-ਦੀਪਕ ਜਲੰਧਰੀ

ਆਲ ਇੰਡੀਆ ਰੇਡੀਓ, ਜਲੰਧਰ ਦਾ ਦਿਹਾਤੀ ਪ੍ਰੋਗਰਾਮ ਪਲ-ਪਲ ਬਦਲਦੀ ਖੇਤੀ ਸਬੰਧੀ ਬੇਸ਼ਕੀਮਤੀ ਜਾਣਕਾਰੀ ਦੇ ਕੇ ਬੜੇ ਆਰਾਮ ਨਾਲ ਸਰੋਤਿਆਂ ਦੇ ਮਨਾਂ 'ਚ ਆਪਣੀ ਪੈਂਠ ਜਮਾ ਰਿਹਾ ਸੀ। ਸੰਨ 1967 ਤੋਂ ਅੰਮ੍ਰਿਤਸਰ ਵਿਚ ਦੂਰਦਰਸ਼ਨ ਦੇ ਪ੍ਰੋਗਰਾਮ ਦਿੱਲੀ ਕੇਂਦਰ ਤੋਂ ਬਣ ਕੇ ਆਇਆ ਕਰਦੇ ਸਨ। ਇਸ ਦੇ ਪਿੱਛੇ ਵੱਡਾ ਕਾਰਨ ਇਹ ਸੀ ਕਿ ਪਾਕਿਸਤਾਨ ਦਾ ਟੀਵੀ 1965 ਦੀ ਜੰਗ ਵਿਚ ਰੱਜ ਕੇ ਝੂਠ ਬੋਲ ਗਿਆ। ਕਿਹਾ ਜਾਂਦਾ ਹੈ ਕਿ ਜੰਗ ਅਤੇ ਪਿਆਰ ਵਿਚ ਜਿੰਨਾ ਵੀ ਝੂਠ ਬੋਲਿਆ ਜਾਵੇ, ਜਾਇਜ਼ ਹੈ। ਜਰਮਨੀ ਦੇ ਹਿਟਲਰ ਦਾ ਇਕ ਅਧਿਕਾਰੀ ਗੋਬਲ ਕਹਿੰਦਾ ਸੀ, 'ਇਕ ਝੂਠ ਨੂੰ ਸੌ ਵਾਰ ਬੋਲਿਆ ਜਾਵੇ ਤਾਂ ਉਹ ਸੱਚ ਲੱਗਣ ਲੱਗ ਪੈਂਦਾ ਹੈ।' ਪਾਕਿਸਤਾਨੀ ਝੂਠ ਦੇ ਮੁਲ੍ਹੱਮੇ ਨੂੰ ਉਤਾਰਨ ਲਈ ਜਲੰਧਰ ਦੂਰਦਰਸ਼ਨ ਦੀ ਨੀਂਹ ਰੱਖੀ ਗਈ। ਉਸ ਵੇਲੇ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਇੰਦਰ ਕੁਮਾਰ ਗੁਜਰਾਲ ਸਨ। ਨੀਂਹ ਪੱਥਰ ਰੱਖਣ ਦਾ ਸਮਾਗਮ ਆਲ ਇੰਡੀਆ ਰੇਡੀਓ ਦੇ ਵਿਹੜੇ ਵਿਚ ਰੱਖਿਆ ਗਿਆ ਜਿਸ ਵਿਚ 8 ਸਾਲ ਦੀ ਜਸਪਿੰਦਰ 'ਨਰੂਲਾ' ਨੇ ਜਦੋਂ 'ਦਮਾ-ਦਮ ਮਸਤ ਕਲੰਦਰ' ਗਾਇਆ ਤਾਂ ਗੁਜਰਾਲ ਸਾਹਿਬ ਨੇ ਉਸ ਨੂੰ ਰੱਜ ਕੇ ਸ਼ਾਬਾਸ਼ ਦਿੱਤੀ। ਇਹ ਨਰੂਲਾ ਬਾਅਦ ਵਿਚ ਇਕ ਵੱਡੀ ਗਾਇਕਾ ਬਣੀ। ਤੇਰਾਂ ਅਪ੍ਰੈਲ 1979 ਦੇ ਵਿਸਾਖੀ ਵਾਲੇ ਦਿਹਾੜੇ ਲਾਲ ਕ੍ਰਿਸ਼ਨ ਅਡਵਾਨੀ ਨੇ ਦੂਰਦਰਸ਼ਨ ਕੇਂਦਰ ਦਾ ਉਦਘਾਟਨ ਕੀਤਾ। ਉਸ ਵੇਲੇ ਦੂਰਦਰਸ਼ਨ ਦੇ ਪਹਿਲੇ ਡਾਇਰੈਕਟਰ ਸਨ ਏ. ਐੱਸ. ਤਾਤਾਰੀ। ਇਸ ਦੇ ਨਾਲ ਲੋਕਾਂ ਦਾ ਰੁਝਾਨ ਰੇਡੀਓ ਪ੍ਰਤੀ ਘਟ ਗਿਆ ਕਿਉਂਕਿ ਦੂਰਦਰਸ਼ਨ ਵਿਚਲੇ ਪ੍ਰੋਗਰਾਮ, ਫਿਲਮਾਂ, ਫਿਲਮੀ ਗੀਤ ਅਤੇ ਲੋਕ-ਗੀਤ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ। ਜਦਕਿ ਪਿੰਡਾਂ ਵਿਚ ਅਜੇ ਦੂਰਦਰਸ਼ਨ ਪੂਰੀ ਤਰ੍ਹਾਂ ਨਹੀਂ ਸੀ ਪਹੁੰਚ ਸਕਿਆ। ਫਿਰ ਵੀ ਜ਼ਿਮੀਦਾਰਾਂ ਦੇ ਘਰਾਂ ਵਿਚ ਉੱਚੇ-ਉੱਚੇ ਐਂਟੀਨੇ ਨਜ਼ਰ ਆਉਣ ਲੱਗ ਪਏ ਸਨ। ਉਨ੍ਹਾਂ ਘਰਾਂ ਵਿਚ ਸ਼ਾਮ ਨੂੰ ਪਿੰਡਾਂ ਦੇ ਆਮ ਲੋਕ ਵੀ ਆ ਕੇ ਪ੍ਰੋਗਰਾਮ ਵੇਖਣ ਲੱਗ ਪਏ।

ਇਸ ਨਾਲ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਪ੍ਰਤੀ ਕੁਝ ਲੋਕਾਂ ਦੀ ਦਿਲਚਸਪੀ ਘਟਣ ਲੱਗ ਪਈ ਜਿਸ ਕਾਰਨ ਇਸ ਪ੍ਰੋਗਰਾਮ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਪੈ ਗਈ। ਪਾਕਿਸਤਾਨ 'ਚ ਲਾਹੌਰ ਰੇਡੀਓ ਤੋਂ ਨਿਜ਼ਾਮਦੀਨ ਤੇ ਜਲੰਧਰ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਤੋਂ ਠੰਡੂ ਰਾਮ ਰੇਡੀਓ ਸੁਣਨ ਵਾਲਿਆਂ ਦੀ ਪਹਿਲੀ ਪਸੰਦ ਬਣ ਗਏ। ਗੱਲਬਾਤ ਵਿਚ ਚੁਟਕਲੇਬਾਜ਼ੀ ਵੀ ਆਉਣ ਲੱਗ ਪਈ। ਨਿਜ਼ਾਮਦੀਨ ਦਾ ਚੁਟਕਲਾ ਬੜਾ ਮਸ਼ਹੂਰ ਸੀ ਜਿਹੜਾ ਪਾਕਿਸਤਾਨ ਦੀ ਸਿੱਖਿਆ ਪ੍ਰਣਾਲੀ 'ਤੇ ਵਿਅੰਗ ਕਰਦਾ ਸੀ। ਉਹ ਸੀ, 'ਇਕ ਸਕੂਲ ਵਿਚ ਅੰਗਰੇਜ਼ੀ ਵਿਸ਼ੇ ਦਾ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਸੀ.ਯੂ.ਪੀ. ਸੱਪ।' ਮੁੱਖ ਅਧਿਆਪਕ ਨੇ ਉਸ ਅਧਿਆਪਕ ਨੂੰ ਕਿਹਾ ਕਿ ਸੀ.ਯੂ.ਪੀ. ਸੱਪ ਨਹੀਂ, ਕੱਪ ਹੁੰਦਾ ਹੈ। ਟੀਚਰ ਨੇ ਉੱਤਰ ਦਿੱਤਾ ਕਿ ਜਿੰਨੀ ਤੁਸੀਂ ਤਨਖਾਹ ਦਿੰਦੇ ਹੋ, ਉਸ ਵਿਚ ਸੀ.ਯੂ.ਪੀ. ਸੱਪ ਹੀ ਹੁੰਦਾ ਹੈ। ਜੋ ਤੁਹਾਨੂੰ ਵੀ ਲੜੇਗਾ ਅਤੇ ਮੈਨੂੰ ਵੀ।

ਠੰਡੂ ਰਾਮ ਪੰਜਾਬੀ ਗੀਤ ਵੀ ਬੜੇ ਵਧੀਆ ਗਾਉਂਦਾ ਹੁੰਦਾ ਸੀ। ਇਹ ਅਕਸਰ ਸਤਪਾਲ ਤਾਲਿਬ, ਨੰਦਲਾਲ ਨੂਰਪੁਰੀ ਅਤੇ ਪਿਆਰੇ ਲਾਲ ਸੂਦ ਦੇ ਲਿਖੇ ਗਾਣੇ ਬੜੇ ਸ਼ੌਕ ਨਾਲ ਰੇਡੀਓ 'ਤੇ ਗਾਉਂਦਾ ਸੀ। ਰੇਡੀਓ ਦੇ ਦਿਹਾਤੀ ਪ੍ਰੋਗਰਾਮ ਵਿਚ ਇਕ ਉਹ ਵੀ ਸਮਾਂ ਸੀ ਜਦੋਂ ਲੋਕਾਂ ਕੋਲ ਵਿਹਲ ਸੀ ਅਤੇ ਰੇਡੀਓ ਵੀ ਘੱਟ ਸਨ ਪਰ ਰੇਡੀਓ ਦੇ ਸਰੋਤੇ ਬਹੁਤ ਸਨ। ਫਰਮਾਇਸ਼ੀ ਪੰਜਾਬੀ ਗੀਤਾਂ ਨੂੰ ਸੁਣਨ ਲਈ ਲੋਕ ਐਤਵਾਰ ਦੇ ਦਿਨ ਦਾ ਇੰਤਜ਼ਾਰ ਕਰਦੇ ਸਨ।

'ਅੜੀ ਵੇ ਅੜੀ, ਨਾ ਕਰ ਬਹੁਤੀ ਤੂੰ ਅੜੀ,

ਦੁੱਧ ਪੀ ਲੈ ਬਾਲਮਾਂ, ਵੇ ਮੈਂ ਕਦੋਂ ਦੀ ਖੜ੍ਹੀ।'

'ਰੁੱਖੀ ਸੁੱਕੀ ਖਾਹ ਗੁਪਾਲਾ', 'ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ', 'ਅੱਖੀਆਂ ਵੇ, ਰਾਤੀਂ ਸੌਣ ਨਾ ਦੇਂਦੀਆਂ' ਅਤੇ 'ਉੱਤੋਂ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ, ਨੀ ਮਾਏਂ ਤੇਰੇ ਕੰਮ ਨਾ ਮੁੱਕੇ' ਆਦਿ ਗੀਤ ਸਰੋਤਿਆਂ ਦੀ ਫਰਮਾਇਸ਼ 'ਤੇ ਵਾਰ-ਵਾਰ ਸੁਣਾਏ ਜਾਂਦੇ ਸਨ। ਠੰਡੂ ਰਾਮ, ਭਾਈਆ ਜੀ ਵਿਚ ਵਿਅੰਗਾਤਮਕ ਅਤੇ ਚਾਚਾ ਕੁਮੇਦਾਰ ਦੀਆਂ ਟਿੱਪਣੀਆਂ ਵੀ ਸੁਣਨ ਨੂੰ ਮਿਲਦੀਆਂ ਸਨ। ਚੁਹਲਬਾਜ਼ੀ ਤੇ ਸੁਚੱਜਾ ਮਜ਼ਾਕ ਕਰ ਕੇ ਲੋਕਾਂ ਨੂੰ ਰੇਡੀਓ ਸੁਣਨ ਲਈ ਘਰ ਦੇ ਕੰਮ ਵੀ ਭੁੱਲ ਜਾਂਦੇ ਸਨ। ਫਿਰ ਜਦੋਂ ਦਿਹਾਤੀ ਪ੍ਰੋਗਰਾਮ ਖ਼ਤਮ ਹੋਣ ਲੱਗਦਾ ਤਾਂ ਲੋਕਾਂ ਨੇ ਕਹਿਣਾ ਕਿ ਚਲੋ ਹੁਣ ਡੰਗਰਾਂ ਨੂੰ ਪੱਠੇ ਵੀ ਪਾਉਣੇ ਨੇ।

ਦੂਰਦਰਸ਼ਨ ਵੇਖਣ ਵਾਲੇ ਲੋਕ ਰੇਡੀਓ ਸਟੇਸ਼ਨ 'ਤੇ ਚਿੱਠੀ ਪਾਉਂਦੇ ਹੁੰਦੇ ਸਨ ਕਿ ਦਿਹਾਤੀ ਪ੍ਰੋਗਰਾਮ ਦਾ ਸਮਾਂ ਬਦਲ ਦਿਓ ਕਿਉਂਕਿ ਦੂਰਦਰਸ਼ਨ ਉਦੋਂ ਦੇਰ ਰਾਤ ਤਕ ਨਹੀਂ ਸੀ ਆਉਂਦਾ ਹੁੰਦਾ। ਇਸ ਪ੍ਰੋਗਰਾਮ ਵਿੱਚ ਪੰਚ (ਅਲਬੇਲ ਸਿੰਘ ਗਰੇਵਾਲ) ਅਤੇ ਚੌਧਰੀ ਸਾਹਿਬ (ਹਰਭਜਨ ਸਿੰਘ ਰਤਨ) ਅਤੇ ਫੌਜਾ ਸਿੰਘ (ਸਤਪਾਲ ਤਾਲਿਬ) ਨੇ ਬੜੀ ਮਿੱਠੀ ਭਾਸ਼ਾ ਵਿਚ ਸਮਾਂ ਬਦਲਣ ਜਾਂ ਵਧਾਉਣ ਵੱਲ ਗੱਲ ਤੋਂ ਨਾਂਹ ਕਰ ਦਿੱਤੀ। ਉਦੋਂ ਕੁਝ ਲੋਕਾਂ ਨੇ ਦੂਰਦਰਸ਼ਨ ਦੇ ਅਧਿਕਾਰੀਆਂ ਨੂੰ ਖ਼ਤ ਲਿਖੇ ਕਿ ਦੂਰਦਰਸ਼ਨ 'ਤੇ ਵੀ ਦਿਹਾਤੀ ਪ੍ਰੋਗਰਾਮ ਦਿੱਤਾ ਜਾਵੇ। ਇਹ ਗੱਲ ਦੂਰਦਰਸ਼ਨ ਦੇ ਪ੍ਰਬੰਧਕਾਂ ਨੇ ਮੰਨ ਲਈ ਅਤੇ ਦੂਰਦਰਸ਼ਨ 'ਤੇ ਠੰਡੂ ਰਾਮ, ਭਾਈਆ ਅਤੇ ਮਾਸਟਰ ਜੀ ਨੂੰ ਲੈ ਕੇ ਕੁਝ ਪ੍ਰੋਗਰਾਮ ਬਣੇ। ਦਿਹਾਤੀ ਲਿਬਾਸ (ਕੱਪੜੇ), ਪੱਗੜੀਆਂ ਬੰਨ੍ਹ ਕੇ, ਮੰਜਾ ਰੱਖ ਕੇ, ਦੂਰਦਰਸ਼ਨ ਤੋਂ ਇਹ ਪ੍ਰੋਗਰਾਮ ਦਿੱਤਾ ਜਾਣ ਲੱਗ ਪਿਆ ਪਰ ਨਾ ਤਾਂ ਮਾਹੌਲ ਹੀ ਪੇਂਡੂ ਸੀ ਅਤੇ ਨਾ ਹੀ ਕਲਾਕਾਰ ਪੇਂਡੂ ਲੱਗਦੇ ਸਨ। ਇਸ ਲਈ ਇਹ ਲੰਬੀ ਦੇਰ ਤਕ ਨਾ ਚੱਲ ਸਕਿਆ। ਜਦੋਂਕਿ ਉਹ ਦੇ ਵਿਚ ਠੰਡੂ ਰਾਮ ਵਰਗੇ ਕਲਾਕਾਰ ਕੈਮਰੇ ਸਾਹਮਣੇ ਉਹੋ ਜਿਹਾ ਮਾਹੌਲ ਨਾ ਬਣਾ ਸਕੇ। ਲਾਹੌਰ (ਪੀਟੀਵੀ) ਨੇ ਵੀ ਨਿਜ਼ਾਮਦੀਨ ਨੂੰ ਮੰਜੀ 'ਤੇ ਬਹਾ ਕੇ ਅਤੇ ਹੁੱਕਾ ਰੱਖ ਕੇ ਅਜਿਹਾ ਪ੍ਰੋਗਰਾਮ ਸ਼ੁਰੂ ਕੀਤਾ। ਸਟੇਜ ਪਿੱਛੇ ਮੱਝ ਵੀ ਬੰਨ੍ਹੀ ਗਈ। ਉਹ ਨੇ ਗਾਉਣ ਵਾਲਾ ਕਲਾਕਾਰ ਵੀ ਬੁਲਾਇਆ ਜਿਸ ਨੇ ਕਿਹਾ, ''ਨਿਜ਼ਾਮਦੀਨ ਜੀ, ਢੋਲਕੀ ਤਾਂ ਮੰਗਵਾਓ।'' ਤਾਂ ਨਿਜ਼ਾਮਦੀਨ ਨੇ ਕਿਹਾ, 'ਓਏ! ਤੂੰ ਢੋਲਕੀ ਨਾਲ ਸਪੈਲਿੰਗ ਮਿਲਾਉਣੇ ਨੇ।' ਉਹ ਪ੍ਰੋਗਰਾਮ ਵੀ ਬਹੁਤੀ ਦੇਰ ਨਾ ਚੱਲ ਸਕਿਆ। ਕਿਉਂਕਿ ਪਾਕਿਸਤਾਨ ਵਿਚ ਕਾਮੇਡੀ ਡਰਾਮਿਆਂ ਦਾ ਦੌਰ ਆ ਚੁੱਕਾ ਸੀ ਅਤੇ ਲੋਕ ਪੀਟੀਵੀ ਤੋਂ ਮਾਯੂਸ ਹੋ ਚੁੱਕੇ ਸਨ। ਪਾਕਿਸਤਾਨ ਟੀਵੀ 'ਤੇ ਦਿਹਾਤੀ ਪ੍ਰੋਗਰਾਮ ਬੰਦ ਹੋ ਗਿਆ।

ਇਸ ਤੋਂ ਇਕ ਗੱਲ ਸਮਝ ਆਉਂਦੀ ਏ ਕਿ ਜਿਹੜੇ ਦਿਹਾਤੀ ਪ੍ਰੋਗਰਾਮ ਸੁਣਨ ਵਿਚ ਚੰਗੇ ਲੱਗਦੇ ਸਨ, ਉਹ ਦਿਸਣ ਵਿਚ ਚੰਗੇ ਨਹੀਂ ਲੱਗਦੇ। ਪ੍ਰਤਾਪ ਸਿੰਘ ਕੈਰੋਂ ਦਾ ਕਿਹਾ ਗਿਆ ਸੁਝਾਅ ਕਿ ਦਿਹਾਤੀ ਪ੍ਰੋਗਰਾਮ ਪਿੰਡਾਂ ਵਿਚ ਜਾ ਕੇ ਲੋਕਾਂ ਦੇ ਸਾਹਮਣੇ ਕਰੋ, ਵੀ ਸਫਲ ਨਾ ਹੋ ਸਕਿਆ। ਦਿਹਾਤੀ ਪ੍ਰੋਗਰਾਮ ਦਾ ਇਕ ਪਹਿਲੂ ਇਹ ਵੀ ਹੈ ਕਿ ਜਲੰਧਰ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਕਈ ਵਾਰੀ ਅਜਿਹੇ ਆ ਗਏ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ। ਕੋਈ ਬੰਗਾਲੀ, ਕਦੇ ਕਸ਼ਮੀਰੀ ਅਤੇ ਕਦੀ ਉੱਤਰ ਪ੍ਰਦੇਸ਼ ਤੋਂ ਆਏ। ਇਸ ਲਈ ਰੇਡੀਓ ਤੋਂ ਕਈ ਤਜਰਬੇ ਹੁੰਦੇ ਰਹੇ।

ਹੁਣ ਰੇਡੀਓ ਦੇ ਚੰਗੇ ਦਿਨ ਆਉਣ ਵਾਲੇ ਹਨ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ 'ਮਨ ਕੀ ਬਾਤ' ਰੇਡੀਓ ਤੋਂ ਕਰਨ ਲੱਗ ਪਿਆ ਹੈ। ਭਾਵੇਂ ਮੀਡੀਆ ਦੇ ਸਾਧਨਾਂ 'ਚੋਂ ਰੇਡੀਓ ਸੀਨੀਅਰ ਹੈ। ਦੂਰਦਰਸ਼ਨ ਦਾ ਅੱਜਕੱਲ੍ਹ ਲੋਕਾਂ 'ਤੇ ਗਲਬਾ ਹੈ। ਦਿਹਾਤੀ ਪ੍ਰੋਗਰਾਮ ਪੇਂਡੂ ਲੋਕਾਂ ਲਈ ਇਕ ਵਰਦਾਨ ਸਿੱਧ ਹੋਇਆ ਸੀ। ਹੁਣ ਇਸ ਨੂੰ ਜਨਮੇ ਲਗਪਗ ਸਦੀ ਦਾ ਸਮਾਂ ਹੋ ਗਿਆ ਹੈ। ਦਿਹਾਤੀ ਪ੍ਰੋਗਰਾਮ 'ਤੇ ਲਿਖਣ ਬਾਰੇ ਮੇਰੀ ਸੋਚ ਇਹ ਸੀ ਕਿ ਮੈਂ ਇਤਿਹਾਸ ਦੇ ਕੁਝ ਸਫ਼ੇ ਜ਼ਰੂਰ ਫਰੋਲਾਂ ਤਾਂ ਕਿ ਆਉਣ ਵਾਲੀ ਪੀੜ੍ਹੀ ਉਨ੍ਹਾਂ ਕਲਾਕਾਰਾਂ ਦੇ ਹੁਨਰ ਬਾਰੇ ਥੋੜੀ-ਬਹੁਤ ਜਾਣਕਾਰੀ ਪ੍ਰਾਪਤ ਕਰ ਸਕੇ ਅਤੇ ਇਸ ਦੇ ਨਾਲ ਹੀ ਹਰੀ ਕ੍ਰਾਂਤੀ, ਨੀਲੀ ਕ੍ਰਾਂਤੀ ਅਤੇ ਸਫ਼ੈਦ ਕ੍ਰਾਂਤੀ ਸਦਕਾ ਜ਼ਿੰਦਾਦਿਲ ਪੰਜਾਬੀਆਂ ਵਿਚ ਜਿਹੜੀ ਖ਼ੁਸ਼ਹਾਲੀ ਦਿਸਦੀ ਹੈ ਉਸ ਦੇ ਪਿੱਛੇ ਹੋਰਨਾਂ ਕਾਰਨਾਂ ਤੋਂ ਇਲਾਵਾ ਦਿਹਾਤੀ ਪ੍ਰੋਗਰਾਮ ਦੇ ਬਹੁਮੁੱਲੇ ਯੋਗਦਾਨ ਬਾਰੇ ਵੀ ਜਾਣ ਸਕੇ।

Posted By: Sukhdev Singh