-ਰਣਜੀਤ ਲਹਿਰਾ

ਕੁਝ ਸਮਾਂ ਪਹਿਲਾਂ ਸੰਤ ਅਤਰ ਸਿੰਘ ਕਾਲਜ, ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਕਾਲਜ ਅੱਗੇ ਬੱਸਾਂ ਨਾ ਰੁਕਣ ਖਿਲਾਫ਼ ਕੌਮੀ ਸ਼ਾਹਰਾਹ 'ਤੇ ਲਾਏ ਵੱਡੇ ਜਾਮ ਤੇ ਕਿਰਤੀ ਕਾਲਜ ਨਿਆਲ (ਪਾਤੜਾਂ) ਦੇ ਵਿਦਿਆਰਥੀਆਂ ਵੱਲੋਂ ਬੱਸਾਂ ਦੇ ਮਸਲੇ 'ਤੇ ਕੀਤੇ ਸੰਘਰਸ਼ ਦੀ ਖ਼ਬਰ ਨੇ ਕਰੀਬ ਚਾਰ ਦਹਾਕੇ ਪਹਿਲਾਂ ਹੱਡੀਂ ਹੰਢਾਏ ਦਿਨਾਂ ਦੀ ਯਾਦ ਕਰਵਾ ਦਿੱਤੀ। ਸੱਤਰ ਦੇ ਦਹਾਕੇ 'ਚ ਪੰਜਾਬ ਦੇ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਦੀਆਂ ਸਰਗਰਮੀਆਂ 'ਚੋਂ ਇਕ ਮੁੱਖ ਸਰਗਰਮੀ ਵਿਦਿਆਰਥੀਆਂ ਨੂੰ ਨਿੱਤ ਰੋਜ਼ ਆਉਂਦੀ ਬੱਸਾਂ ਦੀ ਸਮੱਸਿਆ ਖ਼ਿਲਾਫ਼ ਸੰਘਰਸ਼ ਕਰਨਾ ਹੁੰਦਾ ਸੀ। ਆਵਾਜਾਈ ਦੇ ਸਾਧਨ ਘੱਟ ਹੋਣ ਕਰਕੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਵਿੱਦਿਅਕ ਸੰਸਥਾਵਾਂ 'ਚ ਆਉਣ ਵਾਲੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਹਰ ਆਏ ਦਿਨ ਬੱਸਾਂ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਸੀ। ਸਮੱਸਿਆ ਦੇ ਹੱਲ ਲਈ ਵਿਦਿਆਰਥੀਆਂ ਦੀ ਟੇਕ ਯੂਨੀਅਨਾਂ 'ਤੇ ਹੁੰਦੀ ਤੇ ਜਥੇਬੰਦੀਆਂ ਦੀ ਟੇਕ ਸੰਘਰਸ਼ਾਂ 'ਤੇ ਰਹਿੰਦੀ। ਕਦੇ ਰੈਲੀ, ਕਦੇ ਮੁਜ਼ਾਹਰਾ ਤੇ ਕਦੇ ਬੱਸਾਂ ਦੇ ਘਿਰਾਓ ਵਰਗੀਆਂ ਸਰਗਰਮੀਆਂ ਦੇ ਨਾਲੋ-ਨਾਲ ਕਈ ਵਾਰ ਬੱਸਾਂ ਵਾਲਿਆਂ ਨਾਲ ਡਾਂਗੋ -ਸੋਟੀ ਹੋਣ ਦੀ ਨੌਬਤ ਆਉਂਦੀ ਰਹਿੰਦੀ।

ਪੰਜਾਬ ਦੇ ਸਭ ਤੋਂ ਪੱਛੜੇ ਇਲਾਕੇ ਬੁਢਲਾਡਾ-ਮਾਨਸਾ ਦੇ ਵਿਦਿਆਰਥੀਆਂ ਨੂੰ ਤਾਂ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਦੀ ਕਹਾਵਤ ਅਨੁਸਾਰ ਹਰ ਦਿਨ ਹੀ ਬੱਸਾਂ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਸੀ। ਇਸ ਮਸਲੇ ਤੇ ਇਸ ਖ਼ਿਲਾਫ਼ ਕੀਤੇ ਸੰਘਰਸ਼ਾਂ ਦੀਆਂ ਅਨੇਕਾਂ ਘਟਨਾਵਾਂ ਤੇ ਯਾਦਾਂ 'ਚੋਂ ਹੀ ਇਕ ਦਿਲਚਸਪ ਘਟਨਾ ਸਾਂਝੀ ਕਰ ਰਿਹਾ ਹਾਂ। ਸੰਨ 1980 ਦੀ ਤਪਦੀ ਦੁਪਹਿਰ ਬੁਢਲਾਡਾ ਹਲਕੇ ਦਾ ਤਤਕਾਲੀ ਵਿਧਾਇਕ ਪ੍ਰਸ਼ੋਤਮ ਸਿੰਘ ਚੱਕ ਭਾਈਕੇ ਬੁਢਲਾਡੇ ਦੇ ਬੱਸ ਸਟੈਂਡ 'ਤੇ ਵਿਦਿਆਰਥੀਆਂ 'ਚ ਘਿਰਿਆ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ ਪਰ ਸਾਡੇ ਵਿਦਿਆਰਥੀ ਆਗੂ ਉਲਟਾ ਉਸੇ ਨੂੰ ਸਵਾਲ ਕਰ ਰਹੇ ਸਨ, “''ਅੱਛਾ! ਤੇਰਾ ਕੋਈ ਕਸੂਰ ਹੀ ਨਹੀਂ ? ਤੂੰ ਹਲਕੇ ਦਾ ਵਿਧਾਇਕ ਹੋਵੇਂ ਤੇ ਤੇਰੇ ਹਲਕੇ ਦੇ ਵਿਦਿਆਰਥੀ ਬੱਸਾਂ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਨਿੱਤ ਖੱਜਲ-ਖੁਆਰ ਹੋਣ, ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋਵੇ ਤੇ ਕਸੂਰ ਸਾਥੋਂ ਪੁੱਛਦੇ ਓਂ ?''” ਵਿਦਿਆਰਥੀਆਂ 'ਚ ਘਿਰੇ ਵਿਧਾਇਕ ਦੀ ਨਾ ਕੋਈ ਪੇਸ਼ ਜਾ ਰਹੀ ਸੀ ਤੇ ਨਾ ਕੋਈ ਜਵਾਬ ਸੁੱਝ ਰਿਹਾ ਸੀ।

ਉਨ੍ਹਾਂ ਦਿਨਾਂ 'ਚ ਬੁਢਲਾਡਾ ਇਲਾਕਾ ਜਿੰਨਾ ਪੰਜਾਬ ਦਾ ਪੱਛੜਿਆ ਇਲਾਕਾ ਸੀ, ਓਨਾ ਹੀ ਵਿਦਿਆਰਥੀਆਂ ਦੀ ਲੜਾਕੂ ਜਥੇਬੰਦੀ ਰਹੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਮਜ਼ਬੂਤ ਗੜ੍ਹ ਸੀ। ਇਲਾਕੇ 'ਚ ਬੱਸ ਸਰਵਿਸ ਦਾ ਏਨਾ ਮਾੜਾ ਹਾਲ ਸੀ ਕਿ ਰਹੇ ਰੱਬ ਦਾ ਨਾਂ। ਭਾਵੇਂ 1978 'ਚ ਇੱਥੇ ਪੀਆਰਟੀਸੀ ਦਾ ਡਿਪੂ ਬਣ ਗਿਆ ਸੀ ਪਰ ਉਸ 'ਚੋਂ 90 ਫ਼ੀਸਦੀ ਬੱਸਾਂ ਦੀ ਹਾਲਤ ਸਰਦੂਲ ਸਿਕੰਦਰ ਦੇ ਗਾਏ ਗੀਤ 'ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ' ਨਾਲੋਂ ਵੀ ਮੰਦੀ ਸੀ। । ਲੰਬੇ ਰੂਟ ਦੀਆਂ ਉਂਗਲਾਂ 'ਤੇ ਗਿਣੀਆਂ ਜਾਣ ਵਾਲੀਆਂ ਬੱਸਾਂ ਨੂੰ ਛੱਡ ਕੇ ਬਾਕੀ ਬੱਸਾਂ ਉਹ ਸਨ, ਜਿਹੜੀਆਂ ਹੋਰਨਾਂ ਡਿਪੂਆਂ ਤੋਂ ਕੰਡਮ ਕਰ ਕੇ ਭੇਜੀਆਂ ਹੋਈਆਂ ਸਨ। ਇਨ੍ਹਾਂ ਖਟਾਰਾ ਬੱਸਾਂ 'ਚੋਂ ਕਿਸੇ ਦਾ ਟਾਇਰ ਫਟ ਜਾਂਦਾ, ਕਿਸੇ ਦਾ ਰਾਹ ਵਿਚ ਗੇਅਰ ਅੜ ਜਾਂਦਾ ਤੇ ਕੋਈ ਡਿਪੂ 'ਚੋਂ ਸਟਾਰਟ ਹੋਣ ਤੋਂ ਹੀ ਜਵਾਬ ਦੇ ਜਾਂਦੀ। ।

ਬੱਸ ਸਰਵਿਸ ਦੀ ਅਜਿਹੀ ਖਸਤਾ ਹਾਲਤ ਦਾ ਖਮਿਆਜ਼ਾ ਸਭ ਤੋਂ ਵੱਧ ਨਿੱਤ ਆਉਣ-ਜਾਣ ਵਾਲੇ ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਸੀ। ਭਾਵੇਂ ਬੱਸਾਂ ਦੀ ਸਮਾਂ ਸਾਰਨੀ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਮੀਟਿੰਗਾਂ ਕਰ ਕੇ ਬਣਾਈ ਜਾਂਦੀ ਤੇ ਸਮੱਸਿਆਵਾਂ ਹੱਲ ਕਰਨ/ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਫਿਰ ਵੀ ਪਿੰਡਾਂ ਦੇ ਵਿਦਿਆਰਥੀਆਂ ਲਈ ਬੱਸ ਸਰਵਿਸ ਨਿੱਤ ਦਾ ਸਿਆਪਾ ਬਣੀ ਰਹਿੰਦੀ। ਅਕਸਰ ਹੀ ਬੱਸਾਂ ਮਿੱਸ ਹੁੰਦੀਆਂ ਰਹਿੰਦੀਆਂ। ਬੱਸਾਂ ਰਸਤੇ 'ਚ ਖ਼ਰਾਬ ਹੋ ਕੇ ਖੜ੍ਹ ਜਾਂਦੀਆਂ ਤੇ ਕਈ ਵਾਰ ਉੱਪਰੋਂ-ਥੱਲੇ ਲੱਦੀਆਂ ਹੋਣ ਕਾਰਨ ਅੱਡਿਆਂ 'ਤੇ ਰੁਕਦੀਆਂ ਨਾ।। ਨਿੱਜੀ ਬੱਸਾਂ ਵਾਲਿਆਂ ਨੂੰ ਬੱਸ ਪਾਸ ਹੋਣ ਕਰਕੇ ਵਿਦਿਆਰਥੀ ਮੁਫ਼ਤ ਦਾ ਮਾਲ ਲੱਗਦੇ ਤੇ ਲੱਗਦੀ ਵਾਹ ਉਨ੍ਹਾਂ ਨੂੰ ਚੜ੍ਹਾਉਣ ਤੋਂ ਟਾਲਾ ਵੱਟਦੇ।। ਅਜਿਹੀ ਹਾਲਤ 'ਚ ਵਿਦਿਆਰਥੀਆਂ ਕੋਲ ਪੰਜਾਬ ਸਟੂਡੈਂਟਸ ਯੂਨੀਅਨ ਜਾਂ ਕਿਸੇ ਹੋਰ ਜਥੇਬੰਦੀ ਕੋਲ ਸ਼ਿਕਾਇਤਾਂ ਤੇ ਸਮੱਸਿਆਵਾਂ ਰੱਖਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਤੇ ਪੰਜਾਬ ਸਟੂਡੈਂਟਸ ਯੂਨੀਅਨ ਕੋਲ ਰੋਡਵੇਜ਼ ਦੇ ਅਧਿਕਾਰੀਆਂ ਜਾਂ ਪ੍ਰਾਈਵੇਟ ਬੱਸ ਮਾਲਕਾਂ ਖ਼ਿਲਾਫ਼ ਸੰਘਰਸ਼ ਕਰਦੇ ਰਹਿਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਹੁੰਦਾ।। ਇਸ ਲਈ ਕਦੇ ਰੈਲੀਆਂ ਕੀਤੀਆਂ ਜਾਂਦੀਆਂ,ਕਦੇ ਮੁਜ਼ਾਹਰੇ ਤੇ ਕਦੇ ਬੱਸਾਂ ਦਾ ਪਹੀਆ ਜਾਮ ਕੀਤਾ ਜਾਂਦਾ। ਕਈ ਵਾਰ ਗੱਲ ਡਰਾਈਵਰਾਂ/ਕੰਡਕਟਰਾਂ ਦੇ ਗਲ ਹੱਥ ਪਾਉਣ ਤੇ ਡਾਂਗੋ-ਸੋਟੀ ਹੋਣ ਤੋਂ ਲੈ ਕੇ ਬੱਸਾਂ ਭੰਨਣ ਤਕ ਵੀ ਪਹੁੰਚ ਜਾਂਦੀ।

ਇਕ ਦਿਨ ਆਈਟੀਆਈ 'ਚ ਰੈਲੀ ਕਰਨ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਵਿਦਿਆਰਥੀਆਂ ਦਾ ਕਾਫ਼ਲਾ ਬੱਸਾਂ ਦੀ ਸਮੱਸਿਆ ਹੱਲ ਕਰਵਾਉਣ ਵਾਸਤੇ ਰੋਡਵੇਜ਼ ਦੇ ਡਿਪੂ ਮੈਨੇਜਰ ਦਾ ਘਿਰਾਓ ਕਰਨ ਲਈ ਚੱਲਿਆ ਸੀ। ਨਾਅਰੇ ਲਾਉਂਦਾ ਹੋਇਆ ਕਾਫ਼ਲਾ ਹਾਲੇ ਰਸਤੇ 'ਚ ਹੀ ਸੀ ਕਿ ਬੁਢਲਾਡੇ ਤੋਂ ਬਰਾਸਤਾ ਭੀਖੀ, ਪਟਿਆਲਾ ਜਾਣ ਵਾਲੀ ਰੋਡਵੇਜ਼ ਦੀ ਬੱਸ ਦੀ ਫਰੰਟ ਸੀਟ 'ਤੇ ਬੈਠਾ ਆਉਂਦਾ ਡਿਪੂ ਮੈਨੇਜਰ ਵਿਦਿਆਰਥੀਆਂ ਦੀ ਨਜ਼ਰ ਪੈ ਗਿਆ। ਬਸ ਫਿਰ ਕੀ ਸੀ, ਬੱਸ ਰਸਤੇ 'ਚ ਹੀ ਘੇਰ ਲਈ।। ਨਾਅਰੇਬਾਜ਼ੀ ਦੇ ਸ਼ੋਰ 'ਚ ਡਿਪੂ ਮੈਨੇਜਰ ਥੱਲੇ ਉੱਤਰ ਆਇਆ। । ਤਲਖ਼ੀ ਭਰੀਆਂ ਗੱਲਾਂ ਸੁਣਨ-ਸੁਣਾਉਣ ਤੋਂ ਬਾਅਦ ਕਸੂਤੇ ਫਸੇ ਡਿਪੂ ਮੈਨੇਜਰ ਨੂੰ ਰੋੜਿਆਂ ਦੇ ਵੱਡੇ ਢੇਰ ਦੀ ਟੀਸੀ 'ਤੇ ਖੜ੍ਹ ਕੇ ਵਿਦਿਆਰਥੀਆਂ ਦੇ ਬੱਸਾਂ ਦੇ ਮਸਲੇ ਹੱਲ ਕਰਨ ਦਾ ਯਕੀਨ ਦਿਵਾਉਣਾ ਪਿਆ । ਪਟਿਆਲੇ ਜ਼ਰੂਰੀ ਮੀਟਿੰਗ ਦੀ ਗੱਲ ਕਹਿਣ ਤੇ ਅਗਲੇ ਹੀ ਦਿਨ ਕਾਰਵਾਈ ਸ਼ੁਰੂ ਕਰਨ ਦੇ ਭਰੋਸੇ ਤੋਂ ਬਾਅਦ ਡਿਪੂ ਮੈਨੇਜਰ ਨੂੰ ਜਾਣ ਦਿੱਤਾ ਗਿਆ ਪਰ ਮੁਜ਼ਾਹਰਾ ਬੱਸ ਸਟੈਂਡ ਤਕ ਕਰਨ ਦਾ ਫ਼ੈਸਲਾ ਬਰਕਰਾਰ ਰਿਹਾ।

ਕਾਫ਼ਲਾ ਜਦੋਂ ਬੱਸ ਸਟੈਂਡ ਪਹੁੰਚਿਆ ਤਾਂ ਕਿਤਿਓਂ ਆ ਰਹੇ ਐੱਮਐੱਲਏ ਸਾਹਿਬ ਫਸ ਗਏ। ਉਦੋਂ ਅੱਜ ਵਾਂਗ ਵਿਧਾਇਕਾਂ ਕੋਲ ਗੰਨਮੈਨਾਂ ਦੀਆਂ ਡਾਰਾਂ ਨਹੀਂ ਸੀ ਹੁੰਦੀਆਂ ਤੇ ਨਾ ਹੀ ਪੁਲਿਸੀਏ ਅੱਗੇ-ਪਿੱਛੇ ਘੁੰਮਿਆ ਕਰਦੇ ਸਨ। ਇਸ ਲਈ ਬਿਨਾਂ ਕਿਸੇ ਵਿਰੋਧ ਤੋਂ ਐੱਮਐੱਲਏ ਦਾ ਘਿਰਾਓ ਹੋਣਾ ਸ਼ੁਰੂ ਹੋ ਗਿਆ।। ਅੱਗੇ ਵਿਧਾਇਕ ਨੂੰ ਇਹ ਨਾ ਪਤਾ ਬਈ ਮਸਲਾ ਕੀ ਹੈ ਤੇ ਮੇਰਾ ਘਿਰਾਓ ਕਿਉਂ ਹੋ ਰਿਹਾ ਹੈ ? ਉਹ ਹੱਥ ਜੋੜੀਂ ਖੜ੍ਹੇ ਪੁੱਛਣ ਬਈ ਮੈਨੂੰ ਇਹ ਤਾਂ ਦੱਸ ਦਿਓ ਕਿ ਮੇਰਾ ਘਿਰਾਓ ਕਾਹਤੋਂ ਕੀਤੈ? ਮੇਰਾ ਕਸੂਰ ਕੀ ਹੈ? ਅੱਗੇ ਕਸੂਰ ਦੱਸਣ ਵਾਲੇ ਜਸਵੰਤ ਸਿਓਂ ਮਾਰਸ਼ਲ ਹੋਰੀਂ।ਕਹਿਣ, ''ਤੇਰੇ ਹਲਕੇ ਦੇ ਵਿਦਿਆਰਥੀ ਕਦੇ ਬੱਸਾਂ ਦੇ ਰੂਟ ਮਿੱਸ ਹੋਣ ਕਾਰਨ ਪਰੇਸ਼ਾਨ ਹੁੰਦੇ ਨੇ ਤੇ ਕਦੇ ਬੱਸ ਅੱਡਿਆਂ 'ਤੇ ਖੜ੍ਹੇ-ਖੜੋਤਿਆਂ ਨੂੰ ਬੱਸਾਂ ਵਾਲਿਆਂ ਵੱਲੋਂ ਛੱਡ ਜਾਣ ਕਾਰਨ ਖੱਜਲ-ਖੁਆਰ ਹੁੰਦੇ ਨੇ ਤੇ ਤੂੰ ਪੁੱਛਦੈਂ ਮੇਰਾ ਕਸੂਰ ਕੀ ਹੈ ? ਜੇ ਤੇਰਾ ਹਲਕੇ ਦੇ ਐੱਮਐੱਲਏ ਦਾ ਕਸੂਰ ਨਹੀਂ ਤਾਂ ਹੋਰ ਕੀਹਦਾ? '' ਉਨ੍ਹਾਂ ਨੇ ਐੱਮਐੱਲਏ ਨੂੰ ਤੱਤੀਆਂ-ਠੰਢੀਆਂ ਸੁਣਾ ਕੇ ਕਿਹਾ ਕਿ ਔਹ ਬੈਂਚ 'ਤੇ ਚੜ੍ਹ ਕੇ ਸਾਰੇ ਵਿਦਿਆਰਥੀਆਂ ਨੂੰ ਬੱਸਾਂ ਦਾ ਮਸਲਾ ਹੱਲ ਕਰਵਾਉਣ ਦਾ ਯਕੀਨ ਦਿਵਾਓ, ਫਿਰ ਹੀ ਤੁਹਾਡਾ ਘਿਰਾਓ ਖ਼ਤਮ ਹੋਵੇਗਾ। ਵਿਧਾਇਕ ਪ੍ਰਸ਼ੋਤਮ ਸਿੰਘ ਭਲੇਮਾਣਸ ਜਿਹਾ ਬੰਦਾ ਸੀ। ਉਸ ਨੇ ਬੈਂਚ 'ਤੇ ਚੜ੍ਹ ਕੇ ਸਮੂਹ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਵੱਲੋਂ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦਾ ਪੂਰਾ ਯਤਨ ਕਰਨਗੇ। ਇਹ ਕਹਿ ਕੇ ਉਨ੍ਹਾਂ ਨੇ ਵਿਦਿਆਰਥੀਆਂ ਤੋਂ ਆਪਣਾ ਪਿੱਛਾ ਛੁਡਾਇਆ ਤੇ ਵਿਦਿਆਰਥੀਆਂ ਦਾ ਕਾਫ਼ਲਾ ਜੇਤੂ ਅੰਦਾਜ਼ 'ਚ ਆਈਟੀਆਈ ਨੂੰ ਵਾਪਸ ਚੱਲ ਪਿਆ।

-ਮੋਬਾਈਲ ਨੰ. : 94175- 88616

Posted By: Rajnish Kaur