-ਡਾ. ਓਪਿੰਦਰ ਸਿੰਘ ਲਾਂਬਾ

ਸੰਚਾਰ ਸਾਧਨਾਂ ਵਿਚ ਪਰਿਵਰਤਨ ਏਨੀ ਤੇਜ਼ੀ ਨਾਲ ਆ ਰਿਹਾ ਹੈ ਕਿ ਦਹਾਕਿਆਂ ਪੁਰਾਣੀਆਂ ਘਟਨਾਵਾਂ ਕਿਸੇ ਹੋਰ ਯੁੱਗ ਦੀਆਂ ਪ੍ਰਤੀਤ ਹੁੰਦੀਆਂ। ਅੱਜ ਜਦੋਂ ਕੋਈ ਵੀ ਸੂਚਨਾ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲਦੀ ਹੈ ਤਾਂ 35 ਸਾਲ ਪਹਿਲਾਂ ਸਰਕਾਰੀ ਨੌਕਰੀ ਵਿਚ ਆਉਣ ਮੌਕੇ ਸੰਚਾਰ ਸਾਧਨਾਂ ਦੀ ਭਾਰੀ ਘਾਟ ਦੀ ਸਥਿਤੀ ਮੇਰੀਆਂ ਅੱਖਾਂ ਅੱਗੇ ਘੁੰਮ ਜਾਂਦੀ ਹੈ। ਦਸੰਬਰ, 1986 ਵਿਚ ਮੇਰੀ ਨਿਯੁਕਤੀ ਪੰਜਾਬ ਸਰਕਾਰ ਵਿਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਹੋਈ ਅਤੇ ਮੇਰੀ ਤਾਇਨਾਤੀ ਵੀ ਚੰਡੀਗੜ੍ਹ ਸਥਿਤ ਹੈੱਡ ਕੁਆਰਟਰ ਵਿਖੇ ਹੋ ਗਈ। ਮੈਂ ਅਜੇ ਪੜ੍ਹਾਈ ਪੂਰੀ ਕਰ ਕੇ ਹਟਿਆ ਹੀ ਸੀ, ਨਾਲ ਹੀ ਗਜ਼ਟਿਡ ਅਫ਼ਸਰ ਦੀ ਨੌਕਰੀ ਮਿਲਣ ਕਰਕੇ ਮੈਨੂੰ ਬੇਰੁਜ਼ਗਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਕਰਕੇ ਮੈਂ ਹਮੇਸ਼ਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਰਿਹਾ ਹਾਂ। ਸਰਕਾਰੀ ਅਫ਼ਸਰ ਵਜੋਂ ਨੌਕਰੀ ਦੌਰਾਨ ਮੈਂ ਆਪਣੀ ਡਿਊਟੀ ਸਿਰਫ਼ ਪ੍ਰੈੱਸ ਨੋਟ ਬਣਾਉਣ ਤਕ ਹੀ ਸਮਝਦਾ ਸੀ। ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦਾ ਮੈਨੂੰ ਚੰਗਾ ਗਿਆਨ ਸੀ ਜਿਸ ਕਰਕੇ ਮੈਨੂੰ ਪ੍ਰੈੱਸ ਨੋਟ ਬਣਾਉਣ ’ਚ ਕਦੇ ਬਹੁਤੀ ਦਿੱਕਤ ਨਹੀਂ ਹੋਈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੱਤਰਕਾਰੀ ਦੀ ਡਿਗਰੀ ਹਾਸਲ ਕਰਨ ਮਗਰੋਂ ਮੈਂ ਛੇ ਮਹੀਨੇ ਦੀ ਸਿਖਲਾਈ ‘ਇੰਡੀਅਨ ਐਕਸਪ੍ਰੈੱਸ’ ਦੇ ਸੰਪਾਦਕੀ ਡੈਸਕ ਤੋਂ ਲਈ ਸੀ। ਉਸ ਵੇਲੇ ਦੇ ਸੰਪਾਦਕੀ ਮੰਡਲ ਨੇ ਮੈਨੂੰ ਖ਼ਬਰ ਏਜੰਸੀਆਂ ਦੀ ਕਾਪੀ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਹੰੁਦੇ ਪ੍ਰੈੱਸ ਨੋਟਾਂ ਦੇ ਸੰਪਾਦਨ ਦੇ ਕਾਰਜ ’ਚ ਨਿਪੁੰਨਤਾ ਬਖ਼ਸ਼ੀ। ਉਸ ਵੇਲੇ ਚੰਡੀਗੜ੍ਹ ਤੋਂ ਸਿਰਫ਼ ਅੰਗਰੇਜ਼ੀ ਦੇ ਦੋ ਪ੍ਰਮੁੱਖ ਅਖ਼ਬਾਰ ‘ਦਿ ਟ੍ਰਿਬਿਊਨ’ ਅਤੇ ‘ਇੰਡੀਅਨ ਐਕਸਪ੍ਰੈੱਸ’ ਤੇ ਦੂਰਦਰਸ਼ਨ ਦੀ ਤੂਤੀ ਬੋਲਦੀ ਸੀ। ਨੌਕਰੀ ਤੋਂ ਦੋ ਕੁ ਮਹੀਨਿਆਂ ਮਗਰੋਂ ਹੀ ਮੈਨੂੰ ਵਿਭਾਗ ਵਿਚ ਪ੍ਰੈੱਸ ਨੋਟ ਬਣਾਉਣ ਤੋਂ ਇਲਾਵਾ ਬਾਕੀ ਜ਼ਿੰਮੇਵਾਰੀਆਂ ਨਿਭਾਉਣ ਦਾ ਵੀ ਅਹਿਸਾਸ ਹੋਇਆ। ਇਕ ਦਿਨ, ਬਾਅਦ ਦੁਪਹਿਰ ਮੈਨੂੰ ਮੇਰੇ ਜਾਇੰਟ ਡਾਇਰੈਕਟਰ (ਪ੍ਰੈੱਸ) ਨੇ ਬੁਲਾ ਕੇ ਇਕ ਟੀਵੀ ਕੈਸੇਟ ਦਿੰਦਿਆਂ ਕਿਹਾ ਕਿ ਇਸ ਨੂੰ ਤੁਰੰਤ ਚੰਡੀਗੜ੍ਹ ਏਅਰਪੋਰਟ ਪਹੁੰਚਾਓ ਤਾਂ ਜੋ ਦਿੱਲੀ ਸਥਿਤ ਆਪਣੇ ਲੋਕ ਸੰਪਰਕ ਦਫ਼ਤਰ ਰਾਹੀਂ ਦੂਰਦਰਸ਼ਨ ਤੋਂ ਸ਼ਾਮ ਨੂੰ ਪ੍ਰਸਾਰਿਤ ਹੋਣ ਵਾਲੇ ਨਿਊਜ਼ ਬੁਲੇਟਿਨ ਵਿਚ ਇਹ ਖ਼ਬਰ ਚਲਾਈ ਜਾ ਸਕੇ। ਇਕ ਵਾਰ ਤਾਂ ਮੈਂ ਡੌਰ-ਭੌਰ ਜਿਹਾ ਹੋ ਗਿਆ ਕਿ ਇਹ ਕਿਹੜਾ ਕੰਮ ਹੋਇਆ ਪਰ ਅਧਿਕਾਰੀਆਂ ਦੇ ਕਹੇ ਨੂੰ ਸਿਰ-ਮੱਥੇ ਪ੍ਰਵਾਨ ਕਰਦਿਆਂ ਏਅਰਪੋਰਟ ਵੱਲ ਨੂੰ ਹੋ ਤੁਰਿਆ। ਮਨ ’ਚ ਥੋੜ੍ਹੀ ਘਬਰਾਹਟ ਅਤੇ ਬੇਚੈਨੀ ਹੋਣ ਕਾਰਨ ਮੈਂ ਏਅਰਪੋਰਟ ਦੀ ਲਾਬੀ ’ਚ ਪਹੁੰਚ ਗਿਆ ਜਿੱਥੇ ਕੁਝ ਮੁਸਾਫਰ ਸ੍ਰੀਨਗਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਸਨ। ਕੁਝ ਕੁ ਮੁਸਾਫਰਾਂ ’ਤੇ ਪੰਛੀ ਝਾਤ ਮਾਰਨ ਮਗਰੋਂ ਮੈਂ ਅੱਧਖੜ ਉਮਰ ਦੇ ਇਕ ਵਿਅਕਤੀ ਕੋਲ ਜਾ ਕੇ ਆਪਣਾ ਤੁਆਰਫ਼ ਕਰਵਾਉਂਦਿਆਂ ਬੇਨਤੀ ਕੀਤੀ ਕਿ ਇਹ ਕੈਸੇਟ ਤੁਸੀਂ ਪਾਲਮ ਏਅਰਪੋਰਟ ’ਤੇ ਪਹੁੰਚਦੇ ਸਾਰ ਸਾਡੇ ਦਿੱਲੀ ਦਫ਼ਤਰ ਦੇ ਸਹਾਇਕ ਲੋਕ ਸੰਪਰਕ ਅਫ਼ਸਰ ਨੂੰ ਦੇ ਦੇਣਾ। ਉਸ ਦੀ ਸਹਿਮਤੀ ਤੋਂ ਪਹਿਲਾਂ ਹੀ ਮੈਂ ਉਸ ਦਾ ਧੰਨਵਾਦ ਕਰ ਦਿੱਤਾ। ਮੇਰੀ ਤਰਸਯੋਗ ਹਾਲਤ ਵੇਖਦਿਆਂ ਉਸ ਨੇ ਬਿਨਾ ਆਨਾਕਾਨੀ ਕੀਤੇ ਕੈਸੇਟ ਆਪਣੇ ਮੋਢੇ ’ਤੇ ਟੰਗੇ ਨੀਲੇ ਰੰਗ ਦੇ ਬੈਗ ’ਚ ਪਾ ਲਈ।

ਉਸ ਨੇ ਆਪਣਾ ਨਾਮ, ਪਤਾ ਅਤੇ ਟੈਲੀਫੋਨ ਨੰਬਰ ਦਿੰਦਿਆਂ ਕਿਹਾ ਕਿ ਆਪਣੇ ਦਿੱਲੀ ਵਾਲੇ ਅਫ਼ਸਰ ਨੂੰ ਮੇਰੇ ਨੀਲੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਜੈਕਟ ਦੀ ਨਿਸ਼ਾਨੀ ਦੱਸ ਦੇਣਾ ਤਾਂ ਕਿ ਉਹ ਮੈਨੂੰ ਪਛਾਣ ਕੇ ਕੈਸੇਟ ਲੈ ਜਾਵੇ। ਮੈਂ ਚਾਈਂ-ਚਾਈਂ ਦਫ਼ਤਰ ਪਰਤ ਕੇ ਟੈਲੀਫੋਨ ਰਾਹੀਂ ਦਿੱਲੀ ਵਾਲੇ ਅਫ਼ਸਰ ਨੂੰ ਉਸ ਦਾ ਹੁਲੀਆ ਬਿਆਨ ਕਰ ਕੇ ਕਿਹਾ ਕਿ ਸਮੇਂ ਸਿਰ ਪੁੱਜ ਕੇ ਏਅਰਪੋਰਟ ਤੋਂ ਟੀਵੀ ਕੈਸੇਟ ਲੈ ਲੈਣਾ। ਲਗਪਗ ਢਾਈ ਘੰਟਿਆਂ ਬਾਅਦ ਉਸ ਦਾ ਫੋਨ ਆਇਆ ਕਿ ਇਸ ਤਰ੍ਹਾਂ ਦਾ ਕੋਈ ਵੀ ਸ਼ਖ਼ਸ ਏਅਰਪੋਰਟ ’ਤੇ ਨਹੀਂ ਉਤਰਿਆ। ਮੇਰੀ ਪਰੇਸ਼ਾਨੀ ਹੋਰ ਵਧ ਗਈ ਤੇ ਸੋਚਿਆ ਕਿ ਹੁਣ ਤਾਂ ਨੌਕਰੀ ਤੋਂ ਹੱਥ ਧੋਣੇ ਪੈਣਗੇ। ਮੈਂ ਹੌਸਲਾ ਕਰ ਕੇ ਬਜ਼ੁਰਗ ਨੂੰ ਫੋਨ ’ਤੇ ਸੰਪਰਕ ਕੀਤਾ ਤਾਂ ਉਹ ਅੱਗੋਂ ਬੜੇ ਗੁੱਸੇ ਨਾਲ ਬੋਲਿਆ,“ਕਾਕਾ, ਤੁਸੀਂ ਚੰਗਾ ਨਹੀਂ ਜੇ ਕੀਤਾ। ਮੈਂ ਦੋ ਘੰਟੇ ਭੁੱਖਾ-ਭਾਣਾ ਤੁਹਾਡੇ ਮੁਲਾਜ਼ਮ ਦਾ ਇੰਤਜ਼ਾਰ ਕਰਦਾ ਰਿਹਾ ਪਰ ਉਹ ਉੱਥੇ ਨਹੀਂ ਪਹੁੰਚਿਆ।’’ ਮੈਂ ਫਿਰ ਆਪਣੇ ਅਧਿਕਾਰੀ ਤੋਂ ਪੁੱਛਿਆ ਕਿ ਜਾਪਦਾ ਹੈ ਕਿ ਤੂੰ ਉਸ ਬਜ਼ੁਰਗ ਨੂੰ ਪਛਾਣ ਨਹੀਂ ਸਕਿਆ ਜੋ ਤੈਨੂੰ ਉਡੀਕਣ ਮਗਰੋਂ ਥੱਕ-ਹਾਰ ਕੇ ਘਰ ਚਲਿਆ ਗਿਆ। ਮੈਂ ਦੁਬਾਰਾ ਹਿੰਮਤ ਕਰਦਿਆਂ ਉਸ ਬਜ਼ੁਰਗ ਨੂੰ ਫੋਨ ਕਰ ਕੇ ਦੱਸਿਆ ਕਿ ਸਾਡਾ ਅਧਿਕਾਰੀ ਤੁਹਾਡੇ ਦੱਸੇ ਹੁਲੀਏ ਮੁਤਬਕ ਤੁਹਾਨੂੰ ਪਛਾਣ ਨਹੀਂ ਸਕਿਆ। ਹੋ ਸਕਦੈ ਕਿਤੇ ਮੇਰੇ ਦੱਸਣ ’ਚ ਕੋਈ ਫ਼ਰਕ ਰਹਿ ਗਿਆ ਹੋਵੇ। ਉਸ ਸਮੇਂ ਤਕ ਬਜ਼ੁਰਗ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਚੁੱਕਾ ਸੀ ਜਿਸ ਕਰ ਕੇ ਉਹ ਕਹਿਣ ਲੱਗਾ, ‘‘ ਕਾਕਾ, ਗ਼ਲਤੀ ਥੋਡੀ ਨਹੀਂ, ਮੇਰੀ ਹੈ ਕਿਉਂ ਜੋ ਮੈਂ ਫਲਾਈਟ ਤੋਂ ਉਤਰਦੇ ਸਾਰ ਦਿੱਲੀ ਦੇ ਮੌਸਮ ਨੂੰ ਦੇਖਦਿਆਂ ਪਾਈ ਹੋਈ ਕਾਲੀ ਜੈਕਟ ਉਤਾਰ ਕੇ ਬੈਗ ਵਿਚ ਪਾ ਲਈ ਸੀ ਜਿਸ ਕਾਰਨ ਥੋਡਾ ਬੰਦਾ ਮੈਨੂੰ ਪਛਾਣ ਨਹੀਂ ਸਕਿਆ। ਆਪਣੇ ਜਜ਼ਬਾਤ ’ਤੇ ਕਾਬੂ ਨਾ ਰੱਖਦੇ ਹੋਏ ਅਤੇ ਵਿਭਾਗੀ ਅਨੁਸ਼ਾਸਨੀ ਕਾਰਵਾਈ ਤੋਂ ਡਰਦਿਆਂ ਮੈਥੋਂ ਅਬੜਵਾਹੇ ਬਜ਼ੁਰਗ ਦੀ ਸ਼ਾਨ ਦੇ ਉਲਟ ਕਿਹਾ ਗਿਆ, ‘‘ਬਾਊ ਜੀ! ਇਸੇ ਗੱਲ ਕਰਕੇ ਤਾਂ ਸਾਰਾ ਪੁਆੜਾ ਪਿਐ।’’ ਇਹ ਸੁਣਦਿਆਂ ਹੀ ਬਜ਼ੁਰਗ ਅੱਗ-ਬਗੂਲਾ ਹੋ ਉੱਠਿਆ ਅਤੇ ਕਹਿਣ ਲੱਗਾ,“ਕਾਕਾ, ਮੈਂ ਤੇਰੇ ਪਿਓ ਦਾ ਨੌਕਰ ਨਹੀਂ।’’ ਮੈਂ ਤੁਰੰਤ ਉਸ ਤੋਂ ਮਾਫ਼ੀ ਮੰਗੀ ਅਤੇ ਮਲਕਦੇਣੀ ਆਖਿਆ ‘‘ਜੇ ਬੁਰਾ ਨਾ ਮੰਨੋ ਤਾਂ ਮੈਂ ਉਸ ਅਧਿਕਾਰੀ ਨੂੰ ਭੇਜ ਕੇ ਤੁਹਾਡੇ ਘਰੋਂ ਇਹ ਕੈਸੇਟ ਮੰਗਵਾ ਲਵਾਂ ਕਿਉਂਕਿ ਇਹ ਮੇਰੀ ਨੌਕਰੀ ਦਾ ਸਵਾਲ ਹੈ।’’ ਉਸ ਨੇ ਤੁਰੰਤ ਮੇਰੀ ਮਨੋਦਸ਼ਾ ਨੂੰ ਭਾਂਪਦਿਆਂ ਆਪਣਾ ਪਤਾ ਦੱਸਿਆ ਤੇ ਕਿਹਾ ਕਿ ਉਸ ਨੂੰ ਜਲਦ ਭੇਜੋ ਤੇ ਕੈਸੇਟ ਲੈ ਜਾਓ। ਇਸ ਸਾਰੇ ਦੁਖਾਂਤ ਦਾ ਹਸ਼ਰ ਇਹ ਹੋਇਆ ਕਿ ਦੂਰਦਰਸ਼ਨ ਦੇ ਸ਼ਾਮ ਵਾਲੇ ਬੁਲੇਟਿਨ ’ਤੇ ਕਵਰੇਜ ਨਾ ਹੋ ਸਕੀ ਪਰ ਅਗਲੇ ਦਿਨ ਸਵੇਰ ਵਾਲੇ ਬੁਲੇਟਿਨ ’ਚ ਖ਼ਬਰ ਪ੍ਰਸਾਰਿਤ ਹੋਈ ਅਤੇ ਮੈਨੂੰ ਸਕੂਨ ਮਿਲਿਆ।

ਮੇਰੇ ਅਫ਼ਸਰ ਨੇ ਮੇਰੇ ਨਾਲ ਨਰਮਾਈ ਦਾ ਵਤੀਰਾ ਵਰਤਦਿਆਂ ਮੈਨੂੰ ਅਗਾਂਹ ਤੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਨ ਲਈ ਤਾੜਨਾ ਕੀਤੀ। ਉਸ ਦਿਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਲੋਕ ਸੰਪਰਕ ਦੀ ਨੌਕਰੀ ਦੌਰਾਨ ਕੰਮ ਸਿਰਫ਼ ਪ੍ਰੈੱਸ ਨੋਟ ਜਾਂ ਪੱਤਰਕਾਰਾਂ ਦੀ ਆਓਭਗਤ ਕਰਨਾ ਹੀ ਨਹੀਂ ਹੁੰਦਾ, ਸਗੋਂ ਹਰ ਰੋਜ਼ ਹੋਰ ਵੀ ਕਈ ਤਰ੍ਹਾਂ ਦੀਆਂ ਨਵੀਆਂ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ। ਪਿਛਲੇ ਪੈਂਤੀ ਸਾਲਾਂ ’ਚ ਸੰਚਾਰ ਸਾਧਨਾਂ ਨੇ ਹੈਰਾਨੀਜਨਕ ਤਰੱਕੀ ਕੀਤੀ ਹੈ ਜਿਸ ਦਾ ਮੈਂ ਆਪਣੇ ਭਰਤੀ ਹੋਣ ਸਮੇਂ ਸੁਪਨਾ ਤਕ ਨਹੀਂ ਸੀ ਦੇਖਿਆ। ਸ਼ੁਰੂ ਵਾਲੇ ਦਿਨਾਂ ’ਚ ਪ੍ਰੈੱਸ ਨੋਟ ਟੈਲੀਪਿ੍ਰੰਟਰ ਰਾਹੀਂ ਭੇਜੇ ਜਾਂਦੇ ਸਨ ਪਰ ਫੋਟੋਆਂ ਭੇਜਣ ਲਈ ਉਚੇਚੀ ਗੱਡੀ ਜਲੰਧਰ ਭੇਜੀ ਜਾਂਦੀ ਸੀ। ਹੁਣ ਜਦੋਂ ਮੇਰੇ ਵਿਭਾਗ ਦੇ ਅਫ਼ਸਰ ਫੋਟੋਆਂ ਅਤੇ ਵੀਡੀਓਜ਼ ਸਣੇ ਪ੍ਰੈੱਸ ਨੋਟ ਪੱਤਰਕਾਰਾਂ ਦੇ ਵ੍ਹਟਸਐਪ ਗਰੁੱਪਾਂ ’ਤੇ ਭੇਜ ਕੇ ਚੰਦ ਮਿੰਟਾਂ ਮਗਰੋਂ ਇਹ ਖ਼ਬਰ ਚਲਾਉਣ ਵਾਲੇ ਮੀਡੀਆ ਚੈਨਲਾਂ ਦੇ ਲਿੰਕ ਸਾਂਝੇ ਕਰਦੇ ਹਨ ਤਾਂ ਸੱਚਮੁੱਚ ਹੀ ਆਧੁਨਿਕ ਤਕਨਾਲੋਜੀ ਦੇ ਯੁੱਗ ਦਾ ਤੀਬਰ ਅਹਿਸਾਸ ਹੁੰਦਾ ਹੈ।

(ਐਡੀਸ਼ਨਲ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਮੁੱਖ ਮੰਤਰੀ ਪੰਜਾਬ)

ਮੋਬਾਈਲ ਨੰ. : 97800-36136

Posted By: Jatinder Singh