ਮੇਰੇ ਦਾਦੇ ਤੇ ਬਾਪੂ ਦੀ ਬਹੁਤ ਪੱਕੀ ਯਾਰੀ ਸੀ। ਦੋਵੇਂ ਦਿਨ ’ਚ ਤਿੰਨ ਵਾਰ ਇਕੱਠੇ ਬੈਠ ਕੇ ਚਾਹ ਪੀਂਦੇ। ਚੁੱਲ੍ਹੇ ਤੋਂ ਬੈਠਕ ਤਕ ਚਾਹ ਲੈ ਕੇ ਆਉਣ ਦੀ ਡਿਊਟੀ ਮੇਰੇ ਬਾਪੂ ਦੀ ਹੁੰਦੀ ਸੀ। ਗੜਬੀ ਵਿੱਚੋਂ ਚਾਹ ਬਾਟੀਆਂ ’ਚ ਪਾਉਣ ਦਾ ਜਿੰਮਾ ਮੇਰੇ ਦਾਦੇ ਦਾ। ਮੇਰੇ ਦਾਦੇ ਨਾਲ ਮੇਰੀ ਵੀ ਪੱਕੀ ਦੋਸਤੀ ਹੋਣ ਕਰਕੇ ਮੈਂ ਬਹੁਤੀ ਵਾਰ ਦਾਦੇ ਦੀ ਬੁੱਕਲ ’ਚ ਹੀ ਬੈਠਾ ਹੁੰਦਾ ਜਦੋਂ ਉਹ ਚਾਹ ਪੀਂਦਾ ਹੁੰਦਾ। ਦਾਦੇ ਵੱਲੋਂ ਤੱਤੀ ਚਾਹ ਨੂੰ ਮਾਰੇ ਜਾਂਦੇ ਸੁੜਾਕਿਆਂ ਦੀ ਆਵਾਜ਼ ਮੈਨੂੰ ਬੜੀ ਚੰਗੀ ਲੱਗਦੀ।

ਇਕ ਘੁੱਟ ਚਾਹ ਅਤੇ ਦੋ ਚਾਰ ਇੱਧਰ-ਉੱਧਰ ਦੀਆਂ ਗੱਲਾਂ ਜਿੱਥੇ ਮੈਨੂੰ ਹਰ ਖ਼ਬਰ ਤੋਂ ਜਾਣੂ ਕਰਵਾਉਂਦੀਆਂ ਰਹਿੰਦੀਆਂ ਉੱਥੇ ਬਾਪੂ ਤੇ ਦਾਦੇ ਵੱਲੋਂ ਬਾਕੀ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਮੱਤਾਂ ਅਤੇ ਸਲਾਹਾਂ ਵੀ ਮੇਰੇ ਜ਼ਿਹਨ ’ਚ ਪੱਕਦੀਆਂ ਜਾਂਦੀਆਂ । ਦਾਦੇ ਨੇ ਕਦੇ ਤੁਰੇ ਫਿਰਦੇ ਸੀਰੀ ਸਾਂਝੀ ਨੂੰ ਆਵਾਜ਼ ਮਾਰ ਕੇ ਕਹਿਣਾ, ‘ਗਾਮਿਆ, ਬੋਤੇ ਨੂੰ ਅੱਜ ਆਪਣੇ ਨਾਲ ਈ ਲੈ ਜਾਇਓ ਖੇਤ, ਪੈਰ ਮੋਕਲੇ ਹੋ ਜਾਣਗੇ। ਇਹਨੂੰ ਟਿੱਬੀ ਆਲੀ ਕਿੱਕਰ ਨਾਲ ਬੰਨ੍ਹ ਦਿਉ। ਦੋ-ਚਾਰ ਬੁਰਕ ਲੁੰਗੀ ਦੇ ਖਾ ਲਊ। ਕਿਸੇ ਚਾਚੇ ਨੂੰ ਪੁੱਛਣਾ ਕਿ ਮਰੀਕਿਆ, ਧਰਮੋ ਆਲੇ ਖੇਤ ਦੀ ਵੱਤ (ਵੱਤਰ) ਆ ਗਈ ਕਿ ਅਜੇ ਹੋਰ ਸਮਾਂ ਲੱਗੂ।

ਇਵੇਂ ਹੀ ਦਾਦਾ ਬਾਪੂ ਨੂੰ ਕੁਝ ਹਦਾਹਿਤਾਂ ਅਤੇ ਸਲਾਹਾਂ ਦਿੰਦਾ। ਕਦੇ-ਕਦੇ ਉਹ ਦੋਵੇਂ ਆਪਣੀ ਮੌਸਮੀ ਅਤੇ ਸਮਾਜਿਕ ਵਿਚਾਰ-ਚਰਚਾ ’ਚ ਐਨੇ ਖੁੱਭ ਜਾਂਦੇ ਕਿ ਵਿਹਲੀਆਂ ਪਈਆਂ ਚਾਹ ਵਾਲੀਆਂ ਬਾਟੀਆਂ ਦੇ ਥੱਲੇ ਬਚੀ ਚਾਹ ’ਚ ਕਈ-ਕਈ ਮੱਖੀਆਂ ਵੀ ਡਿੱਗ ਪੈਂਦੀਆਂ। ਦਾਦੇ ਦੀ ਤੀਸਰੀ ਪੀੜ੍ਹੀ ’ਚ ਮੈਂ ਸਭ ਤੋਂ ਵੱਡਾ ਸੀ। ਮੈਨੂੰ ਦਾਦੇ ਦੇ ਕੰਧਾੜੇ, ਮੋਢੇ, ਪਿੱਠ ਅਤੇ ਗੋਦੀ ਚੜ੍ਹਨ ਦਾ ਬੜਾ ਲੰਬਾ ਸਮਾਂ ਮਿਲਿਆ ਹੈ। ਮੇਰੇ ਨਾਲ ਮੇਰੇ ਦਾਦੇ ਦੀ ਭਾਵੇਂ ਵੱਡੀ ਸਾਂਝ ਸੀ ਪਰ ਕਈ ਮੁੱਦਿਆਂ ’ਤੇ ਉਹ ਮੈਨੂੰ ਵੀ ਐਸਾ ਝਾੜਦੇ ਕਿ ਇਕ ਵਾਰ ਤਾਂ ਮਨ ਕਰਦਾ ਕਿ ਮੁੜ ਕੇ ਕਦੇ ਦਾਦੇ ਨੂੰ ਬੁਲਾਵਾਂ ਹੀ ਨਾ ਪਰ ਦੋਸਤੀ ਜੋ ਸੀ।

ਇਸ ਲਈ ਮੇਰਾ ਰੋਸਾ ਦੋ-ਚਾਰ ਘੰਟਿਆਂ ਤੋਂ ਵੱਧ ਕਦੇ ਵੀ ਨਹੀਂ ਸੀ ਜੀਵਿਆ। ਕਦੇ-ਕਦੇ ਮੈਂ ਦਾਦੇ ਤੇ ਬਾਪੂ ਨੂੰ ਉਨ੍ਹਾਂ ਦੀਆਂ ਗੱਲਾਂ ’ਚੋਂ ਪੈਦਾ ਹੋਏ ਐਸੇ ਸਵਾਲ ਪੁੱਛਦਾ ਕਿ ਉਹ ਅੱਕ ਕੇ ਮੇਰੇ ਗਲ ਪੈ ਜਾਂਦੇ ਤੇ ਮੇਰਾ ਬਚਪਨ ਕੁਦਾੜੇ ਮਾਰਦਾ ਔਹ ਗਿਆ ਔਹ ਗਿਆ ਹੋ ਜਾਂਦਾ। ਮੈਂ ਆਪਣੇ ਦਾਦੇ ਦੇ ਨਿੱਕੇ ਜਿਹੇ ਖੀਸੇ ਵਿੱਚੋਂ ਪਸੇਰੀਆਂ ਦੇ ਹਿਸਾਬ ਬੇਰ, ਮੂੰਗਫਲੀ, ਅਮਰੂਦ, ਚਿੱਭੜ ਅਤੇ ਖੇਤਾਂ ’ਚ ਪੈਦਾ ਹੁੰਦੇ ਮੌਸਮੀ ਮੇਵੇ ਛਕ ਚੁੱਕਾਂ ਹਾਂ।

ਪੈਂਤੀ ਮੈਂਬਰੀ ਪਰਿਵਾਰ ਦਾ ਸਾਰਾ ਜਿੰਮਾ ਮੇਰੇ ਬਾਪੂ ਦੇ ਸਿਰ ਹੋਣ ਕਰਕੇ ਉਨ੍ਹਾਂ ਦੀ ਜੇਬ ਹਮੇਸ਼ਾ ਹੀ ਕਾਗਜ਼ਾਂ ਅਤੇ ਪੈਸਿਆਂ ਨਾਲ ਭਰੀ ਹੁੰਦੀ ਪਰ ਆਪਣੀਆਂ ਵਿਕਾਸਮਈ ਆਦਤਾਂ ਕਾਰਨ ਉਨ੍ਹਾਂ ਕਦੇ ਵੀ ਕਿਸੇ ਬੱਚੇ ਦੀ ਜਿੱਦ ਅੱਗੇ ਝੁਕਦਿਆਂ ਫਾਲਤੂ ਖ਼ਰਚਣ ਲਈ ਇਕ ਧੇਲਾ ਵੀ ਨਹੀਂ ਸੀ ਦਿੱਤਾ। ਦਿਨ ਭਰ ਵਿਚ ਪਿੰਡ ਵਿਚ ਫੇਰੀ ਵਾਲਿਆਂ ਦੇ ਦਰਜਨਾਂ ਹੋਕੇ ਉੱਚੇ-ਨੀਵੇਂ ਹੁੰਦੇ ਪਰ ਸਾਡੇ ਬੂਹੇ ਕਦੇ ਵੀ ਕੋਈ ਨਹੀਂ ਸੀ ਰੁਕਿਆ। ਸਾਨੂੰ ਕਿਸੇ ਨੂੰ ਵੀ ਕਦੇ ਕਣਕ ਵੱਟੇ ਜਾਂ ਕਿਸੇ ਹੋਰ ਫ਼ਸਲ ਵੱਟੇ ਜੀਭ ਦੇ ਸਵਾਦ ਵਾਲੀ ਕੋਈ ਚੀਜ਼ ਲੈਣ ਦੀ ਇਜਾਜ਼ਤ ਨਹੀਂ ਸੀ।

ਘਰ ਦੇ ਚੁੱਲੇ੍ਹ ’ਤੇ ਆਪਣੇ ਖੇਤੀਂ ਪੈਦਾ ਕੀਤੀਆਂ ਦਾਲਾਂ-ਸਬਜ਼ੀਆਂ ਅਤੇ ਅੰਨ ਹੀ ਪੱਕਦਾ। ਸਾਰਾ ਦਿਨ ਵੱਡੇ ਬੂਹੇ ਅੱਗੇ ਬੈਠੇ ਰਹਿਣ ਕਾਰਨ ਮੇਰਾ ਦਾਦਾ ਸਾਡੇ ਘਰ ਦਾ ਵੱਡਾ ਪਹਿਰੇਦਾਰ ਸੀ। ਮਜਾਲ ਐ ਕਦੇ ਕੋਈ ਹੱਟਾ-ਕੱਟਾ ਮੰਗਤਾ ਬੂਹਿਓਂ ਅੰਦਰ ਪੈਰ ਵੀ ਧਰਦਾ ਜਾਂ ਘਰ ਦੀ ਕੋਈ ਔਰਤ ਬਿਨਾਂ ਕਿਸੇ ਕੰਮ ਆਂਢੀਆਂ-ਗੁਆਂਢੀਆਂ ਦੇ ਕੌਲੇ ਕੱਛਦੀ। ਕਦੇ-ਕਦੇ ਚੰਗੀ ਫ਼ਸਲ ਬਾੜੀ ਦੇ ਸੁਨੇਹੇ ਤੋਂ ਖ਼ੁਸ਼ ਮੇਰਾ ਦਾਦਾ ਅਤੇ ਬਾਪੂ ਸਾਨੂੰ ਨਸੀਹਤਾਂ ਦੇਣ ਦੀ ਝੜੀ ਲਾ ਦਿੰਦੇ।

ਦਾਦਾ ਆਖਦਾ, ‘ਸ਼ੇਰਾ, ਕਦੇ ਵੀ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਚਾਹੀਦਾ।’ ਬਾਪੂ ਕਹਿੰਦਾ ਕਿ ਮਨ ਲਾ ਕੇ ਪੜ੍ਹਨ ਨਾਲ ਬੰਦਾ ਵੱਡਾ ਬਣ ਜਾਂਦਾ ਹੈ। ਦਾਦਾ ਆਖਦਾ ਕਿ ਜਿਹੜੀ ਚੀਜ਼ ਨੂੰ ਮਨ ਕਰੇ ਉਹ ਆਪਣੇ ਖੇਤਾਂ ’ਚ ਪੈਦਾ ਕਰ ਕੇ ਖਾਓ, ਖੋਹ ਕੇ ਨਹੀਂ। ਬਾਪੂ ਆਖਦਾ ਕਿ ਪੜ੍ਹੇ-ਲਿਖੇ ਬੰਦੇ ਦੇ ਦੋ ਦਿਮਾਗ ਹੁੰਦੇ ਹਨ-ਇਕ ਸਿਰ ਵਾਲਾ ਤੇ ਦੂਸਰਾ ਕਾਪੀ-ਪੈੱਨ ਵਾਲਾ। ਦਾਦਾ ਆਖਦਾ, ‘ਸ਼ੇਰਾ, ਕਦੇ ਕਿਸੇ ਨਾਲ ਬੇਈਮਾਨੀ ਸੁਪਨੇ ਵਿਚ ਵੀ ਨਾ ਕਰੋ। ੳਦੋਂ ਬੰਦੇ ਦੀ ਬੁੱਧੀ ਅਸਮਾਨ ’ਚ ਰੱਬ ਕੋਲ ਗਈ ਹੁੰਦੀ ਹੈ।’ ਬਾਪੂ ਆਖਦਾ ਕਿ ਹੱਥ ਕੰਮ ਲਈ ਬਣੇ ਨੇ, ਇਕੱਲੀ ਬੁੱਕਲ ਮਾਰਨ ਲਈ ਨਹੀਂ।

ਕਿਰਤ ਕਰਨ ਵਾਲਿਆਂ ਨੂੰ ਹਰ ਹਫ਼ਤੇ ਨਹੁੰ ਨਹੀਂ ਕੱਟਣੇ ਪੈਂਦੇ। ਦਾਦਾ ਆਖਦਾ, ‘ਸ਼ੇਰਾ, ਵਿਹਲੇ ਕਰਿਆਂ ਤਾਂ ਖੂਹਾਂ ਦੇ ਵੀ ਪਾਣੀ ਮੁੱਕ ਜਾਂਦੇ ਨੇ। ਇਸ ਲਈ ਜਿੰਨਾਂ ਕੱਢੋ ਉਸ ਤੋਂ ਵੱਧ ਪਾਉਣ ਨਾਲ ਹੀ ਜੀਵਨ ਦੀ ਗੱਡੀ ਰਿੜਦੀ ਹੈ।’ ਬਾਪੂ ਤੇ ਦਾਦੇ ਦੀਆਂ ਇਹ ਗੱਲਾਂ ਉਨ੍ਹਾਂ ਸਮਿਆਂ ’ਚ ਫਾਲਤੂ ਜਿਹੀਆਂ ਲੱਗਦੀਆਂ ਸਨ।

ਭਾਵੇਂ ਸਖ਼ਤ ਪਰਿਵਾਰਕ ਅਨੁਸ਼ਾਸਨ ਕਰਕੇ ਕਦੇ ਵੀ ਕਿਸੇ ਨੇ ਨਿੱਕੀ ਜਿਹੀ ਵੀ ਉਲੰਘਣਾ ਨਹੀਂ ਸੀ ਕੀਤੀ। ਖਾਣ-ਪੀਣ, ਤੁਰਨ-ਫਿਰਨ, ਬੋਲਣ, ਖੇਡਣ, ਕਿਸੇ ਰਿਸ਼ਤੇਦਾਰੀ ’ਚ ਜਾਣ, ਕੱਪੜੇ ਖ਼ਰੀਦਣ, ਖੁਸ਼ੀ-ਗਮੀ ਦੇ ਸਮਾਗਮਾਂ ’ਚ ਜਾਣ ਬਾਰੇ ਸਭ ਕੁਝ ਪਹਿਲਾਂ ਹੀ ਤੈਅ ਹੁੰਦਾ ਸੀ। ਚੰਚਲ ਮਨ ਅੰਦਰੋ-ਅੰਦਰ ਕਦੇ-ਕਦੇ ਬਾਪੂ ਤੇ ਦਾਦੇ ਨੂੰ ਤਾਨਾਸ਼ਾਹ ਕਹਿ ਦਿੰਦਾ। ਕਦੇ-ਕਦਾਈਂ ਲੱਗਦਾ ਜੇ ਬਾਪੂ ਤੇ ਦਾਦੇ ਤੋਂ ਆਜ਼ਾਦੀ ਮਿਲ ਜਾਵੇ ਤਾਂ ਮੌਜਾਂ ਹੀ ਮੌਜਾਂ ਬਣ ਜਾਣ।

ਅੱਜ ਦਾਦਾ ਜੀ ਨੂੰ ਗੁਜ਼ਰਿਆਂ ਪੂਰੇ ਇੱਕੀ ਸਾਲ ਹੋ ਗਏ ਹਨ। ਬਾਪੂ ਹੁਣ ਇਕੱਲਾ ਰਹਿ ਗਿਆ ਹੈ। ਬਾਪੂ ਨੇ ਦਾਦੇ ਵਾਲੀ ਅਤੇ ਬਾਪੂ ਵਾਲੀ ਥਾਂ ਮੈਂ ਲੈ ਲਈ ਹੈ। ਆਪਣੇ ਬੱਚਿਆਂ, ਬੱਚਿਆਂ ਦੇ ਦੋਸਤਾਂ-ਮਿੱਤਰਾਂ ਅਤੇ ਹਾਣੀਆਂ ਨੂੰ ਦਾਦੇ ਤੇ ਬਾਪੂ ਵਾਲੀਆਂ ਸਲਾਹਾਂ ਦੇਣ ਲੱਗ ਪਏ ਹਾਂ। ਹਰ ਕਿਸੇ ਦੀ ਸਰੀਰਕ ਬਣਤਰ ਅਤੇ ਮੁੱਢਲੀਆਂ ਜੀਵਨ ਲੋੜਾਂ ਭਾਵੇਂ ਪਹਿਲਾਂ ਵਾਲੀਆਂ ਹੀ ਹਨ ਪਰ ਸਲਾਹਾਂ ਅਤੇ ਮੱਤਾਂ ਹਜ਼ਮ ਕਰਨ ਦਾ ਮਾਦਾ ਬਹੁਤ ਹੱਦ ਤਕ ਘਟ ਗਿਆ ਹੈ।

ਕਦੇ-ਕਦੇ ਜਦੋਂ ਬੱਚੇ ਕਿਸੇ ਨਸੀਹਤ ਨੂੰ ਦਰਕਿਨਾਰ ਕਰਦੇ ਹਨ ਤਾਂ ਕਈ ਵਾਰ ਗੁੱਸਾ ਵੀ ਆਉਂਦਾ ਹੈ ਪਰ ਆਪਣੇ ਵੇਲੇ ਚੇਤੇ ਕਰ ਕੇ ਮਨ ਮੁੜ ਤੋਂ ਸ਼ਾਂਤ ਹੋ ਜਾਂਦਾ ਹੈ ਕਿ ਮੱਤਾਂ, ਨਸੀਹਤਾਂ ਅਤੇ ਚੰਗੀਆਂ ਸਲਾਹਾਂ ਦਾ ਛੱਟਾ ਜਾਰੀ ਰੱਖੋ। ਹੌਲੀ-ਹੌਲੀ ਖ਼ੁਸ਼ੀਆਂ ਅਤੇ ਸਫਲਤਾਵਾਂ ਦੀ ਖੇਤੀ ਪੁੰਗਰ ਹੀ ਪੈਂਦੀ ਹੈ। ਅਕਲ ਦਾ ਬੂਟਾ ਬੋਹੜ ਦੇ ਰੁੱਖ ਵਾਂਗ ਪੁੰਗਰਦਾ ਹੈ। ਹਿੰਮਤਾਂ ਅਤੇ ਹੌਸਲੇ ਤਾਂ ਰੜੇ ਮੈਦਾਨਾਂ ਅਤੇ ਟਾਂਗੂ ਟਿੱਬਿਆਂ ’ਤੇ ਵੀ ਜੰਡ ਕਰੀਰ ਅਤੇ ਵਣ ਪੈਦਾ ਕਰ ਦਿੰਦੇ ਹਨ। ਬਾਪੂ ਤੇ ਦਾਦੇ ਵਾਲੀਆਂ ਸਲਾਹਾਂ ਦਾ ਹੀ ਕੌਤਕ ਹੈ ਕਿ ਅੱਜ ਤਕ ਹਰ ਮੈਦਾਨ ਫਤਹਿ ਹੋ ਰਿਹਾ ਹੈ।

-ਹਰਦੀਪ ਸਿੰਘ ਜਟਾਣਾ

-ਮੋਬਾਈਲ : 94172-54517

-response@jagran.com

Posted By: Jagjit Singh