-ਲਕਸ਼ਮੀਕਾਂਤਾ ਚਾਵਲਾ

ਪੂਰੇ ਭਾਰਤ ਅਤੇ ਵਿਸ਼ਵ ਵਿਚ ਜਿੱਥੇ-ਜਿੱਥੇ ਭਾਰਤੀ ਵਸਦੇ ਹਨ, ਉੱਥੇ ਕਈ ਦਿਨ ਪਹਿਲਾਂ ਤੋਂ ਹੀ ਦੀਵਾਲੀ ਦੇ ਦੀਵਿਆਂ ਭਰੇ ਤਿਉਹਾਰ ਨੇ ਦਸਤਕ ਦੇ ਦਿੱਤੀ ਹੈ। ਘਰ-ਬਾਜ਼ਾਰ ਦੀਵਾਲੀ ਲਈ ਸਜ ਗਏ ਹਨ। ਖ਼ੁਸ਼ੀਆਂ ਭਰੇ ਸੰਦੇਸ਼ ਦੇਣ ਦਾ ਕ੍ਰਮ ਵੀ ਰਫ਼ਤਾਰ ਨਾਲ ਚੱਲ ਰਿਹਾ ਹੈ। ਆਪੋ-ਆਪਣੇ ਸਾਧਨਾਂ ਅਤੇ ਆਪਣੇ ਤਰੀਕਿਆਂ ਨਾਲ ਲਕਸ਼ਮੀ ਪੂਜਨ ਦੀਆਂ ਤਿਆਰੀਆਂ ਵੀ ਪੂਰੀਆਂ ਹੋ ਗਈਆਂ ਹਨ। ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਵਿਚ ਵੀ ਅਜਿਹਾ ਲੱਗਦਾ ਹੈ ਕਿ ਇਸ ਵਰ੍ਹੇ ਦੀ ਦੀਵਾਲੀ ਦਾ ਪ੍ਰਕਾਸ਼ ਅਦਭੁਤ ਹੋਵੇਗਾ। ਸੰਭਵ ਤੌਰ 'ਤੇ ਦੀਪਮਾਲਾ ਉਹੋ ਜਿਹੀ ਹੀ ਹੋਵੇਗੀ ਜਿਹੋ ਜਿਹੀ ਭਗਵਾਨ ਸ੍ਰੀਰਾਮ ਚੰਦਰ ਜੀ ਦੇ ਬਣਵਾਸ ਤੋਂ ਪਰਤਣ ਮਗਰੋਂ ਅਤੇ ਰਾਜ ਤਿਲਕ ਦੀ ਤਿਆਰੀ ਦੇ ਸਮੇਂ ਹੋਈ ਸੀ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਨੁਸਾਰ ਇਸ ਦੀਵਾਲੀ ਦਾ ਸਵਾਗਤ ਸਾਢੇ ਪੰਜ ਲੱਖ ਦੀਵਿਆਂ ਨਾਲ ਕੀਤਾ ਜਾਵੇਗਾ ਅਤੇ ਹਜ਼ਾਰਾਂ ਦੀਵੇ ਸਰਯੂ ਨਦੀ ਵਿਚ ਪ੍ਰਵਾਹਿਤ ਕਰ ਕੇ ਦੀਵਾਲੀ ਮਨਾਈ ਜਾਵੇਗੀ। ਸੰਕੇਤ ਇਹ ਵੀ ਮਿਲ ਰਹੇ ਹਨ ਕਿ ਇਸੇ ਸਾਲ ਅਯੁੱਧਿਆ ਵਿਚ ਸ੍ਰੀਰਾਮ ਜੀ ਦੇ ਮੰਦਰ ਦਾ ਨਿਰਮਾਣ ਕਾਰਜ ਵੀ ਸ਼ੁਰੂ ਹੋ ਜਾਵੇਗਾ।

ਦੀਵਾਲੀ ਭਾਰਤ ਦਾ ਸੱਭਿਆਚਾਰਕ ਤਿਉਹਾਰ ਹੈ। ਲਕਸ਼ਮੀ ਪੂਜਨ ਅਤੇ ਰਾਸ਼ਟਰ ਦੀ ਧਨ ਸੰਪਦਾ ਨੂੰ ਵਧਾਉਣ, ਉਸ ਦਾ ਪ੍ਰਦਰਸ਼ਨ ਕਰਨ ਅਤੇ ਵੰਡ ਕੇ ਖਾਣ ਦਾ ਪਰਵ ਹੈ। ਅਸੀਂ ਭਾਰਤ ਵਾਸੀ ਤਮਸੋ ਮਾ ਜਯੋਤਿਰਮਯ ਅਰਥਾਤ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਜਾਣ ਵਾਲੀ ਸੰਸਕ੍ਰਿਤੀ ਦੇ ਉਪਾਸ਼ਕ ਹਾਂ। ਇਸ ਲਈ ਸਾਡੇ ਜ਼ਿਆਦਾਤਰ ਤਿਉਹਾਰ ਦੀਪਕ ਜਗਾਉਣ ਨਾਲ ਹੀ ਪੂਰੇ ਹੁੰਦੇ ਹਨ ਅਤੇ ਦੀਵਾਲੀ ਤਾਂ ਹੈ ਹੀ ਦੀਵਾਲੀ। ਪੂਰੇ ਦੇਸ਼ ਵਿਚ ਅਣਗਿਣਤ ਦੀਵੇ ਬਲਣਗੇ। ਅਸਲ ਵਿਚ ਇਹ ਸਿਰਫ਼ ਮਿੱਟੀ ਅਤੇ ਤੇਲ ਦੇ ਦੀਵਿਆਂ ਦਾ ਸਵਾਲ ਨਹੀਂ, ਇਹ ਭਾਰਤ ਦੀ ਮਾਣਮੱਤੀ ਪ੍ਰੰਪਰਾ ਨੂੰ ਵਿਸ਼ਵ ਤਕ ਪਹੁੰਚਾਉਣ ਦਾ ਪਰਵ ਹੈ। ਅੱਜ ਸਾਡੀ ਦੀਵਾਲੀ ਅਮਰੀਕਾ ਦੀ ਸੰਸਦ ਵਿਚ ਵੀ ਸਥਾਨ ਪਾ ਗਈ ਹੈ ਅਤੇ ਵਿਸ਼ਵ ਦੇ ਸਾਰੇ ਵੱਡੇ ਦੇਸ਼ ਅਤੇ ਉੱਥੋਂ ਦੇ ਵਾਸੀ ਭਾਰਤੀਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਖ਼ੁਸ਼ੀਆਂ ਭਰਪੂਰ ਉਤਸਵ ਦੇ ਭਾਗੀਦਾਰ ਬਣਦੇ ਹਨ। ਅਯੁੱਧਿਆ ਵਿਚ ਪੰਜ ਲੱਖ ਤੋਂ ਵੱਧ ਦੀਵੇ ਬਲਣ, ਪੂਰੇ ਦੇਸ਼ ਲਈ ਇਹ ਪ੍ਰਸੰਨਤਾ ਦਾ ਵਿਸ਼ਾ ਹੈ। ਨਗਰਾਂ, ਮਹਾਨਗਰਾਂ, ਪਿੰਡਾਂ ਅਤੇ ਗਲੀਆਂ ਵਿਚ ਜਗਮਗ ਦਿਖਾਈ ਦੇਵੇ, ਹਰ ਭਾਰਤੀ ਇਹ ਚਾਹੁੰਦਾ ਹੈ ਪਰ ਸਾਡਾ ਇਕ ਮਕਸਦ ਇਹ ਵੀ ਹੈ-ਚਲੋ ਜਗਾਈਏ ਦੀਪ, ਉੱਥੇ ਜਿੱਥੇ ਅਜੇ ਵੀ ਹਨੇਰਾ ਹੈ। ਸਾਨੂੰ ਅਤੇ ਖ਼ਾਸ ਤੌਰ 'ਤੇ ਸਾਡੀਆਂ ਸਰਕਾਰਾਂ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸਿਰਫ਼ ਵੱਡੇ-ਵੱਡੇ ਰਾਜ ਭਵਨਾਂ, ਮੰਦਰਾਂ, ਮਹਿਲਾਂ ਨੂੰ ਜਗਮਗਾ ਕੇ ਦੀਵਾਲੀ ਪੂਰੀ ਨਹੀਂ ਹੋ ਜਾਂਦੀ। ਰਾਮ ਰਾਜ ਵਿਚ ਆਮ ਲੋਕਾਂ ਦੀ ਜੋ ਸੁੰਦਰ, ਸੁਖਦ, ਸਿਹਤਮੰਦ ਸਥਿਤੀ ਸੀ, ਜਦ ਤਕ ਅਸੀਂ ਉਸ ਨੂੰ ਮੁੜ ਭਾਰਤ ਵਿਤ ਸਥਾਪਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਉਦੋਂ ਤਕ ਕਾਹਦੀ ਦੀਵਾਲੀ?

ਅੱਜ ਦਾ ਪ੍ਰਸ਼ਨ ਇਹ ਹੈ ਕਿ ਉਹ ਦੀਵਾਲੀ ਵੀ ਕੈਸੀ ਦੀਵਾਲੀ ਜਦ ਅੱਖਾਂ ਫਿੱਕੀਆਂ ਪਈਆਂ ਹੋਣ, ਬੁੱਲ੍ਹਾਂ 'ਤੇ ਭੁੱਖ ਨਾਲ ਸਿੱਕਰੀ ਆਈ ਹੋਵੇ, ਚਿਹਰੇ ਮਜਬੂਰੀ ਵਿਚ ਜ਼ਰਦ ਪਏ ਹੋਣ ਅਤੇ ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਵੀਹ ਕਰੋੜ ਤੋਂ ਵੱਧ ਲੋਕ ਰਾਤ ਨੂੰ ਭੁੱਖੇ ਸੌਣ ਲਈ ਮਜਬੂਰ ਹੋਣ। ਇਹ ਪੱਕੀ ਗੱਲ ਹੈ ਕਿ ਇਹ ਵਿਚਾਰੇ ਉਸ ਦਿਨ ਵੀ ਭੁੱਖੇ ਹੀ ਸੌਣਗੇ ਜਿਸ ਦਿਨ ਕਰੋੜਾਂ ਕੁਇੰਟਲ ਮਠਿਆਈ ਹੀ ਨਹੀਂ ਸਗੋਂ ਮਹਿੰਗੇ ਸੁੱਕੇ ਮੇਵੇ ਵੀ ਉਨ੍ਹਾਂ ਨੂੰ ਭੇਟ ਕੀਤੇ ਜਾਣਗੇ ਜੋ ਪਹਿਲਾਂ ਹੀ ਬਹੁਤ ਮੋਟੇ ਹੋ ਚੁੱਕੇ ਹਨ। ਉਤਸਵ ਮਨਾਉਣ ਦੇ ਨਾਂ 'ਤੇ ਜਦ ਕੁਝ ਲੋਕ ਲਾਲ ਪਰੀ 'ਤੇ ਹੀ ਕਰੋੜਾਂ ਰੁਪਏ ਖ਼ਰਚ ਦੇਣਗੇ ਉਸ ਸਮੇਂ ਬਹੁਤ ਸਾਰੇ ਲੋਕ ਆਪਣੇ ਹੀ ਦੇਸ਼ ਦੇ ਆਪਣੇ ਹੀ ਭਾਰਤ ਬੰਧੂ ਇਕ ਘੁੱਟ ਸਾਫ਼ ਪਾਣੀ ਲਈ ਵੀ ਤਰਸਦੇ ਰਹਿਣਗੇ ਅਤੇ ਉਸ ਪਾਣੀ ਨੂੰ ਪੀਣਗੇ ਜਿਸ ਨੂੰ ਦੇਖ ਕੇ ਉਹ ਲੋਕ ਨੱਕ ਚੜ੍ਹਾਉਣਗੇ ਜਿਨ੍ਹਾਂ ਦਾ ਕਰਤੱਬ ਸਭ ਨੂੰ ਸਾਫ਼ ਪੀਣਯੋਗ ਪਾਣੀ ਅਤੇ ਰੋਟੀ ਦੇਣਾ ਹੈ।

ਵੈਸੇ ਵੀ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਤਿੰਨ ਸਾਲ ਪਹਿਲਾਂ ਦੀਵਾਲੀ ਦੇ ਦਿਨ ਆਪਣੇ ਅਸਥਾਈ ਅਰਥਾਤ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਗੱਫੇ ਦਿੱਤੇ ਸਨ। ਸਰਕਾਰ ਗ਼ਾਇਬ ਹੋਣ ਦੇ ਨਾਲ ਹੀ ਉਹ ਗੱਫੇ ਗ਼ਾਇਬ ਹੋ ਗਏ ਪਰ ਵਿਚਾਰੇ ਕਰਮਚਾਰੀਆਂ ਨੇ ਸਰਕਾਰੀ ਲਾਰੇ-ਲੱਪੇ ਨੂੰ ਸੱਚ ਮੰਨਦੇ ਹੋਏ ਲੱਖਾਂ ਰੁਪਈਆਂ ਦੀਆਂ ਮਠਿਆਈਆਂ ਵੰਡ ਦਿੱਤੀਆਂ। ਕੇਵਲ ਇਸ ਉਮੀਦ ਨਾਲ ਕਿ ਹੁਣ ਉਨ੍ਹਾਂ ਦੇ ਸ਼ੋਸ਼ਣ ਅਤੇ ਕੁਪੋਸ਼ਣ ਦੇ ਦਿਨ ਸਮਾਪਤ ਹੋ ਰਹੇ ਹਨ। ਪੰਜਾਬ ਦੀ ਨਵੀਂ ਸਰਕਾਰ ਨੇ ਵੀ ਚੋਣਾਂ ਦੌਰਾਨ ਭਰੋਸਾ ਦਿੱਤਾ ਅਤੇ ਉਹੀ ਭਰੋਸਾ ਹਾਲੇ ਨੇੜ ਭਵਿੱਖ ਵਿਚ ਤਾਂ ਪੂਰਾ ਹੁੰਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਸਰਕਾਰੀ ਖ਼ਜ਼ਾਨਾ ਖ਼ਾਲੀ ਹੋਣ ਦੇ ਨਾਂ 'ਤੇ ਜੋ ਕੁਝ ਬਚਿਆ ਹੈ, ਉਸ 'ਤੇ ਸਰਕਾਰ ਕੁੰਡਲੀ ਮਾਰ ਕੇ ਬੈਠ ਗਈ ਹੈ। ਮਰੇ ਨੂੰ ਮਾਰੇ ਸ਼ਾਹ ਮਦਾਰ। ਕੁਝ ਨਵਾਂ ਦੇਣ ਦੇ ਸਥਾਨ 'ਤੇ ਵਿਚਾਰੇ ਠੇਕਾ ਕਰਮਚਾਰੀਆਂ ਦੇ ਵੇਤਨ ਤੋਂ ਵੀ ਸਰਕਾਰ ਆਪਣਾ ਵਿਕਾਸ ਕਰਨ ਦੇ ਨਾਂ 'ਤੇ 200 ਰੁਪਏ ਹਰ ਮਹੀਨੇ ਕੱਟ ਰਹੀ ਹੈ। ਸੰਭਵ ਤੌਰ 'ਤੇ ਉਨ੍ਹਾਂ ਨੂੰ ਇਹੀ ਸਰਕਾਰਾਂ ਦਾ ਦੀਵਾਲੀ ਗਿਫਟ ਹੈ। ਜਿੰਨਾ ਖੋਹ ਸਕਦੇ ਹੋ, ਓਨਾ ਖੋਹ ਲਵੋ ਪਰ ਉਨ੍ਹਾਂ ਤੋਂ ਜਿਨ੍ਹਾਂ ਦੀ ਥਾਲੀ ਕਈ ਵਾਰ ਬਿਨਾਂ ਰੋਟੀ ਖ਼ਾਲੀ ਰਹਿੰਦੀ ਹੈ।

ਭਾਰਤ ਸਰਕਾਰ ਦੇ ਸਰਕਾਰੀ ਅੰਕੜੇ ਤਾਂ ਕਾਫ਼ੀ ਵਧੀਆ ਦਿਖਾਈ ਦਿੰਦੇ ਹਨ। ਸਾਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਵਿਸ਼ਵ ਦਾ ਛੇਵਾਂ ਵੱਡਾ ਅਰਥਚਾਰਾ ਬਣ ਗਏ ਹਾਂ। ਤਾਜ਼ਾ ਸੁਖਦ ਜਾਣਕਾਰੀ ਸਰਕਾਰਾਂ ਮੁਤਾਬਕ ਇਹ ਹੈ ਕਿ ਹੁਣ ਸਾਡੇ ਦੇਸ਼ ਵਿਚ ਵਿਦੇਸ਼ੀਆਂ ਲਈ ਵੀ ਵਪਾਰ, ਉਦਯੋਗ ਲਗਾਉਣੇ ਆਸਾਨ ਹੋ ਗਏ ਹਨ ਕਿਉਂਕਿ ਅਸੀਂ ਇਸ ਰੈਂਕਿੰਗ ਵਿਚ ਵੀ 100ਵੇਂ ਸਥਾਨ ਤੋਂ ਇਕਦਮ ਹਾਈ ਜੰਪ ਲਗਾ ਕੇ 77ਵੇਂ ਸਥਾਨ 'ਤੇ ਪਿਛਲੇ ਸਾਲ ਹੀ ਪੁੱਜ ਚੁੱਕੇ ਹਾਂ। ਆਪਣੀ ਹੀ ਸਰਕਾਰ ਦਾ ਇਹ ਵੀ ਅੰਕੜਾ ਹੈ ਕਿ ਭਾਰਤ ਦੀ ਆਬਾਦੀ ਦੀ ਬਹੁਤ ਵੱਡੀ ਸੰਖਿਆ ਗ਼ਰੀਬੀ ਰੇਖਾ ਤੋਂ ਉੱਪਰ ਪੁੱਜ ਗਈ ਹੈ। ਇਸ ਦੇ ਨਾਲ ਹੀ ਇਹ ਚਿੰਤਾਜਨਕ ਖ਼ਬਰ ਵੀ ਮਿਲੀ ਹੈ ਕਿ ਗਲੋਬਲ ਹੰਗਰ ਇੰਡੈਕਸ ਵਿਚ ਸਾਡਾ ਸਥਾਨ 117 ਦੇਸ਼ਾਂ ਦੀ ਸੂਚੀ ਵਿਚ 102 'ਤੇ ਪੁੱਜ ਗਿਆ ਹੈ। ਕੀ ਦੀਵਾਲੀ 'ਤੇ ਸਾਡੀਆਂ ਸਰਕਾਰਾਂ ਲਈ ਇਹ ਸੰਭਵ ਹੋਵੇਗਾ ਕਿ ਰਾਮ ਰਾਜ ਵਰਗੀ ਦੀਵਾਲੀ ਮਨਾਉਣ ਤੋਂ ਪਹਿਲਾਂ ਇਨ੍ਹਾਂ ਵਿਚਾਰਿਆਂ ਨੂੰ ਗ਼ਰੀਬੀ ਤੋਂ ਮੁਕਤੀ ਤਾਂ ਨਹੀਂ ਦੇ ਸਕਦੇ, ਘੱਟੋ-ਘੱਟ ਕੋਈ ਭੁੱਖਾ ਨਾ ਰਹੇ, ਇਸ ਦਾ ਪ੍ਰਬੰਧ ਕਰ ਸਕੀਏ।

ਚਿੰਤਾ ਇਹ ਵੀ ਕਰਨੀ ਹੈ ਕਿ ਸੁਰੱਖਿਆ ਬਲਾਂ ਦੇ ਜੋ ਜਵਾਨ ਸ਼ਹੀਦ ਹੋ ਕੇ ਤਿਰੰਗੇ ਵਿਚ ਲਿਪਟੇ ਸੰਸਾਰ ਤੋਂ ਚਲੇ ਗਏ, ਉਨ੍ਹਾਂ ਦੇ ਪਰਿਵਾਰਾਂ ਦੀ ਦੀਵਾਲੀ ਕਿਹੋ ਜਿਹੀ ਹੋਵੇਗੀ। ਕੁਝ ਘਰ ਤਾਂ ਅਜਿਹੇ ਹਨ ਜਿੱਥੇ ਕਰਵਾ ਚੌਥ ਦੇ ਦਿਨ ਸ਼ਹੀਦ ਦੀ ਅਰਥੀ ਪੁੱਜੀ, ਚੀਕ-ਚਿਹਾੜਾ ਮਚਿਆ। ਬੱਚੇ ਅਨਾਥ ਹੋ ਗਏ। ਬੁਢਾਪਾ ਬੇਸਹਾਰਾ ਅਤੇ ਜਵਾਨੀ ਲੜਖੜਾ ਗਈ। ਜਦ ਤਕ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਦੇਸ਼ ਅਪਣਾ ਕੇ ਉਨ੍ਹਾਂ ਦਾ ਦੁੱਖ-ਦਰਦ ਨਹੀਂ ਵੰਡਦਾ, ਖ਼ੁਸ਼ੀ ਦੀ ਇਕ ਕਿਰਨ ਉਨ੍ਹਾਂ ਦੇ ਬੂਹੇ 'ਤੇ ਨਹੀਂ ਪੁੱਜਦੀ, ਉਦੋਂ ਤਕ ਦੀਪਕ ਪੰਜ ਲੱਖ ਜਗਾਓ ਜਾਂ ਪੰਜ ਕਰੋੜ, ਉੱਥੇ ਹਨੇਰਾ ਦੂਰ ਨਹੀਂ ਹੋ ਸਕਦਾ। ਦੀਵਾਲੀ ਦੇਸ਼ ਮਨਾਵੇਗਾ, ਦੁਨੀਆ ਮਨਾਵੇਗੀ ਪਰ ਇਹ ਸੰਕਲਪ ਤਾਂ ਰੱਖਣਾ ਚਾਹੀਦਾ ਹੈ ਕਿ ਦੀਵਾਲੀ ਮਗਰੋਂ ਦੇਸ਼ ਵਿਚ ਰਾਮ ਰਾਜ ਆਉਂਦਾ ਹੈ, ਤ੍ਰੇਤਾ ਯੁੱਗ ਦੀ ਗਾਥਾ ਇਹ ਹੈ। ਕੀ ਦੀਵਾਲੀ ਪੂਜਨ ਦੇ ਬਾਅਦ ਦੇਸ਼ ਰਾਮ ਰਾਜ ਵੱਲ ਵਧੇਗਾ? ਰਾਮ ਜੀ ਦੇ ਦੇਸ਼ ਦੇ ਬੱਚੇ ਜੇ ਕਿਸੇ ਸਕੂਲ ਦੀ ਦਹਿਲੀਜ਼ 'ਤੇ ਬੈਠ ਕੇ ਦੂਜੇ ਬੱਚਿਆਂ ਨੂੰ ਸਿੱਖਿਆ ਹਾਸਲ ਕਰਦੇ ਅਤੇ ਖ਼ੁਦ ਨੂੰ ਵੰਚਿਤ ਰਹਿ ਜਾਣ ਦੀ ਪੀੜਾ ਸਹਾਰਦੇ ਰਹਿਣਗੇ ਤਾਂ ਦੀਵਾਲੀ ਦਾ ਆਨੰਦ ਯਕੀਨਨ ਫਿੱਕਾ ਪੈ ਜਾਵੇਗਾ। ਭੁੱਖੇ ਪੇਟ ਦੀਵਾਲੀ ਨਹੀਂ ਹੁੰਦੀ। ਰਾਮ ਰਾਜ ਵਿਚ ਨਾ ਕੋਈ ਭੁੱਖਾ ਸੀ, ਨਾ ਅਨਪੜ੍ਹ। ਇਸ ਲਈ ਸੰਕਲਪ ਲਵੋ ਕਿ ਰਾਮਜੀ ਦੇ ਬਣਵਾਸ ਤੋਂ ਪਰਤਣ ਦੀ ਖ਼ੁਸ਼ੀ ਵਿਚ ਅਤੇ ਰਾਮ ਰਾਜ ਦੀ ਸਥਾਪਨਾ ਦੇ ਸਬੰਧ ਵਿਚ ਮਨਾਇਆ ਜਾਣ ਵਾਲਾ ਦੀਵਾਲੀ ਦਾ ਉਤਸਵ ਦੇਸ਼ ਦੇ ਉਨ੍ਹਾਂ ਲੱਖਾਂ ਲੋਕਾਂ ਵਿਚ ਵੀ ਇਕ ਨਵੀਂ ਜੋਤੀ ਜਗਾਉਣ ਦਾ ਪ੍ਰਬੰਧ ਕਰੇ ਜਿਸ ਤੋਂ ਇਹ ਵੀ ਲੱਗੇ ਕਿ ਸੱਚਮੁੱਚ ਦੀਵਾਲੀ ਹਰ ਘਰ ਦੇ ਹਰ ਵਿਹੜੇ ਦੀਵਿਆਂ ਦਾ ਤਿਉਹਾਰ ਹੈ ਅਤੇ ਅੱਖਾਂ ਵਿਚ ਖ਼ੁਸ਼ੀ ਦੇ ਚਿਰਾਗ਼ ਜਗਾਮਗਾਏ ਬਿਨਾਂ ਦੀਵਾਲੀ ਦਾ ਅਰਥ ਅਧੂਰਾ ਹੀ ਰਹਿ ਜਾਂਦਾ ਹੈ। ਤੁਲਸੀ ਮੁਤਾਬਕ ਰਾਮ ਰਾਜ ਇਹ ਹੈ-ਦੈਹਿਕ, ਦੈਵਿਕ ਭੌਤਿਕ ਤਾਪਾ, ਰਾਮ ਰਾਜ ਕਾਹੁਹਿੰ ਨਹੀਂ ਵਿਆਪਾ। ਇਸ ਤਾਪ ਸਰਾਪ ਤੋਂ ਮੁਕਤ ਹੋ ਸਕੀਏ, ਉਦੋਂ ਹੀ ਦੀਵਾਲੀ ਦੀ ਸਾਰਥਿਕਤਾ ਹੈ। ਸ਼ਾਲਾ! ਦੀਵਾਲੀ ਹਰ ਹਿੰਦੁਸਤਾਨੀ ਲਈ ਖ਼ੁਸ਼ੀਆਂ-ਖੇੜੇ ਲੈ ਕੇ ਆਵੇ। ਹਰ ਭਾਰਤ ਵਾਸੀ ਨੂੰ ਕੁੱਲੀ, ਗੁੱਲੀ ਤੇ ਜੁੱਲੀ ਨਸੀਬ ਹੋਵੇ। ਹਰ ਕਿਸੇ ਦੇ ਸੁਪਨੇ ਸਾਕਾਰ ਹੋਣ। ਰੱਬ ਕਰੇ, ਸਰਬ-ਸਾਂਝੀਵਾਲਤਾ ਦਾ ਇਹ ਤਿਉਹਾਰ ਸਭ ਲਈ ਖ਼ੁਸ਼ੀਆਂ-ਖੇੜਿਆਂ ਦਾ ਸਬੱਬ ਬਣੇ।

-(ਲੇਖਿਕਾ ਭਾਜਪਾ ਦੀ ਸੀਨੀਅਰ ਆਗੂ ਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਹੈ)।

-ਮੋਬਾਈਲ ਨੰ. : 94172-76242

Posted By: Sukhdev Singh