-ਕ੍ਰਿਸ਼ਨ ਪ੍ਰਤਾਪ

ਇਕ ਸ਼ਾਮ ਜਦ ਮੈਂ ਆਪਣਾ ਮੋਬਾਈਲ ਫੋਨ ਚਾਲੂ ਕੀਤਾ ਤਾਂ ਇਕ ਤਸਵੀਰ ਨੇ ਮੇਰਾ ਧਿਆਨ ਖਿੱਚਿਆ। ਇਸ ਵਿਚ ਪੰਜਾਹ-ਸੱਠ ਅਵਾਰਾ ਪਸ਼ੂ ਬਿਲਕੁਲ ਸੜਕ ਦੇ ਵਿਚਕਾਰ ਬੈਠੇ ਹੋਏ ਸਨ। ਪਿਛਲੇ ਲੰਮੇ ਸਮੇਂ ਤੋਂ ਇਹ ਮਸਲਾ ਭਖਿਆ ਹੋਣ ਕਾਰਨ ਮੈਂ ਸੋਚਿਆ ਕਿ ਇਸ ਬਾਰੇ ਪੋਸਟ ਫੇਸਬੁੱਕ 'ਤੇ ਸਾਂਝੀ ਕੀਤੀ ਜਾਵੇ। ਇਹ ਮਸਲਾ ਥੋੜ੍ਹਾ ਜਿਹਾ ਗੰਭੀਰ ਵੀ ਸੀ ਕਿਉਂਕਿ ਇਸ ਨਾਲ ਕਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਕੁਝ ਲੋਕ ਇਸ ਨੂੰ ਸਿਰਫ ਕਿਸਾਨੀ ਦਾ ਸਹੇੜਿਆ ਮਸਲਾ ਆਖ ਕੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਲੱਗ ਪੈਂਦੇ ਹਨ। ਇਸ ਲਈ ਮੈਂ ਇਹੋ ਜਿਹੀ ਸ਼ਬਦਾਵਲੀ ਚੁਣੀ ਕਿ ਦੋਵਾਂ ਧਿਰਾਂ ਨੂੰ ਆਪਣਾ ਆਪ ਦੋਸ਼ੀ ਨਾ ਲੱਗੇ ਪਰ ਦੋਵੇਂ ਧਿਰਾਂ ਇਸ ਗੰਭੀਰ ਮਸਲੇ ਦੇ ਹੱਲ ਬਾਰੇ ਵੀ ਜ਼ਰੂਰ ਸੋਚਣ। ਮੇਰਾ ਇਹ ਯਤਨ ਸਫ਼ਲ ਹੋਇਆ। ਪੋਸਟ ਦੇ ਥੱਲੇ ਵਧੀਆ ਤੇ ਉਸਾਰੂ ਵਿਚਾਰ ਆਏ। ਬਹੁਤਿਆਂ ਨੇ ਇਸ ਦੇ ਹੱਲ ਲਈ ਸੁਝਾਅ ਦਿੱਤੇ । ਫਾਲਤੂ ਜਾਂ ਭੜਕਾਊ ਕੁਮੈਂਟ ਕਿਸੇ ਨੇ ਨਹੀਂ ਸੀ ਲਿਖਿਆ ।

ਅਗਲੀ ਸਵੇਰ ਜਦ ਮੈਂ ਸੈਰ ਤੋਂ ਵਾਪਸ ਘਰ ਆ ਰਿਹਾ ਸਾਂ ਤਾਂ ਤਿੰਨ-ਚਾਰ ਢੱਠੇ ਤੇ ਦਸ-ਬਾਰਾਂ ਗਾਵਾਂ ਗਲੀ ਮੱਲੀ ਖੜ੍ਹੀਆਂ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਉੱਥੇ ਹੀ ਰੁਕ ਗਿਆ। ਮੈਨੂੰ ਉਮੀਦ ਸੀ ਕਿ ਦੋ-ਚਾਰ ਮਿੰਟ ਬਾਅਦ ਉਹ ਉੱਥੋਂ ਅੱਗੇ ਤੁਰ ਜਾਣਗੀਆਂ। ਪੰਜ-ਛੇ ਮਿੰਟ ਬੀਤ ਗਏ ਪਰ ਉਨ੍ਹਾਂ ਨੇ ਤਾਂ ਉੱਥੇ ਇੰਝ ਡੇਰਾ ਜਮਾ ਲਿਆ ਸੀ ਜਿਵੇਂ ਉਹ ਨਾਨਕੀਂ ਘਰ ਆਏ ਹੋਣ। ਉਹ ਇਕ ਦੂਜੇ ਨੂੰ ਢੁੱਡਾਂ ਮਾਰਦੇ ਉੱਥੇ ਹੀ ਖਰਮਸਤੀਆਂ ਕਰਦੇ ਰਹੇ। ਮੇਰੇ ਮਨ ਵਿਚ ਕਾਹਲ਼ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਨਾਲ-ਨਾਲ ਆਪ ਵੀ ਸਕੂਲ ਲਈ ਤਿਆਰ ਹੋਣਾ ਸੀ।

ਪਸ਼ੂਆਂ ਵੱਲੋਂ ਲਾਏ ਇਸ 'ਨਾਕੇ' ਕਾਰਨ ਗਲੀ ਦੇ ਦੋਵਾਂ ਪਾਸਿਆਂ ਤੋਂ ਆਉਣ ਵਾਲੇ ਟਾਵੇਂ-ਟੱਲੇ ਸਕੂਟਰ ਤੇ ਮੋਟਰਸਾਈਕਲਾਂ ਵਾਲੇ ਆਪਣਾ ਰਾਹ ਬਦਲਣ ਲੱਗ ਪਏ। ਮੈਨੂੰ ਉੱਥੇ ਖੜ੍ਹੇ ਨੂੰ ਪੰਦਰਾਂ ਮਿੰਟ ਦੇ ਕਰੀਬ ਹੋ ਚੁੱਕੇ ਸਨ। ਕੁਦਰਤੀ ਇਕ ਨੌਜਵਾਨ ਮੁੰਡਾ ਮੋਟਰਸਾਈਕਲ ਉੱਤੇ ਮੇਰੇ ਕੋਲ ਆ ਕੇ ਖੜ੍ਹ ਗਿਆ। ਉਹ ਟਿਊਸ਼ਨ ਪੜ੍ਹ ਕੇ ਆਇਆ ਸੀ ਤੇ ਉਸ ਨੇ ਵੀ ਇਸ ਰਸਤੇ ਤੋਂ ਘਰ ਵਾਪਸ ਜਾਣਾ ਸੀ। ਅਸੀਂ ਦੋਵੇਂ ਜਣੇ ਪਸ਼ੂਆਂ ਦੇ ਉੱਥੋਂ ਹਟਣ ਦੀ ਉਮੀਦ ਵਿਚ ਖੜ੍ਹੇ ਰਹੇ।

ਕੁਝ ਦੇਰ ਬਾਅਦ ਸਕੂਲ ਬੱਸ ਆਈ ਤਾਂ ਸਾਡੇ ਸਾਹ ਵਿਚ ਸਾਹ ਆਇਆ। ਉਸ ਬੱਸ ਦੇ ਡਰਾਈਵਰ ਨੇ ਉੱਚੀ-ਉੱਚੀ ਹਾਰਨ ਵਜਾ ਕੇ ਬੱਸ ਨੂੰ ਪਸ਼ੂਆਂ ਵੱਲ ਧੱਕ ਦਿੱਤਾ। ਇਸ ਨਾਲ ਪਸ਼ੂ ਇੱਧਰ-ਉੱਧਰ ਹੋ ਗਏ ਤੇ ਬੱਸ ਲੰਘ ਗਈ। ਥੋੜ੍ਹਾ ਜਿਹਾ ਰਸਤਾ ਬਣ ਗਿਆ ਸੀ। ਸਾਨੂੰ ਲੱਗਾ ਕਿ ਇਸ ਮੌਕੇ ਦਾ ਫਾਇਦਾ ਉਠਾ ਲਿਆ ਜਾਵੇ। ਲੜਕੇ ਕਾਹਲ਼ੀ ਨਾਲ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਮੈਂ ਕਮਾਂਡੋ ਪੁਲਿਸ ਤੋਂ ਵੀ ਤੇਜ਼ੀ ਨਾਲ ਉਸ ਦੇ ਮਗਰ ਬੈਠ ਗਿਆ।

ਸਾਡੇ ਉੱਥੇ ਪੁੱਜਦੇ ਸਾਰ ਦੋ ਢੱਠਿਆਂ ਨੂੰ ਪਤਾ ਨਹੀਂ ਕੀ ਗੁੱਸਾ ਚੜ੍ਹਿਆ ਕਿ ਉਹ ਢੁੱਡਾਂ ਕੱਢਦੇ ਹੋਏ ਸਾਡੇ ਵੱਲ ਨੂੰ ਵਧੇ। ਸਾਡਾ ਮੋਟਰਸਾਈਕਲ ਇਕ ਗਾਂ ਨਾਲ ਟਕਰਾ ਗਿਆ ਪਰ ਲੜਕਾ ਪਹਿਲਾਂ ਤੋਂ ਚੌਕਸ ਹੋਣ ਕਾਰਨ ਉਸ ਨੇ ਇਸ ਨੂੰ ਡੋਲਣ ਨਾ ਦਿੱਤਾ। ਇਕ ਵਾਰ ਤਾਂ ਦਿਲ ਇੰਨੇ ਜ਼ੋਰ ਨਾਲ ਧੜਕਿਆ ਕਿ ਲੱਗਾ ਕਿ ਇਨ੍ਹਾਂ ਤੋਂ ਬਚਣਾ ਅਸੰਭਵ ਹੈ। ਕੁਝ ਸਕਿੰਟਾਂ ਵਿਚ ਅਸੀਂ ਪਸ਼ੂਆਂ ਵਾਲੀ ਜਗ੍ਹਾ ਪਾਰ ਕਰ ਚੁੱਕੇ ਸਾਂ ਪਰ ਦੋਵੇਂ ਢੱਠੇ ਅਜੇ ਵੀ ਸਾਡਾ ਪਿੱਛਾ ਕਰਦੇ ਭੱਜੇ ਆ ਰਹੇ ਸਨ। ਲੜਕੇ ਨੇ ਮੋਟਰਸਾਈਕਲ ਨੂੰ ਪੂਰਾ ਤੇਜ਼ ਭਜਾ ਦਿੱਤਾ ਤੇ ਅਸੀਂ ਉਸ ਝੁੰਡ ਵਿਚੋਂ ਬਾਹਰ ਨਿਕਲ ਗਏ ਸਾਂ। ਉਹ ਜਗ੍ਹਾ ਪਾਰ ਕਰ ਕੇ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਕੋਈ ਅੱਗ ਦਾ ਸਮੁੰਦਰ ਪਾਰ ਕਰ ਲਿਆ ਹੋਵੇ।

ਮੈਂ ਉਸ ਲੜਕੇ ਦਾ ਧੰਨਵਾਦ ਕਰ ਕੇ ਮੋਟਰਸਾਈਕਲ ਤੋਂ ਉੱਤਰਿਆ ਤੇ ਬੇਹੱਦ ਡਰੇ ਹੋਏ ਨੇ ਘਰ ਵੱਲ ਨੂੰ ਚਾਲੇ ਪਾ ਦਿੱਤੇ। ਦਰਵਾਜ਼ਾ ਖੋਲ੍ਹਦੇ ਸਾਰ ਮੂਹਰੇ ਅਖ਼ਬਾਰ ਪਏ ਸਨ। ਮੈਂ ਉਨ੍ਹਾਂ ਨੂੰ ਚੁੱਕ ਕੇ ਘਰ ਦੇ ਅੰਦਰ ਗਿਆ ਤੇ ਮੁੱਖ ਪੰਨਿਆਂ ਉੱਤੇ ਤਰਦੀ-ਤਰਦੀ ਨਜ਼ਰ ਮਾਰਨੀ ਸ਼ੁਰੂ ਕਰ ਦਿੱਤੀ। ਤਿੰਨਾਂ ਅਖ਼ਬਾਰਾਂ ਦੇ ਮੁੱਖ ਪੰਨਿਆਂ 'ਤੇ ਦਾਦਾ-ਪੋਤੀ ਦੇ ਅਵਾਰਾ ਪਸ਼ੂਆਂ ਦੀ ਚਪੇਟ ਵਿਚ ਆ ਕੇ ਮਾਰੇ ਜਾਣ ਦੀ ਖ਼ਬਰ ਛਪੀ ਹੋਈ ਸੀ। ਇਕ ਅਖ਼ਬਾਰ 'ਚ ਇਨ੍ਹਾਂ ਦੋਵਾਂ ਸਮੇਤ ਇਕ ਹੋਰ ਵਿਅਕਤੀ ਦੀ ਮੌਤ ਦਾ ਪੂਰਾ ਵੇਰਵਾ ਲਿਖਿਆ ਹੋਇਆ ਸੀ। ਉਸ ਵਿਅਕਤੀ ਨੂੰ ਇਕ ਅਵਾਰਾ ਢੱਠੇ ਨੇ ਇੰਨੀ ਬੁਰੀ ਤਰ੍ਹਾਂ ਧਰਤੀ ਉੱਤੇ ਪਟਕਾ ਕੇ ਮਾਰਿਆ ਸੀ ਕਿ ਉਸ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਸੀ। ਇਹ ਸਭ ਕੁਝ ਪੜ੍ਹ ਕੇ ਮੈਂ ਪਰੇਸ਼ਾਨ ਹੋ ਗਿਆ ਸਾਂ।ਜਦ ਮੈਂ ਆਪਣੇ ਮੋਬਾਈਲ 'ਤੇ ਨਜ਼ਰ ਮਾਰੀ ਤਾਂ ਆਪਣੀ ਪਾਈ ਹੋਈ ਪੋਸਟ 'ਤੇ ਨਵੇਂ ਆਏ ਕੁਮੈਂਟ ਪੜ੍ਹ ਕੇ ਮੈਂ ਹੈਰਾਨ-ਪਰੇਸ਼ਾਨ ਰਹਿ ਗਿਆ ਸਾਂ। ਇਨ੍ਹਾਂ ਵਿੱਚ ਵੱਖ-ਵੱਖ ਥਾਵਾਂ ਉੱਤੇ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸਿਆਂ ਦੀਆਂ ਛਪੀਆਂ ਰਿਪੋਰਟਾਂ ਸਭ ਤੋਂ ਵੱਧ ਸਨ। ਮੈਨੂੰ ਆਪਣਾ ਆਪ ਸੰਭਾਲਣ ਵਿਚ ਕਾਫੀ ਸਮਾਂ ਲੱਗ ਗਿਆ ਸੀ। ਮੈਂ ਘਰੋਂ ਸਕੂਲ ਵੱਲ ਨੂੰ ਤੁਰ ਤਾਂ ਪਿਆ ਸਾਂ ਪਰ ਜਦ ਵੀ ਮੈਨੂੰ ਰਸਤੇ ਵਿਚ ਕੋਈ ਅਵਾਰਾ ਪਸ਼ੂ ਵਿਖਾਈ ਦਿੰਦਾ ਤਾਂ ਮੈਂ ਬੇਲੋੜਾ ਹੀ ਚੌਕੰਨਾ ਹੋ ਕੇ ਰੁਕ ਜਾਂਦਾ ਰਿਹਾ। ਨਾ ਚਾਹੁੰਦੇ ਹੋਏ ਵੀ ਮੈਂ ਸਕੂਲ ਦੇਰ ਨਾਲ ਪੁੱਜਾ ਸਾਂ।

ਸਾਰੀ ਦਿਹਾੜੀ ਮੇਰੇ ਦਿਮਾਗ ਵਿਚ ਕਈ ਸਵਾਲ ਘੁੰਮਦੇ ਰਹੇ। ਕੀ ਮਨੁੱਖੀ ਜ਼ਿੰਦਗੀ ਏਨੀ ਸਸਤੀ ਹੋ ਚੁੱਕੀ ਹੈ ਕਿ ਕੋਈ ਵੀ ਅਵਾਰਾ ਪਸ਼ੂ ਇਸ ਨੂੰ ਪਲਾਂ ਵਿਚ ਹੀ ਖ਼ਤਮ ਕਰ ਸਕਦਾ ਹੈ ? ਕੀ ਅਣ-ਕਿਆਸੇ ਤੇ ਅਣ-ਵਿਉਂਤੇ ਸ਼ਹਿਰੀਕਰਨ ਕਾਰਨ ਅਸੀਂ ਪਸ਼ੂਆਂ ਤੋਂ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਖੋਹ ਲਈ ਹੈ ਤੇ ਇਸ ਕਰਕੇ ਹੀ ਉਹ ਅਜਿਹਾ ਵਰਤਾਅ ਕਰ ਰਹੇ ਹਨ ? ਕੀ ਸਾਡੇ ਧਰਮ ਤੇ ਕਾਨੂੰਨ ਮਨੁੱਖ ਤੋਂ ਉੱਪਰ ਦਾ ਦਰਜਾ ਹਾਸਲ ਕਰ ਚੁੱਕੇ ਹਨ ਕਿ ਅਸੀਂ ਉਨ੍ਹਾਂ ਦੀਆਂ ਗ਼ਲਤ ਧਾਰਨਾਵਾਂ ਤੇ ਧਾਰਾਵਾਂ ਖ਼ਿਲਾਫ਼ ਉਂਗਲ ਵੀ ਨਹੀਂ ਚੁੱਕ ਸਕਦੇ ?

ਫਿਰ ਮਨ 'ਚ ਆਇਆ ਕਿ ਇਸ ਸਭ ਦੀ ਸਭ ਤੋਂ ਵੱਡੀ ਜ਼ਿੰਮੇਵਾਰ ਤਾਂ ਸਰਕਾਰ ਹੈ। ਉਹ ਸਾਡੇ ਕੋਲੋਂ ਹਜ਼ਾਰਾਂ ਕਰੋੜ ਰੁਪਏ 'ਗਊ ਟੈਕਸ' ਦੇ ਰੂਪ ਵਿਚ ਵਸੂਲ ਰਹੀ ਹੈ। ਜੇ ਇਹ ਪੈਸਾ ਸਹੀ ਢੰਗ ਨਾਲ ਖ਼ਰਚਿਆ ਜਾਂਦਾ ਤਾਂ ਅੱਜ ਹਜ਼ਾਰਾਂ ਘਰਾਂ ਵਿਚ ਸੱਥਰ ਨਹੀਂ ਵਿਛਣੇ ਸਨ। ਇਹ ਇਕੱਠਾ ਕੀਤਾ ਪੈਸਾ ਪਤਾ ਹੀ ਨਹੀਂ ਕਿੱਥੇ ਖ਼ਰਚਿਆ ਜਾ ਰਿਹਾ ਹੈ। ਅਫ਼ਸੋਸ ਇਸ ਗੱਲ ਦਾ ਹੋ ਰਿਹਾ ਸੀ ਕਿ ਸਾਡੀਆਂ ਸਰਕਾਰਾਂ ਸਿਹਤ, ਸਿੱਖਿਆ ਤੇ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਤੋਂ ਅਸਮਰੱਥ ਰਹੀਆਂ ਹਨ। ਕਿਸੇ ਵੀ ਸਮੱਸਿਆ ਦਾ ਢੁਕਵਾਂ ਹੱਲ ਕਰਨ ਦੀ ਬਜਾਇ ਉਹ ਜਨਤਾ ਦੇ ਸਿਰ 'ਤੇ ਨਵਾਂ ਟੈਕਸ ਮੜ੍ਹ ਦਿੰਦੀਆਂ ਹਨ।

ਸਰਕਾਰ ਟ੍ਰੈਫਿਕ ਦੇ ਸੁਧਾਰ ਲਈ ਬੇਤਹਾਸ਼ਾ ਵਧਾਏ ਜੁਰਮਾਨਿਆਂ ਦੀ ਨੀਤੀ ਨੂੰ ਲਾਗੂ ਕਰਨ ਜਾ ਰਹੀ ਹੈ। ਜੇ ਉਹ ਲੋਕਾਂ ਨੂੰ ਵਾਕਿਆ ਹੀ ਸੜਕੀ ਹਾਦਸਿਆਂ ਤੋਂ ਬਚਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਅਵਾਰਾ ਪਸ਼ੂਆਂ ਦਾ ਯੋਗ ਹੱਲ ਕਰਨਾ ਚਾਹੀਦਾ ਹੈ। ਸਾਡੀ ਅਫ਼ਸਰਸ਼ਾਹੀ ਤੇ ਲੋਕ ਨੁਮਾਇੰਦਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਆਮ ਲੋਕ ਬੇਲੋੜੀਆਂ ਸਮੱਸਿਆਵਾਂ ਵਿਚ ਉਲਝ ਕੇ ਇਸ ਜਹਾਨ ਤੋਂ ਕੂਚ ਕਰੀ ਜਾ ਰਹੇ ਹਨ। ਇਹ ਅੱਗ ਉਨ੍ਹਾਂ ਦੇ ਘਰਾਂ ਤਕ ਵੀ ਪੁੱਜ ਸਕਦੀ ਹੈ। ਜੇ ਉਹ ਜਾਣ-ਬੁੱਝ ਕੇ ਨਾਦਾਨ ਬਣ ਰਹੇ ਹਨ ਤਾਂ ਸਿਆਣੇ ਤਾਂ ਪਸ਼ੂ ਵੀ ਨਹੀਂ ਹੁੰਦੇ।

-ਮੋਬਾਈਲ ਨੰਬਰ- 094174 37682

Posted By: Susheel Khanna