-ਪ੍ਰਿੰ. ਵਿਜੈ ਕੁਮਾਰ

ਪਿਤਾ ਜੀ ਨੂੰ ਸਿਧਾਂਤਾਂ ਅਤੇ ਸਿਦਕ 'ਤੇ ਪਹਿਰਾ ਦਿੰਦਿਆਂ ਵੇਖ ਬਚਪਨ ਤੋਂ ਹੀ ਸਿਧਾਂਤਮਈ ਜ਼ਿੰਦਗੀ ਜਿਊਣ ਦੀ ਆਦਤ ਬਣ ਗਈ ਸੀ। ਉਨ੍ਹਾਂ ਨੇ ਗ਼ਰੀਬੀ ਤਾਂ ਝੱਲ ਲਈ ਪਰ ਸਿਧਾਂਤਾਂ ਨੂੰ ਜ਼ਿੰਦਗੀ ਤੋਂ ਵੱਖ ਨਹੀਂ ਹੋਣ ਦਿੱਤਾ। ਵਿਦਿਆਰਥੀ ਜੀਵਨ ਵੀ ਉਨ੍ਹਾਂ ਅਧਿਆਪਕਾਂ ਦੇ ਅੰਗ-ਸੰਗ ਰਿਹਾ ਜਿਹੜੇ ਸਿਧਾਂਤਾਂ ਦੀ ਸੰਸਥਾ ਹੁੰਦੇ ਸਨ। ਅਧਿਆਪਨ ਦੇ ਖੇਤਰ ਵਿਚ ਆ ਕੇ ਨਕਲ ਵਿਰੁੱਧ ਲਿਖਿਆ ਵੀ ਅਤੇ ਨਕਲ ਹੋਣ ਵੀ ਨਹੀਂ ਦਿੱਤੀ। ਨਕਲ ਨੂੰ ਰੋਕਣ ਦੇ ਸਿਧਾਂਤ ਦਾ ਪਾਲਣ ਕਰਦਿਆਂ ਜ਼ਿੰਦਗੀ ਦੇ ਰਾਹ ਵਿਚ ਅਨੇਕਾਂ ਉਤਰਾਅ-ਚੜ੍ਹਾਅ ਵੀ ਆਏ ਪਰ ਸਿਧਾਂਤਾਂ ਦੀ ਧੌਣ ਨੀਵੀਂ ਨਹੀਂ ਹੋਣ ਦਿੱਤੀ।

ਅਕਾਲ ਪੁਰਖ ਦੇ ਰੰਗ ਬੜੇ ਨਿਆਰੇ ਨੇ। ਉਹ ਪਲਾਂ-ਛਿਣਾਂ ਵਿਚ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਉਲਟਫੇਰ ਕਰ ਦਿੰਦਾ ਹੈ। ਸਭ ਤੋਂ ਛੋਟੀ ਭੈਣ ਮਹਾਰਿਸ਼ੀ ਦਿਆ ਨੰਦ ਯੂਨੀਵਰਸਿਟੀ ਤੋਂ ਬੀਐੱਡ ਦੀ ਡਿਗਰੀ ਕਰ ਰਹੀ ਸੀ। ਉਸ ਨੂੰ ਚੰਗਾ ਰਿਸ਼ਤਾ ਲੱਭਣ ਲਈ ਉਸ ਦਾ ਬੀਐੱਡ ਹੋਣਾ ਬਹੁਤ ਜ਼ਰੂਰੀ ਸੀ। ਉਸ ਯੂਨੀਵਰਸਿਟੀ ਦੇ ਪ੍ਰੀਖਿਆ ਕੇਂਦਰ ਰੋਹਤਕ, ਸੋਨੀਪਤ ਅਤੇ ਭਿਵਾਨੀ ਸ਼ਹਿਰਾਂ ਵਿਚ ਸਨ। ਮੈਂ ਇਕ ਵਾਰ ਉਸ ਦੀ ਪ੍ਰੀਖਿਆ ਰੋਹਤਕ ਦਿਵਾ ਕੇ ਆਇਆ ਸਾਂ। ਮੈਂ ਹੀ ਜਾਣਦਾ ਹਾਂ ਕਿ ਉਹ ਦਿਨ ਮੈਂ ਕਿਵੇਂ ਕੱਟੇ ਸਨ। ਪਹਿਲੀ ਵਾਰ ਉਸ ਦੀ ਤੀਜੇ ਪੇਪਰ ਵਿਚ ਕੰਪਾਰਟਮੈਂਟ ਆ ਗਈ ਸੀ। ਕੰਪਾਰਟਮੈਂਟ ਆਉਣ ਦਾ ਐਨਾ ਦੁੱਖ ਭੈਣ ਨੂੰ ਨਹੀਂ ਹੋਇਆ ਹੋਵੇਗਾ ਜਿੰਨਾ ਮੈਨੂੰ ਹੋਇਆ ਸੀ ਕਿਉਂਕਿ ਯੂਨੀਵਰਸਿਟੀ ਦਾ ਇਹ ਨਿਯਮ ਸੀ ਕਿ ਕੰਪਾਰਟਮੈਂਟ ਦਾ ਪਰਚਾ ਦੇਣ ਲਈ ਇੱਕੋ ਮੌਕਾ ਮਿਲਦਾ ਸੀ। ਇਕ ਵਾਰ ਜੇਕਰ ਪਰਚਾ ਪਾਸ ਨਾ ਹੋਵੇ ਤਾਂ ਮੁੜ ਸਾਰੇ ਪਰਚੇ ਦੇਣੇ ਪੈਂਦੇ ਸਨ। ਪ੍ਰੀਖਿਆ ਕੇਂਦਰ ਦੀ ਘਰ ਤੋਂ ਦੂਰੀ ਬਹੁਤ ਜ਼ਿਆਦਾ ਸੀ।

ਕੰਪਾਰਟਮੈਂਟ ਦਾ ਰੋਲ ਨੰਬਰ ਆ ਗਿਆ। ਮੈਂ ਭੈਣ ਦਾ ਪੇਪਰ ਦਿਵਾਉਣ ਲਈ ਰੋਹਤਕ ਚਲਾ ਗਿਆ। ਮੈਂ ਉਸ ਨੂੰ ਅਗਾਹ ਕਰ ਚੁੱਕਾ ਸਾਂ ਕਿ ਜੇਕਰ ਉਹ ਮੁੜ ਪਰਚੇ 'ਚੋਂ ਫੇਲ੍ਹ ਹੋ ਗਈ ਤਾਂ ਸਾਰੇ ਪੇਪਰ ਦੇਣੇ ਪੈਣਗੇ। ਉਸ ਤੀਜੇ ਪਰਚੇ ਦੇ ਦੋ ਭਾਗ ਸਨ। ਭੈਣ ਜਦੋਂ ਪੇਪਰ ਦੇ ਕੇ ਪ੍ਰੀਖਿਆ ਕੇਂਦਰ 'ਚੋਂ ਨਿਕਲੀ ਤਾਂ ਉਸ ਦੇ ਚਿਹਰੇ ਨੇ ਹੀ ਮੈਨੂੰ ਸਭ ਕੁਝ ਦੱਸ ਦਿੱਤਾ। ਉਸ ਦਾ ਪਰਚਾ ਠੀਕ ਨਹੀਂ ਹੋਇਆ ਸੀ। ਉਸ ਦੀਆਂ ਅੱਖਾਂ ਵਿਚ ਹੰਝੂਆਂ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਜਿਸ ਦਾ ਮੈਨੂੰ ਡਰ ਸੀ, ਉਹੀ ਹੋਇਆ। ਮੈਨੂੰ ਸਮਝ ਨਾ ਆਵੇ ਕਿ ਮੈਂ ਹੁਣ ਕੀ ਕਰਾਂ। ਮੈਂ ਸੋਚਿਆ ਕਿ ਇਹ ਵੇਲਾ ਢੇਰੀ ਢਾਹੁਣ ਦਾ ਨਹੀਂ ਸਗੋਂ ਹੌਸਲਾ ਰੱਖਣ ਦਾ ਹੈ। ਇਹ ਨਾ ਹੋਵੇ ਕਿ ਭੈਣ ਘਬਰਾ ਕੇ ਦੂਜਾ ਪਰਚਾ ਵੀ ਖ਼ਰਾਬ ਕਰ ਬੈਠੇ। ਭੈਣ ਇਹ ਜਾਣਦੀ ਸੀ ਕਿ ਮੈਂ ਕੋਈ ਨਾ ਕੋਈ ਰਾਹ ਜ਼ਰੂਰ ਕੱਢ ਲਵਾਂਗਾ। ਮੈਂ ਉਸ ਨੂੰ ਹੌਸਲਾ ਰੱਖ ਕੇ ਦੂਜਾ ਪਰਚਾ ਦੇਣ ਲਈ ਕਿਹਾ। ਦੂਜਾ ਪਰਚਾ ਠੀਕ ਡੇਢ ਘੰਟੇ ਬਾਅਦ ਸ਼ੁਰੂ ਹੋਣਾ ਸੀ। ਆਪਾਂ ਦੋਵਾਂ ਨੇ ਪ੍ਰਸ਼ਾਦਾ ਛਕਿਆ। ਮਨ ਅੰਦਰ ਭੈਣ ਦੇ ਭਵਿੱਖ ਅਤੇ ਜ਼ਿੰਦਗੀ ਦੇ ਸਿਧਾਂਤਾਂ ਦਾ ਘੋਲ ਚੱਲ ਰਿਹਾ ਸੀ। ਦੋਹਾਂ 'ਚੋਂ ਕੋਈ ਵੀ ਹਾਰ ਨਹੀਂ ਮੰਨ ਰਿਹਾ ਸੀ। ਖ਼ੈਰ! ਮਾਂ ਦੀਆਂ ਝਿੜਕਾਂ ਅਤੇ ਭੈਣ ਦੇ ਮੋਹ-ਪਿਆਰ ਦੀਆਂ ਤੰਦਾਂ ਨੇ ਮੇਰੇ ਸਿਧਾਂਤਾਂ ਦੀ ਕੰਧ ਢਾਹ ਦਿੱਤੀ। ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਸਾਹਿਬ ਖਾਣਾ ਖਾ ਕੇ ਟਹਿਲ ਰਹੇ ਸਨ। ਮੈਂ ਮੌਕਾ ਵੇਖ ਕੇ ਭੈਣ ਨੂੰ ਨਾਲ ਲੈ ਕੇ ਸੁਪਰਡੈਂਟ ਸਾਹਿਬ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਰਾਮ ਕਹਾਣੀ ਸੁਣ ਕੇ ਉਨ੍ਹਾਂ ਨੇ ਮੇਰਾ ਅਤਾ-ਪਤਾ ਪੁੱਛ ਕੇ ਮੇਰੇ ਕੰਮ-ਧੰਦੇ ਬਾਰੇ ਪੁੱਛਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਲੈਕਚਰਾਰ ਦੇ ਅਹੁਦੇ 'ਤੇ ਸੇਵਾ ਨਿਭਾ ਰਿਹਾ ਹਾਂ। ਉਨ੍ਹਾਂ ਨੇ ਮੇਰੇ ਸ਼ਹਿਰ ਦਾ ਨਾ ਸੁਣ ਕੇ ਕਿਹਾ, 'ਸਰ! ਮੈਂ ਤੁਹਾਡੇ ਸ਼ਹਿਰ ਦੇ ਕਾਲਜ ਵਿਚ ਜੋਗਰਾਫੀ ਦਾ ਲੈਕਚਰਾਰ ਰਿਹਾ ਹਾਂ।' ਉਨ੍ਹਾਂ ਨੇ ਡਾ. ਡੀ. ਪੀ. ਸਿੰਘ ਬਾਰੇ ਮੈਨੂੰ ਪੁੱਛਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਉਹ ਮੇਰੇ ਪਰਮ ਮਿੱਤਰ ਹਨ। ਸੁਪਰਡੈਂਟ ਸਾਹਿਬ ਨੇ ਕਿਹਾ ਤੁਸੀਂ ਦੂਜਾ ਪਰਚਾ ਦਿਓ, ਪਰਚਾ ਖ਼ਤਮ ਹੋਣ ਤੋਂ ਬਾਅਦ ਮੈਨੂੰ ਮਿਲ ਲੈਣਾ। ਤੁਹਾਡੀ ਸਮੱਸਿਆ ਹੱਲ ਕਰ ਦਿਆਂਗੇ। ਸੁਪਰਡੈਂਟ ਸਾਹਿਬ ਦਾ ਭਰੋਸਾ ਸੁਣ ਕੇ ਮਨ ਹੌਲਾ ਨਹੀਂ, ਭਾਰਾ ਹੋ ਗਿਆ। ਮਨ ਆਪਣੇ-ਆਪ ਨੂੰ ਸਵਾਲ ਕਰ ਰਿਹਾ ਸੀ ਕਿ ਹੁਣ ਤੇਰੇ ਸਿਧਾਂਤ ਕਿੱਧਰ ਗਏ? ਜ਼ਿੰਦਗੀ ਦੇ ਹਾਰੇ ਹੋਏ ਮੈਚ ਨੂੰ ਲੈ ਕੇ ਉਦਾਸ ਹੋ ਕੇ ਭੈਣ ਦੇ ਪ੍ਰੀਖਿਆ ਕੇਂਦਰ ਤੋਂ ਬਾਹਰ ਆਉਣ ਦੀ ਉਡੀਕ ਕਰ ਰਿਹਾ ਸਾਂ। ਪਰਚਾ ਖ਼ਤਮ ਹੋ ਗਿਆ। ਸਾਰੇ ਪ੍ਰੀਖਿਆਰਥੀ ਆਪੋ-ਆਪਣੇ ਘਰਾਂ ਨੂੰ ਵਿਦਾ ਹੋ ਚੁੱਕੇ ਸਨ। ਸੁਪਰਡੈਂਟ ਸਾਹਿਬ ਦਾ ਕਲਰਕ ਮੈਨੂੰ ਲੱਭਦਾ-ਲੱਭਦਾ ਸਾਡੇ ਕੋਲ ਆ ਪਹੁੰਚਿਆ।

ਉਸ ਨੇ ਏ ਪਰਚਾ ਕੱਢ ਕੇ ਭੈਣ ਦੇ ਹੱਥ ਫੜਾ ਦਿੱਤਾ। ਭੈਣ ਨੇ ਅੱਧਾ ਘੰਟਾ ਲਾ ਕੇ ਪਾਸ ਹੋਣ ਜੋਗਾ ਪਰਚਾ ਕਰ ਦਿੱਤਾ। ਉਸ ਦਾ ਦੂਜਾ ਪਰਚਾ ਠੀਕ ਹੋ ਗਿਆ ਸੀ। ਮੈਂ ਸੁਪਰਡੈਂਟ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ, 'ਸਰ! ਅੱਜ ਮੈਂ ਆਪਣੀ ਭੈਣ ਦੇ ਮੋਹ ਅਤੇ ਭਵਿੱਖ ਅੱਗੇ ਹਾਰ ਗਿਆ ਹਾਂ। ਮੈਂ ਤੁਹਾਡੇ ਨਾਲ ਅੱਖਾਂ ਮਿਲਾਉਣ ਜੋਗਾ ਵੀ ਨਹੀਂ ਹਾਂ।' ਸੁਪਰਡੈਂਟ ਸਾਹਿਬ ਨੇ ਅੱਗੋਂ ਕਿਹਾ ਕਿ ਸ਼੍ਰੀਮਾਨ ਜੀ! ਮੈਂ ਤੁਹਾਡੇ ਨਾਲੋਂ ਵੀ ਸਿਧਾਂਤਾਂ ਦਾ ਪੱਕਾ ਹਾਂ। ਆਪਾਂ ਦੋਵੇਂ ਅਧਿਆਪਕ ਹਾਂ। ਭੈਣ ਤੁਹਾਡੀ ਹੈ ਜਾਂ ਮੇਰੀ, ਇੱਕੋ ਗੱਲ ਹੈ। ਭੈਣ ਪ੍ਰਤੀ ਤੁਹਾਡਾ ਮੋਹ ਵੇਖ ਕੇ ਮੈਂ ਤੁਹਾਡੀ ਗੱਲ ਮੋੜ ਨਹੀਂ ਸਕਿਆ। ਹਾਲਾਤ ਅਨੁਸਾਰ ਤੁਹਾਡੀ ਸਹਾਇਤਾ ਕਰਨੀ ਬਣਦੀ ਸੀ।

ਖ਼ੈਰ! ਕੁਝ ਵੀ ਹੋਵੇ, ਸਿਧਾਂਤਾਂ ਦੀ ਆਪਣੀ ਅਹਿਮੀਅਤ ਹੁੰਦੀ ਹੈ। ਅਸੂਲ ਅਤੇ ਸਿਧਾਂਤ ਦੂਜਿਆਂ ਨੂੰ ਦੱਸਣ ਲਈ ਕਾਫੀ ਚੰਗੇ ਲੱਗਦੇ ਹਨ ਪਰ ਜਦੋਂ ਵਾਰੀ ਆਪਣੀ ਆਉਂਦੀ ਹੈ ਤਾਂ ਇਹ ਚੁਭਣ ਲੱਗ ਪੈਂਦੇ ਹਨ। ਮੇਰੇ ਸਾਥੀ ਲੈਕਚਰਾਰ ਦਾ ਪੁੱਤਰ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਰਿਹਾ ਸੀ। ਉਸ ਦਾ ਵਿਗਿਆਨ ਵਿਸ਼ੇ ਦਾ ਪ੍ਰੈਕਟੀਕਲ ਸੀ। ਉਸ ਦਾ ਬਹੁਤ ਨਜ਼ਦੀਕੀ ਮਿੱਤਰ ਉਹ ਪ੍ਰੈਕਟੀਕਲ ਲੈਣ ਆ ਰਿਹਾ ਸੀ। ਮੈਂ ਆਪਣੇ ਉਸ ਸਾਥੀ ਅਧਿਆਪਕ ਨੂੰ ਕਿਹਾ ਕਿ ਉਹ ਆਪਣੇ ਨਜ਼ਦੀਕੀ ਮਿੱਤਰ ਅਧਿਆਪਕ ਨੂੰ ਪ੍ਰੈਕਟੀਕਲ ਦੇ ਨੰਬਰ ਲਾਉਣ ਲਈ ਕਹਿ ਲਵੇ। ਉਸ ਅਧਿਆਪਕ ਦਾ ਅੱਗੋਂ ਦਿੱਤਾ ਜਾਣ ਵਾਲਾ ਜਵਾਬ ਬਹੁਤ ਹੀ ਸਿਧਾਂਤਕ ਸੀ। ਉਸ ਨੇ ਕਿਹਾ 'ਮੈਂ ਆਪਣੇ ਪੁੱਤਰ ਦੀ ਸਿਫ਼ਾਰਸ਼ ਕਿਉਂ ਕਰਾਂ? ਜਦੋਂ ਆਪਾਂ ਲੋਕਾਂ ਦੀ ਸਿਫਾਰਸ਼ ਨਹੀਂ ਮੰਨਦੇ, ਫਿਰ ਆਪਣੀ ਸਿਫ਼ਾਰਸ਼ ਵੀ ਕਿਉਂ ਕਰੀਏ? ਜਿੰਨੀ ਯੋਗਤਾ ਹੋਵੇਗੀ ਓਨੇ ਨੰਬਰ ਲੱਗ ਜਾਣਗੇ।'

ਸੱਚਾਈ ਦੇ ਰਾਹ 'ਤੇ ਭੀੜ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਸ ਰਾਹ 'ਤੇ ਚੱਲਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ। ਸਿਧਾਂਤਕ ਲੋਕਾਂ ਨੂੰ ਅੱਖੜ, ਮੂਰਖ, ਉਜੱਡ ਅਤੇ ਲੱਕੜ ਸਿਰੇ ਜ਼ਰੂਰ ਕਿਹਾ ਜਾਂਦਾ ਹੈ ਪਰ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਗੱਲਾਂ ਵੀ ਉਨ੍ਹਾਂ ਦੀਆਂ ਹੀ ਹੁੰਦੀਆਂ ਹਨ। ਇਕ ਅਧਿਆਪਕ ਇਕ ਵਿਧਾਇਕ ਕੋਲ ਆਪਣੀ ਬਦਲੀ ਕਰਵਾਉਣ ਲਈ ਗਿਆ। ਉਸ ਵਿਧਾਇਕ ਨੂੰ ਪਤਾ ਸੀ ਕਿ ਉਹ ਅਧਿਆਪਕ ਉਸ ਦੀ ਵਿਰੋਧੀ ਪਾਰਟੀ ਦਾ ਹੈ ਪਰ ਉਸ ਨੇ ਉਸ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਕਿਉਂਕਿ ਉਸ ਨੇ ਉਸ ਨੂੰ ਕਿਹਾ ਕਿ ਉਹ ਹੁਣ ਉਸ ਦਾ ਵੀ ਵਿਧਾਇਕ ਹੈ। ਉਸ 'ਤੇ ਉਸ ਦਾ ਵੀ ਹੱਕ ਬਣਦਾ ਹੈ।

-ਮੋਬਾਈਲ ਨੰ. : 98726-27136

Posted By: Sukhdev Singh