ਮਨੁੱਖ ਨੇ ਆਪਣੀ ਤਰੱਕੀ ਦੀ ਲੜੀ 'ਚ ਭਾਵੇਂ ਹੋਰ ਕੁਝ ਸਿੱਖਿਆ ਹੋਵੇ ਜਾਂ ਨਾ ਪਰ ਦੂਸ਼ਣਬਾਜ਼ੀ ਜ਼ਰੂਰ ਸਿੱਖ ਲਈ ਹੈ। ਅਸੀਂ ਕਾਮਯਾਬੀ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਹਾਂ। ਅਸਫਲਤਾ ਦਾ ਠੀਕਰਾ ਹੋਰਾਂ ਦੇ ਸਿਰ ਭੰਨਣ ਦਾ ਹੁਨਰ ਸਾਨੂੰ ਬਾਖੂਬੀ ਆਉਂਦਾ ਹੈ। ਹਰ ਛੋਟੀ-ਵੱਡੀ ਘਟਨਾ, ਦੁਰਘਟਨਾ ਜਾਂ ਹਾਲਾਤ ਲਈ ਅਸੀਂ ਸਰਕਾਰ ਨੂੰ ਕਸੂਰਵਾਰ ਮੰਨ ਕੇ ਖ਼ੁਦ ਨੂੰ ਬੜੀ ਚਲਾਕੀ ਨਾਲ ਬਚਾ ਲੈਂਦੇ ਹਾਂ। ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਅਨਪੜ੍ਹਤਾ, ਹਿੰਸਾ, ਪਾਣੀ ਦਾ ਸੰਕਟ, ਬਿਜਲੀ ਦੀ ਕਮੀ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਣੀ ਬਿਨਾਂ ਸ਼ੱਕ ਸਰਕਾਰ ਦੀ ਜ਼ਿੰਮੇਵਾਰੀ ਹੈ। ਉਸ ਦਾ ਫ਼ਰਜ਼ ਬਣਦਾ ਹੈ ਕਿ ਜਨਤਾ ਨੂੰ ਜ਼ਿੰਦਗੀ ਨਾਲ ਜੁੜੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਏ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਜਿਸ ਸਮਾਜ ਅਤੇ ਦੇਸ਼ ਵਿਚ ਅਸੀਂ ਰਹਿੰਦੇ ਹਾਂ, ਉਸ ਦੇ ਪ੍ਰਤੀ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਹਨ। ਅਸੀਂ ਆਪਣੇ ਹੱਕਾਂ ਲਈ ਤਾਂ ਧਰਤੀ-ਅੰਬਰ ਇਕ ਕਰਨ ਲਈ ਤਿਆਰ ਰਹਿੰਦੇ ਹਾਂ, ਬੱਸਾਂ ਨੂੰ ਅੱਗ ਦੇ ਹਵਾਲੇ ਕਰਨ 'ਚ ਦੇਰੀ ਨਹੀਂ ਲਾਉਂਦੇ, ਰੇਲਵੇ ਲਾਈਨਾਂ ਵੀ ਅੱਖ ਝਪਕਦੇ ਪੁੱਟ ਸੁੱਟਦੇ ਹਾਂ ਪਰ ਜਦੋਂ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਸਾਡੀ ਹਾਲਤ ਪਤਲੀ ਹੋ ਜਾਂਦੀ ਹੈ। ਸਾਡੇ ਕੋਲ ਵਕਤ ਦੀ ਕਮੀ ਹੋ ਜਾਂਦੀ ਹੈ। ਅਸੀਂ ਸਾਧਨਾਂ ਦੀ ਥੋੜ੍ਹ ਨਾਲ ਜੂਝਣ ਲੱਗ ਜਾਂਦੇ ਹਾਂ। ਅਸੀਂ ਕਿਸੇ ਐਕਸੀਡੈਂਟ ਤੋਂ ਬਾਅਦ ਫੱਟੜਾਂ ਨੂੰ ਚੁੱਕਣ ਦੀ ਬਜਾਏ ਹਾਦਸੇ ਦੀ ਵੀਡੀਓ ਵਾਇਰਲ ਕਰਨ 'ਚ ਵਿਸ਼ਵਾਸ ਕਰਨ ਲੱਗੇ ਹਾਂ। ਸਾਨੂੰ ਦੰਗੇ ਭੜਕਦੇ ਦੇਖ ਕੇ ਰੋਮਾਂਚ ਮਹਿਸੂਸ ਹੋਣ ਲੱਗਾ ਹੈ। ਭਵਿੱਖ ਦੀ ਚਿੰਤਾ ਕੀਤੇ ਬਿਨਾਂ ਅੰਨ੍ਹੇਵਾਹ ਦਰੱਖਤਾਂ ਨੂੰ ਕੱਟ ਰਹੇ ਹਾਂ। ਘੰਟਿਆਂਬੱਧੀ ਬਿਜਲੀ ਉਪਕਰਨਾਂ ਦੀ ਵਰਤੋਂ ਕਰਦੇ ਹਾਂ ਅਤੇ ਬਿਨਾਂ ਇਹ ਸੋਚੇ ਕਿ ਦੇਸ਼ ਦੇ ਕਿੰਨੇ ਹੀ ਪਿੰਡਾਂ 'ਚ ਅੱਜ ਵੀ ਬਿਜਲੀ ਦੀ ਕਿੱਲਤ ਜਿਉਂ ਦੀ ਤਿਉੁਂ ਬਣੀ ਹੋਈ ਹੈ। ਅਸੀਂ ਲੋੜ ਨਾ ਹੋਣ 'ਤੇ ਵੀ ਬਿਜਲੀ ਬਰਬਾਦ ਕਰਦੇ ਹਾਂ। ਸਾਨੂੰ ਪਾਣੀ ਬਰਬਾਦ ਕਰਦੇ ਸਮੇਂ ਥੋੜ੍ਹੀ ਜਿਹੀ ਵੀ ਚਿੰਤਾ ਨਹੀਂ ਹੁੰਦੀ। ਕਿਸੇ ਵਿਆਹ ਸਮਾਗਮ ਜਾਂ ਪਾਰਟੀ ਵਿਚ ਪਹਿਲਾਂ ਖਾਣੇ ਦੀ ਪਲੇਟ ਵਿਚ ਆਪਣੇ ਲਈ ਲੋੜ ਤੋਂ ਵੱਧ ਖਾਣਾ ਪਰੋਸਣ ਅਤੇ ਬਾਅਦ ਵਿਚ ਬਿਨਾਂ ਸਾਰਾ ਖਾਣਾ ਖਾਧੇ ਉਸ ਨੂੰ ਕਚਰੇਦਾਨ ਵਿਚ ਸੁੱਟਣ ਲੱਗਿਆਂ ਸਾਡੇ ਹੱਥ ਰੱਤੀ ਭਰ ਵੀ ਨਹੀਂ ਕੰਬਦੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਿੱਟਾ ਕੱਢਿਆ ਜਾਵੇ ਤਾਂ ਸਾਫ਼ ਹੋ ਜਾਂਦਾ ਹੈ ਕਿ ਹੁਣ ਸਾਡੇ ਅੰਦਰਲਾ ਇਨਸਾਨ ਬਹੁਤ ਬਦਲ ਗਿਆ ਹੈ। ਉਸ ਦੀ ਇਨਸਾਨੀਅਤ ਹੁਣ ਫੇਸਬੁੱਕ, ਵ੍ਹਟਸਐÎਪ ਅਤੇ ਟਵਿੱਟਰ 'ਤੇ ਝਲਕਦੀ ਹੈ। ਉਹ ਸੋਸ਼ਲ ਮੀਡੀਆ 'ਤੇ ਜ਼ਿਆਦਾ ਸੰਵੇਦਨਸ਼ੀਲ ਨਜ਼ਰ ਆਉਂਦਾ ਹੈ। ਅਸੀਂ ਚਾਹੀਏ ਤਾਂ ਸਮਾਜ ਨੂੰ ਬਦਲਣ 'ਚ ਆਪਣਾ ਯੋਗਦਾਨ ਦੇ ਸਕਦੇ ਹਾਂ। ਦਰੱਖਤ ਲਗਾ ਕੇ ਵਾਤਾਵਰਨ ਨੂੰ ਸੁਰੱਖਿਅਤ ਕਰ ਸਕਦੇ ਹਾਂ, ਪਾਣੀ ਨੂੰ ਬਰਬਾਦ ਕਰਨ ਤੋਂ ਬਚ ਸਕਦੇ ਹਾਂ, ਆਪਣੇ ਆਲੇ-ਦੁਆਲੇ ਸਾਫ਼-ਸਫਾਈ ਰੱਖਣ ਲਈ ਯਤਨ ਕਰ ਸਕਦੇ ਹਾਂ। ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰੇ ਨੂੰ ਹੋਰ ਵਧਣ-ਫੁੱਲਣ ਲਈ ਅੱਗੇ ਲਿਜਾਉਂਦੇ ਹੋਏ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ।

-ਹਰਪ੍ਰੀਤ ਸਿੰਘ ਬਰਾੜ, ਬਠਿੰਡਾ। ਮੋਬਾਈਲ ਨੰ. : 94649-96501

Posted By: Sukhdev Singh