ਸਾਰਿਆਂ ਨਾਲ ਰਲ-ਮਿਲ ਕੇ ਰਹਿਣਾ ਸਿੱਖ ਲੈ। ਕਦੇ ਵੀ ਇਨ੍ਹਾਂ ਤੋਂ ਮੈਨੂੰ ਅਲੱਗ ਕਰਨ ਦੀ ਕੋਸ਼ਿਸ਼ ਨਾ ਕਰੀਂ। ਹੁਣ ਕਦੇ ਨਾ ਆਖੀਂ 'ਇਨ੍ਹਾਂ ਕਦ ਘਰੋਂ ਜਾਣਾ ਐ ਅਤੇ ਸਾਂਝੇ ਚੁੱਲ੍ਹੇ 'ਤੇ ਰੋਟੀਆਂ ਸੇਕਣ ਦਾ ਵੱਲ ਸਿੱਖ ਲੈ!'

-ਮੋਬਾਈਲ ਨੰ. : 95019-83111

Posted By: Sukhdev Singh