-ਚੰਦਰ ਪ੍ਰਕਾਸ਼


ਇਹ ਘਟਨਾ ਪੰਜਾਬ ਦੇ ਮਾਲਵਾ ਖੇਤਰ ਦੇ ਇਕ ਜ਼ਿਲ੍ਹੇ ਦੀ ਹੈ। ਇਕ ਜ਼ਿਮੀਂਦਾਰ, ਜਿਸ ਦੇ ਬੱਚੇ ਵਿਦੇਸ਼ ਗਏ ਹੋਏ ਸਨ, ਨੇ ਉਨ੍ਹਾਂ ਦੁਆਰਾ ਭੇਜੇ ਪੈਸੇ ਇਕੱਠੇ ਕਰਕੇ 15 ਕੁ ਕਿੱਲੇ ਜ਼ਮੀਨ ਬੈਅ (ਮੁੱਲ) ਲੈ ਲਈ ਸੀ। ਜਦ ਉਸ ਦਾ ਮੁੰਡਾ ਹਿੰਦੁਸਤਾਨ ਆ ਗਿਆ ਤਾਂ ਉਹ ਜ਼ਿਮੀਂਦਾਰ ਆਪਣੇ ਮੁੰਡੇ ਅਤੇ ਉਸ ਦੇ ਇਕ ਮਿੱਤਰ ਨਾਲ ਉਕਤ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲੇ ਦਿਨ ਰਜਿਸਟਰੀ ਲਿਖਵਾ ਰਹੇ ਸਨ ਤਾਂ ਉਨ੍ਹਾਂ ਨੂੰ ਅਰਜ਼ੀ ਨਵੀਸ ਨੇ ਆਗਾਹ ਕਰ ਦਿੱਤਾ ਸੀ ਕਿ ਇਹ ਤਹਿਸੀਲਦਾਰ ਬਿਨਾਂ ਰਿਸ਼ਵਤ ਲਏ ਕੰਮ ਨਹੀਂ ਕਰਦਾ। ਜ਼ਿਮੀਦਾਰ, ਉਸ ਦੇ ਮੁੰਡੇ ਅਤੇ ਉਸ ਦੇ ਦੋਸਤ ਨੇ ਉਸ ਦੀ ਗੱਲ ਅਣਸੁਣੀ ਕਰ ਦਿੱਤੀ। ਰਜਿਸਟਰੀ ਲਿਖਵਾ ਕੇ ਜਦ ਉਹ ਤਹਿਸੀਲਦਾਰ ਕੋਲ ਗਏ ਤਾਂ ਉਸ ਨੇ ਕਿਹਾ ਕਿ ਤੁਹਾਡਾ ਇਕ ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ 15 ਲੱਖ ਰੁਪਏ ਦਾ ਖ਼ਰਚਾ ਆਵੇਗਾ। ਇਸ ਵਿਚ ਰਜਿਸਟਰੀ ਦੇ ਨਾਲ-ਨਾਲ ਜ਼ਮੀਨ ਦਾ ਇੰਤਕਾਲ ਵੀ ਤੁਹਾਡੇ ਨਾਂ ਹੋ ਜਾਵੇਗਾ।

ਇਸ 'ਤੇ ਵਿਦੇਸ਼ੀ ਮੁੰਡੇ ਨੇ ਕਿਹਾ ਕਿ ਜਦੋਂ ਅਸੀਂ ਅਸ਼ਟਾਮ ਡਿਊਟੀ ਪੂਰੀ ਲਗਾਈ ਹੈ ਤਾਂ ਹੋਰ ਖ਼ਰਚਾ ਕਿਵੇਂ ਹੋ ਸਕਦਾ ਹੈ ਤਾਂ ਤਹਿਸੀਲਦਾਰ ਨੇ ਤਲਖ਼ੀ ਵਿਚ ਫੱਟ ਜਵਾਬ ਦਿੱਤਾ ਕਿ ਇਹ ਤਾਂ ਸਾਡੀ ਫ਼ੀਸ ਹੁੰਦੀ ਹੈ। ਜੇ ਇਹ ਫ਼ੀਸ ਨਹੀਂ ਦਿੱਤੀ ਜਾਂਦੀ ਤਾਂ ਰਜਿਸਟਰੀ ਨਹੀਂ ਹੁੰਦੀ। ਮੁੰਡੇ ਨੂੰ ਤਹਿਸੀਲਦਾਰ ਦੇ ਵਿਵਹਾਰ 'ਤੇ ਕਾਫ਼ੀ ਗੁੱਸਾ ਆਇਆ। ਉਸ ਨੇ ਸੋਚਿਆ ਕਿ ਤਹਿਸੀਲਦਾਰ ਨੂੰ ਭ੍ਰਿਸ਼ਟਾਚਾਰ ਰੋਕੂ ਮਹਿਕਮੇ ਕੋਲ ਰੰਗੇ ਹੱਥੀਂ ਫੜਾਇਆ ਜਾਵੇ। ਉਸ ਦੇ ਮਿੱਤਰ ਨੇ ਕਿਹਾ ਕਿ ਵਿਜੀਲੈਂਸ ਵਾਲੇ ਉਸ ਤਹਿਸੀਲਦਾਰ ਨੂੰ ਕੁਝ ਵੀ ਨਹੀਂ ਕਹਿਣਗੇ। ਕੋਈ ਵਿਰਲਾ-ਟਾਵਾਂ ਵਿਜੀਲੈਂਸ ਅਫ਼ਸਰ ਹੀ ਹੁੰਦਾ ਹੈ ਜਿਹੜਾ ਅਜਿਹੇ ਅਫ਼ਸਰਾਂ ਨੂੰ ਫੜਦਾ ਹੈ।

ਇਸ ਲਈ ਬਿਹਤਰ ਹੋਵੇਗਾ ਕਿ 15 ਲੱਖ ਰੁਪਏ ਰਿਸ਼ਵਤ ਦੇ ਕੇ ਹੀ ਰਜਿਸਟਰੀ ਕਰਵਾ ਲਈ ਜਾਵੇ।ਵਿਦੇਸ਼ੀ ਮੁੰਡੇ ਦੇ ਪੰਜਾਬ ਵਿਚ ਉੱਘੇ ਰਾਜਨੀਤਕ ਲੋਕਾਂ ਨਾਲ ਸਬੰਧ ਸਨ। ਉਸ ਨੇ ਇੱਧਰੋਂ-ਉੱਧਰੋਂ ਸਿਫ਼ਾਰਸ਼ ਵੀ ਕਰਵਾਈ ਕਿ ਪਹਿਲਾਂ ਤਾਂ ਇਹ ਕੰਮ ਬਿਨਾਂ ਪੈਸਿਆਂ ਤੋਂ ਹੋ ਜਾਵੇ ਅਤੇ ਜੇ ਨਹੀਂ ਹੁੰਦਾ ਤਾਂ ਪੈਸੇ ਘੱਟ ਕਰ ਦਿੱਤੇ ਜਾਣ ਪਰ ਤਹਿਸੀਲਦਾਰ ਦੀ ਸਿਹਤ 'ਤੇ ਕੋਈ ਅਸਰ ਨਾ ਹੋਇਆ। ਉਸ ਮੁੰਡੇ ਨੇ 15 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਅਤੇ ਮਠਿਆਈ ਦੇ ਡੱਬੇ ਵਿਚ ਪੈਸੇ ਪਾ ਕੇ ਤਹਿਸੀਲਦਾਰ ਦੇ ਘਰ ਜਾ ਕੇ ਫੜਾ ਦਿੱਤਾ ਅਤੇ ਕਿਹਾ ਜਨਾਬ, ''ਇਸ ਵਿਚ 15 ਮੋਤੀ ਚੂਰ ਦੇ ਲੱਡੂ ਹਨ।''ਤਹਿਸੀਲਦਾਰ ਨੇ ਉਸ ਵਿਦੇਸ਼ੀ ਮੁੰਡੇ ਦੀ ਬਹੁਤ ਆਓ-ਭਗਤ ਕੀਤੀ ਅਤੇ ਰਿਸ਼ਵਤ ਦੇ ਪੈਸੇ ਪਹੁੰਚਣ ਤੋਂ ਬਾਅਦ ਜ਼ਮੀਨ ਦੀ ਰਜਿਸਟਰੀ ਵਿਦੇਸ਼ੀ ਮੁੰਡੇ ਦੇ ਪਿਤਾ ਦੇ ਨਾਂ ਕਰ ਦਿੱਤੀ। ਸਮਾਂ ਬੀਤਦਾ ਗਿਆ। ਇਕ ਦਿਨ ਇਸ ਕਹਾਣੀ ਨੇ ਨਵਾਂ ਮੋੜ ਲਿਆ। ਕੈਨੇਡਾ ਵਿਚ ਇਕ ਪਰਵਾਸੀ ਪੰਜਾਬੀ ਆਪਣੇ ਫਾਰਮ 'ਤੇ ਦਿਹਾੜੀਦਾਰਾਂ ਨੂੰ ਗੱਡੀ 'ਚ ਬਿਠਾ ਕੇ ਖੇਤ ਵੱਲ ਲਿਜਾ ਰਿਹਾ ਸੀ। ਉਹ ਸਭ ਨੂੰ ਵਾਰ-ਵਾਰ ਦੇਖ ਰਿਹਾ ਸੀ ਤਾਂ ਉਸ ਨੂੰ ਇਕ ਦਿਹਾੜੀਦਾਰ ਦੀ ਸ਼ਕਲ ਜਾਣੀ-ਪਛਾਣੀ ਲੱਗੀ। ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇਸ ਵਿਅਕਤੀ ਨੂੰ ਉਹ ਪਹਿਲਾਂ ਵੀ ਦੇਖ ਚੁੱਕਾ ਹੈ। ਉਸ ਨੇ ਆਪਣੇ ਦਿਮਾਗ 'ਤੇ ਜ਼ੋਰ ਪਾਇਆ ਅਤੇ ਕੁਝ ਦੇਰ ਬਾਅਦ ਉਸ ਨੂੰ ਸਭ ਕੁਝ ਯਾਦ ਆ ਗਿਆ ਅਤੇ ਉਸ ਨੂੰ ਇਹ ਲੱÎਗਿਆ ਕਿ ਇਹ ਤਾਂ ਉਹੀ ਤਹਿਸੀਲਦਾਰ ਹੈ ਜਿਸ ਨੇ ਉਨ੍ਹਾਂ ਤੋਂ 15 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਉਸ ਨੇ ਮਨ ਵਿਚ ਸੋਚਿਆ ਕਿ ਇੰਨੀ ਰਿਸ਼ਵਤ ਲੈਣ ਵਾਲਾ ਅਮੀਰ ਤਹਿਸੀਲਦਾਰ ਦਿਹਾੜੀਆਂ ਕਰਨ ਲਈ ਕੈਨੇਡਾ ਕਿਉਂ ਆਵੇਗਾ?

ਹੌਲੀ-ਹੌਲੀ ਹੌਸਲਾ ਕਰ ਕੇ ਉਸ ਨੇ ਤਹਿਸੀਲਦਾਰ ਨੂੰ ਬੁਲਾ ਹੀ ਲਿਆ। ਉਸ ਨੇ ਆਖਿਆ, ''ਤਹਿਸੀਲਦਾਰ ਸਾਹਿਬ! ਸਤਿ ਸ਼੍ਰੀ ਅਕਾਲ।'' ਅਚਾਨਕ ਤਹਿਸੀਲਦਾਰ ਸ਼ਬਦ ਸੁਣ ਕੇ ਉਸ ਦੇ ਮੂੰਹ ਦਾ ਰੰਗ ਉੱਡ ਗਿਆ। ਉਸ ਨੇ ਗੱਲ ਅਣਸੁਣੀ ਕਰ ਦਿੱਤੀ। ਤਹਿਸੀਲਦਾਰ ਨੂੰ ਪਤਾ ਲੱਗ ਗਿਆ ਸੀ ਕਿ ਇਹ ਤਾਂ ਮੈਨੂੰ ਜਾਣਦਾ ਹੈ। ਫਿਰ ਉਸ ਮੁੰਡੇ ਨੇ ਤਹਿਸੀਲਦਾਰ ਨਾਲ ਗੱਲਬਾਤ ਜਾਰੀ ਰੱਖਣ ਲਈ ਨਾਲ ਵਾਲੀ ਸੀਟ ਮੱਲ ਲਈ ਅਤੇ ਕਿਹਾ ਕਿ ਤੁਸੀਂ ਤਾਂ ਉਹੀ ਹੋ ਜਿਹੜੇ ਪੰਜਾਬ 'ਚ ਬਤੌਰ ਤਹਿਸੀਲਦਾਰ ਤਾਇਨਾਤ ਸੀ।

ਇਸ 'ਤੇ ਹੱਕਾ-ਬੱਕਾ ਹੋ ਕੇ ਤਹਿਸੀਲਦਾਰ ਇੱਧਰ-ਉੱਧਰ ਦੇਖਣ ਲੱਗਾ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਗੱਡੀ ਰੁਕਵਾ ਕੇ ਵਾਪਸ ਚਲਾ ਜਾਵੇ ਜਾਂ ਗੱਲ ਦਾ ਜਵਾਬ ਦੇਵੇ। ਅਖੀਰ ਜਦ ਗੱਡੀ ਫਾਰਮ ਹਾਊਸ 'ਤੇ ਪੁੱਜ ਗਈ ਤਾਂ ਸਾਰੇ ਦਿਹਾੜੀਦਾਰ ਵਾਰੋ-ਵਾਰੀ ਉਤਰਨ ਲੱਗੇ। ਸਭ ਨੇ ਸੇਬ ਤੋੜਨੇ ਸ਼ੁਰੂ ਕਰ ਦਿੱਤੇ। ਆਪਣੇ-ਆਪ ਨੂੰ ਬੇਵੱਸ ਹੋਇਆ ਦੇਖ ਕੇ ਤਹਿਸੀਲਦਾਰ ਨੇ ਵੀ ਸੇਬ ਤੋੜਨੇ ਸ਼ੁਰੂ ਕਰ ਦਿੱਤੇ। ਮੌਕਾ ਪਾ ਕੇ ਤਹਿਸੀਲਦਾਰ ਨੇ ਜ਼ਿਮੀਂਦਾਰ ਨੂੰ ਆਵਾਜ਼ ਮਾਰੀ ਤੇ ਕਿਹਾ, ''ਸਰਦਾਰ ਜੀ! ਜੇਕਰ 10 ਮਿੰਟ ਦਿਉ ਤਾਂ ਅਲੱਗ ਹੋ ਕੇ ਗੱਲ ਕਰੀਏ।'' ਜ਼ਿਮੀਂਦਾਰ ਨੇ ਕਿਹਾ, ''ਜੀ ਦੱਸੋ।'' ਤਹਿਸੀਲਦਾਰ ਨੇ ਪੁੱਛਿਆ, ''ਸਰਦਾਰ ਜੀ! ਪਹਿਲਾਂ ਇਹ ਦੱਸੋ ਕਿ ਤੁਸੀਂ ਮੈਨੂੰ ਕਿਵੇਂ ਪਛਾਣਿਆ?'' ਸਰਦਾਰ ਜੀ ਨੇ ਕਿਹਾ, ''ਤਹਿਸੀਲਦਾਰ ਸਾਹਿਬ, ਅੱਜ ਤੋਂ 15 -20 ਸਾਲ ਪਹਿਲਾਂ 15 ਕਿੱਲੇ ਜ਼ਮੀਨ ਲਈ ਸੀ ਅਤੇ ਉਸ ਦੀ ਰਜਿਸਟਰੀ ਅਤੇ ਇੰਤਕਾਲ ਕਰਵਾਉਣ ਲਈ ਗਏ ਸਾਂ। ਉਸ ਸਮੇਂ ਤੁਸੀਂ ਕੁਝ ਸ਼ਰਤਾਂ ਰੱਖੀਆਂ ਸਨ ਕਿ ਇਸ ਕੰਮ ਲਈ 15 ਲੱਖ ਰੁਪਏ ਦੀ ਰਿਸ਼ਵਤ ਲੱਗੇਗੀ। ਅਸੀਂ ਉਸ ਵੇਲੇ ਮਜਬੂਰ ਸਾਂ ਅਤੇ ਸਾਨੂੰ ਤੁਹਾਡੇ ਨਿੱਜੀ ਖ਼ਜ਼ਾਨੇ ਵਿਚ ਮਾਇਆ ਭੇਟ ਕਰਨੀ ਹੀ ਪਈ ਸੀ।

ਅਪਣੇ-ਆਪ ਨੂੰ ਬੇਵੱਸ ਹੋਇਆ ਦੇਖ ਕੇ ਉਸ ਨੇ ਕਿਹਾ ਕਿ ਹਾਂ, ਬਦਕਿਸਮਤੀ ਨਾਲ ਮੈਂ ਉਹੀ ਤਹਿਸੀਲਦਾਰ ਹਾਂ। ਇਸ 'ਤੇ ਵਿਦੇਸ਼ੀ ਮੁੰਡੇ ਨੇ ਹੈਰਾਨੀ ਨਾਲ ਪੁੱਛਿਆ, ''ਤੁਸੀਂ ਬਹੁਤ ਵੱਡੇ ਅਫ਼ਸਰ ਹੋ, ਬਹੁਤ ਜਾਇਦਾਦਾਂ ਹਨ ਤੁਹਾਡੇ ਕੋਲ, ਪਰ ਤੁਸੀਂ ਇੱਥੇ ਦਿਹਾੜੀ ਕਰਨ ਕਿਉਂ ਆਏ?''

ਤਹਿਸੀਲਦਾਰ ਨੇ ਕਿਹਾ, ''ਬਸ ਉਹੀ 15 ਲੱਖ ਰੁਪਏ ਦੀ ਰਿਸ਼ਵਤ ਨੇ ਮੈਨੂੰ ਦਿਹਾੜੀਦਾਰ ਬਣਾ ਦਿੱਤਾ। ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਲਈ ਮੈਂ ਰਿਸ਼ਵਤ ਲੈਂਦਾ ਰਿਹਾ। ਹੁਣ ਉਸ ਦਾ ਕੈਨੇਡਾ ਵਿਚ ਕੰਸਲਟੈਂਸੀ ਦਾ ਵੱਡਾ ਕਾਰੋਬਾਰ ਹੈ। ਮੈਂ ਰਿਟਾਇਰਮੈਂਟ ਪਿੱਛੋਂ ਆਪਣੀ ਧਰਮ ਪਤਨੀ ਨਾਲ ਪਹਿਲੀ ਵਾਰ ਬੇਟੇ ਕੋਲ ਕੈਨੇਡਾ ਆਇਆ।

ਪਹਿਲਾਂ ਤਾਂ ਮੇਰੇ ਬੇਟੇ ਤੇ ਨੂੰਹ ਨੇ ਬੜਾ ਇੱਜ਼ਤ-ਮਾਣ ਕੀਤਾ ਪਰ ਜਦ ਘਰਵਾਲੀ ਨੂੰ ਨੂੰਹ ਦੇ ਮਜਬੂਰ ਕਰਨ 'ਤੇ ਬੇਟੇ ਦੇ ਘਰ ਨੂੰ ਝਾੜੂ, ਪੋਚਾ ਕਰਦੇ ਵੇਖਿਆ ਤਾਂ ਸੋਚਣ ਲੱਗ ਪਿਆ ਕਿ ਕੀ ਇਹ ਦਿਨ ਵੀ ਦੇਖਣੇ ਪੈਣੇ ਸਨ? ਜਦੋਂ ਤਹਿਸੀਲਦਾਰ ਸੀ ਤਾਂ ਨੌਕਰਾਣੀਆਂ ਘਰਵਾਲੀ ਦੇ ਅੱਗੇ-ਪਿੱਛੇ ਬੀਬੀ ਜੀ, ਬੀਬੀ ਜੀ ਕਰਦੀਆਂ ਰਹਿੰਦੀਆਂ ਸਨ। ਅੱਜ ਉਸ ਦੀ ਨੂੰਹ ਉਸ ਦੀ ਘਰਵਾਲੀ ਕੋਲੋਂ ਨੌਕਰਾਣੀ ਵਾਂਗ ਘਰ ਦਾ ਕੰਮ ਲੈ ਰਹੀ ਹੈ। ਫਿਰ ਵੀ ਮੈਂ ਚੁੱਪ ਵੱਟੀ ਰੱਖੀ।

ਵੱਡਾ ਧੱਕਾ ਉਦੋਂ ਲੱਗਾ ਜਦ ਬੇਟੇ ਨੇ ਕਿਹਾ ਕਿ ਤੁਸੀਂ ਘਰ ਇਕੱਲੇ ਵਿਹਲੇ ਬੈਠੇ ਰਹਿੰਦੇ ਓ। ਫਾਰਮ ਹਾਊਸਾਂ 'ਤੇ ਦਿਹਾੜੀ ਲਈ ਜਾਇਆ ਕਰੋ। ਇੱਥੇ ਪੈਸੇ ਦੀ ਹੀ ਕੀਮਤ ਹੈ। ਪੈਸੇ ਤੋਂ ਬਗੈਰ ਕੋਈ ਰਿਸ਼ਤਾ-ਨਾਤਾ ਨਹੀਂ। ਇੱਥੇ ਆਪਣਾ ਹੀ ਕਮਾਉਣਾ ਪੈਂਦਾ ਹੈ ਤੇ ਆਪਣਾ ਹੀ ਖਾਣਾ ਪੈਂਦਾ ਹੈ। ਇਸ 'ਤੇ ਤਹਿਸੀਲਦਾਰ ਨੇ ਸੋਚਿਆ ਕਿ ਮੈਂ ਤਾਂ ਸਾਰੀ ਉਮਰ ਆਪਣੇ ਮੁੰਡੇ ਲਈ ਕਮਾਉਂਦਾ ਰਿਹਾ। ਅੱਜ ਉਹੀ ਮੈਨੂੰ ਦਿਹਾੜੀ ਕਰਨ ਲਈ ਭੇਜ ਰਿਹਾ ਹੈ। ਗੱਲਾਂ ਕਰਦਿਆਂ ਉਸ ਦਾ ਗੱਚ ਭਰ ਆਇਆ ਅਤੇ ਅੱਖਾਂ ਨਮ ਹੋ ਗਈਆਂ।

-(ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ)।

-ਮੋਬਾਈਲ ਨੰ. : 98154-37555

Posted By: Susheel Khanna