-ਰਜਿੰਦਰ ਸਿੰਘ ਪਹੇੜੀ

ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਹੇੜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਦਾ ਬੱਧਾ ਵਿਖੇ ਪੜ੍ਹਾਈ ਦੌਰਾਨ ਹਰੇਕ ਜਮਾਤ 'ਚੋਂ ਫਸਟ ਆਇਆ ਕਰਦਾ ਸਾਂ। ਮੈਂ ਆਪਣੇ ਅਧਿਆਪਕਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਖ਼ੁਦ ਵੀ ਅਧਿਆਪਕ ਬਣਨ ਦਾ ਸੁਪਨਾ ਦੇਖ ਲਿਆ ਸੀ ਪਰ ਜਦੋਂ ਬਾਪੂ ਜੀ ਨੂੰ ਕਿਸਾਨੀ ਦਾ ਸੰਤਾਪ ਭੋਗਦੇ ਦੇਖਦਾ ਤਾਂ ਕਿਸੇ ਵੀ ਨੌਕਰੀ 'ਤੇ ਲੱਗ ਕੇ ਘਰ ਦਾ ਸਹਾਰਾ ਬਣਨ ਬਾਰੇ ਵੀ ਸੋਚਦਾ ਰਹਿੰਦਾ। ਗ੍ਰੈਜੂਏਸ਼ਨ ਕਰਦਿਆਂ ਹੀ ਮੈਂ ਕਈ ਅਸਾਮੀਆਂ ਲਈ ਅਪਲਾਈ ਵੀ ਕਰਦਾ ਰਹਿੰਦਾ। ਐੱਮਏ ਪਹਿਲਾ ਭਾਗ ਕਰਦਿਆਂ ਮੈਨੂੰ ਇਕ ਕਮਾਊ ਮਹਿਕਮੇ ਦੀ ਚੰਗੀ ਸਰਕਾਰੀ ਨੌਕਰੀ ਮਿਲ ਗਈ। ਸਾਰੇ ਪਰਿਵਾਰ ਦਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਮੈਂ ਅਧਿਆਪਕ ਨਾ ਬਣ ਸਕਣ ਦੇ ਸਦਮੇ ਕਾਰਨ ਉਦਾਸ ਸਾਂ। ਮੈਨੂੰ ਜੁਆਇਨ ਕੀਤਿਆਂ ਅਜੇ ਮਹੀਨਾ ਕੁ ਹੀ ਹੋਇਆ ਸੀ ਕਿ ਮੈਂ ਦਫ਼ਤਰੀ ਮੁਲਾਜ਼ਮਾਂ ਦੇ ਤੌਰ-ਤਰੀਕੇ ਦੇਖ ਕੇ ਹੋਰ ਵੀ ਉਦਾਸ ਹੋ ਗਿਆ।

ਮੇਰਾ ਦਿਲ ਕਹਿਣ ਲੱਗ ਪਿਆ ਸੀ ਕਿ ਮੈਂ ਇਸ ਮਹਿਕਮੇ ਦੇ ਸਾਂਚੇ ਵਿਚ ਨਹੀਂ ਢਲ ਸਕਾਂਗਾ। ਅਜਿਹੇ ਵਿਚ ਅਧਿਆਪਕ ਬਣਨ ਦੀ ਰੀਝ ਨੇ ਮੁੜ ਅੰਗੜਾਈ ਲਈ ਅਤੇ ਮੈਂ ਚੁੱਪ-ਚਪੀਤੇ ਆਪਣੇ ਮਿਸ਼ਨ ਵਿਚ ਜੁਟ ਗਿਆ। ਉਨ੍ਹਾਂ ਦਿਨਾਂ ਵਿਚ ਬੀਐੱਡ ਦੀ ਡਿਗਰੀ ਅੱਜ ਵਾਂਗ ਨਹੀਂ ਹੁੰਦੀ ਸੀ। ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀਆਂ ਦਾ ਸਾਂਝਾ ਦਾਖ਼ਲਾ ਟੈਸਟ ਹੁੰਦਾ ਸੀ ਜਿਸ ਦੇ ਆਧਾਰ 'ਤੇ ਦਾਖ਼ਲਾ ਮਿਲਦਾ ਸੀ ਅਤੇ ਪੜ੍ਹਾਈ ਰੈਗੂਲਰ ਤੌਰ 'ਤੇ ਹੀ ਕਰਨੀ ਪੈਂਦੀ ਸੀ। ਉਸ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਟੈਸਟ ਲਿਆ ਜਾਣਾ ਸੀ।

ਮੈਂ ਬਿਨਾਂ ਕਿਸੇ ਕੋਚਿੰਗ ਦੇ ਹੀ ਆਪਣੇ ਕਿਤਾਬਾਂ/ਅਖ਼ਬਾਰਾਂ ਪੜ੍ਹਨ ਦੇ ਸ਼ੌਕ ਦੀ ਬਦੌਲਤ ਇਹ ਦਾਖ਼ਲਾ ਟੈਸਟ ਪੰਜਾਬ ਭਰ 'ਚੋਂ ਦਸਵੇਂ ਸਥਾਨ 'ਤੇ ਰਹਿ ਕੇ ਕਲੀਅਰ ਕਰ ਲਿਆ। ਸੱਚ ਦੱਸਾਂ ਤਾਂ ਇਸ ਪ੍ਰਾਪਤੀ ਦੀ ਮੈਨੂੰ ਖ਼ੁਦ ਨੂੰ ਵੀ ਆਸ ਨਹੀਂ ਸੀ। ਮੈਰਿਟ ਦੇ ਆਧਾਰ 'ਤੇ ਮੈਨੂੰ ਚੰਡੀਗੜ੍ਹ ਦੇ ਸਰਕਾਰੀ ਐਜੂਕੇਸ਼ਨ ਕਾਲਜ 'ਚ ਸੀਟ ਅਲਾਟ ਹੋ ਗਈ। ਅਧਿਆਪਕ ਬਣਨ ਦੀ ਪਗਡੰਡੀ 'ਤੇ ਇਹ ਮੇਰਾ ਪਹਿਲਾ ਕਦਮ ਸੀ। ਇਸ ਰਾਹ 'ਤੇ ਪੈਰ ਧਰਨ ਸਮੇਂ ਮੇਰੇ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ। ਰੈਗੂਲਰ ਸਟੱਡੀ ਲਈ ਮੈਨੂੰ ਨੌਕਰੀ ਛੱਡਣੀ ਪੈਣੀ ਸੀ। ਮੈਂ ਕਈ ਦਿਨ ਬੇਚੈਨ ਰਿਹਾ ਪਰ ਡਰਦਾ ਕਿਸੇ ਨਾਲ ਗੱਲ ਨਾ ਕਰ ਸਕਿਆ ਕਿਉਂਕਿ ਮੈਨੂੰ ਡਰ ਸੀ ਕਿ ਸਾਰੇ ਮੇਰੇ ਨੌਕਰੀ ਛੱਡ ਕੇ ਪੜ੍ਹਨ ਜਾਣ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹੋਣਗੇ। ਸਰਕਾਰੀ ਨੌਕਰੀ ਛੱਡਣਾ ਮੇਰਾ ਮੂਰਖਤਾ ਭਰਿਆ ਫ਼ੈਸਲਾ ਵੀ ਹੋ ਸਕਦਾ ਸੀ। ਅਜਿਹੇ ਸਮੇਂ ਮੈਨੂੰ ਠੋਸ ਫ਼ੈਸਲਾ ਲੈਣ ਲਈ ਕਈ ਦਿਨ ਹਾਲਾਤ ਦਾ ਵਿਸ਼ਲੇਸ਼ਣ ਕਰਨਾ ਪਿਆ। ਮਨ ਕਿਸੇ ਪਾਸੇ ਟਿਕ ਨਹੀਂ ਰਿਹਾ ਸੀ। ਆਪਣੇ ਚੁੱਕੇ ਜਾਣ ਵਾਲੇ ਸੰਭਾਵੀ ਕਦਮ ਦੇ ਹਾਂ-ਪੱਖੀ ਤੇ ਨਾਂਹ-ਪੱਖੀ ਨਤੀਜਿਆਂ ਦਾ ਮੈਂ ਤਸੱਵਰ ਕਰਦਾ ਰਿਹਾ।

ਸੱਚ ਕਹਾਂ ਤਾਂ ਉਦੋਂ ਮੇਰੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣੀ ਰਹੀ। ਆਖ਼ਰ ਸਕੂਲ ਦੀ ਕੰਧ 'ਤੇ ਲਿਖੀ ਕਾਵਿ ਟੁਕੜੀ 'ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ' ਦਾ ਚੇਤਾ ਕਰ ਕੇ ਮੈਂ ਹਿੰਮਤ ਨੂੰ ਹੀ ਯਾਰ ਬਣਾਉਣ ਦਾ ਫ਼ੈਸਲਾ ਕਰ ਲਿਆ। ਆਪਣੀ ਅਸਲੀ ਮੰਜ਼ਿਲ ਵੱਲ ਵਧਣ ਲਈ ਮੈਂ ਅਸਤੀਫ਼ਾ ਦਫ਼ਤਰ ਨੂੰ ਭੇਜ ਦਿੱਤਾ। ਘਰ ਵਿਚ ਇਨ ਸਰਵਿਸ ਟ੍ਰੇਨਿੰਗ 'ਤੇ ਜਾਣ ਦਾ ਬਹਾਨਾ ਬਣਾ ਕੇ ਚੰਡੀਗੜ੍ਹ ਹੋਸਟਲ ਵਿਚ ਜਾ ਡੇਰਾ ਲਾਇਆ।

ਇੱਥੇ ਇਕ ਸਾਲ ਦਿਲ ਲਗਾ ਕੇ ਪੜ੍ਹਾਈ ਕੀਤੀ। ਜੇਕਰ ਕਦੇ ਨੌਕਰੀ ਛੱਡਣ ਦਾ ਪਛਤਾਵਾ ਹੋਣ ਲੱਗਦਾ ਤਾਂ ਪ੍ਰੋ. ਧਾਲੀਵਾਲ, ਪ੍ਰੋ. ਜਿੰਦਲ, ਪ੍ਰੋ. ਜਸਵੀਰ ਚਾਹਲ ਅਤੇ ਕੁਝ ਸਾਹਿਤਕ ਰੁਚੀਆਂ ਵਾਲੇ ਦੋਸਤਾਂ ਦਾ ਦਿੱਤਾ ਉਤਸ਼ਾਹ ਨਵੀਂ ਊਰਜਾ ਭਰ ਦਿੰਦਾ। ਮੈਂ ਵਧੀਆ ਨੰਬਰਾਂ ਨਾਲ ਬੀਐੱਡ ਕਰ ਕੇ ਫਿਰ ਬੇਰੁਜ਼ਗਾਰਾਂ ਦੀ ਕਤਾਰ ਵਿਚ ਲੱਗ ਗਿਆ। ਫਿਰ ਮੈਂ ਐੱਮਏ ਦੇ ਦੂਜੇ ਭਾਗ ਵਿਚ ਦਾਖ਼ਲਾ ਲੈ ਲਿਆ। ਆਪਣਾ ਖ਼ਰਚਾ ਤੋਰਨ ਲਈ ਕੁਝ ਟਿਊਸ਼ਨ ਵਰਕ ਵੀ ਸ਼ੁਰੂ ਕਰ ਲਿਆ। ਇਸ ਤਰ੍ਹਾਂ ਸੰਘਰਸ਼ ਜਿਹਾ ਕਰਦਿਆਂ ਐੱਮਏ ਦਾ ਨਤੀਜਾ ਆਉਣ ਤੋਂ 4 ਦਿਨ ਪਹਿਲਾਂ ਹੀ ਮੈਨੂੰ ਏੇਐੱਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਚ ਬਤੌਰ ਲੈਕਚਰਾਰ ਦੀ ਐਡਹਾਕ ਨੌਕਰੀ ਮਿਲ ਗਈ। ਉਸ ਸਮੇਂ ਮੇਰੀ ਉਮਰ ਮਹਿਜ਼ 23 ਸਾਲ ਦੀ ਸੀ। ਉਦੋਂ ਮੈਨੂੰ ਆਪਣੇ ਫ਼ੈਸਲੇ 'ਤੇ ਮਾਣ ਮਹਿਸੂਸ ਹੋ ਰਿਹਾ ਸੀ।

ਪੂਰੇ ਦੋ ਸਾਲ ਇੱਥੇ ਪੜ੍ਹਾਉਂਦਿਆਂ ਸੀਨੀਅਰ ਲੈਕਚਰਾਰਾਂ/ਅਧਿਆਪਕ ਸਾਥੀਆਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਨਾਲ ਹੀ ਮੈਨੂੰ ਸਰਕਾਰੀ ਨੌਕਰੀ ਮਿਲਣ ਸਮੇਂ ਦੋ ਸਾਲ ਦੇ ਦੋ ਨੰਬਰ ਤਜਰਬੇ ਦੇ ਪ੍ਰਾਪਤ ਹੋਏ ਜਿਸ ਦੀ ਬਦੌਲਤ ਮੈਨੂੰ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਜਨਰਲ ਕੈਟਾਗਰੀ ਦੀ ਚੋਣ ਸੂਚੀ 'ਚੋਂ ਪਹਿਲਾ ਅਤੇ ਸਮੁੱਚੇ ਪੰਜਾਬ 'ਚੋਂ 38ਵਾਂ ਸਥਾਨ ਪ੍ਰਾਪਤ ਹੋਇਆ। ਇੰਜ ਮੈਂ ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਕੀਤੀ ਮਿਹਨਤ ਸਦਕਾ ਮਨਪਸੰਦ ਨੌਕਰੀ ਪ੍ਰਾਪਤ ਕਰ ਕੇ ਜੀਵਨ ਦਾ ਪੰਧ ਸੁਖਾਲਾ ਬਣਾਇਆ।

ਆਖ਼ਰ ਪੂਰੀ ਤਰ੍ਹਾਂ ਸੈੱਟ ਹੋਣ ਤੋਂ ਬਾਅਦ ਜਦੋਂ ਮੈਂ ਇਹ ਸਾਰੀ ਦਾਸਤਾਨ ਅਤੇ ਇਸ ਨੌਕਰੀ ਲਈ ਪਹਿਲਾਂ ਬੋਲੇ ਝੂਠ ਬਾਰੇ ਘਰੇ ਦੱਸਿਆ ਤਾਂ ਮੇਰੀ ਮਾਤਾ ਮੰਦ-ਮੰਦ ਮੁਸਕਰਾਉਂਦੀ ਸੁਣਦੀ ਰਹੀ ਜਿਵੇਂ ਉਸ ਨੂੰ ਸਾਰਾ ਕੁਝ ਪਤਾ ਹੋਵੇ। ਹੁਣ ਮੈਂ ਸੋਚਦਾ ਹਾਂ ਕਿ ਜੇਕਰ ਉਸ ਸਮੇਂ ਹਿੰਮਤ, ਦਲੇਰੀ, ਲਗਨ ਅਤੇ ਦ੍ਰਿੜ੍ਹਤਾ ਭਰਪੂਰ ਫ਼ੈਸਲਾ ਨਾ ਲਿਆ ਜਾਂਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਮਨਪਸੰਦ ਨੌਕਰੀ ਨਾ ਮਿਲਣ ਦਾ ਝੋਰਾ ਜ਼ਰੂਰ ਲੱਗਿਆ ਰਹਿਣਾ ਸੀ। ਉਕਤ ਸਭ ਕੁਝ ਦੱਸਣ ਦਾ ਮੇਰਾ ਮਕਸਦ ਸਿਰਫ਼ ਇਹੀ ਹੈ ਕਿ ਇਨਸਾਨ ਨੂੰ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਫ਼ੈਸਲੇ ਲੈਣੇ ਚਾਹੀਦੇ ਹਨ ਕਿਉਂਕਿ ਆਪਣੇ ਬਾਰੇ ਇਨਸਾਨ ਜਿੰਨਾ ਖ਼ੁਦ ਜਾਣਦਾ ਹੈ, ਓਨਾ ਹੋਰ ਕੋਈ ਨਹੀਂ ਜਾਣ ਸਕਦਾ। ਜੀਵਨ ਵਿਚ ਜੋਖ਼ਮ ਲੈਣੋਂ ਕਦੇ ਝਿਜਕਣਾ ਨਹੀਂ ਚਾਹੀਦਾ ਕਿਉਂਕਿ 'ਡਰ ਕੇ ਆਗੇ ਜੀਤ ਹੈ।'

-ਮੋਬਾਈਲ ਨੰ. : 98140-71033

Posted By: Jagjit Singh